www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਭਲੇ ਵੇਲਿਆਂ ਦੀਆਂ ਗੱਲਾਂ

- ਹਰਜੀਤ ਦਿਉਲ, ਬਰੈਂਪਟਨ

ਕੋਈ ਪਚਵੰਜਾ ਸੱਠ ਵਰ੍ਹੇ ਪਹਿਲਾਂ ਦਾ ਵੇਲਾ। ਉੱਤਰਪ੍ਰਦੇਸ਼ ਦਾ ਸਭ ਤੋਂ ਵੱਧ ਮੁਸਲਮ ਆਬਾਦੀ ਵਾਲਾ ਸ਼ਹਿਰ ਰਾਮਪੁਰ। ਰਜਾ ਇੰਟਰ ਕਾਲਿਜ ਵਿਚ ਇੰਟਰਮੀਡੀਏਟ ਪੜ੍ਹਦਿਆਂ ਬਹੁਤੇ ਮੁਸਲਮ ਦੋਸਤ ਸਨ। ਕੋ ਐਜੂਕੇਸ਼ਨ ਸੀ। ਕਈ ਵਾਰ ਦੋਸਤਾਂ ਨਾਲ ਖੜੇ ਹੋਏ ਮੁਸਲਮ ਕੁੜੀਆਂ ਨੂੰ ਬੁਰਕੇ ਵਿਚ ਦੇਖ ਬੰਦ ਗੋਭੀ ਕਹਿ ਦੇਣਾ ਤਾਂ ਬਗੈਰ ਬੁਰਕੇ ਵਾਲੀਆ ਨੂੰ ਫੁਲਗੋਭੀ ਪਰ ਨਾ ਕੋਈ ਭੜਕਦਾ ਸੀ ਨਾ ਗੁੱਸਾ ਕੲਦਾ ਸੀ। ਮੁਸਲਮਾਨ ਦੋਸਤ ਰੋਸ਼ਨ ਖਿਆਲ ਹੋਣ ਵਿਚ ਫਖ਼ਰ ਮਹਿਸੂਸ ਕਰਦੇ ਅਤੇ ਬੁਰਕੇ ਨੂੰ ਦਕਿਆਨੂਸੀ ਕਰਾਰ ਦਿੰਦੇ। ਸੱਚਾਈ ਵੀ ਇਹੀ ਸੀ ਕਿ ਬਹੁਤੇ ਗਰੀਬ ਘੱਟ ਪੜ੍ਹੇ ਲਿਖੇ ਮੁਸਲਮਾਨਾਂ ਵਿਚ ਹੀ ਬੁਰਕਾ ਵਰਤਿਆ ਜਾਂਦਾ ਸੀ ਅਮੀਰਾਂ ਵਿਚ ਨਹੀਂ। ਇੱਕ ਹੋਰ ਦਿਲਚਸਪ ਵਤੀਰਾ ਦੇਖਣ ਨੂੰ ਆਉਂਦਾ। ਨਿਮਨ ਵਰਗ ਦੀਆਂ ਮੁਸਲਮ ਔਰਤਾਂ ਬਾਜਾਰ ਵਿਚ ਮੂੰਹ ਤੋਂ ਪਰਦਾ ਲਾਹ ਫਿਰਦੀਆ ਰਹਿਂਦੀਆਂ ਪਰ ਘਰ ਦੇ ਨੇੜੇ ਆਉਂਦਿਆਂ ਹੀ ਮੂੰਹ ਤੇ ਪਰਦਾ ਕਰ ਲੈਂਦੀਆਂ। ਇਹ ਸ਼ਾਇਦ ਘੁੰਡ ਕੱਢਣ ਵਰਗਾ ਸਮਾਜਕ ਚਲਨ ਹੋਵੇਗਾ ਪਰ ਧਾਰਮਕ ਕੱਟੜਤਾ ਦਾ ਪ੍ਰਤੀਕ ਬਿਲਕੁਲ ਨਹੀਂ ਸਮਝਿਆ ਜਾਂਦਾ ਸੀ। ਸੋ ਇਸ ਨੂੰ ਬਹੁਤ ਹੀ ਪਛੜਿਆ ਹੋਇਆ ਅਮਲ ਕਿਹਾ ਜਾਂਦਾ। ਜਿਵੇਂ ਅੱਜ ਘੁੰਡ ਕੱਢਣ ਨੂੰ ਵੀ ਅਨਪੜ੍ਹਤਾ ਅਤੇ ਪਿਛੜੇਪਨ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਹਿੰਦੂ ਦੋਸਤ ਵੀ ਜਨੇਊ ਜਾਂ ਬੋਦੀ ਰੱਖਣ ਨੂੰ ਧਾਰਮਕ ਨਹੀਂ ਪਿਛੜੇਪਨ ਦੀ ਨਿਸ਼ਾਨੀ ਸਮਝਦੇ। ਸਾਡੀ ਜੁੰਡਲੀ ਵਿਚ ਮੈਂ ਹੀ ਇਕੱਲਾ ਸਿੱਖ ਸਾਂ ਬਾਕੀ ਮੁਸਲਮਾਨ ਅਤੇ ਹਿੰਦੂ। "ਸਿੱਖ ਧਰਮ ਨੂੰ ਖਤਰਾ" ਇਸ ਦੀ ਚਿੰਤਾ ਕਰਨ ਵਾਲੀ ਸਿੱਖੀ ਦੀ ਪਹਿਰੇਦਾਰ ਫੌਜ ਹਾਲੇ ਹੋਂਦ ਵਿਚ ਨਹੀਂ ਆਈ ਸੀ। ਇਸ ਸਹਿਣਸ਼ੀਲ ਭਾਈਚਾਰਕ ਸਾਂਝ ਦਾ ਕਾਰਣ ਇਹ ਸੀ ਕਿ ਅਸੀਂ ਦੂਜੇ ਧਰਮ ਨੂੰ ਭੰਡਣ ਦੀ ਥਾਂ ਪਹਿਲਾਂ ਆਪਣੇ ਧਰਮ ਨੂੰ ਨਿਸ਼ਾਨਾ ਬਣਾਉਂਦੇ। ਅੱਜ ਵਾਂਗ ਨਹੀਂ ਜਦ ਸਾਰੇ ਦੂਜੇ ਧਰਮ ਦੀ ਬਦਖੋਈ ਕਰਨ ਦਾ ਬਹਾਨਾ ਲੱਭਦੇ ਰਹਿਂਦੇ ਹਨ ਪਰ ਆਪਣੇ ਧਰਮ ਨੂੰ ਦੁੱਧਧੋਤਾ ਗਰਦਾਨਦੇ ਹਨ। ਅਕਸਰ ਦੇਖਿਆ ਜਾਂਦਾ ਕਿ ਜੋ ਮੁਸਲਮਾਨ ਆਪਣੀ ਰਿਸ਼ਤੇਦਾਰੀ ਵਿਚ ਪਾਕਿਸਤਾਨ ਹੋ ਕੇ ਆਉਂਦੇ ਧਾਰਮਕ ਕੱਟੜਤਾ ਦੇ ਮਾਮਲੇ ਵਿਚ ਭਾਰਤ ਨੂੰ ਪਾਕਿਸਤਾਨ ਨਾਲੋਂ ਕਿਤੇ ਬੇਹਤਰ ਦੱਸਦੇ ਜਿਸ ਲਈ ਭਾਰਤ ਵਿਚ ਰਹਿਣ ਦੇ ਆਪਣੇ ਫੈਸਲੇ 'ਤੇ ਖੁਸ਼ੀ ਪ੍ਰਕਟ ਕਰਦੇ। ਭਲੇ ਵੇਲੇ ਸਨ ਉਹ ਜਦ ਅੱਜ ਵਾਂਗ ਧਾਰਮਕ ਕੱਟੜਤਾ ਦਾ ਜਹਿਰ ਲੋਕਾਂ ਦੇ ਸਿਰ ਨੂੰ ਨਹੀਂ ਚੜ੍ਹਿਆ ਸੀ। ਦੁਖ ਹੁੰਦਾ ਹੈ ਜਦ ਦੇਖਦੇ ਹਾਂ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਮੇਰੀ ਸਮਝ ਮੁਤਾਬਕ ਇਸ ਦਾ ਕਾਰਣ ਸਿਰਫ ਇਹੀ ਨਜਰ ਆਉਂਦਾ ਹੈ ਕਿ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਬਜਾਏ ਦੂਜਿਆਂ ਵਿਚ ਦੋਸ਼ ਕੱਢਣ ਵਿਚ ਬਹੁਤੀ ਤਤਪਰਤਾ ਵਿਖਾਉਂਦੇ ਹਾਂ। ਬਾਣੀ ਦੀ ਤੋਤਾ ਰਟੰਤ ਦੀ ਬਜਾਏ ਜਦ 'ਹਮ ਨਹੀਂ ਚੰਗੇ ਬੁਰਾ ਨਹੀਂ ਕੋਈ' ਦੀ ਸਮਝ ਆ ਗਈ ਸ਼ਾਇਦ ਭਲੇ ਵੇਲਿਆਂ ਵੱਲ ਪਰਤਣਾ ਮੁਮਕਿਨ ਹੋ ਜਾਏ।

-ਖ਼ਬਰਨਾਮਾ #1169, ਫਰਵਰੀ 18-2022

 


ਲੋਕਤੰਤਰ ਬਨਾਮ ਅਜ਼ਾਦੀ -ਹਰਜੀਤ ਦਿਉਲ, ਬਰੈਂਪਟਨ

ਫਰੀਦਾਬਾਦ। 1976 । ਸ਼ਾਮ 5 ਕੁ ਵਜੇ ਕੰਮ ਤੋਂ ਪਰਤਦਿਆਂ ਘਰ ਜਾਣ ਲਈ ਜੋ ਰੇਲਵੇ ਫਾਟਕ ਲੰਘਣਾ ਪੈਂਦਾ ਸੀ ਉੱਥੇ ਬੇਹੱਦ ਭੀੜ ਜਮਾ ਹੋਈ ਨਜਰੀਂ ਆਈ। ਕੋਈ ਵੀ ਫਾਟਕ ਪਾਰ ਕਰ ਸ਼ਹਿਰ ਵਾਲੇ ਪਾਸੇ ਨਹੀਂ ਜਾ ਰਿਹਾ ਸੀ। ਕੀ ਕਾਰਣ ਹੋ ਸਕਦਾ ਸੀ? ਪੁੱਛਣ 'ਤੇ ਦੱਸਿਆ ਗਿਆ ਕਿ ਫਾਟਕ ਦੇ ਪਰਲੇ ਪਾਸੇ ਨਸਬੰਦੀ ਕੈਂਪ ਲੱਗਿਆ ਹੈ ਜਿੱਥੇ ਲੋਕਾਂ ਨੂੰ ਫੜ ਜਬਰਦਸਤੀ ਨਸਬੰਦੀ ਕੀਤੀ ਜਾ ਰਹੀ ਹੈ। ਅਖਬਾਰ ਪੜ੍ਹਦਾ ਸਾਂ ਪਰ ਹਾਲਤ ਇਹੋ ਜਿਹੇ ਵੀ ਹਨ ਯਕੀਨ ਨਹੀਂ ਆਇਆ। ਆਖਰ ਝਿਜਕਦਿਆਂ ਮੈਂ ਰੇਲਵੇ ਫਾਟਕ ਪਾਰ ਕੀਤਾ। ਕੈਂਪ ਪਾਸੋਂ ਲੰਘਦਿਆਂ ਉੱਥੇ ਤਾਇਨਾਤ ਪੁਲਿਸਕਰਮੀ ਤੋਂ ਪੁੱਛਣੋਂ ਰਹਿ ਨਾ ਹੋਇਆ। ਉਹ ਪਹਿਲਾਂ ਖੁਲ੍ਹ ਕੇ ਹੱਸਿਆ ਫੇਰ ਬੋਲਿਆ "ਸਰਦਾਰ ਜੀ ਆਪ ਤੋ ਪੜ੍ਹੇ ਲਿਖੇ ਲਾਗੇ ਹੋ ਵੋਹ ਮੇਜ ਪਰ ਉਨ ਮਜਦੂਰੋਂ ਕੇ ਰਾਸ਼ਨ ਕਾਰਡੋਂ ਕਾ ਢੇਰ ਹੈ ਜਿਨਕੇ ਚਾਰ ਚਾਰ ਪਾਂਚ ਪਾਂਚ ਬਾਲਕ ਸੈਂ ਪਰ ਸਸੁਰੇ ਨਸਬੰਦੀ ਨਾ ਕਰਾਣਾ ਚਾਹੈਂ। ਸਰਕਾਰ ਕਾ ਊਪਰ ਸੇ ਦਬਾਵ ਘਣਾ ਸੈ। ਬਤਾਉ ਕਿਆ ਕਰੈਂ?" ਵੀਕ ਐਂਡ 'ਤੇ ਦਿੱਲੀ ਜਾਣਾ ਸੀ। ਫਰੀਦਾਬਾਦ ਦਿੱਲੀ ਵਿਚਕਾਰ ਡੀ ਟੀ ਸੀ ਦੀਆਂ ਬੱਸਾਂ ਦੀ ਹਰ ਅੱਧੇ ਘੰਟੇ ਦੀ ਸਰਵਸ ਸੀ ਪਰ ਟਿਕਟ ਵਿੰਡੋ 'ਤੇ ਤਕਰੀਬਨ 30/40 ਲੋਕਾਂ ਦੀ ਲਾਈਨ ਹਰ ਸਮੇਂ ਲੱਗੀ ਰਹਿਂਦੀ ਸੀ। ਵਿੰਡੋ ਖਾਲੀ ਦੇਖ ਹੈਰਾਨ ਹੋਇਆ ਜਦ ਵਿੰਡੋ 'ਤੇ ਪਹੁੰਚਿਆ ਤਾਂ ਖੜੀ ਬੱਸ ਵਿੱਚੋਂ ਕੰਡਕਟਰ ਚੀਕਿਆ "ਅਰੇ ਸਰਦਾਰ ਜੀ ਇਧਰ ਆਉ ਬਸ ਮੇਂ ਇੱਧਰ ਹੀ ਟਿਕਟ ਮਿਲੂਗੀ"। ਪਹਿਲਾਂ ਜੋ ਡਰਾਈਵਰ ਕੰਡਕਟਰ ਬਸ ਖੜੀ ਕਰ ਅਰਾਮ ਨਾਲ ਚਾਹ ਪਾਣੀ ਪੀ ਬਸ ਤੋਰਦੇ ਸਨ ਹੁਣ ਫਟਾਫਟ ਬੱਸ ਭਰ ਤੋਰ ਰਹੇ ਸਨ ਇਸ ਲਈ ਲੰਬੀਆਂ ਲਾਈਨਾਂ ਖਤਮ। ਇੱਕ ਮਿੱਤਰ ਆਪਣਾ ਡਰਾਈਵਿੰਗ ਲਾਈਸੈਂਸ ਰਿਨਿਊ ਕਰਾਉਣ ਦਫਤਰ ਗਿਆ। ਫਾਰਮ ਭਰ ਜਦ ਉਸ ਕਲਰਕ ਪਾਸੋਂ ਚਾਹ ਪਾਣੀ ਦੇ ਖਰਚੇ ਬਾਰੇ ਪੁੱਛਿਆ ਤਾਂ ਕਲਰਕ ਭੱਜ ਕੇ ਪਿਆ "ਅਬੇ ਕਿਉਂ ਮਰਵਾਣੇ ਕੋ ਫਿਰੈ। ਜਾ ਪਰਸੋਂ ਆ ਕੇ ਲੇ ਜਈਉ।" ਦਫਤਰਾਂ ਵਿਚ ਕਰਮਚਾਰੀ ਸਮੇਂ ਤੋਂ ਦਸ ਮਿਨਟ ਪਹਿਲਾਂ ਹਾਜਰ ਹੋ ਰਹੇ ਸਨ। ਇਹ ਕੋਈ ਚਮਤਕਾਰ ਨਹੀਂ ਦੇਸ਼ ਵਿਚ ਲੱਗੀ ਐਮਰਜੈਂਸੀ ਦਾ ਕਮਾਲ ਸੀ। ਫੇਰ ਤਾਂ ਸਦਾ ਲਈ ਐਮਰਜੇਂਸੀ ਕਿਉਂ ਨਹੀਂ ਲਾ ਦਿੰਦੇ। ਨਹੀਂ ਇਹ ਲੋਕਤੰਤਰ ਵਿਚ ਸੰਭਵ ਨਹੀਂ। ਮਨੁੱਖੀ ਅਧਿਕਾਰ ਅਤੇ ਆਜਾਦੀ ਲੋਕਤੰਤਰ ਦੇ ਉਹ ਵਰਦਾਨ ਹਨ ਜਿਨ੍ਹਾਂ ਦੀ ਆੜ ਹੇਠ ਖੁਦਗਰਜ਼ ਸਿਆਸਤਦਾਨ ਆਪਣੇ ਸੌੜੇ ਹਿਤ ਪੂਰੇ ਕਰਦੇ ਹਨ। ਆਖਰ ਉਹੀ ਹੋਇਆ। ਇੰਦਿਰਾ ਵਿਰੋਧੀ ਹਕੂਮਤੀ ਤਾਕਤ ਦੇ ਚਾਹਵਾਨਾਂ ਇੱਕਜੁਟ ਹੋ ਚੋਣਾਂ ਵਿਚ ਇੰਦਿਰਾ ਨੂੰ ਵਗਾਹ ਪਰ੍ਹਾਂ ਮਾਰਿਆ। ਜਨਤਾ ਸਰਕਾਰ ਆ ਗਈ ਪਰ ਜਨਤਾ ਦਾ ਛੇਤੀ ਹੀ ਮੋਹਭੰਗ ਹੋ ਗਿਆ ਜਦ ਇਹ ਮਸਖਰਿਆਂ ਦੀ ਟੋਲੀ ਬਾਂਦਰਾਂ ਵਾਂਗ ਆਪਸ ਵਿਚ ਉਲਝ ਤਿੰਨ ਸਾਲ ਵੀ ਦੇਸ਼ ਨਹੀਂ ਚਲਾ ਸਕੀ। ਦੇਸ਼ਵਾਸੀਆਂ ਭਾਰੀ ਬਹੁਮਤ ਨਾਲ ਇੰਦਿਰਾ ਨੂੰ ਫੇਰ ਦੇਸ਼ ਦੀ ਵਾਗਡੋਰ ਸੌਂਪ ਦਿੱਤੀ। ਮੈਂਨੂੰ ਯਾਦ ਹੈ ਬੇਲਗਾਮ ਹੋਏ ਵਪਾਰੀਆਂ ਸਦਕਾ ਭਾਅ ਅਸਮਾਨੀਂ ਚੜ੍ਹੇ ਸਨ। ਵੋਟਾਂ ਦੀ ਗਿਣਤੀ ਦੌਰਾਨ ਹੀ ਇੰਦਿਰਾ ਕਾਂਗਰੇਸ ਦੀ ਬੜ੍ਹਤ ਦੇਖ ਪਿਆਜ 70 ਰੁਪਏ ਕਿਲੋ ਤੋਂ 40 ਰੁਪਏ ਤੱਕ ਡਿੱਗ ਗਏ ਸਨ। ਇਹ ਹੁੰਦਾ ਹੈ ਡੰਡੇ ਦਾ ਡਰ ਜਿਸ ਦੀ ਕਮੀਂ ਲੋਕਤੰਤਰ ਵਿਚ ਸਮਾਜ ਲਈ ਅਕਸਰ ਪਰੇਸ਼ਾਨੀ ਦਾ ਕਾਰਣ ਬਣਦੀ ਰਹਿਂਦੀ ਹੈ। ਸਵਾਲ ਇਹ ਨਹੀਂ ਕਿ ਧਾਡੇ 'ਤੇ ਇੰਦਿਰਾ ਭਗਤ ਜਾਂ ਮੋਦੀ ਭਗਤ ਦਾ ਠੱਪਾ ਲੱਗਦਾ ਹੈ, ਸਵਾਲ ਹੈ ਕੀ ਅਸੀਂ  ਫਰਜਾਂ ਨੂੰ ਭੁੱਲ ਲੋਕਤੰਤਰ ਵਿਚ ਮਿਲ ਰਹੀ ਆਜਾਦੀ ਦੀ ਦੁਰਵਰਤੋਂ ਕਰ ਸਮਾਜ ਨੂੰ ਖੋਖਲਾ ਤਾਂ ਨਹੀਂ ਕਰੀਂ ਜਾ ਰਹੇ? ਸੋਚਣਾ ਬਣਦਾ ਹੈ।

- ਖ਼ਬਰਨਾਮਾ #1168, ਫਰਵਰੀ 11-2022

 

 

ਅਨੋਖਾ ਅੰਨਦੋਲਨ!

- ਹਰਜੀਤ ਦਿਉਲ ਬਰੈਂਪਟਨ

ਮੇਰਾ ਮਿੱਤਰ ਜਦ ਮੇਰੇ ਘਰ ਆਇਆ ਤਾਂ ਉਸ ਦੀ ਕਾਰ 'ਤੇ "ਨੋ ਟਰੱਕ ਨੋ ਫੂਡ" ਦਾ ਝੰਡਾ ਲੱਗਾ ਦੇਖਿਆ। ਪੁੱਛਣ 'ਤੇ ਉਸ ਟਰੱਕ ਵਾਲਿਆਂ ਦੀ ਹਮਾਇਤ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੱਤੀ। ਟਰੂਡੋ ਲਈ ਬੜਾ ਚੰਗਾ ਮੰਦਾ ਬੋਲਿਆ ਐਥੇ ਤੱਕ ਕਿ ਦੇਸੀਆ ਵੱਲੋਂ ਮੋਦੀ ਨੂੰ ਕੱਢੀਆਂ ਗਾਲਾਂ ਨੂੰ ਵੀ ਮਾਤ ਕਰ ਗਿਆ। ਉਸ ਟਰੱਕ ਡਰਾਈਵਰਾਂ ਦੇ ਹੱਕ ਵਿਚ ਰੈਲੀ ਕੱਢਣ ਦੀ ਵੀ ਗੱਲ ਕੀਤੀ। ਅਗਲੇ ਦਿਨ ਗਰੌਸਰੀ ਸਟੋਰ 'ਤੇ ਉਸ ਦੀ ਪਤਨੀ ਮਿਲੀ ਜਿਸ ਨੇ ਉਸੇ ਕਾਰ 'ਤੇ "ਨੋ ਵੈਕਸੀਨ ਨੋ ਲਾਈਫ" ਦੀ ਝੰਡੀ ਲਾਈ ਹੋਈ ਸੀ। ਮੈਂ ਝੱਟ ਮਿੱਤਰ ਨੂੰ ਫੋਨ ਮਿਲਾਇਆ 'ਤੇ ਇਸ ਬਾਬਤ ਪੁੱਛਿਆ ਤਾਂ ਕਹਿੰਦਾ "ਕੀ ਕਰਾਂ ਯਾਰ ਘਰਵਾਲੀ ਤਾਂ  ਸ਼ੁਰੂ ਤੋਂ ਹੀ ਟਰੂਡੋ ਦੀ ਭਗਤ ਹੈ ਇਸ ਮਸਲੇ 'ਤੇ ਸਾਡੀ ਵੱਖਰੀ ਰਾਇ ਹੈ।" ਕੁਝ ਸੋਚ ਮੈਂ ਪੁੱਛਿਆ ਪਈ ਜਦ ਤੁਸੀਂ ਦੋਵੇਂ ਇਸ ਕਾਰ ਵਿਚ ਇਕੱਠੇ ਜਾਂਦੇ ਹੋ ਤਾਂ ਕਿਹੜੀ ਝੰਡੀ ਲਾਉਂਦੇ ਹੋ?" ਉਸ ਫੌਰਨ ਜਵਾਬ ਦਿੱਤਾ "ਦੋਵੇਂ ਝੰਡੀਆਂ ਪਿਆਰੇ! ਜਿੱਧਰ ਉਸ ਬੈਠਣਾ ਉੱਧਰ "ਨੋ ਵੈਕਸੀਨ ਨੋ ਲਾਈਫ" ਦੀ ਅਤੇ ਜਿੱਧਰ ਮੈਂ ਹੋਵਾਂ ਉੱਧਰ "ਨੋ ਟਰੱਕ ਨੋ ਫੁਡ" ਦੀ ਝੰਡੀ। ਕਿਸਾਨ ਅੰਨਦੋਲਨ ਵਿਚ ਘਰਵਾਲੀ ਕਿਸਾਨਾਂ ਦੇ ਹੱਕ ਵਿਚ ਸੀ ਅਤੇ ਮੈਂ ਮੋਦੀ ਦੇ। ਉਸ ਨੇ ਤਾਂ ਸਿੰਘੂ ਬਾਰਡਰ 'ਤੇ ਅਪੜਨ ਲਈ ਖੱਟੀ ਚੁੰਨੀ ਵੀ ਰੰਗਾ ਲਈ ਸੀ ਪਰ ਬਿਲ ਵਾਪਸੀ ਨੇ ਆਸਾਂ 'ਤੇ ਪਾਣੀ ਫੇਰ ਦਿੱਤਾ। ਅਸੀਂ ਬੜੀ ਸਿਆਣਪ ਨਾਲ ਮਿਲੀ ਜੁਲੀ ਸਰਕਾਰ ਚਲਾਉਂਦੇ ਹਾਂ। ਐਂਵੇ ਮਾੜੀ ਜਿਹੀ ਗੱਲ 'ਤੇ ਤਲਾਕ ਥੋੜੇ ਲੈ ਲੈਣਾ"। ਵਾਹ ਇਸ ਅਨੋਖੇ ਅੰਨਦੋਲਨ 'ਤੇ ਮੈਂ ਦਿਲੋਜਾਨ ਤੋਂ ਕੁਰਬਾਨ ਸਾਂ।

-ਖ਼ਬਰਨਾਮਾ #1168, ਫਰਵਰੀ 11-2022

 


ਕੀ ਦੇਸ਼ ਵਿਕ ਰਿਹੈ?

-ਹਰਜੀਤ ਦਿਉਲ, ਬਰੈਂਪਟਨ

ਫਰੀਦਾਬਾਦ ਰਹਿੰਦਿਆਂ ਕੋਈ 18/20 ਸਾਲ ਪਹਿਲਾਂ ਮੈਂਨੂੰ ਦੱਸਿਆ ਗਿਆ ਕਿ ਪੈਨ ਕਾਰਡ ਬਨਾਉਣਾ ਪੈਣਾ ਹੈ ਹੁਣ ਇਹ ਹਰ ਬੈਂਕ ਲੇਨ ਦੇਣ ਲਈ ਜਰੂਰੀ ਹੋ ਜਾਣਾ ਹੈ। ਪੁੱਛਣ 'ਤੇ ਮੈਂਨੂੰ ਨਹਿਰੂਗਰਾਉਂਡ ਵਿਚ ਇੱਕ ਦਫਤਰ ਦਾ ਪਤਾ ਦੱਸਿਆ ਗਿਆ। ਗਰਮੀਆਂ ਦੇ ਦਿਨ ਸਨ ਅਤੇ ਏ ਸੀ ਠੰਡਾ ਦਫਤਰ ਦੇਖ ਜਾਪਿਆ ਮੈਂ ਗਲਤ ਜਗ੍ਹਾ ਆ ਗਿਆ ਹਾਂ। ਗੇਟ 'ਤੇ ਖੜੇ ਗਾਰਡ ਨੂੰ ਪੁੱਛਿਆ ਤਾਂ ਦਫਤਰ ਦਾ ਪਤਾ ਇਹੀ ਸੀ। ਝਿਜਕਦਿਆਂ ਅੰਦਰ ਗਿਆ ਤਾਂ ਮੈਂਨੂੰ ਇਕ ਟੇਬਲ 'ਤੇ ਜਾਣ ਲਈ ਕਿਹਾ ਗਿਆ। ਕੁਰਸੀ ਪੇਸ਼ ਹੋਣ ਉਪਰੰਤ ਜਦ ਚਪਰਾਸੀ ਠੰਡੇ ਪਾਣੀ ਦਾ ਗਿਲਾਸ ਪੇਸ਼ ਕੀਤਾ ਤਾਂ ਮੇਰਾ ਮੱਥਾ ਠਣਕਿਆ। ਸੋਚਆ ਦੱਸ ਦਵਾਂ ਪਈ ਮੈਂ ਇੱਕ ਸਧਾਰਣ ਨਾਗਰਿਕ ਹਾਂ ਕਿਸੇ ਮੰਤਰੀ ਜਾਂ ਅਫਸਰ ਦਾ ਬੰਦਾ ਨਹੀਂ। ਮੈਂਨੂੰ ਇੱਕ ਫਾਰਮ ਦਿੱਤਾ ਗਿਆ ਜੋ ਮੈਂ ਝੱਟ ਭਰ ਦੇ ਦਿੱਤਾ। ਬੜੇ ਅਦਬ ਨਾਲ ਮੈਂਨੂੰ 15 ਦਿਨ ਬਾਅਦ ਆਉਣ ਲਈ ਕਿਹਾ ਗਿਆ। ਜਦ ਨਿਰਧਾਰਤ ਸਮੇਂ ਬਾਅਦ ਗਿਆ ਤਾਂ ਰਸੀਦ ਦਿਖਾਉਣ 'ਤੇ ਅਰਦਲੀ ਮੇਰੇ ਦਸਤਖ਼ਤ ਕਰਾ ਠੰਡੇ ਪਾਣੀ ਦੇ ਗਿਲਾਸ ਨਾਲ ਮੇਰਾ ਪੈਨ ਕਾਰਡ ਮੇਰੇ ਹਵਾਲੇ ਕਰ ਦਿੱਤਾ। ਦਫਤਰੋਂ ਬਾਹਰ ਆ ਮੈਂ ਆਪਣੇ ਚੂੰਢੀ ਵੱਢ ਇਹ ਯਕੀਨ ਕੀਤਾ ਕਿਤੇ ਇਹ ਸੁਫਨਾ ਤਾਂ ਨਹੀਂ ਸੀ। ਕਿਉਂਕਿ ਬਿਨਾ ਕਿਸੇ ਖੱਜਲਖੁਆਰੀ ਅਤੇ ਸੇਵਾ ਪਾਣੀ (ਸਭਿਅਕ ਭਾਸ਼ਾ ਵਿਚ ਸੁਵਿਧਾ ਰਾਸ਼ੀ) ਅੱਜ ਤੱਕ ਕੋਈ ਕੰਮ ਹੋਇਆ ਨਹੀਂ ਸੀ। ਮਿੱਤਰ ਨੇ ਉਲਝਣ ਦੂਰ ਕੀਤੀ। ਪੈਨ ਕਾਰਡ ਬਨਾਉਣ ਦਾ ਠੇਕਾ ਕਿਸੇ ਪ੍ਰਾਈਵੇਟ ਅਦਾਰੇ ਨੂੰ ਦਿੱਤਾ ਗਿਆ ਹੈ। ਵੀਹ ਕੁ ਸਾਲ ਫਰੀਦਾਬਾਦ ਸਥਿਤ ਰੈਫਰੀਜਰੇਟਰ ਬਨਾਉਣ ਵਾਲੀ ਵੱਡੀ ਕੰਪਨੀ ਕੈਲਵੀਨੇਟਰ ਆਫ ਇੰਡੀਆ ਵਿਚ ਕੰਮ ਕੀਤਾ। ਤਜਰਬਾ ਸਾਂਝਾ ਕਰਦਾ ਹਾਂ। ਵੱਡਾ ਸੰਸਥਾਨ ਹੋਣ ਦੇ ਬਾਵਜੂਦ ਤਨਖਾਹਾਂ ਔਸਤ ਜਿਹੀਆਂ ਸਨ। ਮਜਦੂਰਾਂ ਦੀ ਤਾਕਤਵਰ ਯੁਨੀਅਨ ਸੀ। ਵੱਡੇ ਅਦਾਰੇ ਪ੍ਰਾਈਵੇਟ ਹੋਣ ਦੇ ਬਾਵਜੂਦ ਇੱਕ ਪੱਖੋਂ ਸਰਕਾਰੀ ਵਰਗੇ ਹੁੰਦੇ ਹਨ ਜਿੱਥੇ ਯੂਨੀਅਨ ਸਦਕਾ ਮਜਦੂਰ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰਦੇ ਪਰ ਹਰ 3 ਸਾਲ ਬਾਅਦ ਤਨਖਾਹ ਵਿਚ ਭਰਪੂਰ ਵਾਧਾ ਚਾਹੁੰਦੇ ਹਨ। ਲਿਹਾਜਾ ਕਈ ਕਾਰਖਾਨੇ ਪੈਂਦੇ ਘਾਟੇ ਕਾਰਣ ਮਾਲਕਾਂ ਨੂੰ ਬੰਦ ਕਰਨੇ ਪੈ ਜਾਂਦੇ ਹਨ। ਸਾਡੇ ਵੀ ਇਹੀ ਕਾਟੋਕਲੇਸ਼ ਸ਼ੁਰੁ ਹੋਇਆ। ਜਦ ਕਾਰਖਾਨਾ ਬੰਦ ਹੋਣ ਕਿਨਾਰੇ ਪਹੁੰਚ ਗਿਆ ਸਰਕਾਰ ਦੀ ਵਿਦੇਸ਼ੀ ਨਿਵੇਸ਼ ਪਾਲਿਸੀ ਅਧੀਨ ਅਮਰੀਕਾ ਦੀ ਹੋਮ ਐਪਲਾਇਂਸ ਕੰਪਨੀ ਵਰਲਪੂਲ ਨੇ ਖਰੀਦ ਲਿਆ। ਯੂਨੀਅਨ ਬੜਾ ਰੌਲਾ ਪਾਇਆ। ਜਲਸੇ ਜਲੂਸਾਂ ਦਾ ਦੌਰ ਚੱਲਿਆ ਪਰ ਚੰਗੀ ਕਿਸਮਤ ਇਹ ਡੀਲ ਸਿਰੇ ਚੜ੍ਹ ਗਈ। ਅਮਰੀਕੀ ਕੰਪਨੀ ਨੇ ਚੰਗੀ ਤਰ੍ਹਾਂ ਸਰਵੇ ਕਰ ਵਾਧੂ ਦੀ ਅੱਧੀ ਖਲਕਤ ਨੂੰ ਬਾਹਰ ਕੱਢ ਮਾਰਿਆ। ਪਰ ਐਂਵੇ ਨਹੀਂ। ਜਾਣ ਵਾਲੇ ਭੰਗੜੇ ਪਾਉਂਦੇ ਗਏ ਕਿਉਂਕਿ ਲੰਮੀ ਸਰਵਿਸ ਸਦਕਾ ਉਨ੍ਹਾਂ ਨੂੰ ਮੋਟੀਆਂ ਰਕਮਾਂ ਦਿੱਤੀਆ ਗਈਆਂ ਜਿਸ ਨਾਲ ਬੇਘਰਾਂ ਘਰ ਬਣਾ ਲਏ ਕਈਆਂ ਬਿਜਨਸ ਕਰ ਲਏ। ਜੋ ਰਹਿ ਗਏ ਉਨ੍ਹਾਂ ਤੋਂ ਪੂਰੀ ਸਮਰੱਥਾ ਨਾਲ ਕੰਮ ਲੈ ਤਨਖਾਹਾਂ ਵਧਾ ਦਿੱਤੀਆਂ ਗਈਆਂ। ਇਸ ਤੋਂ ਉਲਟ ਇਸੇ ਸ਼ਹਿਰ ਦੇ ਵੱਡੇ ਅਦਾਰੇ ਮੈਟਲ ਬੌਕਸ ਵਿਚ ਯੂਨੀਅਨ ਦੀ ਬੁਰਛਾਗਰਦੀ ਸਦਕਾ ਮਾਲਕਾਂ ਨਾਲ ਹਿਸਾਬ ਨਾ ਲੈਣ ਦੀ ਜਿਦ ਪਿੱਛੇ ਜਦ ਕੰਪਨੀ ਬੰਦ ਹੋ ਗਈ ਤਾਂ ਮੋਟੀਆਂ ਤਨਖਾਹਾਂ ਲੈਣ ਵਾਲੇ ਮਜਦੂਰ ਸੜਕਾਂ 'ਤੇ 20 ਸਾਲ ਰੁਲਦੇ ਰਹੇ। ਮਾਲਕਾਂ ਦੀ ਧੌਣ 'ਤੇ ਗੋਡਾ ਦੇ ਫੈਸਲਾ ਕਰਾਉਣ ਵਾਲੀਆਂ ਯੁਨੀਅਨਾਂ ਕੁਝ ਨਾ ਕਰ ਸਕੀਆਂ। ਕਾਸ਼ ਮੈਟਲ ਬੌਕਸ ਵੀ ਵਿਕ ਜਾਂਦੀ।

ਆਉ ਹੁਣ ਭਾਰਤੀ ਰੇਲ ਦੀ ਵੀ ਗੱਲ ਕਰ ਲਈਏ। ਮੇਰੇ ਪਿਤਾ ਜਦ 1970 'ਚ ਰੇਲਵੇ ਸਟੇਸ਼ਨ ਮਾਸਟਰ ਰਿਟਾਇਰ ਹੋਏ ਉਨ੍ਹਾਂ ਦੀ ਤਨਖਾਹ ਕੋਈ 400 ਸੀ। 5 ਕੁ ਸਾਲ ਪਹਿਲਾਂ ਰਿਟਾਇਰ ਹੋਏ ਇੱਕ ਰਿਸ਼ਤੇਦਾਰ ਗਾਰਡ ਦੀ ਪੈਂਸ਼ਨ 35000 ਲੱਗੀ। ਰੇਲਵੇ ਸੇਵਾ ਵਿਚ ਹੈਰਾਨੀਜਨਕ ਸੁਧਾਰ ਮੈਂ ਅੱਖੀਂ ਦੇਖਿਆ ਹੈ। ਲੰਮਾ ਸਮਾਂ ਸਰਕਾਰਾਂ ਨੇ ਸਿਰਫ ਵੋਟ ਬੈਂਕ ਖੁਰਨ ਦੇ ਡਰੋਂ ਰੇਲ ਕਿਰਾਇਅ ਨਹੀਂ ਵਧਾਇਆ। ਰੇਲ ਸੇਵਾ ਨੂੰ ਵਿਕਸਤ ਮੁਲਕਾਂ (ਮਸਲਨ ਚੀਨ ,ਜਪਾਨ) ਦੀ ਰੇਲ ਸੇਵਾ ਦੀ ਤਰਜ 'ਤੇ ਬੇਹਤਰ ਬਨਾੳਣ ਲਈ ਭਾਰਤ ਨੂੰ ਕੁਝ ਕਦਮ ਚੁੱਕਣੇ ਜਰੂਰੀ ਸਨ। ਅੱਜ ਵੀ ਸਰਕਾਰ ਦਾ ਦਾਅਵਾ ਹੈ ਕਿ ਰੇਲਵੇ ਕਦੇ ਵੀ ਪ੍ਰਾਈਵੇਟ ਨਹੀਂ ਕੀਤੀ ਜਾਵੇਗੀ ਪਰ ਪ੍ਰਾਈਵੇਟ ਇਨਵੈਸਟਮੈਂਟ ਬਿਨਾ ਸੁਧਾਰ ਸੰਭਵ ਨਹੀਂ ਜੋ ਵਿਕਸਤ ਦੇਸ਼ਾਂ ਵਿਚ ਵੀ ਹੁੰਦਾ ਹੈ। ਰੇਲਵੇ ਨੂੰ ਘਾਟੇ ਵਿੱਚੋਂ ਵੀ ਕੱਢਣਾ ਜਰੂਰੀ ਹੈ ਵਰਨਾ ਨਾਗਰਿਕਾਂ ਨੂੰ ਹਰ ਚੀਜ ਸਸਤੀ ਅਤੇ ਮੁਫਤ ਤਾਂ ਵਾਧੂ ਕਰੰਸੀ ਛਾਪ ਕੇ ਹੀ ਦਿੱਤੀ ਜਾ ਸਕਦੀ ਹੈ।

ਹੁਣ ਇੱਕ ਚੁਟਕਲਾ ਵੀ ਸੁਣ ਲਉ।  ਪਿੱਛੇ ਜਿਹੇ ਇੱਕ ਰਿਸ਼ਤੇਦਾਰ ਕਿਹਾ 'ਸੁਣਿਆ ਮੋਦੀ ਲਾਲਕਿਲਾ ਅੰਬਾਨੀ ਨੂੰ ਵੇਚ'ਤਾ' ਦਰਅਸਲ ਲਾਲ ਕਿਲੇ ਦੇ ਰੱਖ ਰਖਾਵ (ਮੇਂਟੀਨੈਂਸ) ਦਾ ਕਾਂਟਰੈਕਟ ਕਿਸੇ ਕੰਪਨੀ ਨੂੰ ਦਿੱਤਾ ਗਿਆ। ਕੌਣ ਨਹੀਂ ਜਾਣਦਾ ਕਿ ਸਰਕਾਰੀ ਕਰਮਚਾਰੀ ਮੋਟੇ ਵੇਤਨ ਲੈ ਅੱਧੀ ਸਮਰੱਥਾ ਨਾਲ ਵੀ ਕੰਮ ਨਹੀਂ ਕਰਦੇ। ਜੇਕਰ ਦੇਸ਼ ਦੀ ਐਨੀ ਫਿਕਰ ਹੈ ਤਾਂ ਨਾਗਰਿਕਾਂ ਨੂੰ ਖੁਦ ਵੀ ਹਰਾਮਖੋਰੀ ਛੱਡ ਪੱਛਮੀ ਮੁਲਕਾਂ ਵਾਂਗ ਈਮਾਨਦਾਰੀ ਨਾਲ ਕੰਮ ਕਰਨ ਦੀ ਆਦਤ ਪਾਉਣੀ ਪਵੇਗੀ ਨਹੀਂ ਤਾਂ ਰੱਬ ਰਾਖਾ!

-ਖ਼ਬਰਨਾਮਾ #1165, ਜਨਵਰੀ 21-2022

 


ਹਮ ਨਹੀਂ ਚੰਗੇ ਬੁਰਾ ਨਹੀਂ ਕੋਈ

- ਹਰਜੀਤ ਦਿਉਲ, ਬਰੈਂਪਟਨ

ਉਂਝ ਮੈਂ ਪੱਕਾ ਨਾਸਤਕ ਹਾਂ ਪਰ ਫੈਸ਼ਨ ਪੱਖੋਂ ਨਹੀਂ ਕਿਉਂਕਿ ਅੱਜਕਲ ਨਾਸਤਕਤਾ ਨੂੰ ਇੱਕ ਫੈਸ਼ਨ ਸਮਝ ਵੀ ਅਪਨਾਇਆ ਜਾ ਰਿਹੈ। ਨਵੇਂ ਡਿਜਾਈਨ ਦੇ ਸੈਲ ਫੋਨ ਦੀ ਤਰਜ 'ਤੇ। ਰੱਬ ਅਤੇ ਧਰਮ ਨੂੰ ਮੁਕੰਮਲ ਤੌਰ 'ਤੇ ਨਵੇਂ ਵਪਾਰੀਆਂ ਉਧਾਲ ਲਿਆ ਹੈ ਇਸ ਲਈ ਮਾਡਰਨ ਦੌਰ 'ਚ ਇਹ ਬਹੁਤ 'ਆਊਟ ਡੇਟਿਡ' ਹੋ ਚੁੱਕੇ ਹਨ। ਪਰ ਧਰਮ ਦਾ ਬੀਅ ਸਾਡੇ ਡੀ ਐਨ ਏ ਵਿਚ ਮੌਜੂਦ ਰਹਿ ਕਦੇ ਕਦਾਈਂ ਚੂੰਢੀ ਜਰੂਰ ਵੱਢ ਜਾਂਦਾ ਹੈ। ਜੇਕਰ ਖੱਲ ਬਹੁਤੀ ਮੋਟੀ ਨਾ ਹੋ ਗਈ ਹੋਵੇ ਇਹ ਅਹਿਸਾਸਿਆ ਵੀ ਜਾਂਦਾ ਹੈ। ਮੇਰੇ ਨਾਲ ਇਵੇਂ ਹੋਇਆ। ਕਥਾ ਕੀਰਤਨ ਪ੍ਰਵਚਨ ਆਦਿ ਤੋਂ ਮੈਂ ਬਚਦਾ ਹਾਂ।

ਸੋਚਦਾ ਹਾਂ ਗਲਾਸ ਪਾਣੀ ਦਾ ਹਜਮ ਨਾ ਹੁੰਦਾ ਹੋਵੇ ਤੁਸੀਂ ਸਮੁੰਦਰ ਪੀਣ ਲਈ ਬਹਿ ਜਾਵੋ। ਅਸਲ ਮੁੱਦੇ 'ਤੇ ਆਉਂਦਾ ਹਾਂ।

ਜਿੱਧਰ ਦੇਖੋ ਹਰ ਪਾਸੇ ਅਫਰਾ ਤਫਰੀ, ਬੇਚੈਨੀ, ਬੇਮਤਲਬ ਦੀ ਨੱਠ ਭੱਜ, ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਨਵੀਂ ਤੋਂ ਨਵੀਂ ਤਿਕੜਮਬਾਜੀ ਜਾਂ ਫੇਰ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਾਹਲ। ਇਸ ਹਾ ਹਾ ਕਾਰ ਵਿਚ ਇਹ ਸਮਝਣ ਦੀ ਹੋਸ਼ ਹੀ ਨਹੀਂ ਕਿ ਅਸਲ ਉਪੱਦਰੀ ਤਾਂ ਧਾਡੇ ਅੰਦਰ ਡੇਰਾ ਜਮਾਈ ਬੈਠਾ। ਪਰ ਇਹ ਸਵੀਕਾਰਨਾ ਬਹੁਤ ਟੇਢੀ ਖੀਰ ਹੈ। ਮਜਬੂਰੀਵੱਸ ਇੱਕ ਧਾਰਮਕ ਪ੍ਰੋਗ੍ਰਾਮ ਸੁਣਦਿਆਂ ਭੁੱਲ ਭੁਲੇਖੇ ਮੇਰੇ ਕੰਨੀਂ ਇਹ ਵਾਕ ਪੈ ਗਏ। 'ਹਮ ਨਹੀਂ ਚੰਗੇ ਬੁਰਾ ਨਹੀਂ ਕੋਈ'। ਇਸ 'ਤੇ ਮਨਨ ਕਰਨ ਲੱਗਾ। ਯਾਦ ਆਇਆ ਬਚਪਨ 'ਚ ਵੀ ਪੜ੍ਹਿਆ ਸੀ 'ਬੁਰਾ ਜੋ ਦੇਖਨ ਮੈਂ ਚਲਾ ਬੁਰਾ ਨਾ ਮਿਲਿਆ ਕੋਇ, ਜਬ ਘਰ ਦੇਖਾ ਆਪਨਾ ਮੁਝਸਾ ਬੁਰਾ ਨਾ ਕੋਇ'। ਪ੍ਰੋਗ੍ਰਾਮ ਵਿੱਚੋਂ ਉੱਠ ਤੁਰਿਆ। ਪੁੱਛਣ ਤੇ ਕਿਹਾ ' ਪਹਿਲਾਂ ਇਹ ਚਾਰ ਲਫਜ਼ ਹਜਮ ਤਾਂ ਕਰ ਆਵਾਂ'। ਪਰ ਇਹ ਲਫਜ਼ ਹਜਮ ਨਾ ਹੋਕੇ ਅਤਿਅੰਤ ਬੇਚੈਨੀ ਦਾ ਸਬਬ ਬਣ ਗਏ। ਹਰ ਪਾਸਿਉਂ ਇਹੀ ਸੁਣ ਰਿਹੈ 'ਹਮ ਨਹੀਂ ਬੁਰੇ ਚੰਗਾ ਨਹੀਂ ਕੋਈ'। ਸੋਚ ਰਿਹੈਂ ਕੀ ਧਾਰਮਕ ਸਮਾਗਮਾਂ ਵਿਚ ਸਾਰੀ ਖਲਕਤ ਕੰਨਾ 'ਚ ਤੇਲ ਪਾਈਂ ਬੈਠੀ ਰਹਿਂਦੀ ਹੈ? ਵਰਤਮਾਨ ਨੂੰ ਇਸੇ ਕਸੌਟੀ 'ਤੇ ਪਰਖਣ ਦਾ ਯਤਨ ਕਰਦਾ ਹਾਂ। ਹਰ ਪਾਸੇ ਉਪੱਦਰ। ਕੀ ਕਰੀਏ ਜੀ  ਜਦ ਸਰਕਾਰਾਂ ਭੈੜੀਆਂ ਹਨ ਬੇਈਮਾਨ ਹਨ ਲੁਟੇਰੀਆਂ ਹਨ। ਅਸੀਂ ਤਾਂ ਜੂਝ ਰਹੇ ਹਾਂ ਹਕੂਮਤਾਂ ਬਦਲਨ ਲਈ ਇਨਕਲਾਬ ਲਿਆਉਣ ਲਈ ਹੇਠਲੀ ਉੱਤੇ ਲਿਆਉਣ ਲਈ। ਦੇਖੋ ਅਸੀਂ ਭਗਤ ਸਿੰਘ ਦੇ ਵਾਰਿਸ ਕੀ ਕਰ ਗੁਜਰਦੇ ਹਾਂ। ਖਬਰਦਾਰ ਜੋ ਆਪਣੀ ਗੰਦੀ ਜੁਬਾਨ ਨਾਲ ਭਗਤ ਸਿੰਘ ਦਾ ਨਾਂਅ ਲਿਆ! ਸ਼ਹੀਦੀ ਪਾ ਲੈਣਾ ਹੀ ਭਗਤ ਸਿੰਘ ਬਨਣਾ ਨਹੀਂ। ਸ਼ਹੀਦ ਲਫਜ਼ ਹੀ ਬਹੁਤ ਸਸਤਾ ਬਣਾ ਦਿੱਤਾ ਗਿਆ ਹੈ। ਭਗਤ ਸਿੰਘ ਪਹਿਲਾਂ ਰੱਬ ਅਤੇ ਧਰਮਾਂ ਬਾਰੇ ਡੂੰਘਾ ਅਧਿਅਨ ਕੀਤਾ। ਜਦ ਨਿਚੋੜ ਕੱਢਿਆ ਕਿ ਰੱਬ ਅਤੇ ਧਰਮ ਤਾਂ ਇਸ ਦੇ ਠੇਕੇਦਾਰਾਂ ਦੇ ਹੱਥ ਦੀ ਕਠਪੁਤਲੀ ਬਣ ਲੋਕਾਂ ਨੂੰ ਨਫਰਤ ਅਤੇ ਪਖੰਡਾਂ ਵਿਚ ਡੋਬ ਰਹੇ ਹਨ ਤਾਂ ਉਸ ਨਾਸਤਕਤਾ ਦਾ ਪੱਲਾ ਜਾ ਫੜਿਆ। ਸੱਚ ਨਾਲ ਖੜ੍ਹਨਾ ਸੌਖਾ ਨਹੀਂ। ਦੋਗਲੇ ਕਿਰਦਾਰਾਂ ਨਾਲ ਤਾਂ ਅਸੀਂ ਸੱਚ ਨੂੰ ਨਿੱਤ ਫਾਂਸੀ ਚੜ੍ਹਾਉਂਦੇ ਹਾਂ। ਕੁਝ ਕੁ ਮਿਸਾਲਾਂ ਹਨ। ਸਰਕਾਰ ਬੇਈਮਾਨ ਹੈ ਤਾਂ ਉਹ ਬਾਹਰਲੇ ਗ੍ਰਹਿ ਤੋਂ ਨਹੀਂ ਆਈ ਧਾਡੇ ਵਿੱਚੋਂ ਹੀ ਚੁਣ ਕੇ ਬਣੀ ਹੈ। ਕਰੋ ਹਿੰਮਤ ਆਪਣੇ ਵੱਲ ਉਂਗਲ ਸੇਧਣ ਦੀ! ਕਿਤੇ ਹਿੰਸਾ ਹੋਣ ਤੇ ਪਰਤਾਵੀਂ ਹਿੰਸਾ ਸਾਡਾ ਜੁਝਾਰੂਪਨ ਹੁੰਦਾ ਹੈ। ਸੋਧਾ ਬਣ ਜਾਂਦਾ ਹੈ। ਦੂਸਰੀ ਜਗ੍ਹਾ ਸਾਡੇ ਵੱਲੋਂ ਹੋਈ ਹਿੰਸਾ ਨੂੰ ਜਾਇਜ ਠਹਿਰਾਉਣਾ ਅਤੇ ਪਰਤਾਵੀਂ ਹਿੰਸਾ ਬਣ ਜਾਂਦੀ ਘੱਲੂਘਾਰਾ। ਕਿਤੇ ਤਾਂ ਸੱਚ ਨਾਲ ਖੜੋ ਯਾਰ! ਬਹੁਤ ਔਖਾ ਹੈ! ਸਿਆਸਤਦਾਨ ਲਈ ਵੋਟ ਅਹਿਮ ਹੈ ਜਿਵੇਂ ਪਰੌਸਟੀਚਿਊਟ ਲਈ ਪੈਸਾ। ਆਮ ਆਦਮੀ ਤਾਂ ਕੀ ਬੁੱਧੀਜੀਵੀ ਵਿਦਵਾਨ ਲੇਖਕ ਤੱਕ ਭਾਈਚਾਰੇ ਦੀ ਨਾਰਾਜਗੀ ਝੱਲਣ ਤੋਂ ਕੰਨੀਂ ਕਤਰਾ ਭੀੜ ਦੀ ਬੋਲੀ ਬੋਲਣ ਲੱਗ ਜਾਂਦੇ ਹਨ। ਨੈਤਿਕਤਾ ਦਾ ਛੁਣਛਣਾ ਵਜਾਉਣਾ ਬਹੁਤ ਅਸਾਨ ਹੈ ਪਰ ਅਮਲ ਬਹੁਤ ਕਠਿਨ। ਫੋਕੇ ਗਰੂਰ ਤੋਂ ਨਿਜਾਤ ਪਾਇਆਂ ਹੀ ਸਮਾਜਕ ਵਿਕਾਸ ਦੇ ਪੰਧ ਦੇ ਰਾਹੀ ਬਣਿਆ ਜਾ ਸਕਦਾ ਹੈ। ਮੇਰੀ ਜਾਚੇ ਹੋਰ ਕੋਈ ਸ਼ਾਰਟ ਕਟ ਨਹੀਂ!

-ਖ਼ਬਰਨਾਮਾ #1164, ਜਨਵਰੀ 14-2022

 


ਬੇਅਦਬੀਆਂ!

- ਹਰਜੀਤ ਦਿਉਲ, ਬਰੈਂਪਟਨ

ਜਾਪਦੈ ਜਿਵੇਂ ਅੱਜਕਲ ਬੇਅਦਬੀਆਂ ਦਾ ਸੀਜਨ ਚੱਲ ਰਿਹੈ। ਕਈ ਵਾਰ ਕਿਤੇ ਬੇਅਦਬੀ ਹੋਈ ਵੀ ਨਹੀਂ ਹੁੰਦੀ ਬਣਾ ਦਿੱਤੀ ਜਾਂਦੀ ਹੈ। ਬੇਅਦਬੀ ਦਾ ਮੰਤਵ ਅਤੇ ਇਸ ਦੀ ਕੀ ਪਰੀਭਾਸ਼ਾ ਮਿਥੀ ਗਈ ਹੈ ਇਹ ਤਾਂ ਬੇਅਦਬੀ ਕਰਨ ਵਾਲੇ ਅਤੇ ਭੜਕ ਕੇ ਇਸ ਲਈ ਸੋਧਾ ਲਾਉਣ ਵਾਲੇ ਹੀ ਜਾਨਣ ਪਰ ਇਸ ਬਾਰੇ ਥੋੜਾ ਜਿਹਾ ਵਿਵੇਕਸ਼ੀਲ ਚਿੰਤਨ ਲੋੜੀਂਦਾ ਹੈ ਜੋ ਅਕਸਰ ਕੀਤਾ ਨਹੀਂ ਜਾਂਦਾ। ਮੈਂ ਅਕਸਰ ਕਹਿਂਦਾ ਹਾਂ ਕਿ ਬੇਅਦਬੀ ਕਿਸੇ ਧਾਰਮਕ ਗ੍ਰੰਥ ਦੇ ਵਰਕੇ ਪਾੜਨ ਨਾਲ ਨਹੀਂ ਇਸ 'ਚ ਦਰਜ ਸਿਖਿਆਵਾਂ ਦਾ ਘਾਣ ਕਰਨ ਨਾਲ ਹੁੰਦੀ ਹੈ ਜੋ ਸਾਡੇ ਵਿੱਚੋਂ ਬਹੁਤੇ ਨਿੱਤ ਕਰਦੇ ਰਹਿਂਦੇ ਹਨ। ਬਹੁਤ ਗੁਰੂਗ੍ਰੰਥ ਨੂੰ ਜੀਵਤ ਗੁਰੂ ਦਾ ਦਰਜਾ ਦਿੰਦੇ ਹਨ ਪਰ ਮੇਰਾ ਖਿਆਲ ਹੈ ਕਿ ਛੇਵੀਂ ਕਲਾਸ ਦੇ ਵਿਗਿਆਨ ਵਿਚ ਹੀ 'ਲਿਵਿੰਗ ਅਤੇ ਨਾਨ ਲਿਵਿੰਗ' ਦਾ ਫਰਕ ਸਮਝਾ ਦਿੱਤਾ ਜਾਂਦਾ ਹੈ। ਬਾਕੀ ਜੇ ਅੰਧ ਸ਼ਰਧਾ ਦਾ ਹੀ ਪੱਲਾ ਫੜੀ ਰੱਖਣਾ ਹੈ ਤਾਂ ਸਿੱਖ ਗ੍ਰੰਥਾਂ ਵਿਚੋਂ ਬਾਬੇ ਨਾਨਕ ਦੀ ਅੰਧਵਿਸ਼ਵਾਸ਼ਾਂ ਨੂੰ ਨਕਾਰਦੀ ਬਾਣੀ ਮਨਫੀ ਕਰ ਦੇਣੀ ਚਾਹੀਦੀ ਹੈ। ਮੇਰੇ ਇਸ ਕਥਨ ਨਾਲ ਇੱਕ ਨੌਜਵਾਨ ਮੈਂਨੂੰ ਸਵਾਲ ਕੀਤਾ " ਬਾਬਿਉ ਗੁੱਸਾ ਨਾ ਕਰਿਉ ਜੇ ਮੈਂ ਧਾਡੇ ਇੱਕ ਚਪੇੜ ਮਾਰ ਦੇਵਾਂ ਤਾਂ ਧਾਡੀ ਬੇਅਦਬੀ ਹੋਈ ਜਾਂ ਧਾਡੀ ਚਮੜੀ ਦੀ?" ਜੋਸ਼ੀਲੇ ਨੌਜਵਾਨ ਬੜਾ ਤਰਕਪੂਰਣ ਸਵਾਲ ਕੀਤਾ ਹੈ ਜਿਸ ਦਾ ਜਵਾਬ ਮੈਂ ਆਪਣੀ ਸਮਝ ਮੁਤਾਬਕ ਦੇਣ ਦਾ ਯਤਨ ਕਰਾਂਗਾ। ਗੱਲ ਇਵੇਂ ਹੈ ਭਰਾਵੋ ਕਿ ਮੈਂ ਥੱਪੜ ਮਾਰਨ ਵਾਲੇ 'ਤੇ ਬਿਲਕੁਲ ਗੁੱਸਾ ਨਹੀਂ ਕਰਾਂਗਾ ਬਲਕਿ ਉਸ 'ਤੇ ਤਰਸ ਕਰਾਂਗਾ। ਕਾਰਣ? ਕਿਉਂਕਿ ਇਹੋ ਜਿਹੀ ਬੇਹੂਦਾ ਹਰਕਤ ਕਰਨ ਵਾਲਾ ਮੇਰੀ ਨਜ਼ਰ ਵਿਚ ਮਾਨਸਕ ਬੀਮਾਰ ਹੈ ਜੋ ਕ੍ਰੋਧ ਦਾ ਨਹੀਂ ਹਮਦਰਦੀ ਅਤੇ ਤਰਸ ਦਾ ਪਾਤਰ ਹੈ। ਉਸ ਦੀ ਮਾਨਸਕ ਅਵਸਥਾ ਨੂੰ ਮਨੋਵਿਗਿਆਨਕ ਕਾਉਂਸਲਿੰਗ ਦੀ ਜਰੂਰਤ ਹੈ ਸਜਾ ਦੀ ਨਹੀਂ। ਸਭਿਅਕ ਅਤੇ ਵਿਕਸਤ ਦੇਸ਼ਾਂ ਵਿਚ ਜੇਕਰ ਕੋਈ ਮਾਨਸਕ ਰੂਪ ਨਾਲ ਬੀਮਾਰ ਵਿਅਕਤੀ ਕੋਈ ਅਪਰਾਧ ਕਰਦਾ ਹੈ ਉਸ ਨੂੰ ਵੀ ਸਜਾ ਨਾ ਦੇਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਪਿੱਛੇ ਜਿਹੇ ਨਿਆਗਰਾ ਫਾਲ ਇੱਕ ਹੋਟਲ ਵਿਚ ਠਹਿਰੇ ਤਾਂ ਰਾਤੀਂ ਬੈਡ ਨਾਲ ਪਏ ਟੇਬਲ ਦਰਾਜ ਵਿੱਚ ਬਾਈਬਲ ਪਈ ਦੇਖੀ। ਦੱਸਣ ਦੀ ਲੋੜ ਨਹੀਂ ਕਿ ਇੱਥੇ ਸ਼ਰਾਬ ਪੀਕੇ ਅਤੇ ਜੂਠੇ ਮਿੱਠੇ ਹੱਥਾਂ ਨਾਲ ਵੀ ਇਸ ਨੂੰ ਫਰੋਲਿਆ ਜਾਂਦਾ ਹੋਵੇਗਾ। ਮੈਂ ਕੁਝ ਵਰਕੇ ਫਰੋਲੇ ਤਾਂ ਪਤਾ ਲੱਗਿਆ ਕਿ ਇਨ੍ਹਾਂ ਦਾ ਸੰਸਥਾਨ 500 ਮਿਲਿਅਨ ਬਾਈਬਲ ਕਿਤਾਬਚੇ ਛਪਵਾ ਕੇ ਹਰ ਉਸ ਜਗ੍ਹਾ ਰਖਵਾਉਂਦਾ ਹੈ ਜਿੱਥੇ ਲੋਕਾਂ ਦੁਆਰਾ ਪੜ੍ਹੇ ਜਾਣ ਦੀ ਜਰਾ ਜਿੰਨੀ ਵੀ ਗੁੰਜਾਇਸ਼ ਹੁੰਦੀ ਹੈ। ਡੈਮੇਜ ਹੋਈ ਬਾਈਬਲ ਦੀ ਥਾਂ ਝੱਟ ਨਵੀਂ ਰੱਖ ਦਿੱਤੀ ਜਾਂਦੀ ਹੈ। ਇਨ੍ਹਾਂ ਦਾ ਮੰਤਵ ਆਪਣੇ ਮਤ ਦਾ ਪ੍ਰਚਾਰ ਕਰਕੇ ਇਸ ਵਿਚ ਦਰਜ ਸਿਖਿਆਵਾਂ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਨਾ ਕਿ ਇਸ ਨੂੰ ਧਰਮ ਸਥਾਨ ਵਿਚ ਰਖ ਇਸ ਦੀ ਪੂਜਾ ਅਰਚਨਾ ਕਰਨਾ। ਇਸ ਵਿਚ ਦਰਜ ਸਿਖਿਆਵਾਂ ਦਾ ਕੇਂਦਰੀ ਭਾਵ ਇਹ ਸੀ ਕਿ ਕੋਈ ਵੀ ਅਪਰਾਧ ਐਨਾ ਵੱਡਾ ਨਹੀਂ ਹੁੰਦਾ ਕਿ ਉਸ ਨੂੰ ਮੁਆਫ ਨਾ ਕੀਤਾ ਜਾ ਸਕੇ। ਮਹਾਤਮਾ ਗਾਂਧੀ ਵੀ ਕਿਹਾ ਸੀ "ਪਾਪ ਨਾਲ ਘਿਰਣਾ ਕਰੋ ਪਾਪੀ ਨਾਲ ਨਹੀਂ।" ਸਹਿਣਸ਼ੀਲਤਾ ਅਤੇ ਇਨਸਾਨੀਅਤ ਕਿਸੇ ਵੀ ਧਰਮ ਦਾ ਧੁਰਾ ਹੁੰਦੇ ਹਨ। ਜੋ ਧਰਮ ਹਿੰਸਾ ਉਕਸਾਉਂਦੇ ਹਨ ਮੇਰੀ ਜਾਚੇ ਉਹ ਧਰਮ ਕਹਾਉਣ ਦੇ ਹੱਕਦਾਰ ਹੀ ਨਹੀਂ। ਇਸ ਸੰਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਪਰ ਜਾਪਦਾ ਹੈ ਬਹੁਤੇ ਭਰਿੰਡਾਂ ਤੋਂ ਡਰਦੇ ਦੜ ਵੱਟਣ ਵਿਚ ਹੀ ਭਲਾ ਸਮਝਦੇ ਹਨ ਜਾਂ ਫੇਰ ਉਹ ਵੀ ਅੰਧਵਿਸ਼ਵਾਸਾਂ ਦੀ ਦਲਦਲ ਵਿੱਚੋਂ ਨਿਕਲ ਨਹੀਂ ਸਕੇ।

-ਖ਼ਬਰਨਾਮਾ #1163, ਜਨਵਰੀ 07-2021


ਰਾਮ ਰਾਜ - ਵਿਅੰਗ

- ਹਰਜੀਤ ਦਿਉਲ, ਬਰੈਂਪਟਨ

ਚੋਣ ਦੰਗਲ ਦੇ ਸਖ਼ਤ ਮੁਕਾਬਲੇ ਵਿਚ ਆਖਰ 'ਆਲ ਫ੍ਰੀ' (ਸਭ ਕੁਝ ਮੁਫਤ) ਪਾਰਟੀ ਨੇ ਜਿੱਤ ਦੇ ਝੰਡੇ ਗੱਡ ਹੀ ਲਏ। ਭਿੰਨ ਭਿੰਨ ਰਾਜਨੀਤਕ ਦਲਾਂ ਕਈ ਤਰ੍ਹਾਂ ਦੀਆਂ ਵਸਤਾਂ ਮੁਫਤ ਦੇਣ ਦੇ ਵਾਦੇ ਕੀਤੇ ਸੀ ਪਰ ਸਭ ਕੁਝ ਮੁਫਤ ਦੇਣ ਵਾਲੀ ਪਾਰਟੀ ਨੇ ਵੋਟਰਾਂ ਨੂੰ ਕਾਬੂ ਕਰ ਵਿਰੋਧੀਆਂ ਨੂੰ ਜਬਰਦਸਤ ਧੋਬੀ ਪਟਕਾ ਮਾਰਦਿਆਂ ਵੱਡਾ ਬਹੁਮਤ ਹਾਸਲ ਕਰ ਆਪਣੀ ਸਰਕਾਰ ਬਨਾਉਣ ਦਾ ਦਾਵਾ ਪੇਸ਼ ਕਰ ਦਿੱਤਾ।

ਸਰਕਾਰ ਬਣ ਗਈ ਪਰ ਛੇਤੀ ਹੀ ਇਸ ਦੇ 'ਸਾਈਡ ਇਫੈਕਟਸ' ਨਜ਼ਰ ਆਉਣ ਲੱਗੇ। ਲੋਕੀ ਸੜਕਾਂ 'ਤੇ ਖੜੇ ਵਾਹਨਾਂ ਦਾ ਇੰਤਜਾਰ ਕਰਦੇ ਦੇਖੇ ਗਏ ਪਰ ਬਸਾਂ, ਆਟੋ ਅਤੇ ਹੋਰ ਵਾਹਨ ਨਦਾਰਦ ਪਾਏ ਗਏ। ਇੱਥੋਂ ਤੱਕ ਕਿ ਬਾਜਾਰ ਵੀ ਨਹੀਂ ਖੁੱਲੇ। ਜਦ ਸਭ ਕੁਝ ਮੁਫਤ ਮਿਲ ਜਾਣਾ ਹੈ ਤਾਂ ਕਿਉਂ ਸ਼ਰੀਰ ਨੂੰ ਵਾਧੂ ਦੀ ਖੇਚਲ ਦਿੱਤੀ ਜਾਏ। ਲੋਕੀਂ ਆਰਾਮ ਫਰਮਾ ਰਹੇ ਸਨ ਅਤੇ ਐਸਾ ਰਾਮ ਰਾਜ ਲਿਆਉਣ ਲਈ ਇਸ ਪਾਰਟੀ ਦੇ ਗੁਣ ਗਾ ਰਹੇ ਸੀ। ਟਰੱਕ ਵਾਲਿਆਂ ਗੱਡੀਆਂ ਧੋ ਲਿਸ਼ਕਾ ਕੇ ਪਾਰਕ ਕਰ ਦਿੱਤੀਆਂ ਅਤੇ ਰੇਲਾਂ ਦੀ ਆਵਾਜਾਹੀ ਵੀ ਪ੍ਰਭਾਵਤ ਹੋਈ। ਲਾਕਡਾਊਨ ਵਰਗੀ ਸਥਿਤੀ ਬਣ ਜਾਣ ਕਾਰਣ ਪੰਜਾਬੋਂ ਪਹਾੜ ਫਿਰ ਨਜਰ ਆਉਣ ਲੱਗੇ। ਫਰੀਦਾਬਾਦ ਰਹਿਂਦੇ ਮੇਰੇ ਅਜੀਜ ਮਿੱਤਰ ਅਤੇ ਪੰਜਾਬੀ ਪੱਤਰਕਾਰ ਦਾ ਰਡਾਰ ਪੰਜਾਬ ਵਿਖੇ ਹੋ ਰਹੀ ਇਸ ਉਥਲ ਪੁਥਲ ਦਾ ਲਗਾਤਾਰ ਜਾਇਜਾ ਲੈ ਰਿਹਾ ਸੀ। ਉਸ ਆਪਣੇ ਦਫਤਰ ਆ ਆਪਣੇ ਅਖਬਾਰ ਨੂੰ ਇਹ ਖਬਰ ਭੇਜੀ ' ਪੰਜਾਬ ਵਿਚ 'ਸਭ ਕੁਝ ਮੁਫਤ' ਪਾਰਟੀ ਦਾ ਰਾਮ ਰਾਜ। ਪਰ ਛੇਤੀ ਹੀ ਸਭ ਕੁਝ ਮੁਫਤ ਮਿਲਣ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗਣ ਲੱਗਿਆ।

ਭਰੋਸੇ ਯੋਗ ਸੂਤਰਾਂ ਅਤੇ ਮੁਖ ਮੰਤਰੀ ਦੇ ਘਰੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਲੀਕ ਹੋਣ 'ਤੇ ਪਤਾ ਲੱਗਿਆ ਕਿ ਮੁਖਮੰਤਰੀ ਸਾਹਿਬ ਦੀ ਘਰ ਵਿਚ ਚੰਗੀ ਝਾੜ ਝੰਬ ਹੋ ਕੇ ਹਟੀ ਹੈ। ਜਦ ਕੋਠੀ ਵਿਚ ਕੰਮ ਕਰਨ ਵਾਲਾ ਕੋਈ ਵੀ ਸੇਵਾਦਾਰ ਹਾਜਰ ਨਾ ਹੋਇਆ ਤਾਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੁਖਮੰਤਰਾਣੀ ਸਿੰਕ ਵਿਚ ਆਪ ਭਾਂਡੇ ਧੋਂਦੀ ਦੇਖੀ ਗਈ। ਬੇਟੀ ਨੇ ਕਿਸੇ ਪਾਰਟੀ ਜਾਣਾ ਸੀ ਤਾਂ ਬਿਊਟੀ ਪਾਰਲਰ ਬੰਦ ਹੋਣ ਸਦਕਾ ਉਹ ਵੀ ਭਰੀ ਪੀਤੀ ਬੈਠੀ ਸੀ। ਬੇਟੇ ਦੀ ਗੱਡੀ ਦੀ ਟੈਂਕੀ ਖਾਲੀ ਸੀ ਕਿਉਂਕਿ ਪੈਟਰੋਲ ਪੰਪ ਦੇ ਕਰਮਚਾਰੀ ਪਾਰਕ ਵਿਚ ਬੈਠੇ ਤਾਸ਼ ਖੇਡ ਰਹੇ ਸਨ। ਸਾਰੇ ਘਰਦਿਆਂ ਰਲ ਕੇ ਮੁਖਮੰਤਰੀ ਦੀ ਐਸੀ ਖੁੰਭ ਠੱਪੀ ਕਿ ਮੁਖ ਮੰਤਰੀ ਨੂੰ ਇਸਤੀਫੇ ਦਾ ਐਲਾਨ ਕਰਨਾ ਪਿਆ। ਇੱਕ ਹੋਰ ਵਿਲੱਖਣ ਗੱਲ ਇਹ ਹੋਈ ਕਿ ਰਾਜ ਦੇ ਸਾਰੇ ਧਰਮ ਸਥਾਨਾਂ ਵਿਚ ਸ਼ਰਧਾਲੂਆਂ ਦੀ ਬੇਅੰਤ ਭੀੜ ਦੇਖੀ ਗਈ। ਐਨੀ ਮਾਇਆ ਦਾ ਚੜ੍ਹਾਵਾ ਆਇਆ ਕਿ ਕਰੋਨਾ ਕਾਲ ਦੇ ਸਾਰੇ ਘਾਟੇ ਵਾਧੇ ਪੂਰੇ ਹੋ ਗਏ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਜਿਸ ਵਾਹਿਗੁਰੂ ਦੀ ਮਿਹਰ ਸਦਕਾ ਇਹ ਰਾਮ ਰਾਜ ਆਇਆ ਹੈ ਉਸ ਦਾ ਸ਼਼ੁਕਰਾਨਾ ਕਰਨਾ ਤਾਂ ਬਣਦਾ ਹੀ ਹੈ। ਖਬਰ ਲਿਖੇ ਜਾਣ ਤੱਕ ਮੁਖਮੰਤਰੀ ਦੇ ਇਸਤੀਫੇ ਅਤੇ ਉਸ ਤੋਂ ਬਾਅਦ ਦੇ ਹਾਲਾਤ ਬਾਰੇ ਅਟਕਲਾਂ ਦਾ ਬਾਜਾਰ ਗਰਮ ਹੈ। ਇਸ ਬਾਰੇ ਹੋਰ ਵਧੇਰੀ ਜਾਣਕਾਰੀ ਹਾਸਲ ਕਰ ਪਾਠਕਾਂ ਤੱਕ ਅਪੜਦੀ ਕੀਤੀ ਜਾਵੇਗੀ।' ਇਸ ਬਾਅਦ ਛੇਤੀ ਹੀ ਦੂਸਰੀ ਖਬਰ ਆ ਗਈ। ਮੁਫਤ ਵਿਚ ਸਭ ਕੁਝ ਹਾਸਲ ਕਰਨ ਵਾਲੀਆਂ ਭੀੜਾਂ ਮੁਖਮੰਤਰੀ ਨਿਵਾਸ ਘੇਰ ਲਿਆ ਸੀ ਕਿਉਂਕਿ ਮੁਫਤ ਕੀ ਪੈਸੇ ਨਾਲ ਕੁਝ ਵੀ ਉਪਲਬਧ ਨਹੀਂ ਹੋ ਰਿਹਾ ਸੀ। ਸਰਕਾਰੀ ਸਟੋਰਾਂ ਵਿਚੋਂ ਮੁਫਤ ਦਾ ਮਾਲ ਹਾਸਲ ਕਰ ਗਏ ਲੋਕ 'ਰਾਮ ਰਾਜ ਜਿੰਦਾਬਾਦ' ਦੇ ਨਾਅਰੇ ਲਾ ਰਹੇ ਸਨ ਅਤੇ ਜੋ ਰਹਿ ਗਏ ਉਹ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਇਸੇ ਅਫਰਾ ਤਫਰੀ ਦੇ ਚਲਦਿਆ 'ਰਾਮ ਰਾਜ' ਸਰਕਾਰ ਦਾ ਭੋਗ ਪੈ ਗਿਆ ਅਤੇ ਗਵਰਨਰ ਰੂਲ ਲਾਗੂ ਹੋ ਗਿਆ। ਸੁਪਰੀਮ ਕੋਰਟ ਇਨ੍ਹਾਂ ਹਾਲਤਾਂ ਦਾ ਜਾਇਜਾ ਲੈ ਮੁਫਤ ਖੋਰੀ ਨੂੰ ਉਤਸਾਹਤ ਕਰਨ ਲਈ ਲੀਡਰਾਂ ਨੂੰ ਬੁਰੀ ਤਰ੍ਹਾਂ ਝਾੜਿਆ ਅਤੇ ਭਵਿਸ਼ ਵਿਚ ਐਸੇ ਆਗੂਆਂ ਉੱਪਰ ਕਾਰਵਾਈ ਕਰਨ ਦਾ ਇਰਾਦਾ ਜਾਹਰ ਕੀਤਾ।

-ਖ਼ਬਰਨਾਮਾ #1162, ਦਸੰਬਰ 31-2021

 


ਸਾਨੂੰ ਚਾਹੀਦੀ ਲੋਕ ਪੱਖੀ ਅਤੇ ਈਮਾਨਦਾਰ ਸਰਕਾਰ!

-ਹਰਜੀਤ ਦਿਉਲ ਬਰੈਂਪਟਨ

ਮੇਰੇ ਚੇਤਿਆਂ ਵਿਚ ਮੇਰੀ ਬਚਪਨ ਦੀ ਸਭ ਤੋਂ ਪਹਿਲੀ ਬੇਈਮਾਨੀ। ਕੋਈ 65 ਵਰ੍ਹੇ ਪਹਿਲਾਂ ਇੱਕ ਹੱਟੀ 'ਤੇ ਵੱਡੇ ਕਲੰਡਰਨੁਮਾ ਕਾਗਜ ਤੇ ਕੁਝ ਬੰਦ ਪਰਚੀਆਂ ਲੱਗੀਆ ਹੁੰਦੀਆਂ ਅਤੇ ਉੱਪਰ ਲੱਗੇ ਹੁੰਦੇ ਕੁਝ ਨਿੱਕੇ ਨੰਬਰ ਲੱਗੇ ਖਿਡਾਉਣੇ। ਇਸ ਨੂੰ 'ਲਾਟਰੀ' ਕਹਿਂਦੇ। ਇੱਕ ਆਨਾ ਦੇ ਇੱਕ ਪਰਚੀ ਪੁੱਟੋ ਅਤੇ ਇਸ ਵਿਚ ਲਿਖੇ ਨੰਬਰ ਵਾਲਾ ਖਿਡਾਉਣਾ ਲੈ ਜਾਉ। ਜਿਆਦਾਤਰ ਸਸਤੇ ਜਿਹੇ ਆਈਟਮ ਹੀ ਹੁੰਦੇ ਪਰ ਇੱਕ ਦੋ ਮਹਿਂਗੇ ਵੀ ਜਿਵੇਂ ਅੱਠ ਕੁ ਆਨੇ ਦਾ ਪੈਨ। ਮੈਂ ਆਪਣੇ ਸਾਥੀ ਨਾਲ ਮਿਲ ਇੱਕ 'ਘੋਟਾਲੇ' ਨੂੰ ਅੰਜਾਮ ਦਿੱਤਾ। ਬਿਲਕੁਲ ਮਿਲਦੀ ਜੁਲਦੀ ਪਰਚੀ ਬਣਾਈ ਅਤੇ ਉਸ ਉੱਪਰ 'ਪੈਨ' ਵਾਲਾ ਨੰਬਰ ਲਿਖ ਲਿਆ। ਬੁੱਢੇ ਦੁਕਾਨਵਾਲੇ ਨੂੰ ਕੁਝ ਹੋਰ ਦਿਖਾਉਣ ਦੇ ਬਹਾਨੇ ਹੋਰ ਪਾਸੇ ਲਾ ਪਰਚੀ ਕਾਗਜ਼ 'ਤੇ ਚੇਪ ਦਿੱਤੀ। ਫਿਰ ਕੁਝ ਸਮੇਂ ਬਾਦ ਆ ਉਹੀ ਪਰਚੀ ਪੁੱਟ ਕੇ ਖੋਲ ਲਈ ਅਤੇ 'ਪੈਨ' ਦੀ ਲਾਟਰੀ ਲੈ ਚਲਦੇ ਬਣੇ। ਕੁਝ ਹੋਰ ਵੱਡਾ ਹੋਇਆ ਤਾਂ ਸਾਥੀਆਂ ਨਾਲ ਮਿਲ ਬਾਗਾਂ ਵਿੱਚੋਂ ਅਮਰੂਦ ਅਤੇ ਅੰਬ ਚੋਰੀ ਕਰ ਖਾਣ ਵਰਗੀਆਂ ਘਤਿੱਤਾਂ ਵੀ ਅਜਮਾਈਆਂ। ਨੌਕਰੀ ਲੱਗਿਆ ਤਾਂ ਇੱਕ ਵਾਰ ਪੇ ਸਲਿਪ 'ਚ ਕੁਝ ਇਨਕਮਟੈਕਸ ਕੱਟਿਆ ਗਿਆ ਦੇਖਿਆ। ਸਾਥੀਆਂ ਦੱਸਿਆ ਕਿ ਭਾਵੇਂ ਤੁਸੀਂ ਆਪਣੇ ਮਕਾਨ ਵਿਚ ਰਹਿਂਦੇ ਹੋ ਇੱਕ ਜਾਲੀ ਜਿਹੀ ਕਿਰਾਏ ਦੀ ਰਸੀਦ ਦੇ ਕੱਟਿਆ ਟੈਕਸ ਵਾਪਸ ਲੈ ਲਉ। ਮੈਂ ਝਿਜਕਿਆ ਪਰ ਪਤਾ ਲੱਗਿਆ ਸਾਰੇ ਇਹੀ ਕਰਦੇ ਹਨ ਕੋਈ ਨਹੀਂ ਪੁੱਛਦਾ। ਜਮੀਰ ਨੇ ਮਾੜੇ ਮੋਟੇ ਉੱਸਲ ਵੱਟੇ ਲਏ ਪਰ ਲਾਲਚ ਦੀ ਮਜਬੂਤ ਗਿਰਫਤ ਵਿਚ ਜਕੜੀ ਸ਼ਾਂਤ ਹੋ ਗਈ। ਪਿਤਾ ਰੇਲਵੇ 'ਚ ਸਨ ਅਤੇ ਇੰਜਣ ਕੋਇਲੇ ਨਾਲ ਚਲਦੇ ਸਨ। ਪੂਰੀ ਰੇਲਵੇ ਕਲੋਨੀ ਦੀਆਂ ਅੰਗੀਠੀਆਂ ਮੁਫਤ ਦੇ ਕੋਇਲੇ ਨਾਲ ਬਲਦੀਆਂ ਸਨ। ਰੇਲਵੇ ਮੁਲਾਜਮ ਰੇਲਵੇ ਟਿਕਟ ਵੀ ਘੱਟ ਵੱਧ ਹੀ ਲੈਂਦੇ ਸੀ। ਮੇਰੇ ਇੱਕ ਮਿੱਤਰ ਦੀ ਰਿਸ਼ਤੇਦਾਰੀ ਵੱਡੇ ਪੁਲਿਸ ਅਫਸਰ ਨਾਲ ਪੈ ਗਈ ਤਾਂ ਅਫਸਰ ਦੇ ਮਾਤਹਤ ਲੋੜ ਪੈਣ 'ਤੇ ਮਿੱਤਰ ਦੀ ਘਰੇਲੂ ਸੇਵਾ ਵੀ ਨਿਭਾਉਣ ਲੱਗੇ। ਕੋਰਟ ਕਚੈਹਰੀ ਵਿਚ ਜੱਜਾਂ ਤੋਂ ਲੈ ਕੇ ਚਪਰਾਸੀ ਤੱਕ ਆਪਣੇ ਰੁਤਬੇ ਦਾ ਨਾਜਾਇਜ ਫਾਇਦਾ ਉਠਾਉਣੋਂ ਨਹੀਂ ਝਿਜਕਦੇ। ਪਿੰਡਾਂ ਵਿਚ ਕਿਸਾਨ ਕੁੰਡੀਆਂ ਲਾ ਬਿਜਲੀ ਮੁਫਤ ਵਰਤਦੇ ਆਮ ਦੇਖੇ ਗਏ ਹਨ। ਇੱਕ ਵਾਰ ਜਦ ਬਿਜਲੀ ਮੁਲਾਜਮ ਬਿਜਲੀ ਚੋਰੀ ਲਈ ਛਾਪੇ ਮਾਰਨ ਆਏ ਤਾਂ ਪਿੰਡ ਦੇ ਗੁਰਦਵਾਰੇ ਤੋਂ ਲਾਊਡਸਪੀਕਰ ਰਾਹੀਂ ਅਨਾਉਂਸਮੈਂਟ ਹੋਈ 'ਕੁੰਡੀਆਂ ਲਾਹ ਲਉ ਅਤੇ ਘੇਰੇ ਪਾ ਲਉ'। ਪਿੰਡਾਂ ਦੇ ਸਰਪੰਚ ਮਹਿਕਮੇ ਨਾਲ ਸੀਟੀ ਰਲਾ ਬਿਰਧ ਪੈਨਸ਼ਨਾਂ ਵਿਚ ਵੱਡੇ ਘੋਟਾਲੇ ਕਰਦੇ ਪਾਏ ਗਏ ਹਨ। ਗਰੀਬ ਗੁਰਬਿਆਂ ਲਈ ਆਈ ਸਰਕਾਰੀ ਸਹਾਇਤਾ ਵਿੱਚੋਂ ਬਹੁਤੀ ਰੱਜੇ ਪੁੱਜੇ ਛਕ ਜਾਂਦੇ ਹਨ। ਕਿਹਾ ਜਾਂਦੈ 100 ਵਿੱਚੋਂ 99 ਬੇਈਮਾਨ ਫਿਰ ਵੀ ਮੇਰਾ ਭਾਰਤ ਮਹਾਨ। ਭਾਰਤ ਵਿਚਾਰਾ ਖੂਨ ਦੇ ਹੰਝੂ ਵਹਾਉਣ ਤੋਂ ਬਿਨਾ ਹੋਰ ਕੀ ਕਰੇ ਜਿਸ ਦੀ ਛਾਤੀ 'ਤੇ ਬੈਠ ਅਸੀਂ ਉਸ ਤੋਂ ਈਮਾਨਦਾਰ ਸਰਕਾਰਾਂ ਮੰਗਦੇ ਹਾਂ। ਭ੍ਰਸ਼ਟ ਸਿਸਟਮ ਦਾ ਅਸੀਂ ਆਪ ਇੱਕ ਹਿੱਸਾ ਹੁੰਦੇ ਹੋਏ ਪੱਲਾ ਝਾੜ ਵਿਦੇਸ਼ਾਂ ਨੂੰ ਤੁਰ ਪੈਂਦੇ ਹਾਂ। ਅਸੀਂ ਨਹੀਂ ਰਹਿਣਾ ਐਸੇ ਭ੍ਰਸ਼ਟ ਦੇਸ਼ ਵਿਚ ਕਿਉਂਕਿ ਸਾਨੂੰ ਤਾਂ ਚਾਹੀਦੀ ਹੈ ਲੋਕ ਪੱਖੀ ਅਤੇ ਈਮਾਨਦਾਰ ਸਰਕਾਰ! ਇਸ ਤੋਂ ਘੱਟ ਕੁਝ ਵੀ ਪਰਵਾਨ ਨਹੀਂ।

- ਖ਼ਬਰਨਾਮਾ #1161, ਦਸੰਬਰ 24-2021

 

 


ਮੇਰਾ ਭਾਰਤ ਮਹਾਨ!

- ਹਰਜੀਤ ਦਿਉਲ ਬਰੈਂਪਟਨ

ਸ਼ਹਿਰ ਦਾ ਵਿਅਸਤ ਚੌਂਕ। ਸਮਾਂ ਦੋਪੈਹਰ ਤਿੰਨ ਵਜੇ ਦਾ ।ਇੱਕ ਪਾਸੇ ਜਿੱਥੇ ਬੱਸਾਂ ਖੜਦੀਆ ਹਨ ਚਾਹ ਦਾ ਖੋਖਾ ਹੈ। ਇਸ ਲਾਗੇ ਕੁਝ ਰਿਕਸੇ ਵਾਲੇ ਅਤੇ ਮਜਦੂਰ ਖੜੇ ਬੈਠੇ ਹਨ। ਬੈਂਚ 'ਤੇ ਬੈਠੇ ਬੰਤੇ ਮਿਸਤਰੀ ਨੂੰ ਆਪਣੇ ਪਿੰਡ ਦਾ ਮੇਲੂ ਰਿਕਸ਼ਾ ਆਲਾ ਨਜਰ ਆਇਆ ਤਾਂ ਉਸ ਨੂੰ 'ਵਾਜ ਮਾਰ ਸੱਦ ਲਿਆ ਅਤੇ ਕਿਹਾ 'ਸੁਣਾ ਯਾਰ ਕਿਦੈਂ ਫੇਰ, ਆ ਚਾਹ ਪੀਏ'। ਮੇਲੂ ਲਾਗੇ ਆ ਖਲੋ ਗਿਆ 'ਤੇ ਬੋਲਿਆ ' ਕਾਹਦੀ ਚਾਹ ਯਾਰ ਅੱਜ ਤਾਂ ਹੁਣ ਤਾਂਈਂ ਸੌ ਰੁਪੱਈਏ ਵੀ ਨਹੀਂ ਬਣੇ ਪੰਝੱਤਰ ਮਾਲਕ ਨੂੰ ਦੇ ਰੋਟੀ ਜੋਗੇ ਵੀ ਨਹੀਂ ਹੋਏ'। ਬੰਤੇ ਕਿਹਾ 'ਚੱਲ ਚਾਹ ਮੇਰੇ ਵੱਲੋਂ ਸਈ ਭਾਵੇ ਮੇਰੀਆਂ ਵੀ ਟੁਟਵੀਂਆਂ ਦਿਹਾੜੀਆਂ ਹੀ ਲੱਗ ਰਹੀਆਂ'। ਖੋਖੇ ਵਾਲੇ ਨੂੰ ਚਾਹ ਲਈ ਕਹਿ ਦੋਵੇਂ ਗੱਲਾਂ ਕਰਨ ਲੱਗੇ। ਚੌਂਕ ਵਿੱਚੋਂ ਧੂੜਾਂ ਉਡਾਉਂਦੀਆਂ ਕਿਸਾਨਾਂ ਦੀਆਂ ਭਰੀਆ ਟਰਾਲੀਆਂ 'ਬੋਲੇ ਸੋ ਨਿਹਾਲ' ਦੇ ਜੈਕਾਰੇ ਛੱਡਦੀਆਂ ਲੰਘ ਰਹੀਆਂ ਸਨ। ਬੰਤੇ ਕਿਹਾ ' ਮੇਲੂਆ ਆਖਰ ਜੱਟਾਂ ਸਰਕਾਰ ਝੁਕਾ ਹੀ ਲਈ ਸ਼ਾਬਾਸ਼ੇ ਇਨ੍ਹਾਂ ਦੇ'। ਮੇਲੂ ਚਾਹ ਦਾ ਸੜ੍ਹਕਾ ਮਾਰ ਕੁਝ ਚਿਰ ਸੋਚਦਾ ਰਿਹਾ ਫਿਰ ਬੋਲਿਆ ' ਬੰਤਿਆ ਜੋਰਾਵਰ ਦਾ ਸੱਤੀਂ ਵੀਹੀ ਸੌ ਹੁੰਦੈ। ਜਿਹਦੇ ਕੋਲ ਡਾਂਗ ਮੱਝ ਉਹਦੀ'। ਫਿਰ ਉਹ ਚਾਹ ਦਾ ਖਾਲੀ ਗਲਾਸ ਥੱਲੇ ਰੱਖਦਿਆਂ ਕਹਿਣ ਲੱਗਿਆ ' ਬੰਤਿਆ ਇੱਕ ਗੱਲ ਦੱਸ ਪਈ ਇਹ ਸਾਲ ਦਿੱਲੀ ਧਰਨਿਆਂ 'ਤੇ ਬੈਠੇ ਰਹੇ ਇਨ੍ਹਾਂ ਦੇ ਖੇਤ ਖਾਲੀ ਪਏ ਰਹੇ? ਫਸਲਾਂ ਬੀਜੀਆ ਗਈਆਂ ਵੱਢੀਆਂ ਗਈਆਂ, ਠੇਕੇ ਆਲਿਆਂ ਠੋਕ ਕੇ ਠੇਕੇ ਲੈ ਲੈਣੇ। ਤੂੰ ਤੇ ਮੈਂ ਧਰਨਾ ਲਾਕੇ ਦੇਖ ਲਈਏ ਦੋ ਕੁ ਦਿਨ ਕੀ ਬਣਦੈ ਜੁਆਕ ਭੁੱਖੇ ਨਾ ਮਰ ਜਾਣ ਤਾਂ'। ਬੰਤਾ ਉਸ ਨਾਲ ਸਹਿਮਤ ਸੀ ਕਿਉਂਕਿ ਉਹ ਵੀ ਰੋਜ ਖੂਹ ਪੱਟ ਰੋਜ ਪਾਣੀ ਪੀਂਣ ਵਾਲਿਆਂ 'ਚ ਹੋਇਆ। ਮੇਲੂ ਖਲੋ ਗਿਆ 'ਤੇ ਬੱਸ ਵਿੱਚੋਂ ਉਤਰਦੀਆਂ ਸਵਾਰੀਆਂ ਵੱਲ ਆਸ ਨਾਲ ਦੇਖਦਾ ਰਿਹਾ ਪਰ ਕੋਈ ਰਿਕਸ਼ੇ ਵਾਲੀ ਸਵਾਰੀ ਇਸ ਬੱਸ ਵਿੱਚੋਂ ਵੀ ਨਾ ਉਤਰੀ। ਉਹ ਨਿਰਾਸ਼ ਹੋ ਫੇਰ ਬੈਠ ਗਿਆ ਅਤੇ ਬੰਤੇ ਦੇ ਮੋਢੇ 'ਤੇ ਹੱਥ ਰੱਖ ਕਹਿਣ ਲੱਗਿਆ ' ਜੱਟਾਂ ਲੱਖਾਂ ਖਰਚ ਆਪਣੇ ਟਰੈਕਟਰ ਬੁਲਡੋਜਰ ਬਣਾ ਲਏ। ਉਨ੍ਹਾਂ ਲਈ ਵਾਧੂ ਰਾਸ਼ਨ ਪਾਣੀ ਬਾਹਰੋਂ ਵੀ ਆ ਗਿਆ। ਵਿਰੋਧੀ ਰਾਜਨੀਤਕ ਪਾਰਟੀਆਂ ਆਪਣਾ ਟਾਂਕਾ ਫਿਟ ਹੁੰਦਾ ਦੇਖ ਇਨ੍ਹਾਂ ਦੀ ਪਿੱਠ 'ਤੇ ਆ ਗਈਆਂ। ਦੇਸ਼ ਵਿਰੋਧੀ ਅਨਸਰ ਵੀ ਮੌਕਾ ਦੇਖ ਹਰਕਤ 'ਚ ਆ ਗਏ। ਭਰਾਵਾ ਸਭ ਦੇ ਆਪੋ ਆਪਣੇ ਸਵਾਰਥ ਨੇ। ਇਹ ਕਿਰਤੀਆਂ ਦਾ ਆਂਦੋਲਨ ਨਹੀਂ ਤਕੜਿਆਂ ਦਾ ਸੀ। ਤੂੰ 'ਤੇ ਮੈਂ ਕੀਹਦੇ ਪਾਣੀਹਾਰ ਹਾਂ। ਸਾਡੀ ਖੋਤੀ ਬੋਹੜ ਹੇਠਾਂ ਹੀ ਰਹਿਣੀ ਆ।' ਬੰਤਾ ਅਨਪੜ੍ਹ ਮੇਲੂ ਦੀ ਸਹਿਜਬੁੱਧੀ 'ਤੇ ਹੈਰਾਨ ਹੋ ਰਿਹਾ ਸੀ। ਮੇਲੂ ਬੱਸ 'ਚੋਂ ਉਤਰੀ ਉਸ ਵੱਲ ਆਉਂਦੀ ਇੱਕ ਸਵਾਰੀ ਵੱਲ ਵਧਿਆ ਪਰ ਉਸ ਤੋਂ ਪਹਿਲਾਂ ਹੀ ਇੱਕ ਭਈਏ ਰਿਕਸ਼ੇਵਾਲੇ ਨੇ ਉਹ ਸਵਾਰੀ ਵੀ ਬੋਚ ਲਈ। ਦਿਨ ਛਿਪੇ ਮੇਲੂ ਬੰਤੇ ਨੂੰ ਆਪਣੇ ਰਿਕਸ਼ੇ 'ਚ ਬਠਾਈਂ ਪਿੰਡ ਪਰਤ ਰਿਹਾ ਸੀ। ਉਸ ਦੀ ਜੇਬ ਵਿਚ ਰਿਕਸ਼ੇ ਦਾ ਕਿਰਾਇਆ ਦੇਣ ਬਾਦ 72 ਰੁਪਈਏ ਸਨ ਅਤੇ ਮਿਸਤਰੀ ਬੰਤ ਚਾਹ ਪਾਣੀ 'ਤੇ ਪੱਲਿਉਂ 30 ਰੁਪਰੀਏ ਖਰਚ ਆਇਆ ਸੀ। ਪਿੰਡ ਦੀ ਗਲੀ ਲੰਘਦਿਆਂ ਉਨ੍ਹਾਂ ਦੇਖਿਆ ਕਿ ਸਰਪੰਚ ਦੇ ਘਰੇ ਮੋਰਚਾ ਫਤਹਿ ਹੋਣ ਦੀ ਖੁਸ਼ੀ ਵਿਚ ਦਾਰੂ ਦੇ ਦੌਰ ਚੱਲ ਰਹੇ ਹਨ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੱਜ ਰਹੇ ਸਨ। ਕਿਉਂ ਹੈ ਨਾ ਮੇਰਾ ਭਾਰਤ ਮਹਾਨ?

-ਖ਼ਬਰਨਾਮਾ #1160, ਦਸੰਬਰ 17-2021

 


ਧੂਤੇ ਬਨਾਮ ਰੋਬੋਟ!

-ਹਰਜੀਤ ਦਿਉਲ, ਬਰੈਂਪਟਨ

ਅਕਸਰ ਜ਼ਿਹਨੀ ਤੌਰ 'ਤੇ ਕੰਗਾਲ ਲੋਕਾਂ ਲਈ ਇਹ ਲਫਜ਼ (ਧੂਤੇ)ਵਰਤਿਆ ਜਾਂਦਾ ਹੈ। ਸਾਡੇ ਭਾਈਚਾਰੇ ਵਿਚ ਇਹਨਾਂ ਦੀ ਕਮੀ ਨਹੀਂ ਬਲਕਿ ਚੋਖੀ ਗਿਣਤੀ ਵਿਚ ਹੋਣ ਸਦਕਾ ਬਹੁਤੀ ਵਾਰ ਸਾਰੇ ਭਾਈਚਾਰੇ ਨੂੰ ਨਮੋਸ਼ੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨਸਾਨ ਦੇ ਤੌਰ 'ਤੇ ਕੁਦਰਤ ਵੱਲੋਂ ਸਾਨੂੰ ਇੱਕ ਵਿਲੱਖਣ ਦਾਤ ਪ੍ਰਾਪਤ ਹੋਈ ਹੈ ਅਤੇ ਉਹ ਹੈ ਧਰਤੀ 'ਤੇ ਮੌਜੂਦ ਸਾਰੇ ਪ੍ਰਾਣੀਆਂ ਨਾਲੋਂ ਵੱਧ 'ਅਕਲ' ਜਿਸ ਦਾ ਇਸਤੇਮਾਲ ਕਰ ਇਨਸਾਨ ਧਰਤੀ ਦਾ ਰਾਜਾ ਬਣ ਬੈਠਾ ਹੈ। ਪਰ ਅਫਸੋਸ ਕੁਝ ਬਦਕਿਸਮਤ ਇਸ ਵਡਮੁੱਲੀ ਦਾਤ ਤੋਂ ਵਾਂਝੇ ਰਹਿ ਸਿਰਫ ਇੱਕ 'ਪ੍ਰੋਗ੍ਰਾਮਡ ਰੋਬੋਟ' ਦੀ ਤਰ੍ਹਾਂ ਵਿਵਹਾਰ ਕਰਦੇ ਦੇਖੇ ਜਾ ਸਕਦੇ ਹਨ। ਸਾਡੇ ਆਸੇ ਪਾਸੇ ਨਿੱਤ ਬੇਅੰਤ ਘਟਨਾਵਾਂ ਵਾਪਰਦੀਆਂ ਰਹਿਂਦੀਆਂ ਹਨ ਅਤੇ ਵੱਖ ਵੱਖ ਅਕੀਦੇ ਦੇ ਮੀਡੀਏ ਦੁਆਰਾ ਸਾਡੇ ਤੱਕ ਵੱਖ ਵੱਖ ਨਜਰੀਏ ਨਾਲ ਪਹੁੰਚਾਈਆਂ ਜਾਂਦੀਆਂ ਹਨ। ਅਸੀਂ ਆਪਣੀ ਅਕਲ ਦਾ ਇਸਤੇਮਾਲ ਕਰ ਇਨ੍ਹਾਂ ਦਾ ਵਿਸ਼ਲੇਸ਼ਣ ਕਰ ਅਸਲ ਸੱਚ ਤੱਕ ਪਹੁੰਚ ਸਕਦੇ ਹਾਂ ਜੇਕਰ ਸਾਡਾ ਦਿਮਾਗ ਇੱਕ ਪ੍ਰੋਗ੍ਰਾਮਡ ਰੋਬੋਟ ਨਾ ਬਣ ਚੁੱਕਿਆ ਹੋਵੇ। ਦੋ ਚਾਰ ਮਿਸਾਲਾਂ ਨਾਲ ਗੱਲ ਸਾਫ ਕਰਨ ਦਾ ਯਤਨ ਕਰਾਂਗਾ। ਸਾਕਾ ਨੀਲਾ ਤਾਰਾ ਇੱਕ ਲੰਮੀ ਅਤੇ ਗੁੰਝਲਦਾਰ ਰਾਜਨੀਤਕ  ਖੇਡ ਦਾ ਇੱਕ ਪੜਾਉ ਸੀ ਜਿਸ ਦਾ ਦਰਦਨਾਕ ਅੰਤ 84 ਵਿਚ ਨਿਰਦੋਸ਼ਾਂ ਦੇ ਕਤਲੇਆਮ ਵਿਚ ਹੋਇਆ। ਰੋਬੋਟ ਬਣੇ ਧੂਤੇ ਇਸ ਸਭ ਕਾਸੇ ਲਈ ਜਿੰਮੇਵਾਰ ਧਿਰ ਨੂੰ ਨਜਰਅੰਦਾਜ ਕਰ ਇਸ ਨੂੰ ਹਕੂਮਤ ਦੁਆਰਾ ਸਿੱਖਾਂ ਦੇ ਵਕਾਰ ਨੂੰ ਸੱਟ ਲਾਉਣਾ ਗਰਦਾਨਦੇ ਹਨ। ਉਨ੍ਹਾਂ ਲਈ ਇੱਕ ਧਿਰ ਦੁਆਰਾ ਕੀਤੇ ਕਤਲ ਸੰਘਰਸ਼ ਦਾ ਹਿੱਸਾ ਅਤੇ ਦੂਜੀ ਧਿਰ ਦੁਆਰਾ ਕੀਤਾ ਪ੍ਰਤੀਕਰਮ ਘੱਲੂਘਾਰਾ ਬਣ ਜਾਂਦਾ ਹੈ। ਇੰਦਿਰਾ ਕਤਲ ਉਪਰੰਤ ਜਿਸ ਹਸਪਤਾਲ ਵਿੱਚ ਉਸ ਦੀ ਮ੍ਰਿਤਕ ਦੇਹ ਮੌਜੂਦ ਸੀ ਬਾਹਰ ਭੜਕੇ ਲੋਕਾਂ ਦੀ ਭੀੜ 'ਖੂਨ ਕਾ ਬਦਲਾ ਖੂਨ' ਦੇ ਨਾਹਰੇ ਲਾ ਰਹੀ ਸੀ। ਅਸੀਂ ਫਰੀਦਾਬਾਦ ਵਿਚ ਆਪਣੇ ਆਪ ਨੂੰ ਖਤਰੇ ਵਿਚ ਜਾਣਦਿਆਂ ਲਗਾਤਾਰ ਟੀ ਵੀ ਦੇਖ ਰਹੇ ਸਾਂ। ਅਮੀਤਾਭ ਬੱਚਨ ਜੋ ਗਾਂਧੀ ਪਰੀਵਾਰ ਦਾ ਨਜਦੀਕੀ ਹੋਣ ਸਦਕਾ ਉੱਥੇ ਮੌਜੂਦ ਸੀ। ਧੂਤਿਆਂ ਦਾ ਆਰੋਪ ਹੈ ਕਿ ਉਹ ਵੀ ਨਾਰੇ ਲਾਉਣ ਵਾਲਿਆਂ ਵਿਚ ਸ਼ਾਮਲ ਸੀ ਜੋ ਸਰਾਸਰ ਝੂਠ ਹੈ। ਇਨ੍ਹਾਂ ਮੁਤਾਬਕ ਜੋ ਵੀ ਇਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ ਉਹ ਦੁਸ਼ਮਣ ਹੈ। ਇਨ੍ਹਾਂ ਪ੍ਰੋਗ੍ਰਾਮਡ ਰੋਬੋਟਾਂ ਨੂੰ ਰਾਜੀਵ ਦਾ ਕਿਹਾ 'ਬੜਾ ਪੇੜ ਗਿਰਨ ਨਾਲ ਧਰਤੀ ਹਿਲਦੀ ਹੈ' ਤਾਂ ਯਾਦ ਰਹਿਂਦਾ ਹੈ ਪਰ ਇੱਕ ਧਿਰ ਦੁਆਰਾ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਰਨ ਵਾਲੇ ਭੜਕੀਲੇ ਅਤੇ ਹਿੰਸਾ ਉਕਸਾਉਣ ਵਾਲੇ ਨਫਰਤ ਭਰੇ ਭਾਸ਼ਣ ਭੁੱਲ ਜਾਂਦੇ ਹਨ। ਇਹ ਕਦੇ ਗੁਰਦਾਸ ਮਾਨ ਮਗਰ ਪੈ ਜਾਂਦੇ ਹਨ ਕਦੇ ਅਕਸ਼ੈ ਕੁਮਾਰ ਜਾਂ ਬੌਬੀ ਦਿਉਲ ਮਗਰ। ਇਹ ਭੁੱਲ ਜਾਂਦੇ ਹਨ ਕਿ ਸਭਿਅਕ ਅਤੇ ਵਿਵੇਕਸ਼ੀਲ ਸੰਸਾਰ ਵਿਚ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਆਜਾਦਾਨਾ ਸੋਚ ਨਾਲ ਵਿਚਰਨ ਦਾ ਵੀ ਹੱਕ ਹੈ। ਕਿਸੇ ਧਰਮ ਗ੍ਰੰਥ ਦੀ ਬੇਅਦਬੀ ਬਹਾਨੇ ਵੱਢ ਟੁੱਕ ਕਰਨਾ ਵੀ ਇਨ੍ਹਾਂ ਲਈ ਵੱਡੀ ਬਹਾਦਰੀ ਦਾ ਕਾਰਨਾਮਾ ਹੈ। ਕਿਸਾਨ ਆਂਦੋਲਨ ਵਿਚ ਝੱਲ ਖਿਲਾਰਨ ਵਾਲਿਆਂ ਵਿਚ ਇਹ ਮੋਹਰੀ ਸਨ ਵਰਨਾ ਵੱਡਾ ਘੱਲੂਘਾਰਾ ਕਰਾਉਣਾ ਇਨ੍ਹਾਂ ਦਾ ਮਿਥਿਆ ਟੀਚਾ ਸੀ। ਰਾਜੀਵ ਕਤਲ ਵੇਲੇ ਕੁਝ ਸਿੱਖ ਜੱਥੇਬੰਦੀਆਂ ਅਜੀਤ ਅਖਬਾਰ ਦੇ ਦਫਤਰ ਫੋਨ ਕਰ ਇਸ ਦੀ ਜਿੰਮੇਵਾਰੀ ਲੈ ਪੰਜਾਬੋਂ ਬਾਹਰ ਵਸਦੇ ਸਿੱਖਾਂ ਦਾ ਘਾਣ ਕਰਾਉਣਾ ਚਾਹਿਆ ਸੀ ਪਰ ਇਨ੍ਹਾਂ ਨੂੰ ਸਿਰਫ ਆਰ ਆਰ ਐਸ ਹੀ ਖਤਰਨਾਕ ਦਿਸਦੀ ਹੈ। ਹਰ ਮਸਲੇ 'ਤੇ ਨਿਰਪੱਖ ਅਤੇ ਵਿਵੇਕਸ਼ੀਲ ਸੋਚ ਅਪਨਾਉਣ ਦੀ ਲੋੜ ਹੈ ਤਾਂ ਹੀ ਅਸੀਂ ਅੱਜ ਦੀ ਸਭਿਅਕ ਅਤੇ ਵਿਕਸਤ ਦੁਨਿਆਂ ਨਾਲ ਕਦਮ ਮਿਲਾ ਕੇ ਚੱਲ ਸਕਦੇ ਹਾਂ ਨਹੀਂ ਤਾਂ ਦੁਨਿਆਂ ਵਿਚ ਅਜਿਹੇ ਵੀ ਕਈ ਖਿੱਤੇ ਹਨ ਜਿੱਥੇ ਧੂਤਿਆਂ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ।

ਖ਼ਬਰਨਾਮਾ #1158, ਦਸੰਬਰ 03-2021

 


ਆਸਤਕ ਨਾਸਤਕ ਅਤੇ ਰੱਬ

-ਹਰਜੀਤ ਦਿਉਲ ਬਰੈਂਪਟਨ

ਇਸ ਵਿਸ਼ੇ ਵਿਚ ਡੂੰਘੀ ਪੜਤਾਲ ਕਰਨ ਵਲਿਆਂ ਤੱਤ ਕੱਢਿਆ ਹੈ ਕਿ "ਰੱਬ ਆਸਤਕਾਂ ਦਾ ਇੱਕ ਕਾਲਪਨਿਕ ਦੋਸਤ ਤੋਂ ਵੱਧ ਕੁਝ ਵੀ ਨਹੀਂ।" ਮਨੋਵਿਗਿਆਨੀਆਂ ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਇਹ ਦੋਸਤ ਥੋੜੇ ਸਮੇਂ ਲਈ ਦਿਲਾਸਾ ਤਾਂ ਦੇ ਸਕਦਾ ਹੈ ਪਰ ਕਿਸੇ ਸਮੱਸਿਆ ਦਾ ਸਥਾਈ ਹਲ ਨਹੀਂ ਕਰਦਾ। ਮਨੁੱਖ ਦੀ ਹੋਂਦ ਦੇ ਅਰੰਭਕ ਸਫਰ ਵਿਚ ਕੁਦਰਤ ਦੇ ਵਰਤਾਰਿਆਂ ਨਾਲ ਅਚੰਭਤ ਹੋਏ ਮਨੁੱਖ ਦੇ ਦਿਮਾਗ ਵਿੱਚ ਇੱਕ ਕਲਪਤ ਸਰਵਸ਼ਕਤੀਮਾਨ ਰੂਪਮਾਨ ਹੋਣ ਲੱਗਾ ਕਿਉਂਕਿ ਉਹ ਇਨ੍ਹਾਂ ਵਰਤਾਰਿਆਂ ਨੂੰ ਸਮਝ ਨਹੀਂ ਸਕਦਾ ਸੀ। ਮੀਂਹ, ਹਨੇਰੀਆਂ, ਭੁਚਾਲ ਅਤੇ ਹੜ੍ਹਾਂ ਤੋਂ ਨੁਕਸਾਨ ਅਤੇ ਅਨੂਕੂਲ ਮੌਸਮ ਨਾਲ ਖੁਸ਼ਹਾਲੀ ਦੇ ਭੇਦਾਂ ਤੋਂ ਅਣਜਾਣ ਹੋਣ ਸਦਕਾ ਦੁਨਿਆਂ ਦੇ ਵੱਖ ਵੱਖ ਹਿੱਸਿਆਂ ਵਿਚ ਭਾਂਤ ਭਾਂਤ ਦੇ ਰੱਬ/ਦੇਵਤੇ/ ਈਸ਼ਵਰ/ ਪੈਗੰਬਰ ਮਨੁੱਖੀ ਵਿਸ਼ਵਾਸ ਦਾ ਪਾਤਰ ਬਣਦੇ ਗਏ। ਕਿਆਸ ਕੀਤਾ ਗਿਆ ਕਿ ਇਹੀ ਸ਼ਕਤੀਆਂ ਹੀ ਕੁਦਰਤੀ ਵਰਤਾਰਿਆਂ ਨੂੰ ਆਪਣੀ ਇੱਛਾ ਅਨੁਸਾਰ ਚਲਾਉਂਦੀਆਂ ਹਨ। ਹੁਣ ਮਨੁੱਖ ਲਈ ਇਨ੍ਹਾਂ ਸ਼ਕਤੀਆਂ ਨੂੰ ਖੁਸ਼ ਰੱਖ ਇਨ੍ਹਾਂ ਦੀ ਮੇਹਰਬਾਨੀ ਹਾਸਲ ਕਰਨੀ ਮੁੱਖ ਲੋੜ ਬਣ ਗਈ। 'ਤੇ ਇਸ ਤਰ੍ਹਾਂ ਧਰਮ ਸਥਾਨ ਹੋਂਦ ਵਿਚ ਆਏ ਜਿੱਥੇ ਪੂਜਾ ਪਾਠ ਅਤੇ ਹੋਰ ਰਹੁਰੀਤਾਂ ਨਾਲ ਪਸੂਆਂ ਅਤੇ ਮਨੁੱਖੀ ਬਲੀਆਂ ਦੇਣ ਤੱਕ ਦੇ ਹਵਾਲੇ ਮਿਲਦੇ ਹਨ। ਇਸ ਉਪਰੰਤ ਸ਼ਾਤਰ ਲੋਕਾਂ ਦਾ ਆਗਮਨ ਹੋਇਆ ਜਿਨ੍ਹਾਂ ਰੱਬ ਦੇ ਵਿਚੌਲੀਏ ( ਪੁਜਾਰੀ ਵਰਗ) ਬਣ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਅਰੰਭਿਆ। ਜਿੰਦਗੀ ਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਣ ਤੋਂ ਅਸਮਰਥ ਲੋਗ ਰੱਬ ਦੇ ਦਲਾਲਾਂ ਰਾਹੀਂ ਧਰਮਤੰਤਰ ਦੀਆ ਬੇੜੀਆਂ ਵਿਚ ਬੱਝਦੇ ਗਏ। ਬੇਲਜੀਅਮ ਦੇ ਮਸ਼ਹੂਰ ਚਿੱਤਰਕਾਰ ਵਿਂਸੈਂਟ ਵਾਨ ਗਾਗ ਨੇ ਸਕੂਲੀ ਪੜ੍ਹਾਈ ਉਪਰੰਤ ਕ੍ਰਿਸ਼ਚੀਅਨ ਧਰਮ ਦੀ ਟ੍ਰੇਨਿੰਗ ਲੈ ਕੋਲਾ ਖਦਾਨਾਂ ਦੀ ਇੱਕ ਬਸਤੀ ਵਿਚ ਧਰਮ ਪ੍ਰਚਾਰਕ ਦਾ ਕਾਰਜ ਅਰੰਭਿਆ। ਮਜਦੂਰਾਂ ਦੀ ਹਾਲਤ ਤਰਸਯੋਗ ਸੀ। ਬਹੁਤ ਥੋੜੀ ਉਜਰਤ ਵਿਚ ਉਹ ਸਖ਼ਤ ਮੁਸ਼ੱਕਤ ਕਰਦੇ, ਬੀਮਾਰੀ ਅਤੇ ਗਰੀਬੀ ਦਾ ਜੀਵਨ ਬਿਤਾਉਂਦੇ। ਵਾਨ ਗਾਗ ਹਰ ਐਤਵਾਰ ਉਨ੍ਹਾਂ ਨੂੰ ਗਿਰਜਾ ਘਰ ਵਿਚ ਜੀਸਸ ਦੇ ਉਪਦੇਸ਼ ਦਿੰਦਾ ਅਤੇ ਪਰਮਾਤਮਾ ਦੀ ਦਿਆਲਤਾ ਦੇ ਗੁਣ ਗਾਉਂਦਾ। ਇੱਕ ਦਿਨ ਜਦ ਉਹ ਭਰਪੇਟ ਭੋਜਨ ਉਪਰੰਤ ਆਪਣੇ ਅਰਾਮਦਾਇਕ ਬਿਸਤਰ ਵਿਚ ਆਰਾਮ ਕਰ ਰਿਹਾ ਸੀ ਉਸ ਦੀ ਜਮੀਰ ਨੇ ਉਸ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ। ਉਸ ਸੋਚਿਆ ਉਹ ਮਜਦੂਰਾਂ ਨੂੰ ਲਗਾਤਾਰ ਝੂਠ ਬੋਲ ਰਿਹੈ। ਜਿਸ ਈਸ਼ਵਰ ਵਿਚ ਉਨ੍ਹਾਂ ਨੂੰ ਆਸਥਾ ਰੱਖਣ ਲਈ ਪ੍ਰੇਰ ਰਿਹੈ ਉਹ ਤਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹੈ 'ਤੇ ਭੋਲੇ ਮਜਦੂਰ ਉਸ 'ਤੇ ਵਿਸ਼ਵਾਸ ਕਰ ਸਾਲਾਂ ਬੱਧੀ ਬਦਤਰ ਜਿੰਦਗੀ ਕੱਟੀਂ ਜਾ ਰਹੇ ਹਨ। ਉਹ ਧੋਖੇਬਾਜ ਹੈ ਜੋ ਲੋਕਾਂ ਨੂੰ ਗੁਮਰਾਹ ਕਰ ਰਿਹੈ। ਲੋਕ ਉਸਦੀ ਇੱਜਤ ਕਰਦੇ ਹਨ ਪਰ ਉਨ੍ਹਾਂ ਨੂੰ ਤਾਂ ਉਸ ਨਾਲ ਨਫਰਤ ਕਰਨੀ ਚਾਹੀਦੀ ਹੈ। ਉਹ ਉੱਠਿਆ ਬਾਈਬਲ ਚੁੱਕ ਕੇ ਅਲਮਾਰੀ ਵਿਚ ਰੱਖ ਦਿੱਤੀ, ਆਪਣਾ ਥੋੜਾ ਸਮਾਨ ਸਮੇਟ ਮਜਦੂਰਾਂ ਦੀ ਬਸਤੀ ਵਿਚ ਰਹਿਣ ਚਲਿਆ ਗਿਆ ਤੇ ਉਨ੍ਹਾਂ ਵਾਂਗ ਸਖ਼ਤ ਮੇਹਨਤ ਕਰਨ ਲੱਗਾ। ਇਸ ਤਰ੍ਹਾਂ ਜਮੀਰ ਦੇ ਜਾਗਣ ਨਾਲ ਇੱਕ ਦ੍ਰਿੜ੍ਹ ਕੈਥੋਲਕ ਪੱਕਾ ਨਾਸਤਕ ਬਣ ਗਿਆ। ਪ੍ਰਸਿੱਧ ਰੂਸੀ ਨਾਵਲ "ਮਾਂ" ਵਿਚ ਜਾਰਸ਼ਾਹੀ ਨਾਲ ਜੂਝ ਰਹੇ ਨੌਜਵਾਨਾਂ ਦਾ ਆਗੂ ਪਾਵੇਲ ਆਪਣੀ ਅਨਪੜ੍ਹ ਸਿੱਧੜ ਪਰ ਈਸ਼ਵਰ ਵਿਚ ਵਿਸ਼ਵਾਸ ਰੱਖਣ ਵਾਲੀ ਮਾਂ ਨੂੰ ਇਵੇਂ ਸਮਝਾਉਂਦਾ ਹੈ 'ਮਾਂ ਪਾਦਰੀਆਂ (ਪੁਜਾਰੀਆਂ) ਇੱਕ ਐਸੇ ਕਾਲਪਨਿਕ ਅਤੇ ਝੂਠੇ ਰੱਬ ਨੂੰ ਸਾਡੇ ਲਈ ਹਊਆ ਬਣਾ ਖੜਾ ਕਰ ਦਿੱਤਾ ਹੈ ਜੋ ਸਾਡੇ ਲਈ ਕੁਝ ਨਹੀਂ ਕਰ ਰਿਹੈ। ਮਾਂ ਸਾਨੂੰ ਆਪਣਾ ਰੱਬ ਬਦਲਨਾ ਪੈਣੈ"। ਹੁਣ ਅਸੀਂ ਆਪਣੇ ਘਰ ਵੀ ਝਾਤੀ ਮਾਰਦੇ ਹਾਂ। ਕੀ ਪੁਜਾਰੀ ਵਰਗ ਦੁਆਰਾ ਖੜਾ ਕੀਤਾ ਗਿਆ ਧਰਮਤੰਤਰ ਸਾਡੀ ਸੋਚ ਨੂੰ ਖੁੰਢਾ ਕਰ ਵੰਡੀਆਂ ਪਾ ਸਾਡੀ ਪ੍ਰਗਤੀ ਦੇ ਰਾਹ ਦਾ ਰੋੜਾ ਨਹੀਂ ਬਣ ਰਿਹਾ? ਨਿਰਪੱਖ ਹੋ ਕੇ ਸੋਚਣਾ ਬਣਦਾ ਹੈ।

-ਖ਼ਬਰਨਾਮਾ #1157, ਨਵੰਬਰ 26-2021

 


ਪਰਵਾਸੀ ਪਤਵੰਤੇ

-ਹਰਜੀਤ ਦਿਉਲ ਬਰੈਂਪਟਨ

ਵਿਦੇਸ਼ਾਂ ਵਿਚ ਇਨ੍ਹਾਂ ਦੀ ਭਰਮਾਰ ਹੈ। ਇਹ ਕਈ ਬੁੱਧੀਜੀਵੀ ਮੁਖੌਟਿਆਂ ਵਿਚ ਵਿਚਰਦੇ ਨਜ਼ਰੀਂ ਪੈਂਦੇ ਹਨ। ਸਮਾਜ ਸੇਵੀ, ਧਾਰਮਕ ਆਗੂ, ਲੇਖਕ ਪੱਤਰਕਾਰ, ਸਾਹਿਤਕ ਸੰਸਥਾਵਾਂ ਅਤੇ ਕਲੱਬਾਂ ਦੇ ਔਹਦੇਦਾਰ ਆਦਿ। ਆਪਣੇ ਦੇਸੀ ਅਨਪੜ੍ਹ ਭਾਈਚਾਰੇ ਵਿਚ ਇਹ ਆਪਣੀ ਵਿਦਵੱਤਾ ਜਾਹਰ ਕਰ ਵਾਹਵਾ ਪਛਾਣ ਬਣਾਈ ਰੱਖਦੇ ਹਨ। ਕਈਆਂ ਹਿੰਮਤ ਕਰ ਦੇਸੀ ਵੋਟਾਂ ਦੀ ਬਦੌਲਤ ਵਿਦੇਸ਼ੀ ਸਿਆਸਤ ਵਿੱਚ ਵੀ ਘੁਸਪੈਠ ਕਰ ਕਾਮਯਾਬੀ ਹਾਸਲ ਕਰ ਲਈ ਪਰ ਬਹੁਤੇ ਨਮੋਸ਼ੀ ਹੀ ਖੱਟ ਗਏ ਹਨ। ਦੇਸੀ ਅਖਬਾਰਾਂ ਵਿਚ ਇਨ੍ਹਾਂ ਦੀਆਂ ਕਾਰਗੁਜਾਰੀਆਂ ਫੋਟੋ ਸਹਿਤ ਨਜ਼ਰੀਂ ਪੈਂਦੀਆਂ ਰਹਿਂਦੀਆਂ ਹਨ। ਇਨ੍ਹਾਂ ਦੀ ਖਾਸੀਅਤ ਹੈ ਕਿ ਇਹ ਆਪਣੇ ਰਿਹਾਇਸ਼ੀ ਮੁਲਕ ਨੂੰ ਛੱਡ ਬਹੁਤੀ ਚਿੰਤਾ ਭਾਰਤ ਦੀ ਕਰਿਆ ਕਰਦੇ ਹਨ, ਕਰਨ ਵੀ ਕਿਉਂ ਨਾ ਆਖਰ ਦੇਸੀ ਵੋਟਰ ਜੋ ਇਹੀ ਚਾਹੁੰਦੇ ਹਨ। ਹੁਣ ਜੇਕਰ ਦੇਸੀਆਂ ਵਿੱਚ ਹਵਾ ਭਾਰਤੀ ਹਕੂਮਤਾਂ ਵਿਰੁੱਧ ਵਗ ਰਹੀ ਹੋਵੇ ਤਾਂ ਵਹਿਂਦੀ ਗੰਗਾ ਵਿੱਚ ਹੱਥ ਕੌਣ ਬੇਵਕੂਫ ਨਹੀਂ ਧੋਣੇ ਚਾਹੇਗਾ, ਸੋ ਇਹ ਵਾਹ ਵਾਹ ਬੱਲੇ ਬੱਲੇ ਜੰਮ ਕੇ ਲੁੱਟਦੇ ਹਨ। ਭਾਰਤ ਵਿੱਚ ਚੋਣਾਂ ਹੋਣ ਜਾਂ ਕਿਸੇ ਕਿਸਮ ਦੀ ਵੀ ਅਣਸੁਖਾਵੀਂ ਘਟਨਾ ਵਾਪਰ ਜਾਏ ਇਹ ਫੌਰਨ ਇਕੱਠੇ ਹੋ ਹੱਥਾਂ ਵਿਚ ਤਖ਼ਤੀਆਂ ਫੜੀਂ ਅਖਬਾਰਾਂ ਦੀਆਂ ਸੁਰਖੀਆਂ ਵਿਚ ਨਮੂਦਰ ਹੋ ਜਾਂਦੇ ਹਨ। ਭਾਰਤੀ ਲੋਕਾਂ ਭਾਵੇਂ ਲੋਕਤਾਂਤਰਕ ਸ਼ਾਂਤਮਈ ਤਰੀਕੇ ਆਪਣੀ ਆਵਾਜ਼ ਉਠਾ ਕੇ ਸਮੱਸਿਆ ਨਜਿੱਠਣ ਦਾ ਮਨ ਬਣਾਇਆ ਹੋਵੇ ਪਰ ਪਰਵਾਸੀਆਂ ਦੀ ਅੰਨ੍ਹੀਂ ਹੱਲਾਸ਼ੇਰੀ ਉਨ੍ਹਾਂ ਨੂੰ ਬੌਂਦਲਾ ਕੇ ਸੋਚਣ ਸਮਝਣ ਜੋਗਾ ਹੀ ਨਹੀਂ ਛੱਡਦੀ ਅਤੇ ਸਾਰਥਕ ਨਤੀਜਿਆਂ ਤੋਂ ਪਰ੍ਹਾਂ ਵਗਾਹ ਮਾਰਦੀ ਹੈ। ਪੰਜਾਬ ਦੀਆਂ ਪਿਛਲੀਆਂ ਚੋਣਾਂ ਵਿੱਚ ਆਪਣੀ ਮਨ ਪਸੰਦ ਸਰਕਾਰ ਬਣਾਉਣ ਦਾ ਸੁਫਨਾ ਭਾਵੇਂ ਮੂੰਹ ਪਰਨੇ ਡਿੱਗ ਪਿਆ ਪਰ ਇਹ ਕਪੜੇ ਝਾੜ ਫਿਰ ਉੱਠ ਖੜੇ ਹੋਏ। ਇਨ੍ਹਾਂ ਦੀ ਇਸ ਜੁਝਾਰੂ ਬਿਰਤੀ ਨੂੰ ਸਲਾਮ ਕਰਨਾ ਬਣਦਾ ਹੈ ਪਰ ਤਸਵੀਰ ਦਾ ਇੱਕ ਹੋਰ ਪਾਸਾ ਵੀ ਹੈ ਜਿਸ ਵੱਲ ਇਹ ਕਦੀ ਵੀ ਝਾਤੀ ਮਾਰਨ ਦੀ ਖੇਚਲ ਨਹੀਂ ਕਰਦੇ। ਹੱਸਦੇ ਵਸਦੇ ਪੰਜਾਬ ਨੇ ਲੰਮੇ ਸਮੇਂ ਧਾਰਮਕ ਕੱਟੜਤਾ ਰਾਹੀਂ ਫੈਲਾਈ ਹਿੰਸਾ ਸਦਕੇ ਬੇਹਿਸਾਬ ਸੰਤਾਪ ਹੰਢਾਇਆ ਹੈ ਅਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲੇ ਘਾਟੇ ਵੱਲ ਧੱਕਿਆ ਹੈ। ਇਸ ਪਾਸੇ ਵਿਦੇਸ਼ੀ ਪਤਵੰਤੇ ਸਭ ਕੁਝ ਸਮਝਦੇ ਹੋਏ ਵੀ ਬੜੀ ਹੁਸ਼ਿਆਰੀ ਨਾਲ ਸਾਰਾ ਕੁਝ ਵਾਇਆ ਬਠਿੰਡਾ ਸਰਕਾਰਾਂ ਸਿਰ ਥੋਪ ਦਿੰਦੇ ਹਨ। ਹੋਰ ਕਰਨ ਵੀ ਕੀ? ਧਾਰਮਕ ਕੱਟੜਵਾਦ ਦੇ ਜਿੰਮੇਵਾਰ ਬਾਹੁਬਲੀਆਂ ਬਾਰੇ ਇੱਕ ਸ਼ਬਦ ਵੀ ਲਿਖਣ ਬੋਲਣ ਦਾ ਜੋਖਮ ਨਹੀਂ ਲੈਂਦੇ ਉਲਟਾ ਵਿੰਗਵਲ ਪਾਕੇ ਧੱਕੜਾਂ ਦੀ ਹਿਮਾਇਤ ਵਿੱਚ ਹੀ ਖੜੇ ਨਜਰ ਆਉਂਦੇ ਹਨ। ਭਾਰਤ ਤਾਂ ਦੂਰ ਦੀ ਗੱਲ ਹੈ ਵਿਦੇਸ਼ੀ ਧਾਰਮਕ ਸਥਾਨਾਂ ਵਿਚ ਵੀ ਕੱਟੜਵਾਦ, ਭਾਰਤ ਵਿਰੋਧੀ ਅਤੇ ਵੱਖਵਾਦ ਦਾ ਰੁਝਾਨ ਦੇਖਦਿਆਂ ਹੋਇਆਂ ਵੀ ਇਹ ਚੁੱਪ ਸਾਧਣ ਵਿਚ ਹੀ ਭਲਾ ਸਮਝਦੇ ਹਨ। ਸਿਆਣੇ ਹਨ ਬਹੁਤੇ ਹਰੀਸ਼ਚੰਦਰ ਬਣ ਕਿਉਂ ਆਪਣੀ ਬਣੀ ਬਣਾਈ ਸਾਖ ਨੂੰ ਸੰਕਟ ਵਿੱਚ ਪਾਇਆ ਜਾਵੇ। ਸਿਆਸਤ ਵੀ ਤਾਂ ਇਹੋ ਕਹਿੰਦੀ ਹੈ ਜਿਹੋ ਜਿਹੀ ਵਗੇ ਹਵਾ ਉਹੋ ਜਿਹਾ ਲਾ ਦਿਉ ਤਵਾ।

-ਖ਼ਬਰਨਾਮਾ #1156, ਨਵੰਬਰ 19-2021

 


ਲਾਉਣੀ ਅੱਖਰਾਂ ਨਾਲ ਯਾਰੀ?

-ਹਰਜੀਤ ਦਿਉਲ ਬਰੈਂਪਟਨ

ਕਹਿੰਦੇ ਆ ਪਈ ਪੁਸਤਕਾਂ ਧਾਡੀਆਂ ਸਭ ਤੋਂ ਚੰਗੀਆਂ ਦੋਸਤ ਹਨ ਪਰ ਹਰ ਇੱਕ ਲਈ ਨਹੀਂ ਕਿਉਂਕਿ ਬਹੁਤਿਆ ਲਈ ਇਹ ਚੰਗੀਆਂ ਭਲੀਆਂ ਅੱਖਾਂ ਗਾਲਣ ਦਾ ਸਬੱਬ ਹਨ। ਬਰੈਂਪਟਨ ਕਨੈਡਾ ਵਿਚ ਪੁਸਤਕ ਮੇਲੇ ਲੱਗੇ ਹਨ ਪਰ ਉਸ ਮੇਲੇ ਵਿਚ ਮੇਰੇ ਵਰਗੇ ਢਾਈ ਟੋਟਰੂ ਦਿਸਦੇ ਸਨ ਜਦਕਿ ਐਲ ਸੀ ਬੀ ਉ (ਇੱਥੋਂ ਦੇ ਠੇਕੇ) ਵਿਚ ਬਿਕਰੀ ਲਈ ਚਾਰ ਕਾਊਂਟਰ ਹਨ। ਹਾਂ ਪੁਸਤਕ ਮੇਲੇ ਦੇ ਉਦਘਾਟਨ ਮੌਕੇ ਥੋੜੀ ਜਿਹੀ ਰੌਣਕ ਦਿਖਦੀ ਹੈ ਕਿਉਂਕਿ ਬੁੱਧੀਜੀਵੀਆਂ ਲਈ ਇਹ ਪਕੌੜੇ ਚਾਹ ਨਾਲ ਅਖਬਾਰ 'ਚ ਫੋਟੋ ਲੱਗਵਾਉਣ ਦਾ ਅਵਸਰ ਹੁੰਦਾ ਹੈ। ਪੰਜਾਬੀ (ਥੋੜਿਆਂ ਨੂੰ ਛੱਡ) ਪੁਸਤਕਾਂ ਨਾਲ ਸ਼ਰੀਕ ਭਾਵਨਾ ਰੱਖਦੇ ਹਨ ਕਿਉਂਕਿ ਕਿਤਾਬਾਂ ਦੇ ਢਹੇ ਚੜ੍ਹਿਆ ਬੰਦਾ ਪੰਜਾਬੀ ਹੈਂਕੜ ਤੋਂ ਸੱਖਣਾ ਹੋ ਅਸਲ ਪੰਜਾਬੀਅਤ ਗੁਆ ਬਹਿਂਦਾ ਹੈ। ਗਿਆਤ ਹੋਇਆ ਸੀ ਕਿ ਬਲੂ ਸਟਾਰ ਤੋਂ ਪਹਿਲਾਂ ਲੇਖਕ ਕੰਵਲ ਮਹਾਪੁਰਖਾਂ ਨੂੰ ਬਾਹਰ ਆਉਣ ਲਈ ਮਨਾਉਣ ਗਏ ਸਨ ਪਰ ਆਪਣੇ 'ਤੇ ਬੁਜ਼ਦਿਲ ਦਾ ਠੱਪਾ ਲੁਆ ਵਾਪਸ ਆ ਗਏ। ਉਂਝ ਪੰਜਾਬ ਵਿੱਚ ਪੜ੍ਹਾਈ ਨੂੰ ਵੀ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਪੜ੍ਹਿਆ ਸੋ ਹੜ੍ਹਿਆ ਮੁਤਾਬਕ ਨਾ ਉਹ ਸਖ਼ਤ ਮੁਸ਼ੱਕਤ ਲਾਇਕ ਰਹਿ ਜਾਂਦਾ ਹੈ ਅਤੇ ਚੰਗੀ ਨੌਕਰੀ ਲਈ ਮੁਕਾਬਲਾ ਬਹੁਤ ਸਖ਼ਤ ਹੋ ਗਿਆ ਹੈ। ਮਨਜੀਤ ਸਿੰਘ ਰਾਜਪੁਰਾ ਦੀ ਦਿਲਚਸਪ ਪੁਸਤਕ "ਲੰਡੇ ਚਿੜਿਆਂ ਦੀ ਉਡਾਰੀ" ਪੜ੍ਹਦਿਆਂ ਕੁਝ ਅਹਿਮ ਖੁਲਾਸੇ ਹੋਏ ਹਨ। ਗੋਆ ਬੀਚ 'ਤੇ ਆਮ ਵਿਦੇਸ਼ੀ ਸਮੁੰਦਰ ਵਿਚ ਫਨ ਕਰਦੇ ਹਨ। ਇਸ ਦੌਰਾਨ ਪਾਣੀ ਵਿਚ ਨਾ ਜਾਣ ਵਾਲੇ ਬੰਗਾਲੀ ਮਦਰਾਸੀ ਬਾਹਰ ਬੈਠੇ ਪੁਸਤਕਾਂ ਵਿਚ ਗੁਆਚੇ ਹੁੰਦੇ ਹਨ ਜਦਕਿ ਪੰਜਾਬੀ ਗੋਰੀਆਂ ਨੂੰ ਫਨ ਕਰਦੇ ਦੇਖਣਾ ਵੱਧ ਲਾਹੇਵੰਦ ਖਿਆਲ ਕਰਦੇ ਹਨ। ਲੇਖਕ ਇੱਕ ਵੇਰਾਂ ਸ਼ਹਿਰੋਂ ਕੁਝ  ਕਿਤਾਬਾਂ ਖਰੀਦੀਆਂ ਅਤੇ ਘਰਦਿਆਂ ਦੀ ਹਿਦਾਇਤ ਮੁਤਾਬਕ 2 ਕਿਲੋ ਮੂਲੀਆਂ ਵੀ ਲਈਆਂ। ਇੱਕ ਦੋਸਤ ਮਿਲ ਗਿਆ ਤਾਂ ਉਸ ਕਿਤਾਬਾਂ ਅਤੇ ਮੂਲੀਆਂ ਇੱਕ ਬੰਦ ਦੁਕਾਨ ਦੇ ਥੜੇ 'ਤੇ ਰੱਖ ਦੋਸਤ ਨਾਲ ਗੱਪੀਂ ਲੱਗ ਗਿਆ। ਮਗਰੋਂ ਦੇ਼ਿਖਆ ਤਾਂ 10 ਰੁਪਏ ਦੀਆਂ ਮੂਲੀਆਂ ਕੋਈ ਚੁੱਕ ਲੈ ਗਿਆ ਪਰ 200 ਦੀਆਂ ਕਿਤਾਬਾਂ ਸਲਾਮਤ ਪਈਆਂ ਸਨ। ਮੂਲੀਆਂ ਸਿਹਤ ਲਈ ਬਹੁਤ ਮੁਫੀਦ ਦੱਸੀਆਂ ਗਈਆਂ ਹਨ ਜਦਕਿ ਕਿਤਾਬਾਂ ਤਾਂ ਬੰਦੇ ਨੂੰ ਧਰਮ ਕਰਮ ਵੱਲੋਂ ਵੀ ਬੇਮੁਖ ਕਰ ਸਕਦੀਆਂ ਹਨ। ਲਾਈਬਰੇਰੀ ਵਿੱਚ ਕਿਸੇ ਸਮੇਂ ਅਗਾਂਹਵਧੂ ਬੁੱਧੀਜੀਵੀਆਂ ਦੇ ਦਿਲਾਂ ਦੀ ਧੜਕਣ 'ਪ੍ਰੀਤਲੜੀ' ਆਈ ਸੀ ਯੂ ਵਿਚ ਪਏ ਮਰੀਜ ਵਾਂਗ ਸਹਿਕਦੀ ਦੇਖੀ। ਕੱਟਰ ਧਰਮ ਦੇ ਮਾਰੇ ਫੱਟ ਸ਼ਾਇਦ ਹੀ ਇਸ ਨੂੰ ਖਲੋਣ ਜੋਗਾ ਛੱਡਣ। ਬਹੁਤੇ ਸਾਹਿਤ ਪ੍ਰੇਮੀਆਂ ਦੀ ਬੇਨਤੀ ਨਾ ਮੰਨ ਭਾਪਾ ਪ੍ਰੀਤਮ ਸਿੰਘ ਵੀ ਪੰਜਾਬੀ ਦੀ ਮਿਆਰੀ ਮੈਗਜੀਨ 'ਆਰਸੀ' ਦਾ ਭੋਗ ਪਾ ਦਿੱਤਾ। ਧਾਰਮਕ ਕੱਟੜਵਾਦ ਅਤੇ ਪਦਾਰਥਵਾਦ ਦੀ ਹਨੇਰੀ ਵਿਚ ਅੱਖਰਾਂ ਨਾਲ ਯਾਰੀ ਜਾਪਦੈ ਬਹੁਤੀ ਦੇਰ ਨਿਭਾਈ ਨਹੀਂ ਜਾ ਸਕਣੀ ਇਸ ਲਈ ਪੁੱਛਦਾ ਹਾਂ 'ਲਾਉਣੀ ਅੱਖਰਾਂ ਨਾਲ ਯਾਰੀ?' ਜਾਂ ਕੋਹੜ ਕਿਰਲੇ (ਮੋਬਾਈਲ) ਨਾਲ ਹੀ ਸਾਰੀ ਜਾਣਾ?

- ਖ਼ਬਰਨਾਮਾ #1155, ਨਵੰਬਰ 11-2021

 


ਸਤਜੁਗੀ ਸਲਤਨਤ ਦਾ ਸੱਚ

- ਹਰਜੀਤ ਦਿਉਲ ਬਰੈਂਪਟਨ

ਇਕੇਰਾਂ ਅਕਬਰ ਬਾਦਸ਼ਾਹ ਆਪਣੇ ਚਹੇਤੇ ਮੰਤਰੀ ਬੀਰਬਲ ਨੂੰ ਨਾਲ ਲੈ ਸੁਵੱਖਤੇ ਹੀ ਸ਼ਹਿਰ ਦੀ ਸੈਰ ਲਈ ਨਿਕਲ ਤੁਰਿਆ। ਮਸਜਿਦਾਂ ਵਿਚ ਅਜਾਨ ਅਤੇ ਮੰਦਿਰਾਂ ਵਿਚ ਟੱਲ ਖੜਕ ਰਹੇ ਸਨ। ਹੋਰ ਧਰਮੀ ਵੀ ਆਪੋ ਆਪਣੇ ਇਸ਼ਟ ਦੀ ਮਹਿਮਾਂ ਦਾ ਗਾਇਨ ਕਰ ਰਹੇ ਸਨ। ਬੜਾ ਰੂਹਾਨੀ ਮਹੌਲ  ਦਿਖਾਈ ਦੇ ਰਿਹਾ ਸੀ। ਅਕਬਰ ਡਾਹਡਾ ਖੁਸ਼ ਹੋਇਆ ਅਤੇ ਬੀਰਬਲ ਨੂੰ ਕਹਿਣ ਲੱਗਾ "ਬੀਰਬਲ ਦੇਖ ਮੇਰੀ ਸਤਜੁਗੀ ਸਲਤਨਤ। ਹਰ ਪਾਸੇ ਧਰਮ ਅਤੇ ਸੱਚ ਦਾ ਬੋਲਬਾਲਾ। ਮਾਸ਼ਾ ਅੱਲਾਹ ਸਾਰਾ ਸ਼ਹਿਰ ਜਾਪਦੈ ਪਾਕ ਸਾਫ ਰੂਹਾਂ ਨਾਲ ਭਰਿਐ ਪਿਐ।" ਬੀਰਬਲ ਕੁਝ ਚਿਰ ਚੁੱਪ ਰਿਹਾ ਫੇਰ ਜੋਰ ਦੀ ਹੱਸ ਪਿਆ। ਬਾਦਸ਼ਾਹ ਨੂੰ ਇਹ ਨਾਗਵਾਰ ਗੁਜ਼ਰਿਆ ਪਰ ਕਿਉਂਕਿ ਦਰਬਾਰੀਆਂ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਬੀਰਬਲ ਉਸ ਦਾ ਚਹੇਤਾ ਮੰਤਰੀ ਸੀ ਗੱਲ ਆਈ ਗਈ ਕਰ ਗਿਆ ਪਰ ਬੀਰਬਲ ਅਸਲ ਸੱਚ ਉਜਾਗਰ ਕਰਨ ਲਈ ਢੁਕਵੀਂ ਜੁਗਤ ਤਲਾਸ਼ਣ ਲੱਗਾ।

ਕੁਝ ਸਮੇਂ ਉਪਰੰਤ ਇੱਕ ਦਿਨ ਬੀਰਬਲ ਬਾਦਸ਼ਾਹ ਨੂੰ ਮੁਖਾਤਬ ਹੋ ਕਹਿਣ ਲੱਗਾ "ਜਹਾਂਪਨਾਹ ਰਾਤੀਂ ਮੈਂਨੂੰ ਸੁਫਨੇ ਵਿਚ ਇੱਕ ਪੈਗੰਬਰ ਦਰਸ਼ਣ ਦੇ ਮਸ਼ਵਰਾ ਦਿੱਤਾ ਕਿ ਜੇਕਰ ਸਾਰੇ ਸ਼ਹਿਰਵਾਸੀਆਂ ਤੋਂ ਦੁੱਧ ਇਕੱਤਰ ਕਰ ਉਸ ਵਿਚ ਬਾਦਸ਼ਾਹ ਇਸ਼ਨਾਨ ਕਰੇ ਤਾਂ ਉਸ ਦੀ ਸਲਤਨਤ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰ ਸਕਦੀ ਹੈ।" ਬਾਦਸ਼ਾਹ ਫੌਰਨ ਕਿਹਾ "ਲਉ ਇਸ 'ਚ ਕੀ ਹੈ ਸਾਡੀ ਬੇਗਮ ਵੀ ਕਦੇ ਕਦਾਈਂ ਦੁੱਧ 'ਚ ਇਸ਼ਨਾਨ ਕਰਿਆ ਕਰਦੀ ਹੈ, ਅਸੀਂ ਵੀ ਕਰਲਾਂਗੇ'। ਬੀਰਬਲ ਇਹੀ ਚਾਂਹੁੰਦਾ ਸੀ। ਸਾਰੇ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਗਈ ਕਿ ਇੱਕ ਵਿਸ਼ੇਸ਼ ਅਨੁਸ਼ਠਾਨ ਨੂੰ ਨੇਪਰੇ ਚਾੜ੍ਹਨ ਲਈ ਅੱਜ ਰਾਤ ਸ਼ਹਿਰ ਦੇ ਮੁੱਖ ਦਰਵਾਜੇ ਕੋਲ ਇੱਕ ਢੋਲ ਰੱਖਿਆ ਜਾਵੇਗਾ ਜਿਸ ਵਿਚ ਸਾਰੇ ਸ਼ਹਿਰਵਾਸੀ ਅੱਧੀ ਰਾਤ ਨੂੰ ਆ ਕੇ ਇੱਕ ਇੱਕ ਗੜਵੀ ਦੁੱਧ ਦੀ ਪਾਉਣੀ ਹੈ ਜਿਸ ਨਾਲ ਬਾਦਸ਼ਾਹ ਸਲਾਮਤ ਇਸ਼ਨਾਨ ਕਰਨਗੇ। ਬਾਦਸ਼ਾਹ ਬੀਰਬਲ ਦੀ ਇਸ ਅਜੀਬੋਗਰੀਬ ਹਰਕਤ ਨੂੰ ਮਹਿਜ ਇੱਕ ਮਨੋਰੰਜਨ ਸਮਝ ਹੱਸ ਰਿਹਾ ਸੀ। ਅਗਲੇ ਦਿਨ ਸਵੇਰੇ ਬੀਰਬਲ ਬਾਦਸ਼ਾਹ ਸਲਾਮਤ ਨੂੰ ਲੈ ਦੁੱਧ ਦੇ ਢੋਲ ਵਾਲੀ ਥਾਂ ਅਪੜਿਆ ਅਤੇ ਢੋਲ ਦਾ ਢੱਕਣ ਹਟਾਇਆ। ਪਰ ਇਹ ਕੀ? ਢੋਲ ਤਾਂ ਸਾਰਾ ਪਾਣੀ ਨਾਲ ਭਰਿਆ ਪਿਆ ਸੀ। ਇਹ ਮੇਰੇ ਫਰਮਾਬਦਾਰ ਸ਼ਹਿਰੀਆਂ ਕੀ ਕੀਤਾ? ਬਾਦਸ਼ਾਹ ਹੈਰਾਨ ਹੋ ਬੀਰਬਲ ਤੋਂ ਇਸ ਗੁੰਝਲ ਦਾ ਕਾਰਣ ਸਮਝਣਾ ਚਾਹਿਆ ਤਾਂ ਬੀਰਬਲ ਖੁਲਾਸਾ ਕੀਤਾ "ਜਹਾਂਪਨਾਹ ਜਾਨ ਦੀ ਸਲਾਮਤੀ ਚਾਂਹੁੰਦਾ ਹਾਂ ਪਰ ਅਸਲ ਗੱਲ ਇਹ ਹੈ ਕਿ ਆਪ ਦੁਆਰਾ ਕਿਆਸ ਕੀਤੀ ਗਈ ਆਪਦੀ ਸਲਤਨਤ ਸਤਜੁਗੀ ਨਹੀਂ ਹੈ। ਬਹੁਤੇ ਬੇਈਮਾਨ ਹੀ ਹਨ। ਹਰ ਇੱਕ ਸ਼ਹਿਰਵਾਸੀ ਇਹ ਸੋਚ ਕਿ ਸਾਰਿਆਂ ਦੁਆਰਾ ਪਾਏ ਗਏ ਦੁੱਧ ਵਿਚ ਮੇਰੀ ਇੱਕ ਗੜਵੀ ਪਾਣੀ ਦਾ ਕੀ ਪਤਾ ਲੱਗਣਾ ਹੈ, ਪਾਣੀ ਦੀ ਗੜਵੀ ਹੀ ਪਾਈਂ ਗਏ। ਨਤੀਜਾ ਧਾਡੇ ਸਾਮ੍ਹਣੇ ਹੈ।" ਬਾਦਸ਼ਾਹ ਸਮਝ ਗਿਆ ਕਿ ਬਹੁਤੇ ਧਰਮੀ ਕਰਮੀਂ ਹੋਣਾ ਹੀ ਈਮਾਨਦਾਰ ਚਰਿੱਤਰ ਦੀ ਗਾਰੰਟੀ ਨਹੀਂ ਹੁੰਦੀ। ਉਹ ਬੀਰਬਲ ਦੀ ਸਿਆਣਪ ਦਾ ਕਾਇਲ ਹੋਇਆ ਅਤੇ ਬਹੁਤੀਆਂ ਧਾਰਮਕ ਗਤੀਵਿਧੀਆਂ ਛੱਡ ਜਨਤਾ ਨੂੰ ਚੰਗਾ ਪ੍ਰਸ਼ਾਸ਼ਨ ਦੇਣ ਵੱਲ ਧਿਆਨ ਦੇਣ ਲੱਗਾ। ਕਾਸ਼ ਅਸੀਂ ਦੇਸੀ ਵੀ ਇਸ ਪ੍ਰਸੰਗ ਤੋਂ ਕੁਝ ਸਿੱਖ ਕੇ ਫਜੂਲ ਧਰਮੀਂ ਪਰੰਪਰਾਵਾਂ ਤੋਂ ਛੁਟਕਾਰਾ ਪਾ ਸਕੀਏ।

-ਖ਼ਬਰਨਾਮਾ #1153, ਅਕਤੂਬਰ 29-2021

 

 


ਬੰਦ ਯਹਾਂ ਸ਼ਰਾਬ ਹੈ, ਚੋਰੀ ਚੋਰੀ ਪਿਆ ਕਰੋ!

- ਹਰਜੀਤ ਦਿਉਲ ਬਰੈਂਪਟਨ

ਸਥਾਨ- ਦਿੱਲੀ ਹਰਿਆਣਾ ਬਾਰਡਰ ਦੀ ਮਥੁਰਾ ਰੋਡ ਚੈਕ ਪੋਸਟ। ਲਗਭਗ ਹਰ ਰੋਜ ਇੱਕ ਅਰਥੀ ਇੱਥੋਂ ਗੁਜਰਦੀ ਹੈ ਮਗਰ 10/15 ਜਣੇ ਰਾਮ ਨਾਮ ਸੱਤ ਹੈ ਜਪਦੇ ਚਲੇ ਜਾਂਦੇ ਹਨ। ਚੈਕ ਪੋਸਟ 'ਤੇ ਤੈਨਾਤ ਪੁਲਸ ਅਫਸਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਮਾਤਹਤ ਤੋਂ ਪੁੱਛਿਆ ਪਈ ਇੱਧਰ ਨੇੜੇ ਕੋਈ ਸ਼ਮਸ਼ਾਨ ਘਾਟ ਹੈ? ਮਾਤਹਤ ਦੱਸਿਆ ਦੂਰ ਦੂਰ ਤੱਕ ਨਹੀਂ। ਦੋਵੇਂ ਅਰਥੀ ਮਗਰ ਲੱਗ ਗਏ ਤਾਂ ਅਰਥੀ ਵਾਲੇ ਹੋਰ ਤੇਜ ਤੁਰਨ ਲੱਗੇ। ਜੱਦ ਭੱਜਣ ਦੀ ਨੌਬਤ ਆ ਗਈ ਤਾਂ ਅਰਥੀ ਸੜਕ 'ਤੇ ਛੱਡ ਸਾਰੇ ਫਰਾਰ ਹੋ ਗਏ। ਅਫਸਰ ਲਾਸ਼ ਦਾ ਕਫਨ ਚੁੱਕਿਆ ਤਾਂ 527 ਦੇਸੀ ਦਾਰੂ ਦੇ ਪਾਊਚ ਬੜੀ ਤਰਤੀਬ ਨਾਲ ਚਿਣੇ ਹੋਏ ਉੱਥੇ ਬੰਦਾ ਹੋਣ ਦਾ ਭੁਲੇਖਾ ਪਾ ਰਹੇ ਸਨ। ਜਦ ਔਰਤਾਂ ਦੀਆਂ ਵੋਟਾਂ ਖਿੱਚਣ ਖਾਤਰ ਚੌਧਰੀ ਬੰਸੀ ਲਾਲ ਨੇ ਹਰਿਆਣਾ ਸਟੇਟ ਵਿੱਚ ਸ਼ਰਾਬ ਬੰਦੀ ਕੀਤੀ ਤਾਂ ਉਹ ਇਸ ਚਾਲ ਚੱਲਕੇ ਸਫਲ ਤਾਂ ਹੋ ਗਿਆ ਪਰ ਇਹ ਪਾਬੰਦੀ ਜਿਆਦਾ ਦੇਰ ਚੱਲ ਨਾ ਸਕੀ। ਗੱਲ ਇਵੇਂ ਹੋਈ ਕਿ ਤਿੰਨ ਪਾਸੇ ਦੀਆਂ ਸਟੇਟਾਂ ਦਿੱਲੀ, ਯੂਪੀ ਅਤੇ ਰਾਜਸਥਾਨ ਤੋਂ ਦਾਰੂ ਦੀ ਸਮਗਲਿੰਗ ਵੱਡੇ ਪੱਧਰ 'ਤੇ ਹੋਣ ਲੱਗੀ। 100 ਦੀ ਬੋਤਲ 200 ਵਿਚ ਉਪਲਬਧ ਹੋਣ ਲੱਗੀ। ਕੁਝ ਪਿਅੱਕੜਾਂ ਦੇ ਗੁਆਂਢੀ ਸਟੇਟਾਂ ਦੀਆਂ ਰਿਸ਼ਤੇਦਾਰੀਆਂ ਵਿਚ ਗੇੜੇ ਵਧ ਗਏ ਅਤੇ ਜੇ ਰਿਸ਼ਤੇਦਾਰ ਝੱਲਣ ਜੋਗੇ ਹੁੰਦੇ ਤਾਂ ਕਈ ਕਈ ਦਿਨ ਘਰ ਨਾ ਮੁੜਦੇ। ਬਲੈਕ ਵਿਚ ਸ਼ਰਾਬ ਮਹਿਂਗੀ ਮਿਲਣ ਕਰਕੇ ਸਾਡੇ ਵਰਗੇ ਘਰਵਾਲੀਆਂ ਤੋਂ ਵੱਧ ਪੌਕਿਟ ਮਨੀ ਮੰਗਣ ਲੱਗੇ। ਪੁਲਿਸ ਨੇ ਵੀ ਇਸ ਦਾਰੂਬੰਦੀ ਦੇ ਯੱਗ ਵਿਚ ਵਾਹਵਾ ਹੱਥ ਰੰਗੇ ਕਿਉਂਕਿ ਚੋਰੀ ਚੋਰੀ ਮਦਿਰਾ ਸੇਵਨ ਕਰਨ ਵਾਲੇ ਅਕਸਰ ਇਨ੍ਹਾਂ ਦੇ ਅੜਿੱਕੇ ਆ ਜਾਂਦੇ 'ਤੇ ਲੈ ਦੇਕੇ  ਮਸਲਾ ਹੱਲ ਹੋ ਜਾਂਦਾ। ਸੋ ਸ਼ਰਾਬ ਬੰਦੀ ਦਾ ਇਹ ਤਜਰਬਾ ਫੇਲ ਹੋਇਆ। ਆਂਧਰਾ ਪ੍ਰਦੇਸ਼ ਵਿਚ ਵੀ ਦਾਰੂਬੰਦੀ ਦਾ ਇਹੀ ਹਸ਼ਰ ਹੋਇਆ ਸੁਣਿਆ ਗਿਆ ਸੀ। ਕੋਈ ਪੌਣੇ ਕੁ ਦੋ ਸਾਲ ਬਾਦ ਜਨਾਬ ਬੰਸੀ ਲਾਲ ਨੂੰ ਠੇਕੇ ਫਿਰ ਖੋਲ੍ਹਣੇ ਪਏ। ਜਿਸ ਦਿਨ ਮੁੜ ਠੇਕੇ ਖੁਲ੍ਹਣੇ ਸਨ ਠੇਕੇ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਰਹੇ ਸਨ। ਸ਼ਾਮ ਦਾ ਸਮਾ ਸੀ ਜਦ ਦਾਸ ਵੀ ਆਪਣੇ ਮਿੱਤਰ ਆਰਟਿਸਟ ਰਾਜ ਦਿਉਲ ਨਾਲ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਬੋਤਲ ਲੈਣ ਲਈ ਠੇਕੇ ਮੂਹਰੇ ਖੜੀ ਬੇਤਾਬ ਭੀੜ ਦਾ ਹਿੱਸਾ ਜਾ ਬਣਿਆ। ਟਰੱਕ ਆਇਆ ਤਾਂ ਬੇਤਾਬ ਮਦਿਰਾ ਪ੍ਰੇਮੀਆਂ ਵੱਲੋਂ ਡੱਬੇ ਠੇਕੇ ਵਿੱਚ ਪਹੁੰਚਣ ਹੀ ਨਹੀਂ ਦਿੱਤੇ ਗਏ। ਟਰੱਕ ਦਾ ਡਾਲਾ ਖੋਲ ਬੋਤਲਾਂ ਦੀ ਬਿੱਕਰੀ ਸ਼ੁਰੂ ਹੋ ਗਈ ਅਤੇ ਦੇਖਦੇ ਦੇਖਦੇ ਟਰੱਕ ਖਾਲੀ ਹੋ ਦੂਜਾ ਗੇੜਾ ਮਾਰਨ ਲਈ ਰਵਾਨਾ ਹੋ ਗਿਆ। ਕਿਸੇ ਸ਼ਾਇਰ ਵੀ ਸ਼ਰਾਬ ਪੀਣ 'ਤੇ ਲੱਗੀ ਪਾਬੰਦੀ ਉੱਤੇ ਇਵੇਂ ਇਤਰਾਜ਼ ਜਤਾਇਆ ਹੈ-ਪੀਨੇ ਦੇ ਮੁਝਕੋ ਮਸਜਿਦ ਮੇਂ ਬੈਠਕਰ, ਯਾ ਵੋਹ ਜਗਾਹ ਬਤਾ ਦੇ ਜਹਾਂ ਖੁਦਾ ਨਾ ਹੋ।

- ਖ਼ਬਰਨਾਮਾ #1152, ਅਕਤੂਬਰ 22-2021

 


ਕੁਝ ਐਸੇ ਵਿਦਵਾਨਾਂ ਦਾ ਜਿਕਰ...

ਸੰਪਾਦਕ ਜੀ,

ਖਬਰਨਾਮਾ ਦੇ ਤਾਜੇ ਅੰਕ ਵਿਚ ਇੱਕ ਲੇਖ ਹੈ ਜਿਸ ਵਿਚ ਆਪ ਨੇ ਕੁਝ ਐਸੇ ਵਿਦਵਾਨਾਂ ਦਾ ਜਿਕਰ ਕੀਤਾ ਹੈ ਜੋ ਬਿਨਾ ਸੋਚੇ ਸਮਝੇ ਕਿਸੇ ਵੀ ਅਨਾਂਦੋਲਨ ਵਿਚ 'ਬਲਦੀ 'ਤੇ  ਤੇਲ' ਪਾਇਆ ਕਰਦੇ ਹਨ। ਇਸ ਵਿਚ ਮਸ਼ਹੂਰ ਮਰਹੂਮ ਲੇਖਕ ਜਸਵੰਤ ਸਿੰਘ ਕੰਵਲ ਹੁਰਾਂ ਦਾ ਵੀ ਜਿਕਰ ਹੈ ਜੋ ਪੰਜਾਬ ਵਿਖੇ ਦਹਿਸ਼ਤਗਰਦੀ ਵੇਲੇ 'ਬੱਲੇ ਉਏ ਮੁੰਡਿਉ ਬੱਲੇ ਉਏ ਸ਼ੇਰੋ' ਨਾਲ ਗੁਮਰਾਹ ਕੀਤੇ ਗਏ ਨੌਜਵਾਨਾਂ ਦਾ ਹੌਸਲਾ ਵਧਾਇਆ ਕਰਦੇ ਸਨ। ਮੇਰੇ ਮਨ ਵਿਚ ਸਾਹਿਤਕਾਰਾਂ ਲਈ ਇੱਕ ਵਿਸ਼ੇਸ਼ ਸਨਮਾਨਯੋਗ ਥਾਂ ਹਮੇਸ਼ਾ ਰਹੀ ਹੈ ਪਰ ਕੰਵਲ ਹੁਰਾਂ ਦੀ 'ਪੁੰਨਿਆਂ ਦਾ ਚਾਨਣ' ਪੜ੍ਹਦਿਆਂ  ਮੇਰੀ ਇਹ ਧਾਰਨਾ ਬੁਰੀ ਤਰ੍ਹਾਂ ਜਖ਼ਮੀ ਹੋਈ ਹੈ। ਮੈਂਨੂੰ ਤਾ ਇਹ ਵੀ ਜਾਪਿਆ ਕਿ ਸ਼ਾਇਦ ਜਿਵੇਂ ਕੁਲਦੀਪ ਬਰਾੜ ਦੀ ਸਾਕਾ ਨੀਲਾ ਤਾਰਾ ਬਾਰੇ ਪੁਸਤਕ ਵਿਚ ਮਨਚਾਹੀ ਤਬਦੀਲੀ ਕਰਦਿਆਂ ਦਹਿਸ਼ਤਗਰਦੀ ਦੇ ਮੁਖੀ ਦੇ ਪੱਖ ਵਿਚ ਲਿਖ ਛਾਪ ਦੇਣ ਬਾਰੇ ਸੁਣਿਆ ਸੀ, ਕਿਸੇ ਕੰਵਲ ਹੁਰਾਂ ਦੀ ਇਸ ਪੁਸਤਕ ਨਾਲ ਛੇੜ ਛਾੜ ਕੀਤੀ ਹੋਵੇ। ਕਿਉਂਕਿ ਮੇਰੀ ਨਜ਼ਰ ਵਿਚ ਇੱਕ ਉੱਚ ਕੋਟੀ ਦਾ ਲੇਖਕ ਨਫਰਤ ਨਾਲ ਭਰੇ ਅਤੇ ਇਹੋ ਜਿਹੇ ਪੱਖਪਾਤੀ ਵਿਚਾਰ ਨਹੀਂ ਲਿਖ ਸਕਦਾ। 'ਪੁੰਨਿਆਂ ਦਾ ਚਾਨਣ' ਦੇ ਸਫਾ 53 ਅਤੇ 111 ਉੱਤੇ ਇਹ ਲਿਖਦੇ ਹਨ "ਇੰਦਰਾ ਦੀ ਹੈਂਕੜ ਨੇ ਸ੍ਰੀ ਅਕਾਲ ਤਖ਼ਤ ਅਮਰੀਕੀ ਟੈਂਕਾਂ ਨਾਲ ਆ ਢਾਹਿਆ"। ਇੱਕ ਸੂਝਵਾਨ ਲੇਖਕ ਨੂੰ ਦਰਬਾਰ ਸਾਹਿਬ ਨੂੰ ਜੰਗੇ ਮੈਦਾਨ ਬਣਾਈਂ ਬੈਠੇ ਲੋਕ ਨਹੀਂ ਦਿਖੇ? ਸਫਾ 176 'ਤੇ ਇਹ ਅੰਮ੍ਰਿਤਾ ਪ੍ਰੀਤਮ ਨਾਲ ਖਫਾ ਹਨ ਕਿ ਉਸ ਨੇ ਦਿੱਲੀ ਕਤਲੇ ਆਮ ਬਾਰੇ ਮੂੰਹ ਕਿਉਂ ਸਿਉਂ ਲਿਆ ਜਦਕਿ 47 ਦੁਖਾਂਤ 'ਤੇ ਵਾਰਸ ਸ਼ਾਹ ਨੂੰ ਅਵਾਜਾਂ ਮਾਰੀਆਂ। ਤਾਂ ਜਨਾਬ ਅਮ੍ਰਿਤਾ ਪ੍ਰੀਤਮ ਜਾਣਦੀ ਸੀ ਕਿ ਇਹ ਕਤਲੇ ਆਮ ਪੰਜਾਬ ਵਿਚ ਕੀਤੀ ਗਈ ਬੁਰਛਾਗਰਦੀ ਦਾ ਨਤੀਜਾ ਸੀ ਜਿਸ ਬੁਰਛਾਗਰਦੀ ਬਾਰੇ ਕੰਵਲ ਸਾਹਿਬ ਨੇ ਵੀ ਮੂੰਹ ਸਿਉਂ ਲਿਆ ਸੀ। ਫਿਰ ਇਹ ਅਮ੍ਰਿਤਾ ਦੀ ਸਿਗਰਟਨੋਸ਼ੀ ਅਤੇ ਸਾਹਿਰ ਨਾਲ ਲਗਾਉ ਬਾਰੇ ਵੀ ਲਿਖਦੇ ਹਨ। ਤਾਂ ਜਨਾਬ ਆਪ ਇਹ ਦਾਰੂ ਪੀਂਦੇ ਰਹੇ ਅਤੇ ਡਾ. ਗਿਲ ਨਾਲ  ਇਸ਼ਕ ਲੜਾਉਂਦੇ ਰਹੇ। ਸਿਗਰਟ ਤਾਂ ਦਾਰੂ ਨਾਲੋਂ ਬਹੁਤ ਹਲਕਾ ਨਸ਼ਾ ਹੈ ਅਤੇ ਤੰਬਾਕੂ ਬਾਰੇ ਕੱਟੜ ਸਿੱਖੀ ਦਾ ਰਵੱਈਆ ਇੱਕ ਵਿਚਾਰਸ਼ੀਲ ਵਿਦਵਾਨ ਲਈ ਤਰਕ ਦੀ ਕਸੌਟੀ 'ਤੇ ਖਰਾ ਨਹੀਂ ਉਤਰਦਾ। ਇੱਕ ਹੋਰ ਜਗ੍ਹਾਂ ਵੀ ਇਹਨਾਂ ਨਹਿਰੂ ਬਾਰੇ ਬੜੇ ਘਟੀਆ ਲਫਜ਼ ਵਰਤੇ ਸਨ। ਉਂਜ ਇਸ ਪੁਸਤਕ ਵਿਚ ਇਨ੍ਹਾਂ ਕੁਝ ਯਥਾਰਥਕ ਤਜਰਬੇ ਵੀ ਸਾਂਝੇ ਕੀਤੇ ਹਨ। ਮਸਲਨ 'ਜੱਟ 'ਤੇ ਝੋਟਾ ਪਿਛਲੇ ਜਨਮ 'ਚ ਮਤਰੇਏ ਭਰਾ ਸਨ'। ਜਾਂ ਪੰਜਾਬੀ ਕਦੇ ਅਕਲ ਅਤੇ ਜ਼ੋਰ ਦਾ ਸਹੀ ਜੋੜ ਨਹੀਂ ਬਣਾ ਸਕਿਆ' ਜਾਂ ਫੇਰ 'ਬਾਰਾਂ ਕੋਹ ਦਾ ਗੇੜਾ ਲਾ ਕੇ ਹੀ ਜੱਟ ਨੂੰ ਅਕਲ ਆਉਂਦੀ ਹੈ'। ਕਈ ਜਗਾਂ੍ਹ ਇਨ੍ਹਾਂ ਬੜੀਆਂ ਸਿਆਣੀਆਂ ਗੱਲਾਂ ਵੀ ਲਿਖੀਆਂ ਹਨ ਜਿਵੇਂ 'ਜਿੱਥੇ ਸਮਝ ਦੀ ਸੀਮਾ ਮੁੱਕਦੀ ਹੈ ਉੱਥੋਂ ਜਨੂੰਨ ਦੀ ਸੀਮਾਂ ਅਰੰਭ ਹੁੰਦੀ ਹੈ।' ਇੱਕ ਹੋਰ ' ਅਧਿਆਤਮਮਵਾਦ ਇੱਕ ਕਲਪਤ ਵਿਸ਼ਵਾਸ਼ ਹੈ ਜਿਸ ਦਾ ਕੋਈ ਠੋਸ ਵਜੂਦ ਨਹੀਂ।' ਅੱਜ ਵੀ ਐਸੇ ਬੁੱਧੀਜੀਵੀਆਂ ਦੀ ਕਮੀ ਨਹੀਂ ਜੋ ਹਕੀਕਤਾਂ ਤੋਂ ਮੂੰਹ ਮੋੜ 'ਲਾਅਲਾ ਲਾਅਲਾ' ਕਰਨ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਜਾਂਦੇ ਹਨ। ਕਿਉਂ ? ਇਹ ਤਾਂ ਉਹੀ ਬੇਹਤਰ ਜਾਣਦੇ ਹੋਣਗੇ।

ਹਰਜੀਤ ਦਿਉਲ, ਬਰੈਂਪਟਨ

ਖ਼ਬਰਨਾਮਾ #1151, ਅਕਤੂਬਰ 15-2021

 


ਨਹੀਂ ਛੂਟਤੀ ਕਮਬਖ਼ਤ ਮੂੰਹ ਕੋ ਲਗੀ ਹੁਈ!

- ਹਰਜੀਤ ਦਿਉਲ, ਬਰੈਂਪਟਨ

ਮਨੁੱਖ ਦੁਆਰਾ ਕੀਤੀਆਂ ਗਈਆਂ ਅਣਗਿਣਤ ਖੋਜਾਂ, ਜਿਨ੍ਹਾਂ ਇਨਸਾਨ ਦੇ ਜੀਵਨ ਵਿੱਚ ਭਿੰਨ ਭਿੰਨ ਰੰਗ ਭਰੇ, ਸੋਮਰਸ ਦਾ ਖਾਸ ਸਥਾਨ ਹੈ। ਇਸ ਦੀ ਖੋਜ ਕਦ, ਕਿਸ ਦੁਆਰਾ ਅਤੇ ਕਿਵੇਂ ਹੋਈ ਇਸ ਬਾਰੇ ਸਪਸ਼ਟ ਕੁਝ ਮਿਲਦਾ ਨਹੀਂ ਪਰ ਮਹਾਪੰਡਤ ਰਾਹੁਲ ਸਾਂਕ੍ਰਿਤਆਇਨ ਦੀ ਦਿਲਚਸਪ ਪੁਸਤਕ 'ਵੋਲਗਾ ਸੇ ਗੰਗਾ' ਪੜ੍ਹਦਿਆਂ ਕੁਝ ਅਨੁਮਾਨ ਜਰੂਰ ਲੱਗ ਜਾਂਦਾ ਹੈ ਜਿਸ ਅਨੁਸਾਰ ਲਗਭਗ ਅੱਠ ਹਜਾਰ ਸਾਲ ਪਹਿਲਾਂ ਮਨੁੱਖ ਗੁਫਾਵਾਂ ਵਿੱਚ ਰਹਿਂਦਾ ਸੀ ਅਤੇ ਭੋਜਨ ਦੇ ਰੂਪ ਵਿਚ ਸ਼ਿਕਾਰ ਅਤੇ ਫਲ ਫੁੱਲ ਇਕੱਤਰ ਕਰ ਗੁਜਾਰਾ ਕਰਿਆ ਕਰਦਾ ਸੀ। ਇਸ ਸਮੇਂ ਦੇ ਮਨੁੱਖ ਨੂੰ ਵਿਗਿਆਨੀਆਂ 'ਹੰਟਰ ਗੈਦਰਰ' ਦਾ ਨਾਂਅ ਦਿੱਤਾ ਹੈ। ਪਹਾੜਾਂ ਵਿੱਚ ਸਰਦ ਰਿਤੂ ਦੌਰਾਨ ਕਈ ਮਹੀਨੇ ਭਿਅੰਕਰ ਬਰਫਬਾਰੀ ਕਾਰਨ ਉਹ ਗੁਫਾ ਤੋਂ ਬਾਹਰ ਨਾ ਨਿਕਲ ਸਕਣ ਕਰਕੇ ਮਾਂਸ ਅਤੇ ਫਲ ਇਤਿਆਦ ਆਪਣੀ ਗੁਫਾ ਵਿੱਚ ਜਮਾ ਕਰ ਲਿਆ ਕਰਦਾ ਸੀ। ਇੱਕ ਵਾਰ ਅਚਨਚੇਤ ਪੱਥਰਾਂ ਵਿਚਕਾਰ ਜਮਾ ਕੀਤੇ ਵਾਧੂ ਫਲਾਂ ਦੇ ਰਸਾਂ ਵਿਚ ਕਿਣਵਨ (ਫਰਮੈਂਟੇਸ਼ਨ) ਹੋ ਗਈ ਤਾਂ ਇਸ ਦੀ ਖੁਸ਼ਬੂ ਵੱਲ ਮਨੁੱਖ ਆਕਰਸ਼ਤ ਹੋਇਆ। ਇਸ ਨੂੰ ਚਖ ਜਦ ਜੰਗਲੀ ਮਨੁੱਖ ਨੂੰ ਇੱਕ ਵੱਖਰੀ ਮਸਤੀ ਦਾ ਅਨੁਭਵ ਹੋਇਆ ਤਾਂ ਸਮਝੋ ਮਨੁੱਖੀ ਜੀਵਨ ਵਿਚ ਸੋਮਰਸ ਦੇ ਪ੍ਰਵੇਸ਼ ਦਾ ਮੁੱਢ ਬਨ੍ਹਿਆ ਗਿਆ। ਇਸ ਉਪਰੰਤ ਵੈਦਿਕ ਕਾਲ ਦੀਆਂ ਲਿਖਤਾਂ ਵਿੱਚ ਵੀ ਇਸ ਤੇਰ੍ਹਵੇਂ ਰਤਨ ਦਾ ਜਿਕਰ ਮਿਲਦਾ ਹੈ। ਮੱਧ ਏਸ਼ੀਆ ਵਿੱਚ ਵੋਲਗਾ ਨਦੀ ਦੇ ਆਸੇ ਪਾਸੇ ਵਸਦੇ ਆਰੀਆਂ ਦੀ ਆਬਾਦੀ ਜਿਉਂ ਜਿਉਂ ਵਧਦੀ ਚਲੀ ਗਈ ਤਿਉਂ ਤਿਉਂ ਉਹ ਵੋਲਗਾ ਨਦੀ ਦੇ ਤਟ ਦੇ ਨਾਲ ਨਾਲ ਤਜਾਕਿਸਤਾਨ ਦੀ ਵਕਸ਼ੂ ਘਾਟੀ ਵੱਲ ਵਧਦੇ ਚਲੇ ਗਏ। ਉੱਥੇ ਪਹਿਲਾਂ ਤੋਂ ਰਹਿੰਦੇ ਕਬੀਲੇ ਚਰਾਂਦਾਂ ਦੀ ਘਾਟ ਕਾਰਨ ਜਿਵੇਂ ਤਿਵੇਂ ਹਿਮਾਲਾ ਪਾਰ ਕਰ ਇੱਕ ਹੋਰ ਵੱਖਰੀ ਨਸਲ ਦੇ ਲੋਕਾਂ ਵਿਚਕਾਰ ਜਾ ਪਹੁੰਚੇ ਜੋ ਸ਼ਿਲਪਕਲਾ ਵਿਚ ਤਾਂ ਇਨ੍ਹਾਂ ਨਾਲੋਂ ਅੱਗੇ ਸਨ ਪਰ ਸੁਰਾ ਨਹੀਂ ਪੀਂਦੇ ਸਨ। ਆਰੀਆਂ ਦੇ ਮੁਖੀ ਇਨ੍ਹਾਂ ਨੂੰ 'ਅਸੁਰਾਂ' (ਸੁਰਾ ਨਾ ਪੀਣ ਵਾਲੇ) ਦਾ ਨਾਂਅ ਦਿੱਤਾ। ਇਸ ਤਰ੍ਹਾਂ ਸੁਰ ਅਤੇ ਅਸੁਰਾਂ ਦਾ ਨਾਮਕਰਣ ਹੋਇਆ। ਰਿਗ ਵੇਦ ਵਿਚ ਦਰਜ ਜਾਣਕਾਰੀ ਅਨੁਸਾਰ ਪਸੂ ਚਰਮ (ਖੱਲ) ਨੂੰ ਸੋਧਿਆ ਜਾਂਦਾ ਸੀ। ਇਸ ਵਿਧੀ ਨੂੰ ਮਲੌਦ ਕਹਿਂਦੇ ਸੀ। ਇਨ੍ਹਾਂ ਸੋਧੀਆਂ ਹੋਈਆਂ ਚਰਮ ਦੀਆ ਮਸ਼ਕਾਂ ਵਿਚ ਅਨਾਜ ਦਾ ਅਰਕ, ਮਧੂ (ਸ਼ਹਿਦ) ਫਲਾਂ ਦਾ ਰਸ, ਗੁੜ ਆਦਿ ਦੇ ਘੋਲ ਨੂੰ ਕੁਝ ਜੜੀ ਬੂਟੀਆਂ ਸਮੇਤ ਧਰਤੀ ਅੰਦਰ ਦੱਬ ਦਿੱਤਾ ਜਾਂਦਾ ਸੀ ਜਿਸ ਵਿੱਚੋਂ ਕੁਝ ਸਮੇਂ ਉਪਰੰਤ ਮਨ ਭਾਂਉਂਦੀ ਮਦਿਰਾ ਕਸ਼ੀਦ ਕੀਤੀ ਜਾਂਦੀ ਸੀ। ਕਹਿਂਦੇ ਆ ਕਿ ਇੰਦਰ ਵੀ ਆਪਣੀ ਇੰਦਰਾਣੀ ਨੂੰ ਮੈਰੇਅ ਨਾਂ ਦੀ ਵਿਸ਼ੇਸ਼ ਸੁਰਾ ਪੇਸ਼ ਕਰਿਆ ਕਰਦਾ ਸੀ। ਆਯੁਰਵੈਦਿਕ ਔਸ਼ਧ 'ਦ੍ਰਾਕਸ਼ਾਸ਼ਵ' ਅੱਜ ਵੀ ਦੇਸੀ ਕੰਪਨੀਆਂ ਬਣਾਉਂਦੀਆਂ ਹਨ ਜੋ ਪ੍ਰਾਚੀਨ ਕਾਲ ਵਿਚ ਵੀ ਸਿਹਤ ਲਈ ਉੱਤਮ ਮੰਨੀ ਜਾਂਦੀ ਸੀ। ਅੱਜਕਲ ਤਾਂ ਦੁਨਿਆਂ ਵਿੱਚ ਇਸ ਦੁਰਲਭ ਪੇਅ (ਡਰਿੰਕ) ਦਾ ਬੇਹਿਸਾਬ ਬੋਲਬਾਲਾ ਹੈ ਜਿਸ ਬਿਨਾ ਕੋਈ ਸਮਾਗਮ ਜਾਂ ਉਤਸਵ ਅਧੂਰਾ ਸਮਝਿਆ ਜਾਂਦਾ ਹੈ। ਐਵੇਂ ਤਾਂ ਨਹੀਂ ਮਿਰਜਾ ਗਾਲਿਬ ਉਚਾਰਿਆ ਸੀ "ਨਹੀਂ ਛੂਟਤੀ ਹੈ ਕਮਬਖ਼ਤ ਮੂੰਹ ਕੋ ਲਗੀ ਹੂਈ।"

-ਖ਼ਬਰਨਾਮਾ #1150, ਅਕਤੂਬਰ 07-2021

 


ਧੰਨਾ ਜੱਟ ਪਰਲੋਕ 'ਚ !

- ਹਰਜੀਤ ਦਿਉਲ

ਧੰਨਾ ਸਿੰਘ ਇੱਕ ਸਿੱਧਾ ਸਾਦਾ ਮਿਹਨਤੀ ਜੱਟ ਸੀ। ਆਪਣੇ ਕੰਮ ਨਾਲ ਕੰਮ ਰੱਖਣ ਵਾਲਾ। ਨਾ ਕਿਸੇ ਦੇ ਲੈਣੇ ਵਿਚ ਨਾ ਦੇਣੇ 'ਚ ਉਸ ਦਾ ਦਖਲ ਸੀ। ਰਾਤ ਦਿਨ ਈਮਾਨਦਾਰੀ ਨਾਲ ਵਾਹੀ ਕਰ ਉਸ ਆਪਣੇ ਟੱਬਰ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਨਿਭਾਈ ਅਤੇ ਅੰਤ ਆਪਣੇ ਸੁਆਸ ਪੂਰੇ ਕਰ ਰੱਬ ਨੂੰ ਪਿਆਰਾ ਹੋਇਆ। ਜਦ ਕੁਝ ਸਮੇਂ ਤੱਕ ਜਮਦੂਤ ਵਰਗੀ ਕੋਈ ਸ਼ੈ ਉਸ ਨੂੰ ਲੈਣ ਨਹੀਂ ਆਈ ਤਾਂ ਉਹ ਇਹ ਸੋਚ ਪਰਲੋਕ ਵੱਲ ਤੁਰ ਪਿਆ ਕਿ ਚਲੋ ਆਪ ਹੀ ਚੱਲੀਏ ਗਰੀਬ ਸ਼ਾਇਦ ਇਵੇਂ ਹੀ ਪੈਦਲ ਜਾਂਦੇ ਹੋਣੇ ਆ। ਰਸਤੇ ਵਿਚ ਇੱਕ ਚੈਕ ਪੋਸਟ ਤੇ ਉਸ ਦੀ ਪੁੱਛਗਿੱਛ ਹੋਈ ਤਾਂ ਉਸ ਦੱਸਿਆ ਕਿ ਉਹ ਨਰਕ ਨੂੰ ਜਾਣਾ ਹੈ ਉੱਧਰ ਦਾ ਰਸਤਾ ਦੱਸਿਆ ਜਾਏ। ਉੱਥੇ ਤੈਨਾਤ ਕਰਮਚਾਰੀ ਉਸ ਦਾ ਨਾਂ ਪਤਾ ਪੁੱਛ ਕੇ ਉਸ ਦੇ ਦਸਤਾਵੇਜ ਚੈਕ ਕੀਤੇ ਅਤੇ ਕਿਹਾ ਕਿ ਉਸ ਦੀ ਮੰਜਲ ਸੁਰਗ ਹੈ ਉਹ ਉਸ ਰਸਤੇ ਚਲਿਆ ਜਾਵੇ। ਇਸ 'ਤੇ ਧੰਨਾ ਸਿੰਘ ਨੂੰ ਯਕੀਨ ਨਾ ਆਇਆ 'ਤੇ ਕਿਹਾ " ਭਾਈ ਜੀ ਧਾਨੂੰ ਗਲਤੀ ਲੱਗੀ ਹੈ ਜਾਂ ਧਾਡਾ ਕੰਪੂਟਰ ਖਰਾਬ ਹੈ, ਠੀਕ ਤਰ੍ਹਾਂ ਚੈਕ ਕਰ ਦੱਸੋ ਕਿਉਂਕਿ ਮੇਰਾ ਤਾਂ ਠਿਕਾਣਾ ਨਰਕ ਹੀ ਬਣਦਾ ਹੈ"। ਕਰਮਚਾਰੀ ਨੇ ਸਭ ਕੁਝ ਮੁੜ ਚੈਕ ਕਰਿਆ 'ਤੇ ਉਸ ਦੇ ਭੋਲੇਪਨ 'ਤੇ ਤਰਸ ਖਾਂਦਿਆਂ ਉਸ ਨੂੰ ਆਪਣੇ ਵਿਸ਼ੇਸ਼ ਵਾਹਨ ਰਾਹੀਂ ਸੁਰਗ ਨੂੰ ਭੇਜ ਦਿੱਤਾ। ਸੁਰਗ ਵਿਚ ਆ ਧੰਨਾ ਹੱਕਾ ਬੱਕਾ ਰਹਿ ਗਿਆ ਜਦ ਉਸ ਨੇ ਉੱਥੇ ਸਭ ਆਪਣੇ ਵਰਗੇ ਗਰੀਬੜੇ ਜਿਹੇ ਹੀ ਦੇਖੇ ਅਤੇ ਪਿੰਡ ਦੇ ਮੋਹਤਬਰ, ਧਰਮੀ ਕਰਮੀ, ਦਾਨੀ ਅਤੇ ਪਰੋਪਕਾਰੀ ਆਗੂ ਕਹਾਉਣ ਵਾਲੇ ਗੈਰਹਾਜਰ ਪਾਏ। ਉੱਥੇ ਉਨ੍ਹਾਂ ਲਈ ਸਭ ਸਹੂਲਤਾਂ ਸਨ ਪਰ ਧੰਨਾ ਸਿੰਘ ਬੜੀ ਉਲਝਣ ਵਿਚ ਪਿਆ ਰਿਹਾ। ਵਧੀਆ ਭੋਜਨ ਦੇ ਨਾਲ ਉਨ੍ਹਾਂ ਨੂੰ ਸੋਮਰਸ ਵੀ ਉਪਲਬਧ ਕਰਾਇਆ ਗਿਆ। ਕਦੇ ਕਦਾਈਂ ਰੂੜੀ ਮਾਰਕਾ ਦੀ ਗਲਾਸੀ ਲਾਉਣ ਵਾਲਾ ਧੰਨਾ ਉੱਤਮ ਦਰਜੇ ਦਾ ਪੈਗ ਅੰਦਰ ਸੁੱਟ ਥੋੜਾ ਨਾਰਮਲ ਹੋਇਆ ਅਤੇ ਉਸ ਆਪਣੀ ਪਰੇਸ਼ਾਨੀ ਉੱਥੋਂ ਦੇ ਇੱਕ ਸੰਤਰੀ ਨਾਲ ਸਾਂਝੀ ਕੀਤੀ " ਭਰਾਵਾ ਮੈਂ ਕਦੇ ਧਰਮ ਸਥਾਨ ਨਾ ਜਾ ਸਕਿਆ ਨਾ ਕਦੇ ਕੋਈ ਪੂਜਾ ਪਾਠ ਕਰਾਉਣ ਦੀ ਵਿਹਲ ਮਿਲੀ ਬਸ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋ ਟੱਬਰ ਪਾਲਦਾ ਰਿਹਾ 'ਤੇ ਮੈਂਨੂੰ ਇਹ ਸੁਰਗ ਕਿੱਦਾਂ ਪ੍ਰਾਪਤ ਹੋ ਗਿਆ?" ਸੰਤਰੀ ਉਸ ਨੂੰ ਸਮਝਾਇਆ " ਭਲਿਆ ਲੋਕਾ ਭਾਵਂੇ ਪਰਲੋਕ ਦੇ ਰਾਜ ਜਾਹਰ ਕਰਨ ਦੀ ਸਾਨੂੰ ਆਗਿਆ ਨਹੀਂ ਪਰ ਤੇਰੇ ਨਿਰਛਲ ਸੁਭਾਅ ਨੂੰ ਦੇਖਦਿਆਂ ਤੈਨੂੰ ਦੱਸ ਰਿਹੈਂ ਕਿ ਤੇਰੇ ਹਿਸਾਬ ਨਾਲ ਇਸ ਸੁਰਗ ਦੇ ਦਾਅਵੇ ਦਾਰ ਭਾਵ ਧਰਮੀ ਕਰਮੀ, ਅਮੀਰ ਦਾਨੀ, ਪਰੋਪਕਾਰੀ ਕਹਾਉਣ ਵਾਲੇ ਰਾਜਨੀਤਕ ਆਗੂ ਅਤੇ ਹੋਰ ਮੋਹਤਬਰ ਸਭ ਨਰਕ ਦੀ ਸ਼ੋਭਾ ਵਧਾ ਰਹੇ ਹਨ ਕਿਉਂਕਿ ਉਹ ਸਭ ਪਾਖੰਡੀ ਸਨ ਪਰ ਇੱਥੇ ਕੋਈ ਪਖੰਡ, ਹੇਰਫੇਰ ਦਾਉਪੇਚ ਨਹੀਂ ਚਲਦਾ। ਬਸ ਸਮਝ ਲੈ ਬਾਬੇ ਨਾਨਕ ਦੇ ਅਸਲੀ ਕਿਰਤੀ ਸ਼ਿਸ਼ ਹੀ ਐਥੇ ਅਪੜ ਕੇ ਅਨੰਦ ਮਾਣ ਸਕਦੇ ਹਨ।" ਧੰਨਾ ਸਿੰਘ ਸੰਤੁਸ਼ਟ ਹੋ ਅਸਮਾਨ ਵੱਲ ਦੇਖਦਿਆਂ ਬੋਲਿਆ "ਰੱਬਾ ਤੇਰੇ ਰੰਗ ਨਿਰਾਲੇ"।

-ਖ਼ਬਰਨਾਮਾ #1149, ਅਕਤੂਬਰ 01-2021

 


ਜੁਝਾਰੂ ਸੂਰਮੇ

-ਹਰਜੀਤ ਦਿਉਲ ਬਰੈਂਪਟਨ

ਇਤਹਾਸ ਵਿੱਚ ਇਹ ਉਹ ਲੋਕ ਸਨ ਜਿਨ੍ਹਾਂ ਵੱਡੀਆਂ ਮੱਲਾਂ ਮਾਰਦੇ ਹੋਏ ਦੁਨਿਆਂ ਦਾ ਮੁਹਾਂਦਰਾ ਬਦਲਨ ਵਿੱਚ ਅਹਿਮ ਯੋਗਦਾਨ ਪਾਇਆ ਜਿਸ ਖਾਤਰ ਉਨ੍ਹਾਂ ਅੱਗੇ ਸਿਰ ਆਪ ਮੁਹਾਰੇ ਝੁਕ ਜਾਂਦਾ ਹੈ ਪਰ ਮੈਂ ਗੱਲ ਕਰਨ ਲੱਗਾਂ ਅੱਜ ਦੇ ਸਮੇਂ ਦੇ ਕ੍ਰਾਂਤੀਕਾਰੀ ਜੁਝਾਰੂ ਸੂਰਮਿਆਂ ਦੀ ਜਿਨ੍ਹਾਂ ਦਾ ਖੜਕਾ ਦੜਕਾ ਬਹੁਤ ਵੱਡਾ ਪਰ ਹਾਸਲ ਅੱਜ ਤੱਕ ਕੋਈ ਦਰਜ ਹੋਇਆ  ਨਹੀਂ। ਅੱਜਕਲ ਇਨ੍ਹਾਂ ਸੂਰਮਿਆਂ ਦੀ ਭਰਮਾਰ ਹੈ। ਦੇਸੀ ਵਿਦੇਸੀ ਮੀਡਇਏ ਵਿਚ਼,ਧਾਡੇ ਅੱਗੇ ਪਿੱਛੇ, ਆਸ ਗੁਆਂਢ, ਗਲੀ ਮੁਹੱਲਿਆਂ ਬਾਜਾਰਾਂ, ਰੋਸ ਮੁਜਾਹਰਿਆਂ, ਧਰਨਿਆਂ, ਹੜਤਾਲਾਂ ਅਤੇ ਵੱਡੀਆਂ ਰੈਲੀਆਂ ਵਿੱਚ ਇਨ੍ਹਾਂ ਨੂੰ ਸਰਗਰਮ ਦੇਖਿਆ ਜਾ ਸਕਦਾ ਹੈ। ਟੀਚਾ ਕੋਈ ਵੀ ਹੋਵੇ ਨਿਸ਼ਾਨਾ ਹਕੂਮਤ ਨੂੰ ਬਨਾਉਣ ਵਿੱਚ ਇਨ੍ਹਾਂ ਦਾ ਜੋਸ਼ੋਖਰੋਸ਼ ਡੁਲ੍ਹ ਡੁਲ੍ਹ ਪੈਂਦਾ ਹੈ। ਬਿਨਾ ਕਿਸੇ ਠੋਸ ਰਣਨੀਤੀ ਦੇ ਇਹ ਇਨਕਲਾਬ ਨੂੰ ਸਿਰ 'ਤੇ ਚੁੱਕੀਂ ਫਿਰਦੇ ਹਨ। ਦਲੀਲਾਂ, ਤੱਥਾਂ ਦੀ ਘੋਖ ਕਰਨ ਜਾਂ ਦੂਰੰਦੇਸ਼ੀ ਵਿਵੇਕਸ਼ੀਲ ਪਹੁੰਚ ਅਪਨਾਉਣ ਵਿਚ ਸਮਾਂ ਬਰਬਾਦ ਕਰਨਾ ਇਹ ਬੁਰਜੁਆ ਜਾਂ ਫਜੂਲ ਦਾ ਕੰਮ ਸਮਝਦੇ ਹਨ। ਇਨ੍ਹਾਂ ਦੀ ਫੌਜ ਵਿਚ ਤੁਸੀਂ ਹਰ ਵਰਗ ਹਰ ਰੰਗ ਦੇ ਵਿਅਕਤੀ ਦੇਖ ਸਕਦੇ ਹੋ। ਬੇਰੋਜਗਾਰ ਨੌਜਵਾਨਾਂ ਤੋਂ ਲੈ ਕੇ ਸੱਤਾ ਸੁਖ ਲਈ ਤਰਲੋਮੱਛੀ ਹੋ ਰਹੇ ਰਾਜਨੀਤਕ ਆਗੂ, ਸੱਤਾ ਤੋਂ ਬੇਦਖਲ ਹੋਏ ਆਗੁ, ਸਾਬਕਾ ਗੈਂਗਸਟਰ, ਐਕਟਰ, ਖਿਡਾਰੀ, ਧਰਮ ਪ੍ਰਚਾਰਕ/ਰੱਖਿਅਕ, ਲੇਖਕ, ਕਵੀ, ਪੱਤਰਕਾਰ, ਇਤਿਹਾਸਕਾਰ, ਵਿਦਵਾਨ ਅਤੇ ਟੀ ਵੀ ਐਂਕਰ ਤੱਕ ਇਸ ਮਹਾਯੁੱਧ ਵਿੱਚ ਅਦੁੱਤੀ ਯੋਗਦਾਨ ਪਾ ਰਹੇ ਹਨ। ਕਈ ਵਾਰ ਤਾਂ ਇਨ੍ਹਾਂ ਦੀਆਂ ਭੀੜਾਂ ਵਿੱਚੋਂ ਹਿੰਸਕ, ਉਕਸਾਊ ਭੜਕਾਊ,  ਅਸੱਭਿਅਕ, ਅਸ਼ਲੀਲ ਅਤੇ ਗੈਰਮਿਆਰੀ ਜੁਮਲੇ ਸੁਨਣ ਨੂੰ ਮਿਲਦੇ ਹਨ ਜਿਨ੍ਹਾਂ ਦਾ ਅਸਰ ਅਰਾਜਕਤਾ ਵਿਚ ਦੇਖਿਆ ਜਾ ਸਕਦਾ ਹੈ। ਪਰ ਕੀ ਫਰਕ ਪੈਂਦਾ ਹੈ। ਇਸ ਆਪਮੁਹਾਰੀ ਜੰਗ ਵਿਚ ਸਭ ਜਾਇਜ ਹੈ। ਹੱਕਾਂ ਦੀ ਦੁਹਾਈ ਦਿੰਦੇ ਇਨ੍ਹਾਂ ਲੋਕਾਂ ਦੇ ਸੰਵੀਧਾਨ ਵਿੱਚ ਵਿਰੋਧੀਆਂ ਲਈ ਕੋਈ ਹੱਕ ਨਹੀਂ। ਇਨ੍ਹਾਂ ਸੂਰਮਿਆਂ ਦੇ ਬਹੁਤੇ ਸਪੋਰਟਰ ਦੂਰੋਂ ਹੀ ਇਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਦੇਖੇ ਜਾ ਸਕਦੇ ਹਨ ਜਿਵੇਂ ਖੇਡ ਦੇ ਮੈਦਾਨ ਵਿੱਚ ਦਰਸ਼ਕ ਕਰਦੇ ਹਨ। ਇਸ ਸੰਦਰਭ ਵਿੱਚ ਮੈਂਨੂੰ ਇੱਕ ਹੋਰ ਮਿਸਾਲ ਬੜੀ ਰੋਚਕ ਲੱਗਦੀ ਹੈ। ਸਟੰਟ ਫਿਲਮਾਂ ਦੇਖਿਆ ਕਰਦੇ ਸਾਂ ਜਿਨ੍ਹਾਂ ਦੇ ਅਖੀਰ ਵਿੱਚ ਜਦ ਖਲਨਾਇਕ ਦੇ ਪਾਪਾਂ ਦਾ ਘੜਾ ਭਰ ਜਾਂਦਾ ਸੀ ਤਾਂ ਪੁਲਿਸ ਆਉਣ ਤੋਂ ਪਹਿਲਾਂ ਫਿਲਮ ਦਾ ਨਾਇਕ ਪ੍ਰਕਟ ਹੋ ਖਲਨਾਇਕ ਦੀ ਜਬਰਦਸਤ ਧੁਨਾਈ ਕਰਿਆ ਕਰਦਾ ਸੀ। ਉਸ ਸਮੇਂ ਸਭ ਤੋਂ ਅਗਲੀਆਂ ਸੀਟਾਂ 'ਤੇ ਬਿਰਾਜਮਾਨ ਸੂਰਮੇਂ ਹੀਰੋ ਦੀ ਇਵੇਂ ਹੌਸਲਾ ਅਫਜਾਈ ਕਰਿਆ ਕਰਦੇ ਸਨ " ਮਾਰ ਸਾਲੇ ਕੋ, ਛੋੜਿਉ ਮਤ ਇਸ ਕਮੀਨੇ ਕੋ, ਟੈਂਟੀਆ ਦਬਾ ਦੇ ਸਾਲੇ ਕੀ"। 'ਤੇ ਜਦ ਹੀਰੋ ਇਨ੍ਹਾਂ ਦੀ ਫਰਮਾਇਸ਼ ਪੂਰੀ ਕਰ ਦਿੰਦਾ ਸੀ ਤਾਂ ਇਹ ਖੁਸ਼ੀ 'ਚ ਖੀਵੇ ਹੋਏ ਕਈ ਵਾਰ ਕੁਰਸੀਆਂ 'ਤੇ ਚੜ੍ਹ ਨੱਚਣ ਵੀ ਲੱਗ ਜਾਂਦੇ ਸਨ। ਸੋ ਜਨਾਬ ਅਸਲ ਸੂਰਮੇਂ ਤਾਂ ਇਤਿਹਾਸ ਦੇ ਵਰਕਿਆਂ ਤੱਕ ਸੀਮਤ ਰਹਿ ਜਾਣੇ ਹਨ ਅਤੇ ਇਸ ਨਸਲ ਦੇ ਸੂਰਮਿਆਂ ਦਾ ਜਮਾਨਾ ਆ ਜਾਣ ਦੇ ਪੂਰੇ ਆਸਾਰ ਹਨ।

-ਖ਼ਬਰਨਾਮਾ #1148, ਸਤੰਬਰ 24-2021

 


ਪਤੀ ਪਤਨੀ ਅਤੇ ਦਿਆਲੂ ਰੱਬ!

- ਹਰਜੀਤ ਦਿਉਲ ਬਰੈਂਪਟਨ

ਸਾਰੀ ਉਮਰ ਪਤੀ ਪਤਨੀ ਨੇ ਆਪਸ ਵਿਚ ਲੜਦੇ ਭਿੜਦੇ ਬਿਤਾ ਲਈ 'ਤੇ ਆਖਰ ਇਸ ਦੁਨਿਆਂ ਤੋਂ ਰੁਖਸਤ ਹੋ ਗਏ। ਪਰਲੋਕ ਵਿਚ ਜਿਵੇਂ ਸਭ ਨੂੰ 'ਰੱਬ ਜੀ' ਦੇ ਦਰਬਾਰ ਪੇਸ਼ ਹੋਣਾ ਪੈਂਦਾ ਇਹ ਵੀ ਹੋਏ। ਰੱਬ ਜੀ ਬੜੇ ਦੁਖੀ ਹੋ ਇਸ ਜੋੜੇ ਨੂੰ ਸਮਝਾਇਆ ਕਿ ਉਨ੍ਹਾਂ ਆਪਣਾ ਕੀਮਤੀ ਜੀਵਨ ਲੜਨ ਭਿੜਨ ਵਿਚ ਹੀ ਤਬਾਹ ਕਰ ਲਿਆ 'ਤੇ ਪਿਆਰ ਨਾਲ ਇਸ ਦਾ ਅਨੰਦ ਨਹੀਂ ਮਾਣਿਆ। ਇਸ 'ਤੇ ਪਤੀ ਪਤਨੀ ਨੂੰ ਬੜਾ ਪਛਤਾਵਾ ਹੋਇਆ 'ਤੇ ਆਪਣੀ ਗਲਤੀ ਸਵੀਕਾਰ ਕੀਤੀ। ਰੱਬ ਜੀ ਨੂੰ ਉਨ੍ਹਾਂ 'ਤੇ ਤਰਸ ਆ ਗਿਆ ਅਤੇ ਉਨ੍ਹਾਂ ਨੂੰ ਥੋੜੇ ਸਮੇਂ ਲਈ ਸੰਸਾਰ ਵਿਚ ਮੁੜ ਜਿਉਣ ਲਈ ਭੇਜ ਦਿੱਤਾ ਗਿਆ, ਇਸ ਸ਼ਰਤ 'ਤੇ ਕਿ ਉਹ ਇਹ ਸਮਾਂ ਪਿਆਰ ਮੁਹੱਬਤ ਨਾਲ ਬਿਤਾਉਣਗੇ। ਪਤੀ ਪਤਨੀ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਪਰੀਵਾਰਕ ਲੋਕਾਂ ਦਾ ਤਰਾਹ ਨਿਕਲ ਗਿਆ ਜਦ ਇਹ ਜੋੜਾ ਅੱਖਾਂ ਮਲਦਾ ਉੱਠ ਖਲੋਤਾ। ਖੈਰ ਘਰ ਆ ਇਨ੍ਹਾਂ ਬੜੇ ਪਿਆਰ ਨਾਲ ਰਹਿਣਾ ਸ਼ੁਰੂ ਕੀਤਾ। ਇੱਕ ਦਿਨ ਪਤਨੀ ਬੋਲੀ " ਦੇਖੋ ਪਿਆਰ ਅਤੇ ਸ਼ਾਂਤੀ ਨਾਲ ਰਹਿਣ ਵਿੱਚ ਕਿੰਨਾ ਅਨੰਦ ਹੈ। ਅਸਾਂ 'ਤੇ ਆਪਣਾ ਜੀਵਨ ਵਿਅਰਥ ਹੀ ਗੁਆ ਲਿਆ ਸੀ।" ਇਸ 'ਤੇ ਪਤੀ ਬੋਲਿਆ "ਭਾਗਵਾਨੇ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ। ਤੂੰ ਕਦੇ ਮੈਂਨੂੰ ਸਮਝਣ ਦੀ ਕੋਸ਼ਸ਼ ਨਹੀਂ ਕੀਤੀ। ਬਹੁਤਾ ਕਸੂਰ ਤੇਰਾ ਹੀ ਸੀ"। ਇੱਕ ਪਤਨੀ ਆਪਣਾ ਕਸੂਰ ਮੰਨ ਲਵੇ ਤਾਂ ਉਹ ਪਤਨੀ ਕਾਹਦੀ ਹੋਈ। ਇਸ 'ਤੇ ਪਤਨੀ ਤਿੜਕ ਪਈ ਅਤੇ ਕਹਿਣ ਲੱਗੀ " ਤੂੰ ਤਾਂ ਹਮੇਸ਼ਾ ਸਾਰੀ ਉਮਰ ਮੇਰੇ ਵਿਚ ਹੀ ਦੋਸ਼ ਕੱਢਦਾ ਰਿਹਾ। ਕਦੇ ਆਪਣੀਆਂ ਕਰਤੂਤਾ 'ਤੇ ਨਿਗਾਹ ਮਾਰੀ। ਤੇਰੇ ਵਰਗੇ ਬੋਕ ਦੇ ਲੜ ਲੱਗ ਤਾਂ ਮੈਂ ਜਿੰਦਗੀ ਤਬਾਹ ਕਰ ਲਈ"। ਇਸ 'ਤੇ ਪਤੀ ਅੱਗ ਬਬੂਲਾ ਹੋ ਗਿਆ 'ਤੇ ਲੱਗਾ ਪਤਨੀ ਨੂੰ ਖਰੀਆ ਖਰੀਆ ਸੁਨਾਉਣ। ਇਸ ਝਗੜੇ ਦਾ ਅੰਤ ਤਦ ਹੋਇਆ ਜਦ ਰੱਬ ਦੁਆਰਾ ਦਿੱਤਾ ਉਨ੍ਹਾਂ ਦਾ ਸਮਾਂ ਸਮਾਪਤ ਹੋ ਚੁੱਕਿਆ ਸੀ ਅਤੇ ਝੋਟੇ ਉੱਤੇ ਸਵਾਰ ਯਮਰਾਜ ਉਨ੍ਹਾਂ ਦੇ ਬੂਹੇ ਅੱਗੇ ਆ ਖਲੋਤਾ। ਫੇਰ ਦਿਆਲੂ ਰੱਬ ਅੱਗੇ ਪੇਸ਼ੀ ਹੋਈ ਅਤੇ ਬੜੀ ਝਾੜ ਝੰਬ ਦਾ ਸਾਮ੍ਹਣਾ ਕਰਨਾ ਪਿਆ। ਪਤੀ ਪਤਨੀ ਬੜੇ ਸ਼ਰਮਿੰਦਾ ਹੋਏ 'ਤੇ ਰੱਬ ਜੀ ਦੇ ਪੈਰਾਂ 'ਤੇ ਡਿਗ ਮਾਫੀਆਂ ਮੰਗਣ ਲੱਗੇ। ਨਾਲ ਹੀ ਮਿੰਨਤਾ ਤਰਲੇ ਕਰ ਰੱਬ ਜੀ ਨੂੰ ਥੋੜਾ ਜਿਹਾ ਸਮਾਂ ਹੋਰ ਬਖ਼ਸ਼ਿਸ਼ ਕਰਨ ਦੀ ਬੇਨਤੀ ਕੀਤੀ ਜੋ ਬਖ਼ਸ਼ਣਹਾਰ ਰੱਬ ਜੀ ਨੇ ਫੇਰ ਮੰਨ ਲਈ। ਉਨ੍ਹਾਂ ਨੂੰ ਫੇਰ ਜੀਵਤ ਕਰ ਦੁਨਿਆਂ ਵੱਲ ਭੇਜਣ ਦਾ ਹੁਕਮ ਜਾਰੀ ਹੋ ਗਿਆ। ਪਰ ਰੰਗ ਵਿਚ ਭੰਗ ਉਦੋਂ ਪੈ ਗਿਆ ਜਦ ਚਿੱਤਰਗੁਪਤ ਹੁਰਾਂ ਰੱਬ ਜੀ ਨੂੰ ਦੱਸਿਆ ਪਈ ਜਨਾਬ ਇਹ ਹੁਣ ਸੰਭਵ ਨਹੀਂ ਹੋ ਸਕਦਾ ਕਿਉਂਕਿ ਘਰਵਾਲਿਆਂ ਇਸ ਬਾਰ ਉਨ੍ਹਾਂ ਦੇ ਅੰਤਮ ਸੰਸਕਾਰ ਵਿਚ ਦੇਰ ਨਾ ਕਰਦਿਆਂ ਦੋਹਾਂ ਦਾ ਦਾਹ ਸੰਸਕਾਰ ਭੁਗਤਾ ਦਿੱਤਾ ਹੈ। ਰੱਬ ਜੀ ਨੇ ਮੋਢੇ ਛੰਡ ਆਪਣੀ ਲਾਚਾਰੀ ਦਾ ਪ੍ਰਗਟਾਵਾ ਕੀਤਾ ਅਤੇ ਨਿਰਾਸ਼ ਪਤੀ ਪਤਨੀ ਮਾਯੂਸ ਹੋ ਪਰਲੋਕ ਦੀ ਅਗਲੇਰੀ ਕਾਰਵਾਈ ਲਈ ਲੱਗੀ ਲਾਈਨ ਵਿਚ ਜਾ ਖਲੋਤੇ।

ਖ਼ਬਰਨਾਮਾ #1147, ਸਤੰਬਰ 17-2021


ਮਸਲਾ ਧਰਮਾਂ ਦੀ ਹਾਰਸ ਪਾਵਰ ਦਾ

- ਹਰਜੀਤ ਦਿਉਲ ਬਰੈਂਪਟਨ

 

ਘਾਣੀ ਇਵੇਂ ਹੋਈ ਪਈ ਅਸਾਂ ਚਾਰ ਮਿੱਤਰਾਂ ਆਪੋ ਆਪਣੇ ਧਰਮ ਦੀ ਹਾਰਸ ਪਾਵਰ ਅਜਮਾਉਣ ਦੀ ਠਾਣ ਲਈ। ਸਾਡੇ ਵਿੱਚੋਂ ਇੱਕ ਹਿੰਦੂ ਸੀ ਜੋ ਇਸ ਬਾਰੇ ਬੜਾ ਉਤਾਵਲਾ ਸੀ ਬੋਲਿਆ " ਯਾਰੋ ਯਕੀਨ ਕਰ ਲਉ ਹਿੰਦੂ ਧਰਮ ਜਿੰਨਾ ਸ਼ਕਤੀਸ਼ਾਲੀ ਹੋਰ ਕੋਈ ਧਰਮ ਨਹੀਂ। ਪਿੱਛੇ ਜਿਹੇ ਸਾਡੇ ਇੱਕ ਕੇਂਦਰੀ ਮੰਤਰੀ ਵੀ ਐਲਾਨਿਆ ਹੈ ਕਿ ਸਰਜਰੀ ਵਿੱਚ ਸਾਡਾ ਕੋਈ ਸਾਨੀ ਨਹੀਂ ਕਿਉਂਕਿ ਅਸਾਂ ਤਾ ਮਨੁੱਖ ਦੇ ਧੜ 'ਤੇ ਹਾਥੀ ਦਾ ਸਿਰ ਫਿਟ ਕਰਨ 'ਚ ਕਾਮਯਾਬ ਹੋਏ ਹਾਂ। ਹਜਾਰਾਂ ਸਾਲ ਪਹਿਲਾਂ ਰਾਮਾਇਣ ਕਾਲ ਵਿਚ ਸਾਡੇ ਪੁਰਖੇ ਵਿਮਾਨਾਂ ਵਿਚ ਉੱਡੇ ਫਿਰਦੇ ਸਨ। ਵਿਗਿਆਨੀਆਂ ਕਿਤੇ ਬਾਅਦ ਵਿਚ ਵਿਮਾਨ ਬਣਾਏ।"  ਮੈਂ ਸਿੱਖ ਹੋਣ ਨਾਤੇ ਆਪਣੇ ਧਰਮ ਨੂੰ ਭੁੰਜੇ ਕਿਵੇਂ ਡਿੱਗਣ ਦਿੰਦਾ ਸੋ ਬੋਲਿਆ "ਭਰਾਵੋ ਅੱਜ ਸਭ ਤੋਂ ਅਹਿਮ ਖੋਜਾਂ ਬ੍ਰਹਿਮੰਡ ਬਾਰੇ ਹੋ ਰਹੀਆਂ ਹਨ ਜਿਨ੍ਹਾਂ ਸਦਕਾ ਮਨੁੱਖ ਹੋਰ ਗ੍ਰਹਾਂ 'ਤੇ ਜਾ ਵਸਣ ਨੂੰ ਫਿਰਦਾ। ਤੇ ਜਾਣਦੇ ਹੋ ਇਨ੍ਹਾਂ ਮਹਾਨ ਖੋਜਾਂ ਦਾ ਸਿਹਰਾ ਜਿਸ ਅਮਰੀਕੀ ਸੰਸਥਾ ਨਾਸਾ ਸਿਰ ਬੱਝਦਾ  ਉਸ ਦੀ ਇਮਾਰਤ ਦੀ 7ਵੀਂ ਮੰਜਲ 'ਤੇ ਸਾਡੇ ਧਰਮ ਗ੍ਰੰਥ ਦਾ ਪ੍ਰਕਾਸ਼ ਹੈ। ਜਿਸ ਤੋਂ ਸੇਧ ਲੈ ਸਭ ਕੁਝ ਹੋ ਰਿਹੈ।" ਮੇਰੇ ਧਰਮ ਦੀ ਹਾਰਸ ਪਾਵਰ ਸੁਣ ਇੱਕ ਵਾਰ ਤਾਂ ਸਭ ਜਰਕ ਗਏ ਪਰ ਛੇਤੀ ਕਿਤੇ ਹਾਰ ਕੌਣ ਮੰਨਦਾ। ਹੁਣ ਮੁਸਲਮਾਨ ਮਿੱਤਰ ਦੀ ਵਾਰੀ ਸੀ। ਉਹ ਮੁਸਕਰਾਇਆ 'ਤੇ ਬੋਲਿਆ " ਤੁਸੀਂ ਵਾਧੂ ਦੀਆਂ ਡੀਂਗਾਂ ਪਏ ਮਾਰਦੇ ਹੋ, ਸਾਡੇ ਇਸਲਾਮ ਨੇ ਸਾਰੀ ਦੁਨਿਆਂ 'ਤੇ ਰਾਜ ਕਰਨ ਦਾ ਪ੍ਰਬੰਧ ਕਰ ਰੱਖਿਆ। ਜਾਣਦੇ ਹੋ ਇਸਲਾਮ ਦੀ ਬੇਹਤਰੀ ਲਈ ਜਿਹਾਦ ਰਾਹੀਂ ਸ਼ਹੀਦ ਹੋਣ ਵਾਲਿਆਂ ਲਈ ਸਾਡੇ ਵਲ ਜੋ ਡੀਲ ਹੈ ਸੁਣ ਕੇ ਧਾਡੀਆਂ ਲਾਰਾਂ ਟਪਕਣ ਲੱਗ ਜਾਣੀਆਂ। ਕਾਫਰਾਂ ਦਾ ਸਫਾਇਆ ਕਰਨ ਵਾਲਿਆਂ ਨੂੰ ਬਹਿਸ਼ਤ ਵਿੱਚ 72 ਹੂਰਾਂ ਉਪਲਬਧ ਹੋਣਗੀਆਂ ਜੋ ਤਰ੍ਹਾਂ ਤਰ੍ਹਾਂ ਦੀਆ ਸ਼ਰਾਬਾਂ ਦੇ ਪਿਆਲੇ ਲਈਂ ਧਾਡੇ ਆਲੇ ਦੁਆਲੇ ਫਿਰਨਗੀਆਂ। ਜਰਾ ਸੋਚੋ ਇੱਕ ਹੱਥੋਂ ਜਾਮ ਪੀਣ ਬਾਅਦ ਦੂਜੀ ਧਾਡੇ ਸਾਮ੍ਹਣੇ ਤਸ਼ਤਰੀ ਵਿਚ ਭੁੰਨਿਆ ਚਿਕਨ ਅਤੇ ਨਿੰਬੂ ਨਾਲ ਸਲਾਦ ਪੇਸ਼ ਕਰ ਕਹੇ 'ਨੋਸ਼ ਫਰਮਾਈਏ'। ਇਸ ਤਰ੍ਹਾਂ ਅਸੀਂ ਸਾਰੇ ਜਹਾਦੀ ਬਣ ਸਾਰੀ ਦੁਨਿਆਂ 'ਤੇ ਸ਼ਰੀਅਤ ਰਾਹੀਂ ਰਾਜ ਕਰਾਂਗੇ"। ਉਸ ਦੀ ਸੁਣ ਤਾਂ ਸਾਡੀ ਖਾਨਿਉਂ ਗਈ। ਉਂਝ ਦਿਲ ਕੀਤਾ ਅਸੀਂ ਵੀ ਮੁਸਲਮਾਨ ਬਣ ਜਹਾਦੀ ਬਣ ਜਾਈਏ। ਚੌਥਾ ਸਾਥੀ ਕ੍ਰਿਸ਼ਚੀਅਨ ਸੀ। ਅਖੀਰ ਵਿਚ ਉਸ ਆਪਣਾ ਪੱਖ ਰੱਖਿਆ " ਸੱਜਣੋ ਧਾਡੇ ਤਾਕਤਵਰ ਧਰਮਾਂ ਦਾ ਕੋਈ ਸਾਨੀ ਨਹੀਂ ਪਰ ਮੈਂ ਅਰਜ ਕਰਨੀ ਹੈ ਕਿ ਤੁਸੀਂ ਸਾਰੇ ਆਪਣੇ ਮੁਲਕਾਂ ਵਿਚ ਇੰਨੇ ਤਾਕਤਵਰ ਧਰਮਾਂ ਦੇ ਹੁੰਦੇ ਹੋਏ ਵੀ ਕ੍ਰਿਸ਼ਚੀਅਨ ਮੁਲਕਾਂ ਵੱਲ ਭੱਜੇ ਆਉਂਦੇ ਹੋ ਕਿਉਂ? ਕਿਉਂਕਿ ਸਾਡੇ ਕ੍ਰਿਸ਼ਚੀਅਨ ਧਰਮ ਕੋਲੋਂ ਅਤੀਤ ਵਿਚ ਭਾਵੇਂ ਕੁਝ ਗਲਤੀਆਂ ਕੀਤੀਆ ਹੋਣ ਪਰ ਅੱਜ ਸਭਿਅਕ ਦੁਨਿਆਂ ਦੇ ਅਸੀਂ ਮੋਹਰੀ ਹਾਂ ਅਤੇ ਆਜਾਦ ਖਿਆਲ ਦੁਨਿਆਂ ਦੇ ਸਿਰਤਾਜ। ਬਸ ਮੇਰਾ ਇੰਨਾ ਹੀ ਕਹਿਣਾ ਹੈ"। ਜਦ ਨਿਰਪੱਖਤਾ ਨਾਲ ਸੋਚਿਆ ਤਾਂ ਉਸ ਦੀ ਦਲੀਲ ਦੀ ਸਾਡੇ ਕੋਲ ਕੋਈ ਕਾਟ ਨਹੀਂ ਸੀ। ਅਤੇ ਸਭ ਤੋਂ ਵੱਧ 'ਹਾਰਸ ਪਾਵਰ' ਦੀ ਸਨਦ ਉਸ ਦਾ ਧਰਮ ਲੈ ਗਿਆ।

-ਖ਼ਬਰਨਾਮਾ #1146, ਸਤੰਬਰ 10-2021

 


ਆਪੇ ਕਾਜ ਸਵਾਰੀਏ

- ਹਰਜੀਤ ਦਿਉਲ ਬਰੈਂਪਟਨ

ਦੇਸ਼ ਭਾਰਤ। ਸਟੇਟ ਮਹਾਰਾਸ਼ਟਰ। ਜਿਲਾ ਅਹਿਮਦਨਗਰ। ਪਿੰਡ ਹਿਵਰੇ ਬਾਜਾਰ। ਸਮਾਂ 1972। ਭਿਆਨਕ ਸੋਕਾ ਪਿਆ। ਪਾਣੀ ਦੀ ਕਮੀ ਖੁਣੋਂ ਫਸਲਾਂ ਸੁੱਕ ਗਈਆਂ। ਡੰਗਰ ਪਸੂ ਮਰਨ ਲੱਗੇ। ਪਹਿਲਾਂ ਤੋਂ ਹੀ ਗਰੀਬੀ ਦੀ ਮਾਰ ਹੰਢਾ ਰਹੇ ਪਿੰਡਵਾਸੀਆਂ ਨੇ ਹੋਰ ਕੋਈ ਚਾਰਾ ਨਾ ਦੇਖ ਪਲਾਇਨ ਅਰੰਭਿਆ। ਲੋਕੀ ਕੰਮ ਦੀ ਭਾਲ 'ਚ ਨੇੜਲੇ ਸ਼ਹਿਰਾਂ ਵੱਲ ਵਹੀਰਾਂ ਘੱਤੀਆਂ। 1989 ਵਿਚ ਪੰਚਾਇਤ ਦੀ ਚੋਣ ਹੋਈ ਤਾਂ ਪਿੰਡ ਦਾ ਇਕੋ ਇੱਕ ਪੋਸਟ ਗਰੇਜੂਏਟ ਪੋਪਟਰਾਉ ਪਵਾਰ ਸਰਪੰਚ ਚੁਣਿਆ ਗਿਆ ਜਾਣੋ ਪਿੰਡ ਦੀ ਕਿਸਮਤ ਜਾਗ ਪਈ। ਇਸ ਪਿੰਡ ਤੋਂ 35 ਕਿਲੋਮੀਟਰ ਦੂਰ ਦੇ ਇੱਕ ਪਿੰਡ ਵਿੱਚ ਅੰਨਾਹਜਾਰੇ ਨੇ ਸ੍ਰਮਦਾਨ (ਕਾਰ ਸੇਵਾ) ਦੁਆਰਾ ਪਾਣੀ ਸੰਭਾਲ ਯੋਜਨਾ ਦੁਆਰਾ ਬਹੁਤ ਸ਼ਲਾਘਾਯੋਗ ਕੰਮ ਕਰਵਾਇਆ ਸੀ। ਇਸ ਪਿੰਡ ਦੇ ਸਰਪੰਚ ਨੇ ਵੀ ਇਸੇ ਤਰ੍ਹਾਂ ਦਾ ਕੁਝ ਠੋਸ ਕਰਨ ਦੀ ਠਾਣ ਲਈ। ਸਭ ਦੇ ਸਹਿਯੋਗ ਨਾਲ ਇਸ ਇਲਾਕੇ ਵਿਚ ਚਲ ਰਹੇ 22 ਨਜਾਇਜ ਸ਼ਰਾਬ ਦੇ ਠੇਕੇ ਬੰਦ ਕਰਵਾਏ। ਸਮਾਜਕ ਰਸਮਾਂ ਵਿਚ ਫਿਜੂਲ ਖਰਚੀ 'ਤੇ ਰੋਕ ਲਾਈ। ਸਰਕਾਰ ਦੀ ਮਦਦ ਨਾਲ ਕਿਸਾਨਾਂ ਲਈ ਬੈਂਕ ਲੋਨ ਮਨਜੂਰ ਕਰਵਾਏ। ਕੁਝ ਸ੍ਰਮਦਾਨ (ਕਾਰਸੇਵਾ) ਕੀਤਾ ਬਾਕੀ ਸਰਕਾਰੀ ਮਦਦ ਲਈ ਗਈ। ਜਲ ਸੰਭਾਲ ਯੋਜਨਾ ਜੰਗੀ ਪੱਧਰ 'ਤੇ ਅਰੰਭ ਕੀਤੀ। 52 ਬੰਨ੍ਹ ਬਣਾਏ ਗਏ। ਬਾਰਸ਼ ਦਾ ਪਣੀ ਸੰਭਾਲਿਆ ਗਿਆ। ਜਿਆਦਾ ਪਾਣੀ ਲੋੜੀਂਦੇ ਕੇਲੇ ਅਤੇ ਗੰਨੇ ਦੀ ਫਸਲ ਰੋਕ ਡੇਅਰੀ ਵੱਲ ਧਿਆਨ ਦਿੱਤਾ ਗਿਆ। ਇੱਕ ਸਿਆਣੀ ਅਗਵਾਈ ਦੁਆਰਾ ਵਿੱਢੇ ਇਸ ਸੰਘਰਸ਼ ਨੇ ਛੇਤੀ ਹੀ ਨਤੀਜੇ ਦਿਖਾਉਣੇ ਸ਼ੁਰੂ ਕੀਤੇ। 1990 ਵਿਚ ਉਲਟ ਪਲਾਇਨ (ਰਿਵਰਸ ਮਾਈਗਰੇਸ਼ਨ) ਅਰੰਭ ਹੋ ਗਿਆ। ਹੌਲੀ ਹੌਲੀ ਲੋਕੀਂ ਵਾਪਸ ਪਰਤਣ ਲੱਗੇ। 235 ਪਰੀਵਰਾਂ ਅਤੇ ਲਗਭਗ 1250 ਦੀ ਆਬਾਦੀ ਵਾਲੇ ਇਸ ਪਿੰਡ ਦੀ ਮੰਥਲੀ ਆਮਦਨ 850 ਤੋਂ ਵਧ ਕੇ 30,000 ਤੱਕ ਅਪੜ ਗਈ। 11 ਸਤੰਬਰ 2007 ਨੂੰ ਰਾਜ ਸਰਕਾਰ ਨੇ ਇਸ ਪਿੰਡ ਨੂੰ ਆਦਰਸ਼ ਪਿੰਡ ਐਲਾਨਿਆ ਅਤੇ ਕੇਂਦਰ ਵੱਲੋਂ ਪੁਰਸਕਾਰ ਦਿੱਤਾ ਗਿਆ। 'ਆਪੇ ਕਾਜ ਸਵਾਰੀਏ' ਦੀ ਇਹ ਇੱਕ ਮਿਸਾਲ ਹੈ ਜੋ ਹੋਰ ਵੀ ਕਈ ਪਿੰਡਾਂ ਵਿਚ ਕਾਰਜਸ਼ੀਲ ਸੁਣੀ ਗਈ ਹੈ ਵਰਨਾ 'ਲਾਅਲਾ ਲਾਅਲਾ' ਕਰ ਅਫਰਾ ਤਫਰੀ ਫੈਲਾਉਣ ਵਾਲੀ ਲੀਡਰਸ਼ਿਪ ਦੀ ਵੀ ਘਾਟ ਨਹੀਂ ਹੈ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਬਰਬਾਦੀ ਦੇ ਰਾਹ ਤੋਰਨ ਦੀ ਕੋਈ ਕਸਰ ਨਹੀਂ ਛੱਡਦੀ। ਹੋ ਸਕਦਾ ਹੈ ਜਿਨ੍ਹਾਂ ਸਮੱਸਿਆਵਾਂ ਦੇ ਹਲ ਲਈ ਅਸੀਂ ਸਿਰਤੋੜ ਜੂਝ ਰਹੇ ਹੋਈਏ ਉਨ੍ਹਾਂ ਦੇ ਹਲ ਦੀ ਕੁੰਜੀ ਸਾਡੀ ਆਪਣੀ ਹੀ ਜੇਬ ਵਿਚ ਪਈ ਹੋਵੇ।

-ਖ਼ਬਰਨਾਮਾ #1145, ਸਤੰਬਰ 03-2021

 


ਧਰਮਾਂ ਦੇ ਕਰੂਪ ਚਿਹਰੇ

- ਹਰਜੀਤ ਦਿਉਲ ਬਰੈਂਪਟਨ

ਮਨੁੱਖਤਾ ਦੇ ਇਤਿਹਾਸ ਵਿਚ ਧਰਮਾਂ ਦਾ ਪ੍ਰਵੇਸ਼ ਕਿਹੜੀਆਂ ਹਾਲਤਾਂ ਵਿਚ ਅਤੇ ਕਿਵੇਂ ਹੋਇਆ, ਇਸ ਬਾਰੇ ਤਾਂ ਕਿਸੇ ਵਿਦਵਾਨ ਦੀ ਕੋਈ ਪ੍ਰਮਾਣਕ ਲਿਖਤ ਸਾਮ੍ਹਣੇ ਨਹੀਂ ਆਈ ਪਰ ਇਨ੍ਹਾਂ ਧਰਮਾਂ ਦੁਆਰਾ ਸਮੇਂ ਸਮੇਂ ਮਨੁੱਖਤਾ ਦਾ ਘਾਣ ਹੁੰਦਾ ਅਕਸਰ ਨਜਰੀਂ ਪੈਂਦਾ ਰਹਿਂਦਾ ਹੈ। ਕ੍ਰਿਸ਼ਚੀਅਨ ਧਰਮ ਜਿਸ ਨੂੰ ਮੁਕਾਬਲਤਨ ਘੱਟ ਹਿਂਸਕ ਅਤੇ ਵੱਧ ਸਭਿਅਕ ਕਹਿ ਸਕਦੇ ਹਾਂ, ਕਨੈਡਾ ਦੇ ਆਦੀਵਾਸੀ ਬੱਚਿਆਂ ਦੀਆਂ ਅਨਾਮ ਕਬਰਾਂ ਲੱਭਣ ਨਾਲ ਵਿਵਾਦਾਂ ਵਿਚ ਘਿਰ ਗਿਆ ਹੈ। ਪਰ ਸਕੂਨ ਇਸ ਗੱਲ ਦਾ ਹੈ ਕਿ ਅੱਜ ਦੇ ਕ੍ਰਿਸ਼ਚੀਅਨ ਧਰਮ ਮੰਨਣ ਵਾਲੇ ਅਤੀਤ ਵਿਚ ਹੋਏ ਇਸ ਗੁਨਾਹ ਲਈ ਨਾ ਸਿਰਫ ਸ਼ਰਮਸਾਰ ਮਹਿਸੂਸ ਕਰਦੇ ਹਨ ਬਲਕਿ ਧਾਰਮਕ ਕੱਟੜਤਾ ਤੋਂ ਲਾਂਭੇ ਵੀ ਹੁੰਦੇ ਜਾ ਰਹੇ ਹਨ। ਇਸਲਾਮ ਬਾਰੇ ਕਈ ਮੁਸਲਮ ਵਿਦਵਾਨਾਂ ਬਹੁਤ ਸਪਸ਼ਟ ਸ਼ਬਦਾਂ ਰਾਹੀਂ ਜਾਹਰ ਕੀਤਾ ਹੈ ਕਿ ਇਸ ਧਰਮ ਵਿੱਚ ਅਣਮਨੁੱਖੀ ਅਮਲਾਂ ਦੀ ਘਾਟ ਨਹੀਂ। ਅਲੀ ਸੀਨਾ ਨਾਮੀ ਮੁਸਲਮ ਲੇਖਕ ਨੇ ਆਪਣੀ ਪੁਸਤਕ 'ਅੰਡਰਸਟੈਂਡਿੰਗ ਮੁਹੰਮਦ' ਵਿਚ ਇਸ ਵਿਸ਼ੇ ਦੀ ਮੁਕੰਮਲ ਚੀਰਫਾੜ ਕੀਤੀ ਹੈ। ਸਲਮਨ ਰੁਸ਼ਦੀ ਨੇ ਕੁਰਾਨ 'ਚ ਮੌਜੂਦ ਇਹੋ ਜਿਹੀਆਂ ਉਦਾਹਰਣਾਂ ਦਾ ਜਿਕਰ ਆਪਣੀ ਲਿਖਤ 'ਦ ਸੈਟੇਨਿਕ ਵਰਸਿਜ਼' ਵਿਚ ਕੀਤਾ ਜਿਸ ਲਈ ਉਸ ਨੂੰ ਕੱਟੜਪੰਥੀਆਂ ਤੋਂ ਬਚਣ ਲਈ ਬ੍ਰਿਟੇਨ ਵਿਚ ਸ਼ਰਣ ਲੈਣੀ ਪਈ। ਤਸਲੀਮਾ ਨਸਰੀਨ ਨੇ ਇਸਲਾਮ ਵਿਚ ਔਰਤਾਂ ਦਾ ਮੰਦਾ ਹਾਲ ਬਿਆਨਿਆਂ ਜਿਸ ਲਈ ਉਹ ਭਾਰਤ ਵਿਚ ਸ਼ਰਣਾਗਤ ਹੈ। ਹਿੰਦੂ ਧਰਮ ਵਿੱਚ ਵੀ ਬਹੁਤ ਕੁਝ ਅੱਜ ਦੇ ਸਭਿਅਕ ਸਮਾਜ ਨਾਲ ਮੇਲ ਨਹੀਂ ਖਾਂਦਾ ਅਤੇ ਧਾਰਮਕ ਕੱਟੜਤਾ ਦੇ ਪੈਰੋਕਾਰ ਸਮੇਂ ਸਮੇਂ ਸਿਰ ਉਠਾਉਣ ਦਾ ਯਤਨ ਕਰਦੇ ਰਹਿੰਦੇ ਹਨ। ਇਹ ਲੋਕ ਹਿੰਦੂ ਧਰਮ ਦੀ ਆਲੋਚਨਾ ਨੂੰ ਰੋਕਣ ਲਈ ਡੰਡਾ ਸੋਟਾ ਚੁੱਕੀਂ ਫਿਰਦੇ ਹਨ। ਤਸੱਲੀ ਇਸ ਗੱਲ ਦੀ ਹੈ ਕਿ ਲੰਮੇ ਸਮੇਂ ਤੋਂ ਦਿੱਲੀ ਪ੍ਰੈਸ ਤੋਂ ਛਪਦੀ 'ਸਰਿਤਾ' ਨਾਮੀਂ ਪਤ੍ਰਿਕਾ' ਨੇ ਇਨ੍ਹਾਂ ਕੱਟੜਪੰਥੀਆਂ ਨਾਲ ਲੋਹਾ ਲਿਆ ਹੈ 'ਤੇ ਅਗਾਂਹਵਧੂ ਹਿੰਦੂ ਐਸੇ ਨਿਰਪੱਖ ਮੀਡੀਏ ਦਾ ਸਮਰਥਨ ਕਰਦੇ ਹਨ। ਹੁਣ ਆਪਣੀ ਪੀੜ੍ਹੀ ਹੇਠ  ਸੋਟਾ ਫੇਰਨਾ ਵੀ ਲਾਜਮੀ ਹੈ। ਸਭ ਤੋਂ ਅਗਾਂਹਵਧੂ, ਵਿਗਿਆਨਕ ਅਤੇ ਮਨੁੱਖਤਾ ਪੱਖੀ ਕਹਾਉਣ ਵਾਲਾ ਸਿੱਖ ਧਰਮ ਜਿਸ ਤੇਜੀ ਨਾਲ ਅਣਮਨੁੱਖੀ ਕੱਟੜਤਾ ਅਤੇ ਪਖੰਡੀ ਮਰਿਆਦਾਵਾਂ ਦੀ ਦਲਦਲ ਵਿੱਚ ਧਸਣ ਜਾ ਰਿਹਾ ਹੈ ਕਿਸੇ ਤੋਂ ਲੁਕਿਆ ਨਹੀਂ। ਪੰਜਾਬ ਦਾ ਕਾਲਾ ਦੌਰ ਇਸ ਦੀ ਸਪਸ਼ਟ ਤਸਵੀਰ ਪੇਸ਼ ਕਰਦਾ ਹੈ ਪਰ ਦੁਖ ਇਸ ਗੱਲ ਦਾ ਹੈ ਕਿ ਸਾਡੇ ਬੁੱਧੀਜੀਵੀ ਵਿਦਵਾਨ ਇਸ ਧਰਮ ਵਿਚ ਪ੍ਰਵੇਸ਼ ਕਰ ਚੁੱਕੀ ਕੱਟੜਤਾ ਨੂੰ ਲੁਕਾਉਣ ਦਾ ਯਤਨ ਕਰਦੇ ਦੇਖੇ ਜਾਂਦੇ ਹਨ। ਉਹ ਸਾਰਾ ਦੋਸ਼ ਹਕੂਮਤਾਂ ਸਿਰ ਮੜ੍ਹ ਸੁਰਖੁਰੂ ਹੋਣ ਦਾ ਉਪਰਾਲਾ ਕਰਦੇ ਹਨ ਪਰ ਸੱਚਾਈ ਬਹੁਤੀ ਦੇਰ ਲੁਕੀ ਨਹੀਂ ਰਹਿੰਦੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਧਰਮਾਂ ਵਿਚ ਆ ਰਹੇ ਨਿਘਾਰਾਂ ਨੂੰ ਸਵੀਕਾਰ ਕਰਨ ਦਾ ਜੇਰਾ ਕਰਦੇ ਹੋਏ ਇਸ ਵੱਲ ਕੁਝ ਉੱਦਮ ਕਰੀਏ ਨਹੀਂ ਤਾ ਬਹੁਤੇ ਪੱਛਮੀ ਮੁਲਕਾਂ ਵਾਂਗ ਇਨ੍ਹਾਂ ਧਰਮਾਂ ਦਾ ਖਹਿੜਾ ਛੱਡ ਨਾਸਤਕ ਬਣ ਜਾਈਏ। 'ਵੋ ਅਫਸਾਨਾ ਜਿਸੇ ਅੰਜਾਮ ਤੱਕ ਲਾਨਾ ਨਾ ਹੋ ਮੁਮਕਿਨ, ਉਸੇ ਇੱਕ ਖੂਬਸੂਰਤ ਮੋੜ ਦੇਕਰ ਛੋੜਨਾ ਅੱਛਾ'।

-ਖ਼ਬਰਨਾਮਾ #1143, ਅਗਸਤ 20-2021

 


ਕੱਚੀ ਨੀਂਦ!

- ਹਰਜੀਤ ਦਿਉਲ, ਬਰੈਂਪਟਨ

ਬਾਬੂ ਰਾਮਨਾਥ ਸਰਕਾਰੀ ਨੌਕਰੀ ਅਤੇ ਮਕਾਨ ਵਰਗੀ ਸਹੂਲਤ ਹਾਸਲ ਕਰ ਮਹਾਨਗਰ ਵਿੱਚ ਵਧੀਆਂ ਜੀਵਨ ਜੀ ਰਹੇ ਸਨ ਜਦ ਅਚਾਨਕ ਅਧੇੜ ਉਮਰ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਉਨ੍ਹਾਂ ਨੂੰ ਵਿਛੋੜਾ ਦੇ ਕੇ ਹਾਲੋਂ ਬੇਹਾਲ ਕਰ ਗਈ। ਕੁਝ ਸਮੇਂ ਉਪਰੰਤ ਰਿਸ਼ਤੇਦਾਰਾਂ ਉਨ੍ਹਾਂ ਦੀ ਇਕੱਲਤਾ ਦਾ ਸੰਤਾਪ ਸਮਾਪਤ ਕਰਨ ਲਈ ਉਨ੍ਹਾਂ ਨੂੰ ਦੂਜੀ ਸ਼ਾਦੀ ਲਈ ਮਨਾ ਲਿਆ। ਉਨ੍ਹਾਂ ਦੀ ਵਧੀਆ ਪੈਨਸ਼ਨੇਬਲ ਨੌਕਰੀ ਅਤੇ ਮਕਾਨ ਦੇਖ ਇੱਕ ਜਾਣਕਾਰ ਨੇ ਆਪਣੀ ਰਿਸ਼ਤੇਦਾਰ ਲੜਕੀ ਨਾਲ ਉਨ੍ਹਾਂ ਦਾ ਰਿਸ਼ਤਾ ਤਾਂ ਜੋੜ ਦਿੱਤਾ ਪਰ ਬਾਬੂ ਰਾਮਨਾਥ ਜਿੱਥੇ ਅਧੇੜ ਉਮਰ ਦੀਆਂ ਬਰੂਹਾਂ 'ਤੇ ਆਣ ਖੜੇ ਸਨ ਲੜਕੀ ਨੌਜਵਾਨੀ ਦੀ ਸਿਖਰ ਹੰਢਾ ਰਹੀ ਸੀ। ਬਾਬੂ ਰਾਮ ਨਾਥ ਬਹੁਤ ਸਾਵਧਾਨੀ ਵਰਤਦੇ ਅਤੇ ਆਪਣੀ ਪਤਨੀ ਨੂੰ ਕੋਈ ਸ਼ਕਿਾਇਤ ਦਾ ਮੌਕਾ ਨਾ ਦਿੰਦੇ। ਸ਼ਾਮ 5 ਵਜੇ ਦਫਤਰ ਬੰਦ ਹੁੰਦਿਆਂ ਸਾਢੇ ਪੰਜ ਤੱਕ ਘਰ ਅੱਪੜ ਜਾਂਦੇ, ਇੱਥੋਂ ਤੱਕ ਕਿ ਆਪਣੇ ਯਾਰ ਦੋਸਤਾਂ ਨੂੰ ਵਿਆਹ ਦੀ ਪਾਰਟੀ ਦੇਣ ਲਈ ਟਾਲਮਟੋਲ ਕਰਦੇ ਰਹੇ। ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਉਂਦੀ ਸੋ ਇੱਕ ਦਿਨ ਦੋਸਤਾਂ ਉਨ੍ਹਾਂ ਨੂੰ ਘੇਰ ਹੀ ਲਿਆ ਅਤੇ ਮਹਿਫਲ ਐਸੀ ਜੰਮੀ ਕਿ ਘਰ ਅਪੜਦੇ ਸਾਢੇ ਦਸ ਵੱਜ ਗਏ। ਦੇਰ ਕਰਨ ਲਈ ਆਪਣੇ ਆਪ ਨੂੰ ਕਸੂਰਵਾਰ ਸਮਝ ਉਨ੍ਹਾਂ ਧੜਕਦੇ ਦਿਲ ਨਾਲ ਦਰਵਾਜੇ ਦਾ ਕੁੰਡਾ ਖੜਕਾਇਆ (ਹਾਲੇ ਡੋਰ ਬੈਲ ਦਾ ਫੈਸ਼ਨ ਨਹੀਂ ਸੀ)। ਕੁਝ ਦੇਰ ਉਡੀਕਣ ਉਪਰੰਤ ਉਨ੍ਹਾਂ ਫਿਰ ਕੁੰਡਾ ਖੜਕਾਇਆ ਪਰ ਅੰਦਰੋਂ ਕੋਈ ਹਰਕਤ ਨਾ ਹੋਈ। ਫਿਕਰਮੰਦ ਹੋਏ ਬਾਬੂ ਰਾਮਨਾਥ ਨੇ ਇਸ ਬਾਰ ਰਤਾ ਜੋਰ ਨਾਲ ਕੁੰਡਾ ਖੜਕਾਇਆ ਪਰ ਦਰਵਾਜਾ ਨਾ ਖੁੱਲਿਆ। ਚੌਥੀ ਬਾਰ ਜੋਰ ਨਾਲ ਕੁੰਡਾ ਖੜਕਾਉਣ ਨਾਲ ਤਾਂ ਨਾਲ ਦੇ ਗੁਆਂਢੀ ਵੀ ਬਾਹਰ ਆ ਗਏ। ਸਾਰੇ ਘਬਰਾਏ ਸਨ ਕਿ ਸੁੱਖ ਹੋਵੇ। ਇੱਕ ਵਾਰ ਗੁਆਂਢੀ ਨੇ ਵੀ ਜੋਰ ਨਾਲ ਦਰਵਾਜਾ ਭੰਨ ਦੇਖ ਲਿਆ ਪਰ ਅੰਦਰੋਂ ਕੋਈ ਹਰਕਤ ਨਾ ਹੋਈ। ਇੱਕ ਖਿੜਕੀ ਦੀਆਂ ਵਿਰਲਾਂ ਵਿਚੋਂ ਰਤਾ ਕੁ ਧੂੰਆਂ ਨਿਕਲਦਾ ਵੀ ਦੇਖਿਆ ਗਿਆ। ਹੁਣ ਤਾਂ ਬਾਬੂ ਰਾਮਨਾਥ ਦਾ ਦਿਲ ਬੈਠਣ ਲੱਗਾ। ਹੋਰ ਗੁਆਂਢੀ ਵੀ ਇਕੱਠਾ ਹੋ ਗਏ 'ਤੇ ਦਰਵਾਜਾ ਤੋੜਨ ਬਾਰੇ ਸੋਚਿਆ ਜਾਣ ਲੱਗਾ। ਇਸੇ ਰਾਮਰੌਲੇ ਵਿੱਚ ਸਾਰੇ ਹੱਕੇ ਬੱਕੇ ਰਹਿ ਗਏ ਜਦ ਅਚਾਨਕ ਦਰਵਾਜਾ ਖੁੱਲਿਆ ਅਤੇ ਬਾਬੂ ਰਾਮਨਾਥ ਦੀ ਪਤਨੀ ਪ੍ਰਕਟ ਹੋ ਬੜੇ ਕਹਿਰ ਨਾਲ ਸਾਰੀ ਭੀੜ ਨੂੰ ਦੇਖ ਗੁੱਸੇ ਵਿੱਚ ਬੋਲੀ " ਕੀ ਤਮਾਸ਼ਾ ਲਾਇਆ ਹੈ? ਮੈਂਨੂੰ ਕੱਚੀ ਨੀਂਦ ਵਿੱਚੋਂ ਉਠਾ ਦਿੱਤਾ।" ਇਹ ਕਹਿ ਉਹ ਵਾਪਸ ਅੰਦਰ ਚਲੀ ਗਈ, ਪਿੱਛੇ ਹੀ ਬਾਬੂ ਜੀ ਵੀ ਅੰਦਰ ਵੜ ਗਏ। ਦਰਅਸਲ ਧੂੰਆਂ ਅੰਦਰ ਲਾਈ ਗਈ ਕਛੂਆ ਛਾਪ ਅਗਰਬੱਤੀ ਦਾ ਸੀ। ਇਹ ਤਾਂ ਪਤਾ ਨਹੀਂ ਰਾਮਨਾਥ ਹੁਰੀਂ ਨੌਜਵਾਨ ਪਤਨੀ ਦਾ ਗੁੱਸਾ ਕਿਵੇਂ ਠੰਡਾ ਕੀਤਾ ਪਰ ਬਾਹਰ ਖੜੇ ਲੋਕੀਂ ਮੱਥੇ 'ਤੇ ਹੱਥ ਮਾਰ 'ਉਫ ਕੱਚੀ ਨੀਂਦ!' ਕਹਿੰਦੇ ਘਰਾਂ ਨੂੰ ਜਾ ਰਹੇ ਸਨ।

-ਖ਼ਬਰਨਾਮਾ #1142, ਅਗਸਤ 13-2021

 


ਸੇਂਟ ਗੁਰ ਗੁਰੀ ਪਬਲਿਕ ਸਕੂਲ

- ਹਰਜੀਤ ਦਿਓਲ, ਬਰੈਂਪਟਨ

ਕਾਫੀ ਸਮਾਂ ਪਹਿਲਾਂ ਮੇਰੇ ਇਕ ਵਾਕਫ ਨੇ ਬਿਹਾਰ ਚ ਚਲਦੇ ਇਕ ਅੰਗਰੇਜੀ ਪਬਲਿਕ ਸਕੂਲ ਬਾਰੇ ਦੱਸਿਆ ਸੀ,ਜਿਸਦਾ ਨਾਂਅ ਸੀ ਸੇਂਟ ਗੁਰ ਗੁਰੀ ਪਬਲਿਕ ਸਕੂਲ। ਉਸ ਨੂੰ ਨਾਂਅ ਕੁਝ ਅਜੀਬ ਲੱਗਿਆ ਤਾਂ ਉਸ ਇਸ ਬਾਰੇ ਜੋ ਜਾਣਕਾਰੀ ਹਾਸਲ ਕੀਤੀ ਬੜੀ ਦਿਲਚਸਪ ਨਿਕਲੀ। ਇਕ ਸੱਜਣ ਨੇ ਇਲਾਕੇ ਚ ਅੰਗਰੇਜੀ ਸਕੂਲਾਂ ਨੂੰ ਚੰਗੀ ਕਮਾਈ ਕਰਦੇ ਦੇਖ ਇਕ ਇੰਗਲਿਸ਼ ਸਕੂਲ ਖੋਲ੍ਹਣ ਬਾਰੇ ਫੈਸਲਾ ਕੀਤਾ। ਬਿਲਡਿਂਗ ਤੇ ਫਰਨੀਚਰ ਦਾ ਪ੍ਰਬੰਧ ਹੋਣ ੳਪਰੰਤ ਸਸਤੀਆਂ ਤੇ ਸਮਾਰਟ ਟੀਚਰਾਂ ਰੱਖੀਆਂ ਗਈਆਂ। ਹੁਣ ਸਕੂਲ ਦਾ ਨਾਂਅ ਰੱਖਣ ਬਾਰੇ ਸੋਚਿਆ ਗਿਆ। ਸੇਂਟ ਸਟੀਫਨ, ਸੇਂਟ ਫਰਾਂਸਿਸ, ਸੇਂਟ ਲੁਈਸ ਵਰਗੇ ਹੋਰ ਕਈ ਨਾਂ ਉਸਦੇ ਮਿੱਤਰਾਂ ਤਜ਼ਵੀਜ਼ ਕੀਤੇ ਪਰ ਇਸ ਨਾਂ ਦਾ ਹੋਰ ਕੋਈ ਸਕੂਲ ਵੀ ਹੋ ਸਕਦਾ ਹੈ, ਤੇ ਕੋਈ ਕਨੂੰਨੀ ਪੰਗਾ ਪੈਣ ਦੇ ਡਰੋਂ ਕਿਸੇ ਅਣਵਰਤੇ ਸੰਤ ਦੇ ਨਾਂ ਦੀ ਖੋਜ ਸ਼ੁਰੂ ਹੋਈ। ਕਿੳਂਕੀ ਮਿੱਤਰ ਮੰਡਲੀ ਨੂੰ ਬਹੁਤੇ ਅੰਗਰੇਜੀ ਸੰਤਾਂ ਬਾਰੇ ਜਾਣਕਾਰੀ ਨਹੀਂ ਸੀ, ਕਿਸੇ ਦੇਸੀ ਸੰਤ ਨੂ ਵਰਤਣ ਦੀ ਸਲਾਹ ਬਣੀ। ਸਾਡੇ ਮੁਲਕ ਵਿੱਚ ਕੋਈ ਵਿਗਿਆਨਕ ਭਾਵੇਂ ਦੀਵਾ ਲੈਕੇ ਲੱਭੇ ਵੀ ਨਾ ਮਿਲੇ ਪਰ ਦੇਸੀ ਸੰਤਾਂ ਦਾ ਕੋਈ ਘਾਟਾ ਨਹੀਂ ਸੀ, ਕਿੳਂਕਿ ਇੱਟ ਚੱਕਿਆਂ ਚਾਰ ਸੰਤ ਨਿਕਲਦੇ ਹਨ, ਪਰ ਮੁਸ਼ਕਲ ਇਹ ਵੀ ਸੀ ਕਿ ਜੀਵਤ ਸੰਤ ਸਕੂਲ ਦੀ ਕਮਾਈ ਵਿੱਚੋਂ ਆਪਣੇ ਨਾਂਅ ਦੀ ਰਾਇਲਟੀ ਮੰਗ ਕੋਈ ਪੰਗਾ ਨਾ ਪਾ ਦੇਵੇ। ਫਿਰ ਸਵਰਗਵਾਸੀ ਸੰਤ ਤੇ ਨਾਂਅ ਰੱਖਣ ਦਾ ਫੈਸਲਾ ਕੀਤਾ ਗਿਆ। ਕਈ ਨਾਂਅ ਸੁਝਾਏ ਗਏ, ਮਸਲਨ ਲੰਗੋਟੀ ਬਾਬਾ ਜਿਹਨਾਂ ਇਕ ਲੰਗੋਟੀ ਤੋਂ ਸਿਵਾ ਹੋਰ ਕਾਸੇ ਦਾ ਲਾਲਚ ਨਹੀਂ ਕੀਤਾ,ਪਿੰਡੋਂ ਬਾਹਰ ਸਮਾਧ ਲਾਈ ਰੱਖਦੇ ਤੇ ਭਗਤਾਂ ਨੂੰ ਸੁਲਫੇ ਦਾ ਸੂਟਾ ਲੁਆ ਨਿਹਾਲ ਕਰਦੇ। ਇਕ ਹੋਰ ਸੰਤ ਬਾਬਾ ਜੀ ਨੇ ਤਾਂ ਲੰਗੋਟ ਦਾ ਵੀ ਲਾਲਚ ਨਹੀਂ ਕੀਤਾ ਤੇ ਇਹ ਅਮੂਮਨ ਨੰਗੇ ਹੀ ਰਹਿੰਦੇ ਸਨ ਇਸ ਲਈ ਨਾਗਾ ਸੰਤ ਵਜੋਂ ਮਸ਼ਹੂਰ ਹੋਏ। ਪਰ ਇਹ ਨਾਂਅ ਕਿੳਕਿ ਮਹਿਲਾਵਾਂ ਵਾਸਤੇ ਇਤਰਾਜਯੋਗ ਹੋ ਸਕਦਾ ਸੀ ਇਸ ਲਈ ਰੱਦ ਕਰ ਦਿੱਤਾ ਗਿਆ। ਇਕ ਹੋਰ ਮਿੱਤਰ ਸੰਤ ਗੁੜਗੁੜੀ ਬਾਬਾ ਦਾ ਨਾਂਅ ਪੇਸ਼ ਕੀਤਾ। ਇਹ ਬਾਬਾ ਜੀ ਚੌਵੀ ਘੰਟੇ ਚਿਲਮ (ਹੁੱਕਾ, ਪੇਂਡੁ ਭਾਸ਼ਾ ਚ ਗੁੜਗੁੜੀ) ਦਾ ਸੇਵਨ ਕਰਦੇ ਰਹਿਂਦੇ ਇਸ ਲਈ ਗੁੜਗੁੜੀ ਬਾਬਾ ਕਰਕੇ ਮਸ਼ਹੂਰ ਹੋਏ। ਵਿਚਾਰੇ ਪੇਂਡੂ ਲੋਕਾਂ ਕੋਲ ਹੋਰ ਬਹੁਤ ਕੁਝ ਭਾਵੇ ਨਾ ਹੋਵੇ ਸ਼ਰਧਾ ਬੇਅੰਤ ਹੁੰਦੀ ਹੈ, ਸੋ ਇਹ ਬਾਬਾ ਜੀ ਅਣਗਿਣਤ ਸ਼ਰਧਾਲੂਆਂ ਦੇ ਚਹੇਤੇ ਬਣੇ। ਅਖੀਰ ਸੰਤ ਬਾਬਾ ਗੁੜਗੁੜੀ ਦਾਸ ਬਾਰੇ ਸਹਿਮਤੀ ਬਣ ਗਈ, ਤੇ ਸੰਤ ਗੁੜਗੁੜੀ ਪਬਲਿਕ ਸਕੂਲ ਦਾ ਵਿਲਾਇਤੀ 'ਟੱਚ ਅੱਪ' ਕਰਕੇ ਇਹ'ਸੇਂਟ ਗੁਰਗੁਰੀ ਪਬਲਿਕ ਸਕੂਲ' ਕਾਮਯਾਬੀ ਨਾਲ ਚੱਲਿਆ ਤੇ ਚੰਗੀ ਕਮਾਈ ਦਾ ਸਾਧਨ ਬਣਿਆ। ਗਰੀਬ ਮਾਪੇ ਵੀ ਔਖੇ ਸੌਖੇ ਹੋ ਕੇ ਆਪਣੇ ਬੱਚੇ ਇਸ ਸਕੂਲ 'ਚ ਦਾਖਲ ਕਰਾਉਂਦੇ, ਟਾਈ ਵਾਲੀ ਡਰੈਸ ਪਵਾ ਸਕੂਲ ਤੋਰਦਿਆਂ  ਨੂੰ ਟਾ ਟਾ ਬਾਇ ਬਾਇ ਕਹਿ ਫੁੱਲੇ ਨਾ ਸਮਾਉਂਦੇ।

-ਖ਼ਬਰਨਾਮਾ #1141, ਅਗਸਤ 06-2021

 


ਬਾਕੀ ਸਭ ਠੀਕ ਠਾਕ ਹੈ! ਉੱਪਰ ਵਾਲੇ ਦੀ ਕਿਰਪਾ ਹੈ!

- ਹਰਜੀਤ ਦਿਓਲ

ਭਾਰਤ ਰਹਿੰਦੇ ਇੱਕ ਮਿੱਤਰ ਦਾ ਫੋਨ ਨੰਬਰ ਅਚਾਨਕ ਡਾਇਰੀ ਵਿਚ ਮਿਲ ਗਿਆ। ਸੁੱਖਸਾਂਦ ਪੁੱਛਣ 'ਤੇ ਬੋਲਿਆ "ਕੁਝ ਪੁੱਛ ਨਾ ਯਾਰ, ਮਹਿੰਗਾਈ ਅਸਮਾਨ ਪਈ ਛੋਂਹਦੀ, ਉੱਧਰੋਂ ਰਿਟਾਇਰਮੈਂਟ ਨੇੜੇ ਆ ਗਈ ਹੈ। ਉਂਝ ਸਭ ਠੀਕ ਠਾਕ ਹੈ। ਵਾਹਿਗੁਰੂ ਦੀ ਮਿਹਰ ਹੈ।" ਹੋਰ ਪਰੀਵਾਰ ਬਾਰੇ ਪੁੱਛਣ 'ਤੇ ਦੱਸਣ ਲੱਗਾ " ਕੀ ਦੱਸਾਂ ਯਾਰ ਮੁੰਡਾ ਸਾਲਾ ਨਲਾਇਕ ਨਿੱਕਲ ਗਿਆ। ਪੜ੍ਹਨ ਵਿੱਚ ਫਿਸੱਡੀ। ਨਾ ਕਿਸੇ ਕੰਮ ਨੂਂ ਹੱਥ ਪਾਉਂਦਾ। ਉਸ ਵੱਲੋਂ ਪੁੱਜ ਕੇ ਦੁਖੀ ਆਂ ਯਾਰ। ਬਾਕੀ ਸਭ ਠੀਕ ਠਾਕ ਆ, ਉੱਪਰ ਵਾਲੇ ਦੀ ਮਿਹਰ ਆ"। ਯਾਦ ਆਇਆ ਉਸ ਦੀ ਇੱਕ ਬੇਟੀ ਵੀ ਸੀ। ਉਸ ਬਾਰੇ ਜਾਨਣਾ ਚਾਹਿਆ ਤਾਂ ਬੋਲਿਆ "ਕੀ ਦੱਸਾਂ ਯਾਰ ਉਸ ਨੂੰ ਚੰਗਾ ਘਰ ਦੇਖ ਵਿਆਹ ਦਿੱਤਾ ਸੀ ਪਰ ਕੰਜਰ ਦੇ ਉਸ ਦੇ ਸੌਹਰੇ ਲਾਲਚੀ ਨਿਕਲੇ। ਉਸ ਨੂੰ ਤੰਗ ਕਰਦੇ ਆ ਇਸ ਲਈ ਉਹ ਸੌਹਰੇ ਜਾ ਕੇ ਰਾਜੀ ਨਹੀਂ। ਉਂਝ ਵਾਹਿਗੁਰੂ ਦੀ ਅਪਾਰ ਕਿਰਪਾ ਹੈ। ਸਭ ਠੀਕ ਠਾਕ ਚੱਲ ਰਿਹੈ।" ਮੈਂ ਉਸ ਦੀ ਰੱਬ ਪ੍ਰਤੀ ਸ਼ਰਧਾ 'ਤੇ ਹੈਰਾਨ ਹੋਇਆ। ਫਿਰ ਵੀ ਉਸ ਨੂੰ ਪੁੱਛਣ ਲੱਗਾ "ਧਾਡੀ ਪਿੰਡ 'ਚ ਵੀ ਖੇਤੀ ਬਾੜੀ ਸੀ। ਉੱਧਰ ਸੁੱਖਸਾਂਦ ਹੈ?" ਕਾਹਦੀ ਸੁੱਖਸਾਂਦ ਭਰਾਵਾ! ਭਰਾ ਜਮੀਨ ਵਿੱਚੋਂ ਕੁਝ ਦੇ ਕੇ ਰਾਜੀ ਨਹੀਂ। ਕਦੀ ਕਹਿਣਗੇ ਹੜ੍ਹ ਕਾਰਨ ਨੁਕਸਾਨ ਹੋ ਗਿਆ ਕਦੇ ਸੋਕੇ ਕਾਰਨ ਫਸਲ ਚੌਪਟ ਹੋ ਗਈ। ਬਸ ਇਵੇਂ ਹੀ ਟਰਕਾਈਂ ਜਾਂਦੇ। ਬਾਕੀ ਸਭ ਚੜ੍ਹਦੀ ਕਲਾ 'ਚ ਆ। ਵਾਹਿਗੁਰੂ ਦੀ ਬੇਅੰਤ ਕਿਰਪਾ ਆ ਵਈ।" ਉਸ ਦੇ ਧੀਰਜ ਸਿਦਕ ਦਾ ਮੈਂ ਕਾਇਲ ਹੋਇਆ। ਫਿਰ ਉਸ ਨੂੰ ਦਿਲਾਸਾ ਦੇਣ ਲਈ ਕਿਹਾ "ਚਲ ਕੋਈ ਨੀਂ ਯਾਰ ਰਿਟਾਇਰਮੈਂਟ ਉਪਰੰਤ ਪਰਾਵੀਡੈਂਟ ਫੰਡ ਨਾਲ ਮੁੰਡੇ ਨੂੰ ਕੋਈ ਕੰਮ ਖੁਲਵਾ ਦਵੀਂ ਬਾਕੀ ਤੇਰਾ ਪੈਨਸ਼ਨ ਨਾਲ ਸਰ ਜਾਇਆ ਕਰੂ"। ਇਸ 'ਤੇ ਉਹ ਹੱਸ ਕੇ ਕਹਿਣ ਲੱਗਾ "ਉ ਭਰਾਵਾ ਪਰਾਵੀਡੈਂਟ ਫੰਡ ਅਡਵਾਂਸ ਲੈ ਕੁੜੀ ਦੇ ਵਿਆਹ 'ਤੇ ਲਾ 'ਤਾ। ਪ੍ਰਾਈਵੇਟ ਨੌਕਰੀ ਵਿਚ ਪੈਨਸ਼ਨ ਕਿੱਥੇ? ਬਸ ਸੰਤਾਂ ਦੀ ਕਿਰਪਾ ਨਾਲ ਰੱਬ ਦੀ ਰਜਾ ਵਿੱਚ ਰਹਿਣਾ ਸਿੱਖ ਲਿਆ ਹੈ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰੀਦੈ"। ਕਿਹੜੇ ਸੰਤਾਂ ਦੀ ਕਿਰਪਾ? ਸਮਝਿਆ ਨਹੀਂ ਤਾਂ ਪੁੱਛਣ 'ਤੇ ਦੱਸਣ ਲੱਗਾ "ਤੂੰ ਨੀ ਜਾਣਦਾ? ਉਹੀ ਪਾਟੇ ਚੋਗੇ ਵਾਲੇ ਮਹਾਪੁਰਸ਼। ਸਾਡਾ ਟੱਬਰ ਤਾਂ ਸਾਲਾਂ ਤੋਂ ਉਹਨਾਂ ਦਾ ਹੀ ਅਨੰਨ ਸ਼ਰਧਾਲੂ ਆ। ਜਿਸ ਦੇ ਸਿਰ 'ਤੇ ਮੇਹਰ ਭਰਿਆ ਹੱਥ ਰੱਖ ਦੇਣ ਬਸ ਵਾਰੇ ਨਿਆਰੇ ਆ। ਤੂੰ ਵੀ ਕਦੇ ਆ ਕੇ ਦਰਸ਼ਣ ਕਰੀਂ ਉਹਨਾਂ ਦੇ। ਤਰ 'ਜੇਂਗਾ।" ਹਾਂ ਹਾਂ ਕਿਉਂ ਨਹੀਂ ਜਰੂਰ ਲੜ ਲੱਗਾਂਗਾ ਐਸੇ ਮਹਾਪੁਰਸ਼ ਦੇ" ਕਹਿ ਕੇ ਮੈਂ ਫੋਨ ਰੱਖ 'ਤਾ। ਮੇਰੇ ਜਿਹਨ 'ਚ ਬਾਰ ਬਾਰ ਉਸ ਦਾ ਕਿਹਾ ਘੁੰਮ ਰਿਹਾ ਸੀ "ਬਾਕੀ ਸਭ ਠੀਕ ਠਾਕ ਆ। ਵਾਹਿਗੁਰੂ ਦੀ ਅਪਾਰ ਕਿਰਪਾ ਹੈ"। ਧੰਨ ਉਸਦਾ ਸੰਤ ਮਹਾਪੁਰਸ਼ 'ਤੇ ਧੰਨ ਉਸ ਦੀ ਕਿਰਪਾ।

- ਖ਼ਬਰਨਾਮਾ #1140, ਜੁਲਾਈ 29-2021

 


ਜੱਟ ਐਂਡ ਰੱਬ

ਜੱਟ ਦੇ ਅਨੇਕ ਕੰਬੀਨੇਸ਼ਨ ਤੁਸਾਂ ਸੁਣੇ ਹੋਣਗੇ, ਮਸਲਨ ਜੱਟ ਐਂਡ ਜੂਲੀਅਟ, ਜੱਟ 'ਤੇ ਜਮੀਨ, ਦੁਸ਼ਮਣੀ ਜੱਟ ਦੀ  ਜਾਂ ਜੱਟ ਦਾ ਲਲਕਾਰਾ ਆਦਿ ਪਰ ਜੱਟ ਦਾ ਰੱਬ ਨਾਲ ਵੀ ਦਿਲਚਸਪ ਰਿਸ਼ਤਾ ਹੈ। ਸਾਧਾਰਣ ਹਾਲਤਾਂ ਵਿੱਚ ਜੱਟ ਬੇਹਦ ਸ਼ਰਧਾਵਾਨ ਹੈ ਰੱਬ ਦੀ ਰਜਾ ਵਿੱਚ ਰਹਿਣ ਵਾਲਾ। ਹਰ ਕਾਰਜ ਧਾਰਮਕ ਸਮਾਗਮ ਕਰ ਰੱਬ ਦਾ ਸ਼ੁਕਰਾਨਾ ਕਰਦਾ ਹੈ। ਉਸ ਦੀ ਉਸਤਤ ਵਿੱਚ ਸਿਰ ਨਿਵਾਂਉਂਦਾ ਹੈ। ਸਵੇਰੇ ਸ਼ਾਮ 'ਹੇ ਮਾਲਕਾ ਸਿਰ 'ਤੇ ਮੇਹਰ ਭਰਿਆ ਹੱਥ ਰਖੀਂ' ਦੁਹਰਾਉਂਦਾ ਹੈ। ਪਰ ਜਦ ਉਸ ਦਾ ਸਬਰ ਦਾ ਪਿਆਲਾ ਭਰ ਜਾਂਦਾ ਹੈ, ਜੱਟ ਫੇਰ ਆਪਣੀ ਆਈ 'ਤੇ ਆਉਣ ਵਿਚ ਵੀ ਘੌਲ ਨਹੀਂ ਕਰਦਾ। ਸੋਕੇ ਜਾਂ ਹੜ੍ਹਾਂ ਨਾਲ ਹੋਏ ਨੁਕਸਾਨ ਉਪਰੰਤ ਉਹ ਸਿੱਧਾ ਹੀ ਰੱਬ ਨੂੰ ਪੈ ਨਿਕਲਦਾ ਹੈ ' ਭੜੂਆ ਜਹਾਨ ਦਿਆ ਇਹੋ ਜਿਹੇ ਨਰਕ ਦੇ ਕੀੜਿਆਂ ਨੂੰ ਬੰਦੇ ਦੀ ਜੂਨ ਵਿਚ ਪਾਉਣ ਦੀ ਕੀ ਲੋੜ ਸੀ ਤੈਨੂੰ? ਅੱਛਾ ਮਾਲਕਾ ਜੇ ਤੈਨੂੰ ਸਾਡੇ ਅਰਗਿਆਂ ਦੇ ਹੱਡ ਸਾੜ ਕੇ ਹੀ ਸੁਆਦ ਆਉਂਦਾ ਹੈ ਤਾਂ ਕਰ ਲੈ ਹੋਰ ਜੋ ਹੁੰਦੈ। ਹੋਰ ਸਾਡਾ ਕੀ ਮੋਗਾ ਪੁੱਟ ਲੇਂਗਾ। ਐਦੂੰ ਉੱਤੇ ਹੋਰ ਕੀ ਕਰ ਲੇਂਗਾ? ਭਾਵੇਂ ਨਿਉਂਦੇ ਪਾ ਭਾਵੇਂ ਸਲਾਮੀ ਪਾ।' ਪੱਕੀ ਫਸਲ ਵੇਲੇ ਜਦ ਕੁਵੇਲੇ ਦਾ ਮੀਂਹ ਪੈਣ ਲੱਗਦਾ ਤਾਂ ਜੱਟ ਦਾ ਸਬਰ ਜੁਆਬ ਦੇ ਜਾਂਦਾ 'ਫੇਰੇ ਦੇਣਿਆ ਐਂ ਖੱਜਲ ਖੁਆਰ ਕਰਨ ਨਾਲੋਂ ਤਾਂ ਪਰਲੋ ਹੀ ਲਿਆਦੇ..ਸਿਆਪਾ ਮੁੱਕੂ..ਸਾਲਾ ਮੇਰਾ ਐਂ ਰੁਕ ਰੁਕ ਕੇ ਆਉਂਦੈ ਜਿਵੇਂ ਕਰਜਾ ਲੈਣ ਵਾਲਾ ਬਾਣੀਆ ਜੱਟ ਦੇ ਘਰੇ ਗੇੜੇ ਮਾਰਦਾ ਹੁੰਦਾ'। ਜੱਟ ਦਾ ਇਹ ਪ੍ਰਤੀਕਰਮ ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਨਾਵਲ ਅੰਨਦਾਤਾ ਭਾਗ ਦੋ ਵਿੱਚ ਬਿਆਨਿਆ ਹੈ। ਕਿਸਾਨ ਆਂਦੋਲਨ ਦੌਰਾਨ ਵੀ ਉਸ ਦੀ ਫਿਤਰਤ ਦੀਆਂ ਕੁਝ ਕੁ ਝਲਕੀਆਂ ਦੇਖਣ ਨੂੰ ਮਿਲੀਆਂ ਹਨ।

-ਹਰਜੀਤ ਦਿਓਲ (ਬਰੈਂਪਟਨ)

 


ਪੰਜਾਬ ਪੁਲਿਸ ਜ਼ਿੰਦਾਬਾਦ!

-ਹਰਜੀਤ ਦਿਓਲ, ਬਰੈਂਪਟਨ

ਇੱਕ ਸ਼ਹਿਰ ਵਿੱਚ ਨਵਾਂ ਪੁਲਿਸ ਮੁਖੀ ਤਬਦੀਲ ਹੋ ਕੇ ਆਇਆ। ਆਪਣੇ ਮਾਤਹਤ ਸਟਾਫ ਨਾਲ ਮਸ਼ਵਰੇ ਉਪਰੰਤ ਸਲਾਹ ਬਣੀ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਪੰਜਾਬ ਦੇ ਹੋਰ ਮਹਿਕਮਿਆਂ ਵਾਂਗ 'ਅਖੰਡ ਪਾਠ' ਰਖਾਇਆ ਜਾਵੇ। ਅਖੰਡ ਪਾਠ ਉਪਰੰਤ ਲੰਗਰ ਦਾ ਆਯੋਜਨ ਵੀ ਹੋਣਾ ਹੀ ਸੀ ਸੋ ਹੋਇਆ। ਘਿਉ ਦੇ ਵਪਾਰੀ ਤੋਂ ਘਿਉ ਦਾ ਪੀਪਾ, ਕਿਰਿਆਨੇ ਵਾਲੇ ਤੋਂ ਆਟੇ ਦੀ ਬੋਰੀ ਅਤੇ ਇਵੇਂ ਹੀ ਹੋਰ ਲੋੜੀਂਦਾ ਸਮਾਨ ਇਕੱਠਾ ਕੀਤਾ ਗਿਆ। ਭੋਗ ਉਪਰੰਤ ਅਰਦਾਸ ਹੋਈ ਜਿਸ ਵਿੱਚ ਪੁਲਿਸ ਕਰਮੀਆਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਭੇਟਾ ਦਿੱਤੀ ਜਿਸ ਦੇ ਇਵਜਾਨੇ ਵੱਜੋਂ ਭਾਈ ਜੀ ਨੇ 'ਜਿਨ੍ਹਾਂ ਖਜਾਨਿਆਂ ਵਿੱਚੋਂ ਮਾਇਆ ਆਈ ਉਹ ਖਜਾਨੇ ਭਰਪੂਰ ਰੱਖਣੇ' ਦਾ ਸੰਦੇਸ਼ ਵਾਹਿਗੁਰੂ ਜੀ ਤੱਕ ਅਪੜਦਾ ਕੀਤਾ। ਸ਼ਾਨਦਾਰ ਲੰਗਰ ਅਰੰਭ ਹੋਇਆ ਪਰ ਕੁਝ ਕੁ ਪਤਵੰਤਿਆਂ ਦੇ ਲੰਗਰ ਛਕਣ ਉਪਰੰਤ ਬਹੁਤ ਸਾਰਾ ਲੰਗਰ ਬਚ ਰਿਹਾ। ਕਾਰਣ ਸੀ ਕਿ ਆਮ ਲੋਕ ਪੁਲਿਸ ਤੋਂ ਡਰਦੇ ਇਸ ਲੰਗਰ ਵਿੱਚ ਬੈਠਣ ਦੀ ਹਿੰਮਤ ਨਹੀਂ ਕਰ ਰਹੇ ਸਨ। ਪਰ ਅੱਜ ਪੁਲਿਸ ਮੇਹਰਬਾਨ ਸੀ ਅਤੇ ਲੋਕਾਂ ਨੂੰ ਲੰਗਰ ਲਈ ਸੱਦਾ ਦੇ ਰਹੀ ਸੀ ਪਰ ਲੋਕ 'ਭੁੱਖ ਨਹੀਂ' ਕਹਿ ਟਲ ਜਾਂਦੇ। ਆਖਰ ਇਹ ਸਮੱਸਿਆ ਇੱਕ ਸਿਆਣੇ ਤਜਰਬੇਕਾਰ ਅਫਸਰ ਨੇ ਹੱਲ ਕੀਤੀ। ਉਸ ਲੰਘ ਰਹੇ ਲੋਕਾਂ ਨੂੰ ਦਬਕਾ ਮਾਰ ਇੱਕ ਲਾਈਨ ਵਿੱਚ ਖਲਾਰ ਲਿਆ ਅਤੇ ਉਨ੍ਹਾਂ ਨੂੰ ਡੰਡ ਬੈਠਕਾਂ ਕੱਢਣ ਦਾ ਹੁਕਮ ਚਾੜ੍ਹਿਆ। ਵੀਹ ਕੁ ਡੰਡ ਬੈਠਕਾਂ ਉਪਰੰਤ ਉਸ ਲੋਕਾਂ ਨੂੰ ਪੁੱਛਿਆ 'ਕਿਉਂ ਭੁੱਖ ਲੱਗੀ? ਕਿ ਵੀਹ ਹੋਰ?' ਲੋਕਾਂ ਝੱਟ ਕਿਹਾ 'ਹਾਂ ਜੀ ਲੱਗ ਗਈ'। ਤੇ ਬਾਵਰਦੀ ਪੁਲਿਸਕਰਮੀ ਉਨ੍ਹਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਲੰਗਰ ਵਰਤਾਉਣ ਲੱਗੇ। ਇੱਧਰ ਇਹ ਲੰਗਰ ਛਕ ਰਹੇ ਸਨ ਉੱਧਰ ਅਫਸਰ ਦੂਜਾ ਜੱਥਾ ਤਿਆਰ ਕਰ ਲਿਆ। ਇਸ ਤਰ੍ਹਾਂ ਬਚਿਆ ਲੰਗਰ ਲੇਖੇ ਲੱਗਿਆ। ਅਫਸਰ ਇੱਥੇ ਹੀ ਬਸ ਨਹੀਂ ਕੀਤੀ। ਲੰਗਰ ਛੱਕ ਜਾਣ ਵਾਲਿਆਂ ਨੂੰ ਸਖ਼ਤ ਹਿਦਾਇਤ ਹੋਈ ਕਿ ਘਰਾਂ ਨੂੰ ਜਾਂਦੇ ਹੋਏ ਉਹ 'ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਜਾਣ'। ਇਵੇਂ ਹੀ ਹੋਇਆ। ਮੁਫਤ ਵਿੱਚ ਰਗੜੇ ਗਏ ਰਾਸ਼ਨ ਵਪਾਰੀਆਂ ਦੀ ਕਿਸ ਸੁਨਣੀ ਸੀ ਪਰ ਸ਼ਹਿਰ ਵਿੱਚ 'ਪੰਜਾਬ ਪੁਲਿਸ' ਦੀ ਨੇਕਨਾਮੀ ਦੇ ਚਰਚੇ ਸਨ।

ਖ਼ਬਰਨਾਮਾ #1138, ਜੁਲਾਈ 16-2021

 


ਆਸਤਕ ਅਤੇ ਨਾਸਤਕ ਕਟਹਿਰੇ ਵਿੱਚ!

- ਹਰਜੀਤ ਦਿਉਲ, ਬਰੈਂਪਟਨ

ਘਾਣੀ ਇਵੇਂ ਹੋਈ ਕਿ ਕਿਸੇ ਰੱਬ ਜੀ ਪਾਸ ਮੁਖਬਰੀ ਕਰ ਦਿੱਤੀ ਕਿ ਜਨਾਬ ਧਰਤੀ ਪੁਰ ਆਪ ਦੀ ਹੋਂਦ ਪਿੱਛੇ ਆਸਤਕ ਨਾਸਤਕ ਬਹੁਤ ਖਹਿਬੜ ਰਹੇ ਕਿਤੇ ਕੋਈ ਘੱਲੂਘਾਰਾ ਹੀ ਨਾ ਹੋ ਜਾਵੇ। ਬਸ ਫੇਰ ਕੀ ਸੀ ਰੱਬ ਜੀ ਤੁਰਤ ਦੋਵਾਂ ਧੜਿਆਂ ਦੇ ਮੁਖੀ ਤਲਬ ਕਰ ਲਏ। ਦਰਬਾਰ ਵਿੱਚ ਰੱਬ ਪਹਿਲਾਂ ਆਸਤਕਾਂ ਦੇ ਮੁਖੀ ਵੱਲ ਮੁਖਾਤਬ ਹੋਇਆ ਪਰ ਇਹ ਕੀ? ਆਸਤਕ ਕਟਹਿਰੇ ਵਿੱਚੋਂ ਛਾਲ ਮਾਰ ਰੱਬ ਜੀ ਦੇ ਪੈਰਾਂ ਨੂੰ ਜਾ ਚੰਬੜਿਆ ਤੇ ਲੱਗਿਆ ਵਿਰਲਾਪ ਕਰਨ 'ਮੇਰੇ ਮਾਲਕ ਮੇਰੇ ਸੁਆਮੀ ਧੰਨ ਜੋ ਆਪਦੇ ਦਰਸ਼ਣ ਹੋਏ ਮੈਂ ਤਾਂ ਨਿਹਾਲ ਹੋਇਆ, ਮੇਰਾ ਜਨਮ ਸਫਲਾ ਹੋਇਆ। ਉਹ ਜੋ ਨਾਸਤਕ ਖੜਾ ਹੈ ਹਰਾਮਜਾਦਾ ਆਂਹਦਾ ਰੱਬ ਹੈ ਹੀ ਨਹੀਂ। ਉਸ ਨੂੰ ਸਖ਼ਤ ਸਜਾ ਦੇ ਸਬਕ ਸਿਖਾਉ।' ਰੱਬ ਜੀ ਦੇ ਇਸ਼ਾਰੇ 'ਤੇ ਦੋ ਦਰਬਾਨਾਂ  ਰੱਬ ਜੀ ਦੇ ਪੈਰਾਂ ਨੂੰ ਚੰਬੜੇ ਆਸਤਕ ਜੀ ਨੂੰ ਮਸਾਂ ਘੜੀਸ ਕੇ ਕਟਹਿਰੇ ਵਿਚ ਲਿਜਾ ਖੜਾ ਕੀਤਾ। ਰੱਬ ਜੀ ਉਸ ਨੂੰ ਕਹਿਣ ਲੱਗੇ 'ਉਇ ਮੂਰਖਾ ਪਹਿਲਾਂ ਇਹ ਖੇਖਣ ਬੰਦ ਕਰ 'ਤੇ ਫਿਰ ਮੈਂਨੂੰ ਦੱਸ ਕਿ ਮੈਂ ਦੁਨਿਆਂ ਵਿੱਚ ਹੁੰਦੇ ਚੰਗੇ ਮਾੜੇ ਵਿਚ ਕਦੇ ਦਖ਼ਲ ਦਿੱਤਾ? ਕੁਦਰਤ ਦਾ ਕਾਨੂੰਨ ਸਮਝਣ ਲਈ ਧਾਨੂੰ ਦਿਮਾਗ ਨਵਾਜਿਆ ਜਿਸ ਨਾਲ ਵਿਗਿਆਨਕ ਧਾਡੇ ਭਲੇ ਲਈ ਸਭ ਕੁਝ ਕਰੀਂ ਜਾ ਰਹੇ ਹਨ। ਤੁਸੀਂ ਧਰਮ ਸਥਾਨਾਂ ਦੀ ਜਿਹੜੀ ਦੁਕਾਨਦਾਰੀ ਅਰੰਭ ਕੀਤੀ ਆ ਉੱਥੇ ਦਾ ਚੜ੍ਹਾਵਾ ਕਦੇ ਇੱਥੇ ਪੁੱਜਦਾ ਕੀਤਾ? ਮੈਂ ਕਿੰਨੇ ਗੁਰੂ ਪੀਰ ਧਾਨੂੰ ਰਾਹੇ ਪਾਉਣ ਲਈ ਘੱਲੇ ਪਰ ਤੁਸਾਂ ਪੁੱਠੇ ਚਾਲੇ ਨਹੀਂ ਛੱਡੇ। ਮੇਰੀ ਵਾਰਨਿੰਗ ਹੈ ਕਿ ਜਾ ਕੇ ਬੰਦੇ ਬਣ ਕੇ ਰਹੋ 'ਤੇ ਮੇਰੀ ਪੂਜਾ ਪਾਠ ਦਾ ਡਰਾਮਾ ਛੱਡੋ, ਨਹੀਂ ਸਖ਼ਤ ਸਜਾ ਲਈ ਤਿਆਰ ਰਹੋ'। ਇਹ ਕਹਿ ਰੱਬ ਜੀ ਹੱਕੇ ਬੱਕੇ ਹੋਏ ਆਸਤਕ ਜੀ  ਨੂੰ ਧਰਤੀ ਵੱਲ ਜਾਣ ਵਾਲੀ ਐਕਸਪ੍ਰੈਸ ਗੱਡੀ ਚੜ੍ਹਵਾ ਦਿੱਤਾ। ਹੁਣ ਵਾਰੀ ਨਾਸਤਕ ਦੀ ਆਈ ' ਹਾਂ ਵਈ ਨਾਸਤਕਾ ਤੂੰ ਕਹਿਨਾਂ ਮੈਂ ਹੈਂ ਨਹੀਂ ਪਰ  ਮੈਂ ਤਾਂ ਆਹ ਬੈਠਾ? ਦੱਸ ਤੇਰਾ ਕੀ ਕਹਿਣੈ?' ਨਾਸਤਕ ਮੁਸ਼ਕੜੀਆਂ ਹੱਸਿਆ 'ਤੇ ਬੋਲਿਆ ' ਪਰਮ ਪਿਤਾ ਪਰਮਾਤਮਾ ਜੀ ਮੈਂ ਕੁਝ ਨਹੀਂ ਕਹਿਣਾ। ਜੋ ਕਹਿਣਾ ਸੀ ਆਪ ਨੇ ਕਹਿ ਦਿੱਤਾ। ਮੈਂ ਆਪ 'ਤੇ ਆਸਤਕ ਵਿਚਕਾਰ ਹੋਏ ਵਾਰਤਾਲਾਪ ਨੂੰ ਨੋਟ ਕਰ ਲਿਆ ਹੈ। ਜਿਸ ਨਾਲ ਮੈਂ ਆਸਤਕ ਦੁਆਰਾ ਗੁਮਰਾਹ ਕੀਤੇ ਲੋਕਾਂ ਨੂੰ ਰਾਹੇ ਪਾਉਣ ਦਾ ਯਤਨ ਕਰਦਾ ਰਹਾਂਗਾ। ਮੈਂਨੂੰ ਇਜਾਜਤ ਦਿਉ।' ਰੱਬ ਜੀ ਇਸ 'ਤੇ ਪ੍ਰਸੰਨ ਹੋਏ 'ਤੇ ਨਾਸਤਕ ਨੂੰ ਆਸ਼ੀਰਵਾਦ ਦੇ ਵਿਦਾ ਕੀਤਾ। ਇਸ ਉਪਰੰਤ ਜਦ ਰੱਬ ਜੀ ਦਰਬਾਰ ਬਰਖਾਸਤ ਕਰ ਜਾਣ ਲਈ ਤਿਆਰ ਹੋਏ ਸੈਕਟਰੀ ਦੱਸਿਆ ਕਿ ਧਰਤੀ ਤੋਂ ਇੱਕ ਮਹਿਲਾਵਾਂ ਦਾ ਡੈਲੀਗੇਸ਼ਨ ਆਇਆ ਹੈ ਜੋ ਮੰਗ ਕਰ ਰਿਹੈ ਕਿ ਔਰਤਾਂ ਨੂੰ ਮਰਦਾਂ ਬਰਾਬਰ ਸ਼ਰੀਰਕ ਤਾਕਤ ਬਖ਼ਸ਼ੀ ਜਾਵੇ ਤਾਂ ਕਿ ਜਦ ਕਦੇ ਉਨ੍ਹਾਂ ਦੇ ਪਤੀ ਤਿੜ ਫਿੜ ਕਰਨ ਇਹ ਉਹਨਾਂ ਦੀ ਠੁਕਾਈ ਕਰ ਰਾਹੇ ਪਾ ਸਕਣ। ਇਹ ਸੁਣ ਰੱਬ ਜੀ ਯਕਦਮ ਗੰਭੀਰ ਹੋ ਗਏ 'ਤੇ ਮੱਥਾ ਫੜ ਬਹਿ ਗਏ। ਮਹਾਮੰਤਰੀ ਦੇ ਪੁੱਛਣ 'ਤੇ ਰੱਬ ਜੀ ਖੁਲਾਸਾ ਕੀਤਾ ਕਿ ਭਲੇਮਾਨਸੋ ਜਿਵੇਂ ਤਿਵੇਂ ਇਸ ਡੈਲੀਗੇਸ਼ਨ ਨੂੰ ਟਾਲ ਕੇ ਵਿਦਾ ਕਰੋ। ਧਾਨੂੰ ਨਹੀਂ ਪਤਾ ਕਿ ਕੁਝ ਦਿਨਾਂ ਤੋਂ ਮੇਰੀ ਵੀ ਮਿਸਿਜ ਨਾਲ ਅਨਬਨ ਚੱਲ ਰਹੀ ਹੈ। ਮਹਾਮੰਤਰੀ ਤੁਰੰਤ ਇਸ ਆਦੇਸ਼ 'ਤੇ ਅਮਲ ਕੀਤਾ ਕਿਉਂਕਿ ਉਸ ਦਾ ਵੀ ਪਤਨੀ ਨਾਲ ਰੇੜਕਾ ਚਲ ਰਿਹਾ ਸੀ।

- ਖ਼ਬਰਨਾਮਾ #1136, ਜੁਲਾਈ 02-2021

 

ਬ੍ਰੇਨ ਵਾਸ਼

- ਹਰਜੀਤ ਦਿਉਲ, ਬਰੈਂਪਟਨ

ਇਹ ਲਫਜ਼ ਅਕਸਰ ਵਰਤਿਆ ਜਾਂਦਾ ਹੈ। ਡਿਕਸ਼ਨਰੀ ਵਿਚ ਇਸ ਦਾ ਮਤਲਬ 'ਪੁਰਾਣੇ ਵਿਚਾਰਾਂ ਦੀ ਥਾਂ ਨਵੇਂ ਵਿਚਾਰ ਸਥਾਪਤ ਕਰਨੇ' ਦੱਸਿਆ ਗਿਆ ਹੈ ਪਰ ਅਸਲ ਵਿੱਚ ਇਸ ਦਾ ਉਲਟ ਵੀ ਹੁੰਦਾ ਹੈ। ਯਾਨੀ ਕਿਸੇ ਦੇ ਦਿਮਾਗ ਨੂੰ ਨਵੇਂ ਵਿਚਾਰਾਂ ਤੋਂ ਵਾਂਝੇ ਰੱਖ ਪੁਰਾਤਨ ਪੰਥੀ ਬਣਿਆ ਰਹਿਣ ਦੇਣਾ ਵੀ ਬ੍ਰੇਨ ਵਾਸ਼ ਦੀ ਸ਼ਰੇਣੀ ਵਿੱਚ ਆਉਂਦਾ ਹੈ। ਧਰਮ ਇਹ ਕੰਮ ਬਾਖੂਬੀ ਨਿਭਾਉਂਦੇ ਹਨ। ਨਿਰਪੱਖਤਾ ਨਾਲ ਸੋਚੋ ਤਾਂ ਬੱਚਿਆਂ ਦੇ ਬਾਲਗ ਹੋਣ ਤੋਂ ਪਹਿਲਾਂ ਉਸ ਨੂੰ ਧਾਰਮਕ ਸਿਖਿਆ ਦੇ ਟੀਕੇ ਲਾਉਣਾ ਵੀ ਉਸ ਦਾ ਬ੍ਰੇਨ ਵਾਸ਼ ਕਰ ਉਸ ਮਾਸੂਮ ਦੀਆਂ ਕੋਮਲ ਭਾਵਨਾਵਾਂ ਦਾ ਕਤਲ ਹੁੰਦਾ ਹੈ। ਕੁਦਰਤ 'ਚ ਵੀ ਇਹ ਵਰਤਾਰਾ ਬੜੇ ਸਨਸਨੀਖੇਜ ਰੂਪ ਵਿੱਚ ਮੌਜੂਦ ਪਾਇਆ ਗਿਆ ਹੈ। ਕੀੜੇ ਮਕੌੜਿਆਂ ਤੋਂ ਲੈ ਕੇ ਵੱਡੇ ਜੀਵਾਂ ਤੱਕ 'ਪੈਰਾਸਾਈਟ' ਪਾਏ ਜਾਂਦੇ ਹਨ। ਇਸ ਪ੍ਰਕਾਰ ਦੇ ਜੀਵ ਦੂਸਰੇ ਜੀਵ ਦੇ ਸਰੀਰ ਵਿਚ ਨਿਵਾਸ ਕਰ ਉਸ ਤੋਂ ਹੀ ਭੋਜਨ ਪ੍ਰਾਪਤ ਕਰ ਜੀਂਦੇ ਹਨ। ਸਾਡੇ ਸਰੀਰ ਵਿਚ ਵੀ ਅਨੇਕਾਂ ਐਸੇ ਜੀਵ ਮੌਜੂਦ ਰਹਿਂਦੇ ਹਨ ਪਰ ਵਿਗਿਆਨਕਾਂ ਇਸ ਤੋਂ ਇਲਾਵਾ ਵੀ ਹੈਰਾਨੀਜਨਕ ਖੁਲਾਸੇ ਕੀਤੇ ਹਨ। ਕੁਝ ਜੀਵਾਂ ਨੂੰ 'ਮਾਈਂਡ ਸਕਰ' ਦਾ ਨਾਂਅ ਦਿੱਤਾ ਗਿਆ ਹੈ। ਇਹ ਜੀਵ ਆਪਣੇ 'ਹੋਸਟ' ਜੀਵ ਵਿੱਚ ਨਿਵਾਸ ਕਰ ਉਸ ਤੋਂ ਭੋਜਨ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਉਸ ਦੇ ਦਿਮਾਗ ਦਾ ਬ੍ਰੇਨਵਾਸ਼ ਕਰ ਉਸ ਨੂੰ ਆਪਣੀ ਇੱਛਾ ਅਨੁਸਾਰ ਹੁਕਮ ਮੰਨਣ ਲਈ ਮਜਬੂਰ ਕਰ ਦਿੰਦੇ ਹਨ। ਇੱਕ ਧਾਗੇ ਵਰਗਾ ਕੀੜਾ(ਹੌਰਸ ਹੇਅਰ) ਆਪਣੇ 'ਲਾਰਵਾ' ਨੂੰ ਇੱਕ ਟਿੱਡੇ ਵਿੱਚ ਪ੍ਰਵੇਸ਼ ਕਰਾ ਦਿੰਦਾ ਹੈ। ਲਾਰਵਾ ਬਾਲਗ ਹੁੰਦਾ ਹੋਇਆ ਟਿੱਡੇ ਦੇ ਦਿਮਾਗ 'ਤੇ ਕੰਟਰੋਲ ਕਰ ਲੈਂਦਾ ਹੈ। ਟਿੱਡਾ ਜਮੀਨੀ ਪ੍ਰਾਣੀ ਹੈ ਪਰ ਹੌਰਸ ਹੇਅਰ (ਧਾਗੇ ਵਰਗਾ ਕੀੜਾ) ਪਾਣੀ 'ਚ ਰਹਿਣਾ ਪਸੰਦ ਕਰਦਾ ਹੈ। ਹੌਰਸ ਹੇਅਰ ਦੇ ਕਮਾਂਡ ਕਰਨ 'ਤੇ ਟਿੱਡਾ ਪਾਣੀ ਵਿੱਚ ਕੁੱਦ ਆਤਮ ਹੱਤਿਆ ਕਰ ਲੈਂਦਾ ਹੈ 'ਤੇ ਹੌਰਸ ਹੇਅਰ ਪਾਣੀ ਵਿਚ ਪਹੁੰਚ ਆਪਣਾ ਮਕਸਦ ਪੂਰਾ ਕਰ ਲੈਂਦਾ ਹੈ। ਹੋਰ ਬੜੀਆਂ ਮਿਸਾਲਾਂ ਹਨ ਜਿਸ ਵਿੱਚ ਵਿਗਿਆਨੀਆਂ ਖੋਜ ਕਰ ਪਾਇਆ ਹੈ ਕਿ ਪੈਰਾਸਾਈਟ (ਪਰਜੀਵੀ) ਆਪਣੇ ਕਾਬੂ ਕੀਤੇ ਹੋਸਟ ਦੇ ਦਿਮਾਗ 'ਤੇ ਕਬਜਾ ਕਰ ਆਪਣਾ ਉੱਲੂ ਸਿੱਧਾ ਕਰਦੇ ਹਨ। ਪਰ ਮੇਰਾ ਮਕਸਦ ਇਹ ਦੱਸਣਾ ਸੀ ਕਿ ਦੇਖੋ ਧਾਰਮਕ ਕੱਟੜਤਾ ਵੀ ਨੌਜਵਾਨਾਂ ਦਾ ਇਵੇਂ ਬ੍ਰੇਨ ਵਾਸ਼ ਕਰ ਦਿੰਦੀ ਹੈ ਕਿ ਉਹ ਧਰਮੀ ਜਨੂੰਨ ਦਾ ਸ਼ਿਕਾਰ ਹੋ ਦੂਜਿਆਂ ਦੀਆਂ ਜਾਨਾਂ ਤੱਕ ਲੈ ਲੈਂਦੇ ਹਨ  ਅਤੇ ਆਪਣੀਆਂ ਕੀਮਤੀ ਜਾਨਾਂ  ਗੁਆ ਬੈਠਦੇ ਹਨ। ਇੱਕ ਪਾਸੇ ਦੁਨਿਆਂ ਵਿਗਿਆਨਕ ਸੋਚ ਸਦਕਾ ਧਰਮਾਂ ਜਾਤਾਂ ਅਤੇ ਨਸਲਾਂ ਤੋਂ ਉੱਪਰ ਉੱਠ ਬਹੁਤ ਹੀ ਸਭਿਅਕ ਅਤੇ ਖੁਸ਼ਹਾਲ ਭਵਿਸ਼ ਵੱਲ ਵਧ ਰਹੀ ਹੈ 'ਤੇ ਦੂਜੇ ਪਾਸੇ ਧਾਰਮਕ ਕੱਟੜਪੰਥੀ ਆਪਣੀ ਪਿੱਛਲ ਖੁਰੀ ਸੋਚ ਸਦਕਾ ਇਸ ਪ੍ਰਗਤੀ ਨੂੰ ਖੋਰਾ ਲਾਉਣ ਦਾ ਉਪਰਾਲਾ ਕਰਦੇ ਦੇਖੇ ਜਾ ਸਕਦੇ ਹਨ। ਇਸ ਪਾਸੋਂ ਸੁਚੇਤ ਰਹਿਣ ਦੀ ਲੋੜ ਹੈ।

- ਖ਼ਬਰਨਾਮਾ #1136, ਜੁਲਾਈ 02-2021

 

 


ਮਗਰਮੱਛੀ ਹੰਝੂ ਵਹਾਉਣਾ

ਸੰਪਾਦਕ ਜੀ,

ਇੱਕ ਮੁਸਲਮ ਪਰੀਵਾਰ 'ਤੇ ਇੱਕ ਗੋਰੇ ਦੁਆਰਾ ਗੱਡੀ ਚੜ੍ਹਾਉਣਾ ਬੇਹੱਦ ਸ਼ਰਮਨਾਕ ਅਣਮਨੁੱਖੀ ਕਾਰਾ ਹੈ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਘੱਟ ਹੈ ਪਰ ਮੇਰਾ ਮੰਨਣਾ ਹੈ ਕਿ ਉਹ ਲੋਕ ਜੋ ਆਪਣੇ ਭਾਈਚਾਰਿਆਂ ਅੰਦਰ ਪਨਪ ਰਹੇ ਨਸਲਵਾਦ ਦੀ ਖੁੱਲ੍ਹ ਕੇ ਨਿੰਦਿਆਂ ਕਰਨ ਤੋਂ ਪਰਹੇਜ ਕਰਦੇ ਹਨ ਇਸ ਘਟਨਾ 'ਤੇ ਸਿਰਫ ਮਗਰਮੱਛੀ ਹੰਝੂ ਹੀ ਵਹਾ ਰਹੇ ਹਨ। ਇਹ ਵੀ ਸੱਚ ਹੈ ਕਿ ਸਾਡੇ ਧਰਮ ਹੀ ਵੰਡੀਆਂ ਪਵਾਉਣ ਵਿਚ ਮੋਹਰੀ ਰੋਲ ਅਦਾ ਕਰ ਰਹੇ ਹਨ ਅਤੇ ਅਸੀਂ ਆਪੋ ਆਪਣੇ ਧਰਮ ਦੀਆਂ ਝੰਡੀਆਂ ਉੱਚੀਆਂ ਕਰਨ ਵਿਚ ਰੁੱਝੇ ਹਾਂ। ਹੁਣ ਯੋਗਾ ਦਿਵਸ ਨੂੰ ਕੁਝ ਧਰਮ ਦੇ ਠੇਕੇਦਾਰ ਗੱਤਕਾ ਦਿਵਸ ਮਨਾਉਣ ਦੀਆਂ ਗੱਲਾਂ ਕਰ ਰਹੇ ਹਨ। ਦੀਵਾਲੀ ਨੂੰ ਇਨ੍ਹਾਂ ਧਰਮ ਦੇ ਝੰਡਾਬਰਦਾਰਾਂ ਨੇ ਜਬਰਨ ਬੰਦੀ ਛੋੜ ਦਿਵਸ ਬਣਾਉਣ ਦਾ ਘਿਨਾਉਣਾ ਉਪਰਾਲਾ ਕੀਤਾ ਹੈ। ਕਿਸਾਨ ਅੰਦੋਲਨ ਵਿੱਚ ਹਿੰਦੂ ਵਿਰੋਧ ਦਾ ਪ੍ਰਦਰਸ਼ਨ ਸਾਫ ਦੇਖਿਆ ਜਾ ਸਕਦਾ ਸੀ ਪਰ ਅਸੀਂ ਇਸ ਪਾਸੋਂ ਅੱਖਾਂ ਮੀਟੀ ਰੱਖੀਆਂ। ਕਬੂਤਰ ਸੋਚਿਆਂ ਅੱਖਾਂ ਮੀਟਣ ਨਾਲ ਬਿੱਲੀ ਗਾਇਬ ਹੋ ਜਾਵੇਗੀ ਪਰ ਸਾਰੇ ਲੋਕ ਅੰਨ੍ਹੇ ਨਹੀਂ। ਬੀਜਿਆ ਵੱਢਣਾ ਵੀ ਪੈਂਦਾ ਹੈ ਬਾਅਦ ਵਿਚ ਲੇਰਾਂ ਮਾਰਨ ਨਾਲ ਕੁਝ ਨਹੀਂ ਸਵਰਨਾ। ਪੰਜਾਬ ਵਿੱਚ ਵੀ ਕਿਸੇ ਸਮੇਂ ਨਸਲਵਾਦ ਦਾ ਬੀਅ ਬੀਜਿਆ ਗਿਆ ਜਿਸ ਦਾ ਖਮਿਆਜਾ ਬੇਕਸੂਰਾਂ ਭੁਗਤਿਆ।  ਅਸੀਂ ਸਮੇਂ ਤੋਂ ਕੋਈ ਸਬਕ ਨਹੀਂ ਲਿਆ। ਬਸ ਮਗਰਮੱਛੀ ਹੰਝੂ ਵਹਾਈਂ ਗਏ। ਵਹਾਈਂ ਜਾਉ। ਕਿਸੇ ਨਹੀਂ ਪੂੰਝਣੇ। ਪੱਤਰਕਾਰ ਸਤਪਾਲ ਜੌਹਲ ਹੁਰਾਂ ਵੀ ਲਿਖਿਆ ਹੈ ਕਿ ਕਨੈਡਾ ਗਰਕਦਾ ਜਾ ਰਿਹੈ। ਕਿਸ ਦੇ ਸਿਰ ਠੀਕਰਾ ਭੰਨੋਗੇ? ਇੱਥੇ ਵੀ ਬੀ ਜੇ ਪੀ ਜਾਂ ਮੋਦੀ ਨੂੰ ਕਟਿਹਰੇ ਵਿਚ ਖੜਾ ਕਰ ਦਿਉ। ਪਿਛਲੇ ਸਾਲ ਕਰੋਨਾ ਕਾਰਣ ਪੈਨਿਕ ਸ਼ੌਪਿੰਗ ਹੋਈ। ਆਪਣੇ ਦੇਸੀਆਂ ਝੱਟ ਰੇਟ ਚੁੱਕ 'ਤੇ। ਗੋਰਿਆਂ ਇਹ ਬਿਲਕੁਲ ਨਹੀਂ ਕੀਤਾ। ਭਾਰਤ ਨੂੰ ਰਾਤ ਦਿਨ ਭੰਡਣ ਵਾਲੇ ਆਪਣੇ ਅੰਦਰ ਝਾਤੀ ਮਾਰਨ। ਮਾੜੇ ਕਿਰਦਾਰ ਵਾਲਿਆਂ ਲੋਕਾਂ ਵਿੱਚ ਈਮਾਨਦਾਰ ਸਰਕਾਰ ਭਾਲਦੇ ਹਨ। ਨਸਲਵਾਦੀ ਘਟਨਾਵਾਂ ਵਾਪਰਨ 'ਤੇ ਸਾਰੇ ਸੰਵੇਦਨਸ਼ੀਲ ਲੋਕਾਂ ਦਾ ਦੁਖੀ ਹੋਣਾ ਸਮਝ ਆਉਂਦਾ ਹੈ ਪਰ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੇ ਵੱਖਵਾਦ ਦੇ ਹਿਮਾਇਤੀਆਂ ਦਾ ਮਗਰਮੱਛੀ ਹੰਝੂ ਵਹਾਉਣਾ ਤਾਂ ਇੱਕ ਨਾਟਕ ਹੀ ਜਾਪਦਾ ਹੈ।

ਹਰਜੀਤ ਦਿਉਲ, ਬਰੈਂਪਟਨ

-ਖ਼ਬਰਨਾਮਾ #1135, ਜੂਨ 25-2021

 

ਏਕਲਾ ਚਲੋ ਰੇ - ਹਰਜੀਤ ਦਿਉਲ

ਇਹ ਰਵੀਂਦਰਨਾਥ ਟੈਗੋਰ ਦੀ ਕਿਸੇ ਕਵੀਤਾ ਦੀਆਂ ਪੰਕਤੀਆਂ ਹਨ ਪਰ ਹਰ ਉਸ ਸੂਝਵਾਨ ਵਿਵੇਕਸ਼ੀਲ ਵਿਅਕਤੀ 'ਤੇ ਢੁਕਦੀਆਂ ਹਨ ਜੋ ਭੀੜ ਦਾ ਹਿੱਸਾ ਨਾ ਬਣਦਿਆਂ ਹੋਇਆਂ ਨਿਵੇਕਲਾ ਰਾਹ ਚੁਣਦਾ ਹੈ। ਸਾਹਿਤਕਾਰ ਜਾਂ ਇਸ ਕਲਾ ਦੀ ਥੋੜੀ ਜਿਹੀ ਵੀ ਸਮਝ ਰੱਖਣ ਵਾਲੇ ਲੋਕ ਅਕਸਰ ਪਰੰਪਰਿਕ ਰਾਹ ਨਾ ਅਪਨਾਉਣ ਕਰਕੇ ਆਪਣੇ ਵੱਖਰੇ ਰਾਹ ਦੇ ਇਕੱਲੇ ਪਾਂਧੀ ਬਣ ਜਾਂਦੇ ਹਨ ਅਤੇ ਬਹੁਤ ਥੋੜੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਣ ਦਾ ਸਰਾਪ ਭੋਗਦੇ ਹਨ। ਪੰਜਾਬੀ ਲੇਖਕਾਂ ਨਾਲ ਇਹ ਦੁਖਾਂਤ ਵਾਪਰਦਾ ਹੈ ਪਰ ਉਹ ਇਸ ਨੂੰ ਗੌਲਦੇ ਨਹੀਂ। ਇੱਥੇ ਕਈ ਪੁਸਤਕ ਮੇਲੇ ਲੱਗੇ ਹਨ, ਤਿੰਨ ਵਿੱਚ ਮੈਂ ਵੀ ਅਪੜਿਆ ਹਾਂ। ਉਦਘਾਟਨ ਨੂੰ ਛੱਡ ਕੇ ਹਰ ਵਾਰੀ ਇਸ ਮੇਲੇ ਵਿਚ ਇੱਕ ਦੋ ਖਰੀਦਦਾਰ ਦਿੱਸੇ ਸਨ। ਇਸ 'ਤੇ ਅਫਸੋਸ ਕੀਤਾ ਤਾਂ ਇੱਕ ਮਿੱਤਰ ਖੁਲਾਸਾ ਕੀਤਾ ਕਿ ਭਰਾਵਾ ਇਹ   ਪਾਠਕਾਂ ਦਾ ਮੇਲਾ ਨਹੀਂ ਪੁਸਤਕਾਂ ਦਾ ਮੇਲਾ ਸੀ! ਪੁਸਤਕਾਂ ਤਾਂ ਸੈਕੜਿਆਂ ਦੀ ਗਿਣਤੀ ਵਿਚ ਹਾਜਰ ਸਨ ਨਾ ? ਇਹ ਗੱਲ ਵੱਖਰੀ ਹੈ ਕਿ ਉਹ ਬੇਸਬਰੀ ਨਾਲ ਪਾਠਕਾਂ ਨੂੰ ਉਡੀਕ ਰਹੀਆਂ ਸਨ। ਗੱਲ ਮੇਰੇ ਖਾਨੇ ਪੈ ਗਈ। ਪੁਸਤਕ ਮੇਲਾ ਸਾਲ ਵਿਚ ਇੱਕ ਵਾਰ ਲੱਗਦਾ ਸੀ ਠੇਕਾ ਹਰ ਰੋਜ ਦਸ ਬਾਰਾਂ ਘੰਟੇ ਖੁੱਲਦਾ ਹੈ ਜਿੱਥੇ ਇਸ ਨਾਲੋਂ ਜਿਆਦਾ ਕਦਰਦਾਨ ਪਹੁੰਚਦੇ ਹਨ। ਕੁਦਰਤ ਨਾਲ ਗੁਫਤਗੂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਜੋ ਕਰ ਲੈਂਦੇ ਹਨ ਭਾਗਸ਼ਾਲੀ ਹਨ। ਮਨੁੱਖੀ ਜੀਵਨ ਦੇ ਇਤਿਹਾਸ ਵਿੱਚ ਵਾਪਰੇ ਵਰਤਾਰੇ ਵਿਸਮਾਦ ਨਾਲ ਭਰੇ ਹਨ, ਇੱਕ ਲੇਖਕ ਹੀ ਇਨ੍ਹਾਂ ਦੀ ਤਰਜਮਾਨੀ ਕਰ ਸਕਦਾ ਹੈ ਵਿਰਲੇ ਇਸ ਦਾ ਅਨੰਦ ਮਾਣ ਸਕਦੇ ਹਨ। ਦੁਖਦ ਹੈ ਕਿ ਸਾਡੇ ਭਾਈਚਾਰੇ ਵਿੱਚ ਫੁਕਰਾਪਨ ਅਤੇ ਗੈਰ ਸੰਜੀਦਾ ਉਲਾਰਪਨ ਜਿਆਦ ਹੈ। ਚੱਕਵੀਆਂ ਅਤੇ ਗੈਰ ਮਿਆਰੀ ਗੱਲਾਂ ਦਾ ਚਸਕਾ ਜਿਆਦਾ ਹੈ। ਇਸ ਲਈ ਚੁਪਚਾਪ ਆਪਣੇ ਰਸਤੇ ਤੁਰੀਂ ਜਾਣਾ ਹੀ ਰਹਿ ਜਾਂਦਾ ਹੈ। "ਯਾ ਦਿਲ ਕੀ ਸੁਨੋ ਦੁਨਿਆਂ ਵਾਲੋ ਯਾ ਮੁਝਕੋ ਅਭੀ ਚੁਪ ਰਹਿਨੇ ਦੋ...ਮੈਂ ਕੈਸੇ ਖੁਸ਼ੀ ਗਮ ਕੋ ਕਹਿ ਦੂੰ ਜੋ ਕਹਿਤੇ ਹੈਂ ਉਨਕੋ ਕਹਿਨੇ ਦੋ"।

-ਖ਼ਬਰਨਾਮਾ #1135, ਜੂਨ 25-2021

 


ਸਾਰੇ ਜਹਾਂ ਕਾ ਦਰਦ ਹਮਾਰੇ ਸੀਨੇ ਮੇਂ ਹੈ

- ਹਰਜੀਤ ਦਿਉਲ, ਬਰੈਂਪਟਨ

ਦਰਅਸਲ ਮੈਂ ਕੋਈ ਦਰਦ ਭਰੀ ਸ਼ੇਰੋ ਸ਼ਾਇਰੀ ਦੀ ਗੱਲ ਕਰਨ ਨਹੀਂ ਜਾ ਰਿਹਾ ਬਲਕਿ ਇੱਕ ਐਸੇ ਦੁਖੀ ਜੀਵ ਦਾ ਜਿਕਰ ਕਰਨ ਜਾ ਰਿਹੈਂ ਜੋ ਮੇਰੇ ਲਈ ਤਰਸ ਅਤੇ ਸਹਾਨਭੂਤੀ ਦਾ ਪਾਤਰ ਬਣ ਜਾਂਦਾ ਹੈ। ਕਿਉੁਂਕਿ ਨਾਂਅ ਉਸ ਦਾ ਮੈਨੂੰ ਪਤਾ ਨਹੀਂ ਇਸ ਲਈ ਜੇ ਉਸ ਨੂੰ ਦੁਖੀਰਾਮ ਦਾ ਨਾਂਅ ਦਿੰਨੈਂ ਤਾਂ ਹਿੰਦੂ ਭਰਾ ਨਰਾਜ ਹੁੰਦੇ ਆ ਅਤੇ ਜੇ ਦੁਖੀ ਸਿੰਘ ਕਿਹਾ ਤਾਂ ਸਿੰਘਾਂ ਕਿਰਪਾਣ ਕੱਢ ਲੈਣੀ। ਦੁਖੀ ਮੁਹੰਮਦ! ਨਾ ਬਾਬਾ ਨਾ ਇਹ ਤਾ ਹੋਰ ਵੀ ਜੋਖਿਮ ਭਰਿਆ ਹੋ ਜਾਣੈ। ਚਲੋ ਛੱਡੋ ਦੁਖੀ ਜੀਵ ਹੀ ਕਹਿ ਸਾਰ ਲੈਨੇ ਆਂ। ਐਸੇ ਜੀਵਾਂ ਨਾਲ ਸਮਾਜ ਵਿਚ ਵਿਚਰਦਿਆਂ ਸ਼ਾਇਦ ਆਪ ਦਾ ਟਾਕਰਾ ਵੀ ਹੋਇਆ ਹੋਵੇ। ਅਕਸਰ ਨੀਵੀਂ ਪਾਈ ਤੁਰਦੇ ਮਿਲਦੇ ਆ ਜਿਵੇਂ ਥੱਲਿਉਂ ਕੁਝ ਲੱਭਦੇ ਜਾਂਦੇ ਹੋਣ। ਬੁਲਾਉਣ 'ਤੇ ਸਿਰ ਚੁੱਕਦੇ ਆ ਤਾਂ ਮੱਥੇ ਤਿਊੜਿਆਂ ਨਜਰੀਂ ਪੈ ਜਾਂਦੀਆਂ। 'ਸਭ ਕੁਸ਼ਲ ਮੰਗਲ ਆ, ਪਰੀਵਾਰ ਰਾਜੀ ਬਾਜੀ ਆ?' ਪੁੱਛਣਾ ਤਾਂ ਬਣਦਾ ਹੀ ਹੈ। ਉਹ ਇੱਕ ਵਾਰੀ ਅਸਮਾਨ ਵੱਲ ਤੱਕਣਗੇ ਜਿਵੇਂ ਪਰਮਾਤਮਾ ਨੂੰ ਕੋਈ ਫਰਿਆਦ ਕਰ ਰਹੇ ਹੋਣ। 'ਬਸ ਠੀਕ ਈ ਆ ਜਿਹੜੇ ਦਿਨ ਲੰਘ ਜਾਣ' ਉਨ੍ਹਾਂ ਦਾ ਉਦਾਸੀਨ ਜਵਾਬ ਹੁੰਦਾ। ਉਂਝ ਮੈਂਨੂੰ ਪਤੈ ਕਿ ਪਰੀਵਾਰ ਉਨ੍ਹਾਂ ਦਾ ਚੜ੍ਹਦੀ ਕਲਾ 'ਚ ਹੈ। ਆਪ ਪੈਂਸ਼ਨਰ ਹਨ, ਬੱਚੇ ਸਾਰੇ ਆਪੋਆਪਣੇ ਕਾਰੋਬਾਰ 'ਚ ਵਧੀਆ ਸੈਟ ਹਨ। 'ਹੋਰ ਸੁਣਾਉ' ਕਹਿਣ 'ਤੇ ਉਹ ਕਹਿਣਗੇ 'ਇਸ ਕਰੋਨਾ ਤਾਂ ਦੁਨਿਆਂ ਸੂਲੀ 'ਤੇ ਟੰਗੀ ਆ'। ਮੈਂ ਉਨ੍ਹਾਂ ਦਾ ਦਰਦ ਵੰਡਾਉਨੈਂ ' ਕੋਈ ਨੀ ਇਹ ਔਖਾ ਸਮਾਂ ਵੀ ਲੰਘ ਜਾਣੈ, ਸਰਕਾਰ ਇਸ ਪਾਸੇ ਹਰ ਸੰਭਵ ਉਪਾਅ ਕਰ ਰਹੀ ਹੈ ਉਸ ਨੂੰ ਸਹਿਯੋਗ ਦਿਉ 'ਤੇ ਬਸ ਖੁਸ਼ ਰਿਹਾ ਕਰੋ'। 'ਕਾਹਦਾ ਖੁਸ਼ ਰਹੀਏ, ਦੇਖ ਨਹੀਂ ਰਹੇ ਕਿਸਾਨਾਂ ਨਾਲ ਕੀ ਹੋ ਰਿਹੈ ਭਾਰਤ ਵਿੱਚ। ਹਨੇਰਗਰਦੀ ਮੱਚੀ ਆ ਸਭ ਪਾਸੇ'। ਮੈਂ ਫੇਰ ਦਿਲਾਸਾ ਦੇਣ ਦਾ ਯਤਨ ਕਰਦਾ ਹਾਂ ' ਇਹ ਸਮੱਸਿਆਵਾਂ ਸਦੀਵੀ ਨਹੀ, ਆਉਂਦਿਆਂ ਜਾਂਦੀਆਂ ਰਹਿਂਦੀਆਂ ਹਨ। ਬਸ ਮਸਤ ਰਹੋ 'ਤੇ ਜਿੰਦਗੀ ਦਾ ਅਨੰਦ ਮਾਣੋ'। 'ਘੋਰ ਕਲਜੁਗ' ਉਹ ਭੜਕ ਜਾਂਦੇ ਹਨ 'ਸਭ ਪਾਸੇ ਲੁੱਟ ਮਚੀ ਹੈ। ਕੀਮਤਾਂ ਅਸਮਾਨੀ ਚੜ੍ਹੀਆਂ ਹਨ। ਕੋਈ ਕੰਟਰੋਲ ਨਹੀਂਂ ਸਰਕਾਰਾਂ ਦਾ, ਅਨ੍ਹੀ ਪੀਂਹਦੀ ਆ ਕੁੱਤੀ ਚੱਟਣ ਡਹੀ ਆ'। ਮੈਂ ਫੇਰ ਸਮਝਾਉਨੈਂ ' ਭਾਈ ਸਾਹਿਬ ਸਤਯੁਗ ਇੱਕ ਕਲਪਤ ਕਹਾਣੀ ਤੋਂ ਵੱਧ ਕੁਝ ਨਹੀਂ। ਅੱਜ ਦਾ ਸਭਿਅਕ ਸੰਸਾਰ ਹੀ ਸਤਯੁਗ ਹੈ ਜੇਕਰ ਅਸੀਂ ਚੰਗੇ ਨਾਗਰਿਕ ਬਣ ਦੇਸ਼ ਦੇ ਕਾਨੂੰਨ ਦਾ ਪਾਲਨ ਕਰੀਏ। ਦੇਖੋ ਮੌਸਮ ਕਿੰਨਾ ਸੁਹਾਵਣਾ ਹੈ। ਬਾਰਿਸ਼ ਦੇ ਆਸਾਰ ਹਨ। ਦਰਖਤ ਉਸ ਦੇ ਸੁਆਗਤ ਲਈ ਝੂਮ ਰਹੇ ਹਨ।' ਮੇਰੀ ਗੱਲ ਅਣਸੁਣੀ ਕਰ ਉਹ ਕਹਿਣ ਲੱਗੇ ' ਬਸ ਇਹੀ ਮੁਸੀਬਤ ਹੈ। ਪੰਜਾਬ ਵਿੱਚ ਪੱਕੀਆਂ ਫਸਲਾਂ ਵੇਲੇ ਬਾਰਸ਼ਾਂ ਪੈਣ ਲੱਗਦੀਆਂ 'ਤੇ ਰੱਬ ਵੀ ਵੈਰੀ ਬਣ ਜਾਂਦਾ।' ਉਨ੍ਹਾਂ 'ਤੇ ਤਰਸ ਆਉਂਦੈ ਕਿ ਇਹ ਦੁੱਖ ਦੀ ਪੰਡ ਚੁੱਕਣ ਲਈ ਝਟਪਟ ਪੰਜਾਬ ਵੀ ਪਹੁੰਚ ਗਏ। ਬਹਾਰ ਦੇ ਮੌਸਮ ਵਿੱਚ ਜਦ ਕੁਦਰਤ ਆਪਣਾ ਖਜਾਨਾ ਲੁਟਾ ਰਹੀ ਹੈ ਇਹ ਸੱਜਣ ਕੰਨ ਵਿੱਚ ਈਅਰ ਫੋਨ ਲਾਈਂ ਪਤਾ ਨਹੀਂ ਕਿਸ ਪਰਮਾਤਮਾ ਨਾਲ ਗੁਫਤਗੂ ਕਰਦੇ ਨੀਵੀਂ ਪਾਈ ਤੁਰੀਂ ਜਾਂਦੇ ਹਨ। ਇਨ੍ਹਾਂ ਤੋਂ ਅਲਵਿਦਾ ਲੈ ਦੇਖਦਾ ਹਾਂ ਅਸਮਾਨ ਵਿੱਚ ਪੰਛੀਆਂ ਦੇ ਟੋਲੇ ਲਟਬੌਰੇ ਹੋਏ ਉਡਾਰੀਆਂ ਲਾ ਰਹੇ ਹਨ। ਬੇਫਿਕਰ ਬੇ ਪਰਵਾਹ ਜਿਨ੍ਹਾਂ ਨੂੰ ਕਲ ਦੀ ਕੋਈ ਚਿੰਤਾ ਨਹੀਂ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ। ਸ਼ਾਇਦ ਇਹੀ ਅਸਲ ਜਿਉਣਾ ਹੈ।

-ਖ਼ਬਰਨਾਮਾ #1134, ਜੂਨ 18-2021

 


ਕਵੀਨਗਰ ਦਾ ਕਵੀ ਸੰਮੇਲਨ

ਇਸ ਛੋਟੇ ਜਿਹੇ ਸ਼ਹਿਰ ਦਾ ਨਾਂਅ ਸ਼ਾਇਦ ਇੱਥੇ ਵਸਦੇ ਕਵੀਆਂ ਦੀ ਭਰਮਾਰ ਸਦਕਾ ਹੀ ਕਵੀ ਨਗਰ ਪਿਆ ਹੋਣੈ। ਤਾਂ ਜਨਾਬ ਜਦ ਮਿਲਦੇ ਗਿਲਦੇ ਇੱਕ ਦੂਸਰੇ ਨੂੰ ਕਵਿਤਾਵਾਂ ਸੁਣਾ ਸੁਣਾ ਇਹ ਲੋਕ ਅੱਕ ਗਏ ਤਾਂ ਉਨ੍ਹਾਂ ਇੱਕ ਕਵੀ ਸੰਮੇਲਨ ਦਾ ਆਯੋਜਨ ਕਰ ਸ਼ਹਿਰਵਾਸੀਆਂ ਨੂੰ ਨਿਹਾਲ ਕਰਨ ਦਾ ਮਨ ਬਣਾਇਆ। ਸ਼ਹਿਰਵਾਸੀਆਂ ਨੂੰ ਇਸ ਸੰਮੇਲਨ ਦੀ ਅਗਾਊਂ ਸੂਚਨਾ ਦਿੱਤੀ ਗਈ ਅਤੇ ਨਿਰਧਾਰਤ ਦਿਨ ਪੰਡਾਲ ਵਿੱਚ ਜੋ ਸੌ ਦੇ ਕਰੀਬ ਕਵੀ ਆਪਣੀ ਕਲਾ ਦੇ ਜੌਹਰ ਦਿਖਾਉਣ ਪਹੁੰਚੇ ਉਨ੍ਹਾਂ ਵਿੱਚ ਪੰਜ ਕੁ ਕਵਿੱਤਰੀਆਂ ਵੀ ਸ਼ਾਮਲ ਸਨ। 'ਲੇਡੀਜ਼ ਫਸਟ' ਦਾ ਅਨੁਸਰਣ ਕਰਦਿਆਂ ਪਹਿਲਾਂ ਕਵਿੱਤਰੀਆਂ ਨੂੰ ਪੇਸ਼ ਕੀਤਾ ਗਿਆ। ਪਹਿਲੀ ਕਵਿੱਤਰੀ ਆਪਣਾ ਕਲਾਮ ਪੇਸ਼ ਕਰਦਿਆਂ ਹੇਕ ਲਾਈ "ਸਵੇਰ ਦਾ ਰੋਟੀ ਟੁੱਕ ਕਰਕੇ ਆਈ ਹਾਂ ਸ਼ਾਮ ਦੀ ਜਾ ਬਨਾਉਣੀ ਹੈ-ਮੈਂ ਅੱਜ ਆਪਣੀਆ ਕਵੀਤਾਵਾਂ ਦੀ ਛਹਿਬਰ ਲਾਉਣੀ ਹੈ।" ਪੰਡਾਲ ਖਚਾਖਚ ਭਰਿਆ ਸੀ। ਬੜੀਆਂ ਤਾੜੀਆਂ ਅਤੇ ਸੀਟੀਆਂ ਵੱਜੀਆਂ। ਅਗਲੀਆਂ ਕਵਿੱਤਰੀਆਂ ਜੋ ਕਲਾਮ ਪੇਸ਼ ਕੀਤੇ ਲੋਕਾਂ ਜੰਮ ਕੇ ਵਾਹ ਵਾਹ ਕੀਤੀ ਜਿਸ ਨਾਲ ਹੋਰਾਂ ਕਵੀਆ ਦੇ ਵੀ ਹੌਸਲੇ ਬੁਲੰਦ ਹੋਏ ਪਰ ਜਿਉਂ ਹੀ ਕਵਿੱਤਰੀਆਂ ਦੀ ਵਾਰੀ ਸਮਾਪਤ ਹੋਈ ਸਥਿਤੀ ਬੜੀ ਨਾਜੁਕ ਹੋ ਗਈ ਕਿਉਂਕਿ ਹੁਣ ਪੰਡਾਲ ਵਿੱਚ ਜੋ ਲੋਕ ਰਹਿ ਗਏ ਸਨ ਲਗਭਗ ਕਵੀ ਹੀ ਸਨ। ਬਹੁਤੀ ਭੀੜ ਤਿਤਰ ਬਿਤਰ ਹੋ ਗਈ। ਇਸ ਉਪਰੰਤ ਜੋ ਹੋਇਆ ਉਹ ਹੋਰ ਨਿਰਾਸ਼ਾਜਨਕ ਸੀ ਕਿਉਂਕਿ ਜੋ ਕਵੀ ਆਉਂਦਾ ਆਪਣੀ ਕਵਿਤਾ ਸੁਣਾ ਪਿਛਲੇ ਰਸਤੇ ਘਰ ਨੂੰ ਤੁਰ ਜਾਦਾ। ਅਖੀਰ ਮੇਰੇ ਵਰਗਾ ਇੱਕ ਅਪਰੈਂਟਿਸ ਕਵੀ ਰਹਿ ਗਿਆ ਜਿਸ ਆਪਣੀ ਵਾਰੀ ਇਸ ਕਰਕੇ ਅਖੀਰ 'ਚ ਰਖਵਾਈ ਸੀ ਕਿ ਅੰਤ ਵਿਚ ਸੁਣੀ ਕਵੀਤਾ ਮਨ ਅੰਦਰ ਬਹੁਤਾ ਪ੍ਰਭਾਵ ਛੱਡ ਜਾਂਦੀ ਹੈ। ਅਪਰੈਂਟਿਸ ਕਵੀ ਬੜੀ ਮਾਯੂਸੀ ਵਿਚ ਸਟੇਜ 'ਤੇ ਆ ਮਾਈਕ ਸੰਭਾਲਿਆ ਅਤੇ ਕਹਿਣ ਲੱਗਾ " ਸੱਜਣੋ ਸ਼ਹਿਰਾਵਸੀਆਂ ਦੀ ਸਾਹਿਤ ਵਿਚ ਘਟ ਰਹੀ ਰੁਚੀ ਅਤਿਅੰਤ ਨਿਰਾਸ਼ਾਜਨਕ ਹੈ ਪਰ ਤੁਸਾਂ ਜੋ ਪੰਜ ਸੱਤ ਜਣੇ ਬੈਠੇ ਹੋ ਅਵੱਸ਼ ਸਾਹਿਤ ਰਸੀਆ ਹੋ ਸੋ ਆਸ ਹੈ ਮੇਰੀਆਂ ਤਾਜਾਤਰੀਨ ਕਵੀਤਾਵਾਂ ਦਾ ਅਨੰਦ ਮਾਣੋਗੇ"। ਇਹ ਕਹਿ ਜਿਉਂ ਹੀ ਕਵੀ ਮਹੋਦਯ ਆਪਣਾ ਕਲਾਮ ਪੜ੍ਹਨ ਲੱਗੇ ਬੈਠੇ ਵਿਅਕਤੀਆਂ ਵਿੱਚੋਂ ਇੱਕ ਉੱਠ ਕਹਿਣ ਲੱਗਾ "ਜਨਾਬ ਅਸਾਂ ਸ਼ਰੋਤਾ ਨਾ ਹੋ ਕੇ ਟੈਂਟ ਵਾਲੇ ਹਾਂ ਅਤੇ ਟੈਂਟ ਸਮੇਟਣ ਲਈ ਬੈਠੇ ਹਾਂ।" ਇਹ ਸੁਣ ਨਵੇਂ ਉੱਭਰ ਰਹੇ ਸ਼ਾਇਰ ਦਾ ਗੁੱਸਾ ਸੱਤ ਅਸਮਾਨੀ ਜਾ ਪਹੁੰਚਿਆ ਅਤੇ ਉਹ ਮਾਈਕ ਫੜ ਬੋਲਿਆ " ਇਹ ਜੋ ਆਪਣੀ ਆਪਣੀ ਸੁਣਾ ਕੇ ਨੱਠੇ ਨੇ, ਇਹ ਹਰਾਮਖੋਰ ਕਵੀ ਨਹੀਂ ਉੱਲੂ ਦੇ ਪੱਠੇ ਨੇ"। ਇਤਨਾ ਕਹਿ ਉਸ ਮਾਈਕ ਵਗਾਹ ਮਾਰਿਆ ਅਤੇ ਭਵਿਸ਼ ਵਿਚ ਕਵੀ ਬਨਣ ਦਾ ਇਰਾਦਾ ਹਮੇਸ਼ਾ ਲਈ ਛਿੱਕੇ ਟੰਗ ਦਿੱਤਾ।

-ਖ਼ਬਰਨਾਮਾ, #1133, ਜੂਨ 11-2021

 


ਕਿੱਸਾ ਅਨੋਖੇ 'ਕਨਟੋਪ' ਦਾ

- ਹਰਜੀਤ ਦਿਉਲ ਬਰੈਂਪਟਨ

ਗੱਲ ਮੁੱਢੋਂ ਸ਼ੁਰੂ ਕਰਨੀ ਪੈਣੀ। ਅੱਧੀ ਕੁ ਸਦੀ ਪਹਿਲਾਂ ਗਰਮੀ ਦੀਆਂ ਛੁੱਟੀਆਂ ਯੂ ਪੀ ਤੋਂ ਪੰਜਾਬ ਨਾਨਕੇ ਪਿੰਡ ਆ ਬਿਤਾਉਂਦੇ ਸੀ ਜਿੱਥੇ ਸਾਲ ਭਰ ਦੇ 'ਸੋਵੀਅਤ ਦੇਸ' ਜਮਾ ਹੋਏ ਮੇਰੀ ਉਡੀਕ ਕਰਿਆ ਕਰਦੇ। ਪਿੰਢ 'ਚ ਪੜ੍ਹਨ ਦਾ ਸ਼ੌਕ ਤਾਂ ਵਿਰਲਿਆਂ ਨੂੰ ਹੁੰਦਾ ਪਰ ਇਸ ਰਸਾਲੇ ਵਾਲੇ ਮਾਮੂਲੀ ਚੰਦੇ ਵਿੱਚ ਡਾਇਰੀ, ਪੈਨ ਅਤੇ ਕਲੰਡਰ ਮੁਫਤ ਦਿੰਦੇ ਜਿਸ ਕਰਕੇ ਬਹੁਤੇ ਘਰਾਂ ਵਿਚ ਇਹ ਉਪਲਬਧ ਹੁੰਦਾ। ਇਸ ਰਸਾਲੇ ਵਿੱਚ ਕਿਸ਼ਤਵਾਰ ਛਪੇ ਇੱਕ ਨਾਵਲ 'ਚ ਇੱਕ ਅਨੋਖੇ 'ਕਨਟੋਪ' ਦਾ ਜਿਕਰ ਮੇਰੇ ਜ਼ਿਹਨ ਵਿਚ ਡੂੰਘਾ ਖੁਭਿਆ ਪਿਐ ਜਿਸ ਨੂੰ ਸਭ ਨਾਲ ਸਾਂਝਾ ਕਰਨ ਦਾ ਮਨ ਹੈ। ਬਹੁਤ ਸੰਖੇਪ ਵਿਚ ਦੱਸਣ ਦੀ ਕੋਸ਼ਸ਼ ਕਰਾਂਗਾ। ਰੂਸ ਵਿੱਚ ਇੱਕ ਮਾਂ ਦਾ ਬੱਚਾ ਗੁਆਚ ਜਾਂਦਾ ਹੈ। ਮਾਂ ਉਸ ਨੂੰ ਲੱਭਦੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੁੰਦੀ ਹੈ ਜਦ ਉਸ ਨੂੰ ਦੱਸਿਆ ਜਾਂਦਾ ਕਿ ਦੂਰ ਦੁਰੇਡੇ ਸਾਈਬੇਰਿਆ ਦੇ ਚਰਵਾਹੇ ਬੱਚੇ ਅਗਵਾ ਕਰ ਉਨ੍ਹਾਂ ਦੇ ਸਿਰ 'ਤੇ ਇੱਕ ਵਿਸ਼ੇਸ਼ ਚਮੜੇ ਦਾ ਕਨਟੋਪ ਚਾੜ੍ਹ ਦਿੰਦੇ ਹਨ। ਕੁਝ ਸਮੇਂ ਉਪਰੰਤ ਜਦ ਚਮੜਾ ਸੁੱਕ ਕੇ ਸੁੰਗੜਦਾ ਹੈ ਉਹ ਬੱਚੇ ਦੇ ਸਿਰ ਨੂੰ ਜਕੜ ਲੈਂਦਾ ਹੈ। ਫਿਰ ਬੱਚੇ ਦਾ ਸਰੀਰ ਉਮਰ ਨਾਲ ਵਧਦਾ ਰਹਿਂਦਾ ਹੈ ਪਰ ਦਿਮਾਗ ਦਾ ਵਿਕਾਸ ਉੱਥੇ ਹੀ ਰੁਕ ਜਾਂਦਾ ਹੈ। ਵੱਡਾ ਹੋਇਆ ਬੱਚਾ ਉਨ੍ਹਾਂ ਦਾ ਇੱਕ ਮੁਫਤ ਦਾ ਆਗਿਆਕਾਰ ਚਰਵਾਹਾ ਬਣ ਜਾਂਦਾ ਹੈ। ਆਖਰ ਮਾਂ ਅਨੇਕਾਂ ਮੁਸੀਬਤਾਂ ਝੱਲਦੀ, ਧੱਕੇ ਧੌਲੇ ਖਾਂਦੀ ਆਪਣੇ ਬੱਚੇ ਤੱਕ ਅੱਪੜ ਤਾਂ ਜਾਂਦੀ ਹੈ ਪਰ ਵਿਅਰਥ, ਕਿਉਂਕਿ ਜਵਾਨ ਹੋਇਆ ਉਸ ਦਾ ਪੁੱਤ ਨਾ ਮਾਂ ਨੁੰ ਪਛਾਨਣਯੋਗ ਹੈ ਨਾਂ ਉਸ ਦੇ ਜ਼ਜਬਾਤਾਂ ਦਾ ਸਾਂਝੀਵਾਲ ! ਇਸ ਤਰ੍ਹਾਂ ਇਹ ਮਿਲਨੀ ਇੱਕ ਦੁਖਾਂਤ ਹੋ ਨਿਬੜਦੀ ਹੈ। ਗੱਲ ਉਸ ਅਨੋਖੇ 'ਕਨਟੋਪ' ਦੀ ਕਰਨੀ ਹੈ ਜਿਸ ਲਾਇਆਂ ਮਨੁੱਖੀ ਦਿਮਾਗ ਦਾ ਵਿਕਾਸ ਰੁਕਣ ਨਾਲ ਉਸ ਦੀ ਸੋਚ ਦਾ ਦਾਇਰਾ ਸੀਮਤ ਹੋ ਕੇ ਰਹਿ ਗਿਆ। ਕੀ ਅੱਜ ਸਾਡੀ ਧਾਰਮਕ ਕੱਟੜਤਾ ਸਾਨੂੰ ਇਹੋ ਜਿਹਾ 'ਕਨਟੋਪ' ਨਹੀਂ ਚਾੜ੍ਹ ਦਿੰਦੀ ਜਿਸ ਨਾਲ ਸਾਡੀ ਆਜਾਦ ਸੋਚ ਦੀ ਸੰਘੀ ਘੁੱਟੀ ਜਾਂਦੀ ਹੈ ਅਤੇ ਅਸੀਂ ਖੂਹ ਦੇ ਡੱਡੂ ਵਾਂਗ ਇੱਕ ਸੀਮਤ ਦਾਇਰੇ ਵਿਚ ਕੈਦ ਹੋ ਜਾਂਦੇ ਹਾਂ। ਇੱਥੇ ਤੱਕ ਕਿ ਉੱਚ ਸਿਖਿਆ ਪ੍ਰਾਪਤ ਕਰਨ ਉਪਰੰਤ ਵੀ ਸਾਡੇ ਵਿੱਚੋਂ ਬਹੁਤੇ ਬਚਪਨ ਵਿੱਚ ਹਾਸਲ ਕੀਤੀ ਸੰਕੀਰਣਤਾ ਤੋਂ ਖਹਿੜਾ ਛੁਡਾਉਣ ਦੇ ਕਾਬਲ ਨਹੀਂ ਰਹਿਂਦੇ। ਕੁਝਕੁ ਮਿਸਾਲਾਂ ਹਨ। ਹੈਰਾਨੀ ਹੋਈ ਸੀ ਜਦ ਚੰਗੇ ਭਲੇ ਪੜ੍ਹੇਲਿਖਿਆਂ ਨੂੰ ਪੱਥਰਾਂ ਦੀ ਮੂਰਤੀਆਂ ਨੂੰ ਦੁੱਧ ਪਿਆਉਣ ਵਾਲਿਆਂ ਦੀ ਕਤਾਰ 'ਚ ਖੜੇ ਦੇਖਿਆ ਸੀ। ਹੈਰਾਨੀ ਹੁੰਦੀ ਹੈ ਜਦ ਪੜ੍ਹੇ ਲਿਖੇ ਮੁਸਲਮਾਨਾਂ ਨੂੰ ਵੀ ਬੁਰਕੇ ਅਤੇ ਤਿੰਨ ਤਲਾਕ ਦਾ ਸਮਰਥਨ ਕਰਦੇ ਦੇਖੀਦਾ ਹੈ। ਹੈਰਾਨੀ ਦੀ ਹੱਦ ਨਹੀਂ ਰਹਿਂਦੀ ਜਦ ਆਸਟਰੇਲਿਆ ਵਰਗੇ ਵਿਕਸਤ ਮੁਲਕ ਵਿਚ ਅਪੜ ਕੇ ਵੀ ਕੁਝ ਮਾਪੇ ਬੱਚਿਆਂ ਨੂੰ ਕਿਰਪਾਣ ਪਾਉਣ ਲਈ ਪ੍ਰੇਰਦੇ ਹਨ। ਅੱਜ ਮਨੁੱਖਤਾ ਦੂਰ ਦੁਰਾਡੇ ਗ੍ਰਹਾਂ ਉੱਤੇ ਅਪੜਨ ਦੇ ਸੁਫਨੇ ਦੇਖ ਰਹੀ ਹੈ ਅਤੇ ਅਸੀਂ ਕਈ ਸੌ ਸਾਲ ਪਿਛਲੀਆਂ ਮਾਨਤਾਵਾਂ ਨਾਲ ਚੰਬੜੇ ਹਾਂ। ਇਸ ਬਾਰੇ ਸੋਚਣਾ ਹੀ ਨਹੀਂ ਕੁਝ ਕਰਨ ਦਾ ਉਪਰਾਲਾ ਕਰਨਾ ਵੀ ਬਣਦਾ ਹੈ।

-ਖ਼ਬਰਨਾਮਾ #1132, ਜੂਨ 4-2021

 


ਅੱਲਾਦੀਨ ਦਾ ਚਿਰਾਗ ਅਤੇ ਮਹਾਬਲੀ ਜਿੰਨ!

- ਹਰਜੀਤ ਦਿਉਲ, ਬਰੈਂਪਟਨ

ਹੋਇਆ ਇਵੇਂ ਕਿ ਇੱਕ ਦਿਨ ਸੈਰ ਕਰਦਿਆਂ ਰਸਤੇ 'ਚ ਝਾੜੀਆਂ ਵਿਚ ਇੱਕ ਪਿੱਤਲ ਦਾ ਚਿਰਾਗ ਨਜ਼ਰੀਂ ਪਿਆ। ਚੁੱਕ ਕੇ ਗਰਦ ਝਾੜਨ ਲਈ ਜਦ ਫੂਕਾਂ ਮਾਰੀਆਂ ਤਾਂ ਅਜੀਬ ਕਰਿਸ਼ਮਾ ਹੋਇਆ। ਧੂੰਆਂ ਜਿਹਾ ਨਿਕਲਿਆ 'ਤੇ ਇੱਕ ਵਿਕਰਾਲ ਜਿੰਨ ਪ੍ਰਕਟ ਹੋ ਕਹਿਣ ਲੱਗਾ "ਮੇਰੇ ਆਕਾ ਇਸ ਚਿਰਾਗ ਨੂੰ ਤਿੰਨ ਫੂਕਾਂ ਮਾਰਨ ਨਾਲ ਮੈਂ ਅਜਾਦ ਹੋ ਜਾਂਦਾ ਹਾਂ। ਆਜਾਦ ਕਰਨ ਲਈ ਮੇਹਰਬਾਨੀ। ਅਤੇ ਇਸ ਮਿਹਰਬਾਨੀ ਬਦਲੇ ਮੈਂ ਆਪਦੀ ਇੱਕ ਇੱਛਾ ਪੂਰੀ ਕਰਨ ਲਈ ਪਾਬੰਦ ਹਾਂ। ਹੁਕਮ ਕਰੋ।"  ਮੈਂ ਹੈਰਾਨ ਹੋ ਕਿਹਾ "ਭਾਈ ਸਾਹਿਬ ਤੁਸੀਂ ਕੀ ਕਰ ਸਕਦੇ ਹੋ?" ਉਹ ਕਹਿੰਦਾ "ਮੈਂ ਬਹੁਤ ਸ਼ਕਤੀਸ਼ਾਲੀ ਹਾਂ ਅਸਮਾਨ ਨੂੰ ਟਾਕੀ ਤੱਕ ਲਾ ਸਕਦਾ ਹਾਂ। ਹੁਕਮ ਕਰੋ।" ਮੈਂ ਸੋਚ ਵਿਚ ਪੈ ਗਿਆ। ਕੀ ਮੰਗਿਆ ਜਾਏ। ਫੇਰ ਸਰਬੱਤ ਦਾ ਭਲਾ ਮੰਗਣ ਵਾਲੇ ਭਾਈਚਾਰੇ ਨਾਲ ਸੰਬੰਧਤ ਹੋਣ ਸਦਕਾ ਮੈਂ ਉਸ ਨੂੰ ਕਿਹਾ "ਮੇਰੇ ਵੀਰ ਫਿਰ ਇੱਕ ਕੰਮ ਕਰ। ਮੇਰੇ ਪਿਆਰੇ ਭਾਰਤ ਦੇਸ਼ ਵਿੱਚ ਇੱਕ ਬੇਹੱਦ ਈਮਾਨਦਾਰ ਸਰਕਾਰ ਦਾ ਗਠਨ ਕਰਾ ਦੇ ਤਾ ਕਿ ਮੇਰਾ ਦੇਸ਼ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਹੋਇਆ ਸਾਰੀ ਦੁਨਿਆਂ ਤੋਂ ਅੱਗੇ ਲੰਘ ਜਾਵੇ।" ਜਿੰਨ ਜਕੋਤਕੀ ਜਿਹੀ ਵਿਚ ਪੈ ਗਿਆ। ਸਿਰ ਖੁਰਕਣ ਲੱਗਾ। ਮੈਂ ਕਿਹਾ "ਕੀ ਹੋਇਆ ਭਾਈ ਸਾਹਿਬ ਧਾਨੂੰ ਸੱਪ ਕਿਉਂ ਸੁੰਘ ਗਿਆ?" ਉਹ ਅੱਗੋਂ ਬੋਲਿਆ "ਮੇਰੇ ਆਕਾ ਨਾਰਾਜ਼ ਨਾ ਹੋਣਾ ਕੋਈ ਹੋਰ ਇੱਛਾ ਦੱਸ ਦਿਉ। ਕਿਉਂਕਿ ਜਿਸ ਦੇਸ਼ ਦੀ ਸਾਰੀ ਖਲਕਤ ਸਵਾਰਥੀ ਹੋਵੇ, ਚਰਿੱਤਰ ਪੱਖੋਂ ਨਿੱਘਰੀ ਹੋਵੇ, ਵਹਿਮਾਂ ਭਰਮਾਂ 'ਚ ਫਸੀ ਹੋਵੇ, ਕਨੂੰਨ ਨੂੰ ਟਿੱਚ ਜਾਣਦੀ ਹੋਵੇ ਉੱਥੇ ਐਸੀ ਸਰਕਾਰ ਸੰਭਵ ਨਹੀਂ। ਕਿਰਪਾ ਕਰਕੇ ਕੋਈ ਹੋਰ ਇੱਛਾ ਦੱਸੋ।" ਮੈਂ ਸੋਚੀਂ ਪੈ ਗਿਆ। ਕੀ ਮੰਗਿਆ ਜਾਏ। ਕੁਝ ਸੋਚ ਕਿਹਾ "ਪਿਆਰੇ ਜਿੰਨ ਸਾਹਿਬ ਫੇਰ ਇੱਕ ਉਪਕਾਰ ਕਰੋ। ਮੇਰਾ ਵਤਨ ਹੈ ਪੰਜਾਬ। ਗੁਰੂਆਂ ਪੀਰਾਂ ਦੀ ਧਰਤ। ਉਨ੍ਹਾਂ ਦੇ ਵਾਰਿਸ ਗਲਤ ਨਹੀਂ ਹੋ ਸਕਦੇ। ਉਹ ਤਾਂ ਗੁਰੂਆਂ ਦੁਆਰਾ ਲਿਖੀ ਬਾਣੀ ਦੀ ਬੇਅਦਬੀ ਹੋਣ 'ਤੇ ਥੜਥੱਲੀ ਮਚਾ ਦਿੰਦੇ ਹਨ। ਬੇਇਨਸਾਫੀ ਦੇਖ ਨਹੀਂ ਸਕਦੇ। ਕਿਰਪਾ ਕਰ ਇਨ੍ਹਾਂ ਸੱਚੇ ਸੁੱਚਿਆਂ ਦੇ ਖਿੱਤੇ ਨੂੰ ਇੱਕ ਸੱਚੀ ਸੁੱਚੀ ਸਰਕਾਰ ਮੁਹੱਈਆ ਕਰਵਾ ਕੇ ਅਮਨ ਚੈਨ ਬਹਾਲ ਕਰਾ ਦੇ ਰੱਬ ਤੇਰਾ ਭਲਾ ਕਰੂ।"  ਮੇਰੇ ਐਨਾ ਕਹਿਣ ਦੀ ਦੇਰ ਸੀ ਕਿ ਜਿੰਨ ਇੱਕ ਦਮ ਧੂੰਏਂ 'ਚ ਤਬਦੀਲ ਹੋ ਗਿਆ ਅਤੇ ਕੋਲ ਪਏ ਚਿਰਾਗ ਵਿੱਚੋਂ ਆਵਾਜ ਆਈ "ਮੇਰੇ ਆਕਾ ਮੇਰੇ ਮਾਲਕ ਮੈਂ ਹਿਮਾਲਿਯਾ ਪਰਬਤ ਚੁੱਕ ਰੇਗਿਸਤਾਨ ਵਿਚ ਰੱਖ ਸਕਦਾ ਹਾਂ, ਇਸ ਧਰਤੀ ਨੂੰ ਪੁੱਠਾ ਘੁਮਾਂ ਸਕਦਾ ਹਾਂ, ਅਸਮਾਨੋਂ ਚੰਨ ਤਾਰੇ ਤੱਕ ਤੋੜ ਲਿਆ ਸਕਦਾ ਹਾਂ ਪਰ ਚਰਿੱਤਰ ਪੱਖੋਂ ਗਰੀਬ ਅਤੇ ਖੁਦਗਰਜ਼ ਲੋਕਾਂ ਵਿੱਚੋਂ ਈਮਾਨਦਾਰ ਸਰਕਾਰ ਦਾ ਗਠਨ ਬਿਲਕੁਲ ਨਹੀਂ ਕਰ ਸਕਦਾ, ਮੈਂਨੂੰ ਮੁਆਫ ਕਰਨਾ। ਮੈਂ ਫਿਰ ਚਿਰਾਗ ਵਿਚ ਕੈਦ ਹੋ ਰਿਹਾ ਹਾਂ। ਮੈਂ ਇੱਥੇ ਹੀ ਠੀਕ ਹਾਂ। ਕਿਰਪਾ ਕਰ ਚਿਰਾਗ  ਨੂੰ ਫਿਰ ਝਾੜੀਆਂ ਵਿਚ ਸੁੱਟ ਦੇਵੋ 'ਤੇ ਮੇਰਾ ਖਹਿੜਾ ਛੱਡੋ।" ਮੈਂ ਸਕਤੇ ਵਿੱਚ ਸਾਂ। ਕੀ ਮੈਂ ਸਰਵਸ਼ਕਤੀਮਾਨ ਜਿੰਨ ਨੂੰ ਕੋਈ ਬਹੁਤ ਮੁਸ਼ਕਲ ਸਵਾਲ ਪਾ ਦਿੱਤਾ ਸੀ। ਸਮਝ ਤੋਂ ਬਾਹਰ ਸੀ।

-ਖ਼ਬਰਨਾਮਾ #1131, ਮਈ 28-2021

 


ਇਹ ਚੋਰ ਸਿਪਾਹੀ ਦੀ ਖੇਡ - ਹਰਜੀਤ ਦਿਉਲ, ਬਰੈਂਪਟਨ

ਬੜਾ ਚਿਰ ਹੋਇਆ ਹਿੰਦੀ ਫਿਲਮ ਦੇ ਇੱਕ ਦ੍ਰਿਸ਼ ਨੇ ਹਸਾ ਹਸਾ ਵੱਖੀਆਂ ਦੁਖਾ ਦਿੱਤੀਆਂ ਸਨ। ਗੱਲ ਇਵੇਂ ਸੀ ਕਿ ਇੱਕ ਵੱਡੇ ਹੋਟਲ ਵਿੱਚ ਇੱਕ ਖੁਫੀਆ ਅਫਸਰ ਰੁਕਿਆ ਸੀ ਅਤੇ ਬਦਮਾਸ਼ ਗਿਰੋਹ ਨੇ ਉਸ ਪਾਸੋਂ ਇੱਕ ਜਰੂਰੀ ਦਸਤਾਵੇਜ਼ ਹਾਸਲ ਕਰਨ ਲਈ ਇੱਕ ਮਾਹਰ ਚੋਰ ਭੇਜਿਆ। ਚੋਰ ਰਾਤ ਨੂੰ ਜਿਵੇਂ ਤਿਵੇਂ ਉਸ ਅਧੀਕਾਰੀ ਦੇ ਕਮਰੇ ਵਿੱਚ ਪੁੱਜ ਦਸਤਾਵੇਜ ਤਾਂ ਹਾਸਲ ਕਰ ਲਿਆ ਪਰ ਅਫਸਰ ਜਾਗ ਪਿਆ। ਫੇਰ ਸ਼ੁਰੂ ਹੋਇਆ ਅਸਲੀ ਡਰਾਮਾ। ਰੌਲੇ ਰੱਪੇ ਨਾਲ ਹੋਰ ਲੋਕ ਵੀ ਜਾਗ ਗਏ ਅਤੇ ਚੋਰ ਦਾ ਪਿੱਛਾ ਕਰਨ ਲੱਗੇ। ਚੋਰ ਇੱਕ ਕਮਰੇ ਵਿੱਚੋਂ ਨਿਕਲ ਦੂਜੇ ਅਤੇ ਫਿਰ ਤੀਜੇ ਕਮਰੇ ਵਿਚ ਜਾ ਵੜਦਾ ਅਤੇ ਪਿੱਛਾ ਕਰਨ ਵਾਲਿਆਂ ਦੀ ਲਾਮਡੋਰ ਉਸ ਪਿੱਛੇ ਭਜਦੀ ਰਹੀ। ਮੌਕਾ ਦੇਖ ਚੋਰ ਇਸ ਭੱਜ ਰਹੀ ਭੀੜ ਦਾ ਹਿੱਸਾ ਬਣ ਗਿਆ ਅਤੇ ਸਭ ਨਾਲੋਂ ਉੱਚੀ 'ਚੋਰ ਚੋਰ' ਚਿੱਲਾਉਂਦਾ ਭੀੜ ਦੇ ਪਿੱਛੇ ਹੋ ਗਿਆ। ਦੱਸਣ ਦੀ ਲੋੜ ਨਹੀਂ ਉਹ ਬੜੇ ਅਰਾਮ ਨਾਲ ਆਪਣਾ ਕੰਮ ਕਰ ਰਫੂਚੱਕਰ ਹੋ ਗਿਆ। ਧਿਆਨ ਨਾਲ ਵੇਖੋ ਅੱਜ ਵੀ ਇਹੀ ਹੋ ਰਿਹੈ। ਕਿਤੇ ਬੇਅਦਬੀ ਦਾ ਰੌਲਾ ਹੈ ਪਰ ਸਭ ਤੋਂ ਵੱਧ ਇਸ ਵਿੱਚ ਰੌਲਾ ਪਾਉਣ ਵਾਲੇ ਸਿਰੇ ਦੇ ਭਰਿਸ਼ਟ ਹਨ। ਧਰਮ ਗ੍ਰੰਥ 'ਚ ਦਰਜ਼ ਸਿਖਿਆਵਾਂ ਦਾ ਜਨਾਜਾ ਕੱਢਣ ਵਾਲੇ ਅੱਜ ਧਰਮ ਗ੍ਰੰਥਾਂ ਦੇ ਸਭ ਤੋਂ ਮੋਹਰੀ ਪਹਿਰੇਦਾਰ ਬਣ ਖਲੋਤੇ ਹਨ। ਮੈਂ ਕਈ ਇਖਲਾਕੀ ਪੱਖੋਂ ਨਿੱਘਰੇ ਹੋਇਆਂ ਨੂੰ ਧਰਮ ਸਥਾਨਾਂ ਵਿੱਚ ਸੇਵਾ ਲਈ ਸਿਰੋਪੇ ਲੈਂਦੇ ਦੇਖਿਆ ਹੈ। ਆਪਣੇ ਵੇਲੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲੇ ਅੱਜ ਸਰਕਾਰ ਵਿਰੁੱਧ ਸਭ ਤੋਂ ਵੱਧ ਸਰਗਰਮ ਹਨ ਅਤੇ ਮੌਜੂਦਾ ਹਕੂਮਤ ਨੂੰ ਚੋਰ ਦੱਸ ਰਹੇ ਹਨ। ਪੰਜਾਬੀ ਪੋਸਟ 'ਚ ਛਪੀ ਇੱਕ ਤਾਜੀ ਖਬਰ ਮੁਲਾਹਿਜਾ ਫਰਮਾਉ। ਹੈਡਿੰਗ ਹੈ "ਪੰਜਾਬ ਦੇ ਫਰਜੀ ਕਿਸਾਨਾਂ ਨੇ ਕੇਂਦਰ ਸਰਕਾਰ ਦੇ 450 ਕਰੋੜ ਰੁਪਏ ਹੜਪੇ। ਭਰੋਸੇਯੋਗ ਸੂਤਰਾਂ ਮੁਤਾਬਕ ਕੁਝ ਰਾਜਨੀਤਕ ਪਾਰਟੀਆਂ ਨੇ ਆਪਣੇ ਲੋਕਾਂ ਕਿਸਾਨ ਆਗੂਆਂ ਅਤੇ ਅਮੀਰ ਕਿਸਾਨਾਂ ਨੇ ਰਲ ਕੇ ਕੇਂਦਰ ਦੀ ਕਿਸਾਨ ਹਿਤੈਸ਼ੀ ਯੋਜਨਾ ਦਾ ਨਾਜਾਇਜ ਫਾਇਦਾ ਉਠਾ ਕਰੋੜਾਂ ਦਾ ਘਪਲਾ ਕੀਤਾ ਹੈ। ਜਿਸ ਦੀ ਜਾਂਚ ਹੋ ਰਹੀ ਹੈ।" ਬਹੁਤਾ ਚਿਰ ਨਹੀਂ ਹੋਇਆ, ਇੱਕ ਖਬਰ ਅਨੁਸਾਰ ਜਦ ਬਿਜਲੀ ਕਰਮਚਾਰੀ ਬਿਜਲੀ ਚੋਰੀ ਫੜਨ ਲਈ ਪਿੰਡਾਂ 'ਚ ਗਏ ਤਾਂ ਗੁਰਦਵਾਰੇ ਦੇ ਲਾਊਡ ਸਪੀਕਰਾਂ ਤੋਂ ਕਿਹਾ ਗਿਆ "ਕੁੰਡੀਆਂ ਲਾਹ ਲਉ 'ਤੇ ਘੇਰਾ ਪਾ ਲਉ"। ਕਰ ਲਉ ਘਿਉ ਨੂੰ ਭਾਂਡਾ। ਲੁਟਣ ਵਾਲੇ ਹੀ ਕੇਂਦਰ ਨੂੰ ਪਾਣੀ ਪੀ ਪੀ ਕੋਸ ਰਹੇ ਹਨ। ਜਮ ਕੇ ਲੁੱਟੋ 'ਤੇ ਫੇਰ ਹੋਰ ਜਮ ਕੇ 'ਚੋਰ ਚੋਰ' ਦਾ ਰੌਲਾ ਪਾਉ ਅਤੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰ ਦਿਉ। ਸਾਡੇ ਵਿਦਵਾਨ ਬੁੱਧੀਜੀਵੀ ਵੀ ਅਸਲ ਕਹਾਣੀ ਤਾਂ ਸਮਝਦੇ ਹਨ ਪਰ ਆਪਣੀ ਖੱਲ ਬਚਾਉਣ ਦੀ ਮਜਬੂਰੀ ਵੱਸ ਉਹ ਵੀ 'ਚੋਰ ਚੋਰ' ਅਲਾਪਣ ਵਿਚ ਹੀ ਭਲਾ ਸਮਝਦੇ ਹਨ। ਫਿਲਮ ਦਾ ਹਾਸ ਰਸ ਸੀਨ ਦੇਖ ਤਾਂ ਬਹੁਤ ਹੱਸਿਆ ਸਾਂ ਪਰ ਅੱਜ ਦੇ ਹਾਲਾਤ ਦੇਖ ਹੱਸੀਏ ਜਾਂ ਰੋਈਏ ਸਮਝ ਤੋਂ ਬਾਹਰ ਹੈ।

 

ਉਦਾਰਵਾਦੀ ਨਜ਼ਰੀਆ

ਮੋਦੀ ਸਮਰਥਕ ਮੇਰੇ ਮਿੱਤਰ ਪੁੱਛਿਆ " ਹਾਂ ਵਈ ਕਨੈਡਾ ਵਾਲਿਉ ਕਿਸ ਪਾਸੇ ਖੜ੍ਹਦੇ ਹੋ? ਇਜ਼ਰਾਇਲ ਵੱਲ ਕਿ ਫਿਲਸਤੀਨੀਆਂ ਵੱਲ?"

ਮੈਂ ਕਿਹਾ "ਪਹਿਲਾਂ ਇਹ ਦੱਸ ਤੇਰਾ ਮੋਦੀ ਸਾਹਿਬ ਕਿਸ ਦਾ ਪੱਖ ਲੈ ਰਿਹੈ?" ਉਸ ਜਵਾਬ ਦਿੱਤਾ "ਮੰਨ ਲਾ ਇਜ਼ਰਾਈਲ ਦਾ" ਮੈਂ ਝੱਟ ਉੱਤਰ ਦਿੱਤਾ " ਫੇਰ ਅਸੀਂ ਫਿਲਸਤੀਨ ਵੱਲ ਹਾਂ"। ਉਸ ਹੱਸ ਕੇ ਕਿਹਾ "ਜੇ ਉਹ ਫਿਲਸਤੀਨ ਦਾ ਪੱਖ ਲੈ ਲਵੇ?" ਇੱਧਰੋਂ ਜਵਾਬ ਸੀ " ਫਿਰ ਅਸੀਂ ਥਾਪੀ ਮਾਰ ਇਜ਼ਰਾਈਲ ਵੱਲ ਜਾ ਖੜ੍ਹਨਾ। ਸਾਡਾ ਨਜ਼ਰੀਆ ਬਿਲਕੁਲ ਕੱਟਰ ਨਹੀਂ ਬਹੁਤ ਲਚਕੀਲਾ ਹੈ।"

-ਖ਼ਬਰਨਾਮਾ #1130, ਮਈ 20-2021

 


ਆਪਣੀ ਧਰਤੀ ਆਪਣੇ ਲੋਕ

- ਹਰਜੀਤ ਦਿਉਲ

15 ਮਾਰਚ 2021। ਇੱਕ ਦੋਸਤ ਨੂੰ ਮੁਰਾਦਾਬਾਦ (ਯੂ ਪੀ) ਫੋਨ ਕੀਤਾ ਤਾ ਉਸ ਕਿਹਾ 'ਅਭੀ ਥੋੜੀ ਦੇਰ ਮੇਂ ਕਾਲ ਕਰਤਾ ਹੂੰ'। ਕੋਈ ਅੱਧੇ ਘੰਟੇ ਬਾਅਦ ਉਸ ਦਾ ਫੋਨ ਆਇਆ। ਕਹਿਣ ਲੱਗਾ 'ਏਕ ਸ਼ਾਦੀ ਮੇਂ ਥਾ ਅਭੀ ਘਰ ਪਹੁੰਚਾ ਹੂੰ। ਔਰ ਕਿਆ ਹਾਲਚਾਲ ਹੈ?'। ਮੈਂ ਕਿਹਾ ਹਾਲਚਾਲ ਕੀ ਬਾਤ ਬਾਅਦ ਮੇਂ ਕਰਤੇ ਹੈਂ ਪਹਿਲੇ ਯੇ ਬਤਾ ਕਿ ਵਹਾਂ ਸ਼ਾਦੀਆਂ ਵਗੇਰਹ ਚਲ ਰਹੀ ਹੈਂ। ਲਾਕਡਾਉਨ ਨਹੀਂ ਹੈ ਕਿਅ?। ਜੋ ਉਸ ਦੱਸਿਆ ਹੈਰਾਨੀਜਨਕ ਸੀ। ਕਹਿਂਦਾ ਉੱਥੇ ਹਜਾਰ ਲੋਕਾਂ ਦਾ ਇਕੱਠ ਸੀ। ਪਰ ਉਹ ਡਰਦਾ ਸ਼ਗਨ ਦੇ ਕੇ ਮੁੜ ਆਇਆ। ਲਾਕਡਾਉਨ ਦੀ ਕੋਈ ਪਰਵਾਹ ਨਹੀਂ ਕਰਦਾ। ਲਗਭਗ ਇਨ੍ਹਾਂ ਦਿਨਾਂ ਵਿੱਚ ਹੀ ਪੰਜਾਬ ਇੱਕ ਰਿਸ਼ਤੇਦਾਰ ਨਾਲ ਗੱਲ ਹੋਈ ਜਿਸ ਤੋਂ ਪਤਾ ਲੱਗਿਆ ਕਿ ਉੱਥੇ ਵੀ ਵਿਆਹਾਂ 'ਚ ਇਕੱਠ ਹੁੰਦੇ ਹਨ ਅਤੇ ਲਾਕਡਾਉਨ ਦੀ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਜਾਂਦੀ। ਪੁਲਿਸ ਨਾਕਾ ਲਾ ਰੋਕਣ ਦਾ ਯਤਨ ਕਰੇ ਤਾਂ ਬਹੁਤੇ ਤੱਤਿਆਂ ਮੁਲਾਜ਼ਮ ਦਾ ਹੱਥ ਤੱਕ ਵੱਢ ਦਿੱਤਾ ਹੈ। ਪੁਲਸ ਮੁਲਾਜ਼ਮਾਂ ਨਾਲ ਉਲਝਦੇ ਤਾਂ ਆਮ ਦੇਖੇ ਜਾਂਦੇ ਹਨ। ਫੇਰ ਹੋਲੇ ਮੇਲੇ ਅਤੇ ਕੁੰਭ ਦੇ ਮੇਲੇ ਵੀ ਹੁੰਦੇ ਦੇਖੇ। ਭਾਰਤ ਸਰਕਾਰ ਨੂੰ ਦੋਸ਼ ਦਿੱਤਾ ਗਿਆ ਕਿ ਉਹ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਗੁਰਧਾਮ ਦਰਸ਼ਨ ਲਈ ਵੀਜੇ ਜਾਰੀ ਨਹੀਂ ਕਰ ਰਹੀ। ਬਾਅਦ ਵਿੱਚ ਪਤਾ ਲੱਗਿਆ ਕਿ ਪਾਕਿਸਤਾਨੋਂ ਮੁੜੇ ਸ਼ਰਧਾਲੂਆਂ ਵਿਚ ਕੋਈ ਸੌ ਕੁ ਕਰੋਨਾ ਪਾਜੀਟਿਵ ਪਾਏ ਗਏ ਹਨ। ਅਸੀਂ ਕਿਹੋ ਜਿਹੇ ਲੋਕ ਹਾਂ ਜੋ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਸਰਕਾਰ ਤੋਂ ਸਭ ਕੁਝ ਕਾਬੂ ਰੱਖਣ ਦੀ ਉਮੀਦ ਕਰਦੇ ਹਾਂ। ਆਪਣੇ ਫਰਜਾਂ ਤੋਂ ਮੁਨਕਰ ਹੋ ਆਪਣੇ ਹੱਕਾਂ ਦੀ ਦੁਹਾਈ ਦਿੰਦੇ ਰਹਿਂਦੇ ਹਾਂ। ਤਾਲੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਜਿਹੋ ਜਿਹੇ ਲੋਕ ਉਹੋ ਜਿਹੀ ਸਰਕਾਰ। ਯਥਾ ਰਾਜਾ ਤਥਾ ਪਰਜਾ ਅਤੇ ਯਥਾ ਪਰਜਾ ਤਥਾ ਰਾਜਾ।

ਬਗਾਨੀ ਧਰਤੀ ਆਪਣੇ ਲੋਕ

ਪਿਛਲੇ ਸਾਲ ਰਿਸ਼ਤੇਦਾਰੀ ਵਿੱਚ ਇੱਕ ਬਹੁਤ ਹੀ ਅਹਿਮ ਵਿਅਕਤੀ ਦਾ ਸੁਰਗਵਾਸ ਹੋਇਆ ਪਰ ਲੌਕ ਡਾਊਨ ਕਾਰਣ ਮਸਾਂ ਘਰ ਦੇ ਵੀਹ ਕੁ ਜੀ ਅੰਤਮ ਰਸਮਾਂ ਵਿੱਚ ਹਾਜਰ ਹੋ ਸਕੇ। ਬਾਕੀ ਸਭਨਾਂ ਟੀ ਵੀ 'ਤੇ ਫਿਊਨਰਲ ਦੇਖ ਸੰਤੋਖ ਕੀਤਾ।

ਮੇਰੀ ਜਾਣਕਾਰੀ ਵਿੱਚ ਦੋ ਸ਼ਾਦੀਆਂ ਲੌਕਡਾਊਨ ਕਾਰਣ ਦੋ ਵਾਰ ਪੋਸਟਪੋਨ ਹੋ ਚੁੱਕੀਆਂ ਹਨ। ਕਈ ਅਹਿਮ ਦੋਸਤਾਂ ਨਾਲ ਰੂਬਰੂ ਹੋਣ ਦਾ ਅਵਸਰ ਨਹੀਂ ਮਿਲ ਪਾ ਰਿਹਾ ਕਿਉਂਕਿ ਕਾਨੂੰਨ ਇਸ ਦੀ ਇਜਾਜਤ ਨਹੀਂ ਦਿੰਦਾ। ਸਖ਼ਤ ਕਾਨੂੰਨ ਦਾ ਡਰ ਨਾ ਹੋਵੇ ਤਾਂ ਰੱਸੇ ਤੁੜਾਉਣੋਂ ਅਸੀਂ ਇੱਥੇ ਵੀ ਬਾਜ ਨਾ ਆਈਏ। ਇਸ ਸਭ ਦੇ ਬਾਵਜੂਦ ਸਾਡੇ ਮਹਾਨ ਕਾਰਨਾਮਿਆਂ ਦਾ ਭੰਡਾ ਫੋੜ ਅਕਸਰ ਗਾਹੇ ਬਗਾਹੇ ਹੁੰਦਾ ਹੀ ਰਹਿਂਦਾ ਹੈ। ਖਾਹਿਸ਼ ਹੈ ਕਿ ਸਰਵਸ਼ਕਤੀਮਾਨ ਸਭ ਨੂੰ ਸੁਮੱਤ ਬਖ਼ਸ਼ੇ।

-ਖ਼ਬਰਨਾਮਾ #1129, ਮਈ 14-2021


ਆਉ ਵਿਟੇਮਿਨ 'ਐਨ' ਦਾ ਸੇਵਨ ਕਰੀਏ!

- ਹਰਜੀਤ ਦਿਉਲ, ਬਰੈਂਪਟਨ

ਵਿਟੇਮਿਨ ਏ, ਬੀ, ਸੀ, ਡੀ ਆਦਿ ਬਾਰੇ ਤਾਂ ਸੁਣਿਐ ਪਰ ਇਹ ਐਨ ਕੁਝ ਨਵਾਂ ਲੱਗਦਾ ਹੈ। ਅਜਕਲ ਕੁਝ ਵੀ ਨਵਾਂ ਨਹੀਂ ਕਿਹਾ ਜਾ ਸਕਦਾ ਜਦਕਿ ਵਿਗਿਆਨ ਦੀ ਦੁਨਿਆਂ 'ਚ ਨਿੱਤ ਨਵੀਂਆਂ ਖੋਜਾਂ ਨਸ਼ਰ ਹੁੰਦੀਆਂ ਰਹਿਂਦਿਆਂ ਹਨ। ਕਈ ਸਾਲਾਂ ਤੋਂ ਤਨਾਉ ਅਤੇ ਅਵਸਾਦ ਨਾਲ ਜੂਝ ਰਹੇ ਟੌਮ ਅਤੇ ਉਸ ਦੀ ਪਤਨੀ ਪ੍ਰੈਟ ਨੇ ਬੜੀ ਰਾਹਤ ਦਾ ਅਨੁਭਵ ਕੀਤਾ ਜਦ ਉਨ੍ਹਾਂ ਕੁਝ ਸਾਲ ਪਹਿਲਾਂ ਐਸੇ ਘਰ ਵਿੱਚ ਬਸੇਰਾ ਕੀਤਾ ਜਿਸ ਦੇ ਪਿਛਲੇ ਪਾਸੇ ਹਰੀਭਰੀ ਘਾਟੀ ਦਾ ਦ੍ਰਿਸ਼ ਮੌਜੂਦ ਸੀ। ਇੱਕ ਹਸਪਤਾਲ ਵਿੱਚ ਰਿਸਰਚ ਕੋਆਰਡੀਨੇਟਰ ਟੌਮ ਦੱਸਦਾ ਹੈ ਕਿ ਉਹ ਜੰਗਲ ਅਤੇ ਉਸ ਵਿਚ ਵਿਚਰਨ ਵਾਲੇ ਜਾਨਵਰਾਂ ਤੋਂ ਡਰਦਾ ਹੋਇਆ ਦੂਰ ਹੀ ਰਹਿਂਦਾ ਸੀ ਪਰ ਜਦ ਉਸ ਆਪਣੇ ਘਰ ਦੇ ਪਿਛਵਾੜੇ ਕੁਝ ਸਮਾਂ ਸੈਰ ਕਰ ਇਸ ਦਾ ਹਾਂ ਪੱਖੀ ਪ੍ਰਭਾਵ ਅਨੁਭਵ ਕੀਤਾ ਉਸ ਦਾ ਨਜ਼ਰੀਆ ਬਦਲ ਗਿਆ। ਉਸ ਦਾ ਅਨੁਭਵ ਸੀ ਕਿ ਕੁਦਰਤ ਅਤੇ ਇਸ ਵਿਚ ਵਿਚਰ ਰਹੇ ਜੀਵਾਂ ਨਾਲ ਨੇੜਤਾ ਮਨੁੱਖੀ ਦਿਮਾਗ ਅਤੇ ਸਰੀਰ ਨੂੰ ਬਹੁਤ ਸਕੂਨ ਅਤੇ ਸ਼ਾਂਤੀ ਪ੍ਰਦਾਨ ਕਰਨ ਵਾਲੀ ਹੈ। ਬਹੁਤਾ ਸਮਾਂ ਬੰਦ ਘਰਾਂ ਅੰਦਰ ਸਮਾਂ ਬਿਤਾਉਣ ਵਾਲਿਆਂ ਲਈ  ਵਿਟਾਮਿਨ 'ਐਨ' (ਨੇਚਰ) ਉਨ੍ਹਾਂ ਦੀਆਂ ਅੱਧੀਆਂ ਬੀਮਾਰੀਆਂ ਮਾਨਸਕ ਸ਼ਾਂਤੀ ਪ੍ਰਦਾਨ ਕਰ ਖਤਮ ਕਰਨ ਦੀ ਸਮਰੱਥਾ ਰਖਦਾ ਹੈ। ਇਸ ਵਿਸ਼ੇ ਵਿੱਚ ਕੀਤੀਆਂ ਬਹੁਤ ਸਾਰੀਆ ਮੈਡੀਕਲ ਖੋਜਾਂ ਇਹ ਨਤੀਜਾ ਕੱਢਿਆ ਹੈ ਕਿ ਕੁਦਰਤ ਨਾਲ ਨੇੜਤਾ ਮਨੁੱਖੀ ਸੇਹਤ ਲਈ ਵਰਦਾਨ ਸਾਬਤ ਹੋਈ ਹੈ। ਮਹਾਤਮਾ ਗਾਂਧੀ ਨੇ ਆਪਣੀ ਪੁਸਤਕ ਵਿਚ ਜਿਨ੍ਹਾਂ ਕੁਦਰਤੀ ਸੋਮਿਆਂ ਦਾ ਜਿਕਰ ਕੀਤਾ ਹੈ ਉਨ੍ਹਾਂ ਵਿੱਚ ਮਿੱਟੀ ਉਪਚਾਰ ਕਾਬਲੇ ਜਿਕਰ ਹੈ। ।ਪ੍ਰਕ੍ਰਿਤੀ ਪ੍ਰੇਮੀ ਸਰ ਅਡੋਲਫ ਜਸਟ ਨੇ ਆਪਣੀ ਪੁਸਤਕ 'ਰਿਟਰਨ ਟੁ ਨੇਚਰ' ਵਿੱਚ ਇਸ ਵਰਤਾਰੇ ਦਾ ਬਹੁਤ ਖੁਲ੍ਹ ਕੇ ਵਰਨਣ ਕੀਤਾ ਹੈ। ਇਸ ਵਿਸ਼ੇ ਦੇ ਇੱਕ ਹੋਰ ਮਾਹਰ ਨੇ ਖੁਲਾਸਾ ਕੀਤਾ ਹੈ ਕਿ ਬਹੁਤੇ ਲੋਕ ਜੋ ਜਿਆਦਾ ਸਮਾਂ ਬਾਹਰ ਨਹੀਂ ਗੁਜਾਰ ਸਕਦੇ ਵਿਟਾਮਿਨ 'ਐਨ' ਦੇ ਸੇਵਨ ਦੀ ਸ਼ੁਰੂਆਤ ਖਿੜਕੀ ਖੋਲ ਬਾਹਰ ਦੇ ਹਰੇ ਭਰੇ ਦਰਖਤਾਂ ਨੂੰ ਵਾਚਣ ਜਾਂ ਆਪਣੀ ਬਾਲਕਨੀ ਵਿਚ ਬਹਿ ਗਮਲਿਆਂ ਵਿਚ ਲੱਗੇ ਫੁਲਬੂਟਿਆਂ ਦੀ ਨੇੜਤਾ ਨਾਲ ਕਰ ਸਕਦੇ ਹਨ। ਪੰਛੀਆਂ ਦਾ ਸੰਗੀਤ, ਹਵਾ ਦੀ ਸਰਸਰਾਹਟ ਜਾਂ ਬੱਦਲਾਂ ਦਾ ਗਰਜਨਾ ਤੁਹਨੂੰ ਕੁਦਰਤ ਨਾਲ ਜੋੜ ਅੱਜ ਦੇ ਬਣਾਉਟੀ ਜੀਵਨ ਚੱਕਰ ਵਿੱਚੋਂ ਕੱਢ ਮਾਨਸਕ ਸਕੂਨ ਉਪਲਬਧ ਕਰਾਉਂਦਾ ਹੈ। ਅੱਜ ਜਦਕਿ ਕਰੋਨਾ ਦੇਵਤਾ ਦੀ ਕਿਰਪਾ ਨਾਲ ਅਸੀਂ ਘਰਾਂ ਅੰਦਰ ਕੈਦ ਹੋਣ ਲਈ ਮਜਬੂਰ ਹੋ ਗਏ ਹਾਂ, ਸਰਕਾਰੀ ਕਨੂੰਨਾਂ ਦੀ ਪਾਲਨਾ ਕਰਦੇ ਹੋਏ ਅਸੀਂ ਕੁਝ ਪਲ ਜਰੂਰ ਕੁਦਰਤ ਦੇਵੀ ਦੇ ਦਰਸ਼ਨਾਂ ਲਈ ਕੱਢ ਸਕਦੇ ਹਾਂ। ਤਾਂ ਫੇਰ ਆਉ ਜਿੱਧਰ ਵੀ ਕਿਤੇ ਦਾਅ ਲੱਗੇ ਮੁਫਤ ਵਿਚ ਮਿਲਦਾ ਥੋੜਾ ਬਹੁਤ ਵਿਟਾਮਿਨ 'ਐਨ' ਦਾ ਸੇਵਨ ਕਰ ਇਸ ਦਾ ਲਾਹਾ ਲਈਏ।

- ਖ਼ਬਰਨਾਮਾ #1128, ਮਈ 07-2021

 

ਹਲਫਨਾਮਾ!

ਸਾਲ 1958, ਯੂ ਪੀ ਦੇ ਜਿਲਾ ਬਦਾਯੂੰ ਵਿੱਚ ਇੱਕ ਕਸਬਾ ਹੈ ਬਬਰਾਲਾ ਨਾਂਅ ਦਾ। ਪੂਰੇ ਕਸਬੇ ਵਿੱਚ ਦੋ ਸਿੱਖ ਪਰੀਵਾਰ ਹਨ। ਇੱਕ ਰੇਲਵੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਮੇਰੇ ਪਿਤਾ ਜੀ। ਦੂਸਰਾ ਪਰੀਵਾਰ ਹੈ ਕਸਬੇ ਦੀ ਮੇਨ ਸੜਕ ਕੰਢੇ ਇੱਕ ਮਿਸਤਰੀਆਂ ਦਾ। ਉਹ ਹਲਟਾਂ ਦੀਆਂ ਟਿੰਡਾਂ ਬਨਾਉਣ ਦਾ ਕੰਮ ਕਰਦੇ ਸਨ। ਪੰਜਵੀਂ ਦਾ ਵਿਦਿਆਰਥੀ ਹਾਂ। ਇੱਕ ਦਿਨ ਇੱਕ ਸਹਿਪਾਠੀ ਕਿਹਾ 'ਸ਼ਾਖਾ ਚਲੇਗਾ?' ਨਹੀਂ ਜਾਣਦਾ ਸਾਂ ਸ਼ਾਖਾ ਕੀ ਹੁੰਦੀ ਹੈ। ਸ਼ਾਮੀ ਗਿਆ ਤਾਂ ਉੱਥੇ ਦਸ ਬਾਰਾਂ ਹੋਰ ਲੜਕੇ ਮੌਜੂਦ ਸਨ। ਸਭ ਇੱਕ ਗੋਲ ਦਾਇਰੇ ਵਿੱਚ ਬੈਠ ਗਏ। ਸ਼ਾਖਾ ਸੰਚਾਲਕ ਆਇਆ। ਮੈਂਨੂੰ ਜੂੜੇ ਵਾਲੇ ਨੂੰ ਦੇਖ ਬੜਾ ਖੁਸ਼ ਹੋਇਆ। ਉਨ੍ਹਾਂ ਇੱਕ ਟੇਬਲ 'ਤੇ ਜੋ ਤਸਵੀਰਾਂ ਰੱਖੀਆਂ ਸਨ ਉਨ੍ਹਾਂ 'ਚ ਰਾਮਚੰਦਰ, ਸ਼ਿਵਾਜੀ ਆਦਿ ਦੇ ਨਾਲ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਜੀ ਵੀ ਸਨ। ਉਸ ਮੇਰਾ ਪਰੀਚੈ ਕਰਾਉਂਦੇ ਸਭ ਨੂੰ ਦੱਸਿਆ ਕਿ ਇਹ ਸਿੱਖ ਕੌਮ ਜਿਸ ਹਿੰਦੂ ਧਰਮ ਦੀ ਰੱਖਿਆ ਲਈ ਬਲੀਦਾਨੀਆਂ ਦਿੱਤੀਆਂ ਅਸੀਂ ਇਨ੍ਹਾਂ 'ਤੇ ਮਾਣ ਕਰਦੇ ਹਾਂ। ਅਚਾਨਕ ਮੈਂਨੂੰ ਆਪਣੇ ਆਪ 'ਤੇ ਬੜਾ ਗਰਵ ਮਹਿਸੂਸ ਹੋਇਆ। 26 ਜਨਵਰੀ ਅਤੇ 15 ਅਗਸਤ ਨੂੰ ਸਾਰੇ ਵਿਦਿਆਰਥੀ ਕਸਬੇ 'ਚ ਪਰੇਡ ਕਰਦੇ ਜਿਸ ਵਿੱਚ ਮੈਨੂੰ ਤਿਰੰਗਾ ਫੜ ਪਰੇਡ ਦੇ ਮੂਹਰੇ ਲਾਇਆ ਜਾਂਦਾ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਏ ਜਾਂਦੇ। ਹੌਲੀ ਹੌਲੀ ਸਮਾਂ ਬਦਲਦਾ ਰਿਹਾ ਪਰ ਲੰਮਾਂ ਸਮਾਂ ਹਿੰਦੁ ਬਹੁਗਿਣਤੀ ਵਿੱਚ ਰਹਿਂਦਿਆਂ ਕਦੇ ਬੇਗਾਨਗੀ ਦਾ ਅਹਿਸਾਸ ਨਹੀਂ ਹੋਇਆ ਬਲਕਿ ਫੌਜ ਸਮੇਤ ਭਾਰਤ ਸਰਕਾਰ ਦੇ ਅਹਿਮ ਉਹਦਿਆਂ 'ਤੇ ਵਿਰਾਜਮਾਨ ਸਿੱਖਾਂ ਨੂੰ ਦੇਖ ਸਿਰ ਮਾਣ ਨਾਲ ਉੱੱਚਾ ਹੁੰਦਾ ਰਿਹਾ। ਕਦੇ ਕਦਾਈਂ ਪੰਜਾਬ ਫੇਰੀ ਦੌਰਾਨ ਇਸ ਸੂਬੇ ਦੀ ਖੁਸ਼ਹਾਲੀ ਦੇਖ ਮਨ ਨਸ਼ਿਆ ਜਾਂਦਾ। ਫੇਰ ਪਤਾ ਨਹੀਂ ਕਿਹੜੇ ਪਾਸਿਉਂ ਉੱਠਿਆ ਨਫਰਤਾਂ ਦਾ ਸੈਲਾਬ ਇਸ ਖੁਸ਼ਗਵਾਰ ਮਾਹੌਲ ਨੂੰ ਨਿਗਲਣ ਲੱਗਾ। ਵੰਡੀਆਂ ਪਾਉਣ ਦੀਆ ਕੋਸ਼ਸਾਂ ਹੋਣ ਲੱਗੀਆਂ। ਹਿੰਦੂਆਂ ਸਿੱਖਾਂ ਦੇ ਨੌਂਹਮਾਸ ਦੇ ਰਿਸ਼ਤੇ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚਲੀਆ ਜਾਣ ਲੱਗੀਆਂ। ਘਾਘ ਸਿਆਸਤਦਾਨ ਕੁਰਸੀਆ ਖਾਤਰ ਇਸ ਮਚਾਏ ਜਾ ਰਹੇ ਭਾਂਬੜਾਂ ਨੂੰ ਹਵਾ ਦਿੰਦੇ ਰਹੇ। ਅਖੌਤੀ ਬੁੱਧੀਜੀਵੀਆਂ ਕਬੂਤਰ ਵਾਂਗ ਅੱਖਾਂ ਮੀਚੀ ਰੱਖਣ ਵਿਚ ਭਲਾ ਸਮਝਿਆ। ਅੱਜ ਤੱਕ ਉਨ੍ਹਾਂ ਵਿਨਾਸ਼ਕਾਰੀ ਤਾਕਤਾਂ ਨੂੰ ਕਟਘਰੇ ਵਿੱਚ ਖੜਾ ਨਹੀਂ ਕੀਤਾ ਗਿਆ ਬਲਕਿ ਕਿਸੇ ਨਾ ਕਿਸੇ ਰੂਪ ਵਿਚ ਉਹ ਅੱਜ ਵੀ ਸਰਗਰਮ ਹਨ। ਆਪਣੇ ਹੱਥੀਂ ਆਪਣਾ ਘਰ ਉਜਾੜਿਆ ਜਾਣਾ ਬਹੁਤ ਤਕਲੀਫ ਦੇਹ ਹੁੰਦਾ ਹੈ। 'ਤੂਫਾਂ ਜੋ ਨਾਵ ਡੁਬੋਏ ਤੋ ਮਾਝੀ ਪਾਰ ਲਗਾਏ, ਮਾਝੀ ਜੋ ਨਾਵ ਡੁਬੋਏ ਉਸੇ ਕੌਨ ਬਚਾਏ'।

ਹਰਜੀਤ ਦਿਉਲ, ਬਰੈਂਪਟਨ (ਖ਼ਬਰਨਾਮਾ #1128, ਮਈ 07-2021)


ਬਿਜ਼ਨਸਮੈਨ ਜੱਟ ਉਰਫ 'ਨੋ ਫਾਰਮਰ ਨੋ ਫੂਡ'

- ਹਰਜੀਤ ਦਿਉਲ, ਬਰੈਂਪਟਨ

ਦੋਵਾਂ ਦੀ ਬੜੀ ਯਾਰੀ ਸੀ। ਇੱਕ ਦਿਨ ਸਲਾਹ ਬਣੀ ਕਿ ਵਾਹੀ ਵਿਚ ਕੁਝ ਨਹੀਂ ਰੱਖਿਆ ਕਿਉਂ ਨਾ ਕੋਈ ਬਿਜ਼ਨਸ ਕੀਤਾ ਜਾਵੇ। ਉਨ੍ਹਾਂ ਦੇ ਦੇਖਦੇ ਦੇਖਦੇ ਪਿੰਡ ਦਾ ਬਾਣੀਆਂ ਲੱਖਾਂ ਵਿੱਚ ਖੇਡਣ ਲੱਗਾ ਸੀ। ਮਤਾ ਪਕਾਇਆ ਕਿ ਤਜ਼ਰਬੇ ਲਈ ਬਿਜ਼ਨਸ ਥੋੜੇ ਤੋਂ ਅਰੰਭਿਆ ਜਾਏ। ਇੱਕ ਨੇ ਟੋਕਰੀ ਸਮੋਸੇ ਬਣਵਾ ਲਏ ਦੂਜੇ ਨੇ ਲੱਡੂ।  ਦੂਜੇ ਦਿਨ ਸਵੇਰੇ ਮੁਰਗੇ ਦੇ ਬਾਂਗ ਦਿੰਦਿਆਂ ਹੀ ਮਾਲ ਸਿਰ 'ਤੇ ਰੱਖ ਵੇਚਣ ਲਈ ਸ਼ਹਿਰ ਤੁਰ ਪਏ। ਰਸਤੇ ਵਿੱਚ ਥੱਕਣ 'ਤੇ ਇੱਕ ਛਾਂਦਾਰ ਦਰੱਖਤ ਥੱਲੇ ਦਮ ਲੈਣ ਲਈ ਬਹਿ ਗਏ। ਭੁੱਖ ਲੱਗੀ ਸੀ ਪਰ ਮੁਫਤ ਵਿਚ ਆਪਣਾ ਹੀ ਸੌਦਾ ਖਾਣ ਨਾਲ ਤਾਂ ਘਾਟਾ ਪੈ ਜਾਣਾ ਸੀ। ਇੱਕ ਦੀ ਜੇਬ 'ਚ ਦੋ ਰੁਪਏ ਸਨ। ਉਸ ਕੱਢ ਦੂਜੇ ਨੂੰ ਦਿੱਤੇ ਅਤੇ ਸਮੋਸਾ ਲੈ ਖਾ ਲਿਆ। ਹੁਣ ਦੂਜੇ ਦੀ ਵਾਰੀ ਸੀ ਉਸ ਉਹੀ ਦੋ ਰੁਪਏ ਪਹਿਲੇ ਨੂੰ ਦੇ ਲੱਡੂ ਮੁੱਲ ਲੈ ਖਾ ਲਿਆ। ਸ਼ਹਿਰ ਅਪੜਨ ਤੱਕ ਉਹ ਇਵੇਂ ਹੀ ਮੁੱਲ ਲੈ ਲੈ ਖਾਂਦੇ ਰਹੇ। ਸ਼ਹਿਰ ਪਹੁੰਚ ਦੇਖਿਆ ਸਾਰਾ ਮਾਲ ਵਿਕ ਚੁੱਕਿਆ ਸੀ ਪਰ ਵੱਟਤ ਕਿੱਧਰੇ ਵੀ ਨਹੀਂ ਸੀ। ਦੋ ਰੁਪਏ ਸਨ ਉਹ ਵੀ ਇੱਕ ਕੋਲ। ਮਾਜਰਾ ਉਨ੍ਹਾਂ ਦੀ ਸਮਝ ਵਿਚ ਨਹੀਂ ਆਇਆ। ਮਨ ਮਾਰ ਪਿੰਡ ਮੁੜ ਆਏ।

ਅਗਲੇ ਦਿਨ ਪਿੰਡ ਦੇ ਬਾਣੀਏ ਨਾਲ ਮਸ਼ਵਰਾ ਕੀਤਾ ਅਤੇ ਬਿਜ਼ਨਸ 'ਚ ਪਏ ਘਾਟੇ ਦਾ ਰਾਜ਼ ਜਾਨਣਾ ਚਾਹਿਆ। ਬਾਣੀਆਂ ਮਨ ਵਿੱਚ ਤਾਂ ਹੱਸਿਆ ਪਰ ਜਾਹਿਰਾ ਤੌਰ ਤੇ ਬੋਲਿਆ ਕਿ ਅਗਲੀ ਵਾਰ ਉਹ ਕੋਈ ਪੈਸਾ ਜੇਬ ਵਿੱਚ ਨਾ ਲੈ ਕੇ ਜਾਣ। ਉਨ੍ਹਾਂ ਇਵੇਂ ਹੀ ਕੀਤਾ। ਰਸਤੇ ਵਿੱਚ ਭੁੱਖ ਤਾਂ ਲੱਗੀ ਪਰ ਮਨ ਮਾਰ ਸਬਰ ਕਰ ਲਿਆ। ਸ਼ਹਿਰ ਵਿਚ ਸਾਰਾ ਮਾਲ ਵਿਕ ਗਿਆ 'ਤੇ ਜੇਬ 'ਚ ਪੈਸੇ ਆ ਗਏ ਤੇ ਉਹ ਬਾਣੀਏ ਦੀ ਬੁੱਧੀਮਾਨੀ ਦੇ ਕਾਇਲ ਹੋ ਗਏ। ਹੁਣ ਵਾਪਸੀ 'ਤੇ ਤਾਂ ਕੁਝ ਖਾਣਾ ਬਣਦਾ ਸੀ। ਇਕ ਮੋੜ 'ਤੇ ਵਧੀਆ ਢਾਬਾ ਸੀ ਜੋ ਮੀਟ ਲਈ ਮਸ਼ਹੂਰ ਸੀ। ਢਾਬੇ ਪਹੁੰਚ ਉਨ੍ਹਾਂ ਰੋਟੀ ਦਾ ਆਰਡਰ ਦਿੱਤਾ ਤਾਂ ਸਾਮ੍ਹਣੇ ਠੇਕਾ ਵੀ ਨਜਰੀਂ ਪਿਆ। ਇੱਕ ਜਣਾ ਅਧੀਆ ਫੜ ਲਿਆਇਆ। ਗੱਲੀਂ ਬਾਤੀਂ ਸਮਾਂ ਗੁਜਰਿਆ ਤਾਂ ਸਾਮ੍ਹਣੇ ਮੱਛੀ ਦੀ ਰੇਹੜੀ ਵਾਲਾ ਆ ਗਿਆ। ਮੱਛੀ ਦੀ ਖੁਸ਼ਬੋ ਨੇ ਜਦ ਉਨ੍ਹਾਂ ਨੂੰ ਬੇਅਰਾਮ ਕੀਤਾ ਤਾਂ ਫੇਰ ਮੱਛੀ ਵੀ ਆਈ ਅਤੇ ਅਧੀਆ ਹੋਰ। ਮਸਤੀ ਦੇ ਆਲਮ ਵਿਚ ਉਹ ਪਿੰਡ ਪਰਤ ਆਏ। ਸਵੇਰੇ ਦੇਖਿਆ ਤਾਂ ਨਾ ਸਿਰਫ ਜੇਬਾਂ ਹੀ ਖਾਲੀ ਸਨ ਉਹ ਆਪਣੇ ਟੋਕਰੇ ਵੀ ਕਿਤੇ ਭੁੱਲ ਆਏ ਸਨ। ਬਾਣੀਏ ਦੇ ਟਕਰਨ 'ਤੇ ਉਨ੍ਹਾਂ ਬੜੀ ਸੰਜੀਦਗੀ ਨਾਲ ਐਲਾਨ ਕੀਤਾ ਕਿ ਉਨ੍ਹਾਂ ਵਾਹੀ ਹੀ ਕਰਨੀ ਹੈ ਕਿਉਂਕਿ ਜੇਕਰ ਜੱਟ ਵਾਹੀ ਛੱਡ ਬਿਜ਼ਨਸ 'ਚ ਪੈ ਗਏ ਤਾਂ ਲੋਕੀ ਭੁੱਖੇ ਮਰ ਜਾਣਗੇ। "ਨੋ ਫਾਰਮਰ ਨੋ ਫੁਡ"।

 

ਅੱਖਰਾਂ ਨਾਲ ਆੜੀ!

- ਹਰਜੀਤ ਸਿੰਘ ਦਿਓਲ

ਤੁਸੀਂ ਆਪਣੇ ਘਰ ਦੇ ਵਿਹੜੇ 'ਚ ਖੜੇ ਹੋ। ਤੁਹਾਨੂੰ ਕੀ ਦਿਖਦਾ ਹੈ। ਆਪਣੇ ਘਰ ਦੀ ਚਾਰ ਦੀਵਾਰੀ। ਇੱਕ ਪਾਸੇ ਕਮਰੇ, ਕਿਚਨ ਅਤੇ ਸ਼ਾਇਦ ਦੂਜੇ ਪਾਸੇ ਕਿਤੇ ਬਾਥਰੂਮ ਆਦਿ। ਘਰ ਦੀ ਛਤ 'ਤੇ ਚੜ੍ਹ ਜਾਉ। ਹੁਣ ਕੀ ਦਿਖਦਾ ਹੈ? ਗੁਆਂਢੀਆਂ ਦੇ ਘਰ ਵੀ ਦਿਸਣ ਲਗਦੇ ਹਨ। ਜੇਕਰ ਤੀਸਰੀ ਮੰਜਿਲ ਹੈ ਤਾਂ ਹੋਰ ਉੱਪਰ ਚੜ੍ਹ ਕੇ ਦੇਖੋ ਸਾਰਾ ਪਿੰਡ ਦਿਸਣ ਲੱਗਦਾ ਹੈ। ਸ਼ਹਿਰ ਵਿੱਚ ਕਿਸੇ ਬਹੁਮੰਜਿਲਾ ਇਮਾਰਤ ਦੇ ਉੱਪਰ ਚੜ੍ਹਿਆਂ ਤਾਂ ਸਾਰਾ ਸ਼ਹਿਰ ਹੀ ਦਿਸਣ ਲੱਗਦਾ ਹੈ। ਧਰਤੀ ਦੁਆਲੇ ਘੁੰਮਦੇ ਸੈਟੇਲਾਈਟ ਰਾਹੀਂ ਅਸੀਂ ਅੱਧੀ ਦੁਨਿਆਂ ਦੇਖ ਸਕਦੇ ਹਾਂ। ਇਸੇ ਤਰ੍ਹਾਂ ਅੱਖਰਾਂ ਨਾਲ ਆੜੀ ਪਾ ਅਸੀਂ ਪੁਸਤਕਾਂ ਦੀਆ ਪੌੜੀਆਂ ਚੜ੍ਹ ਦਕਿਆਨੂਸੀ ਚੁਗਿਰਦੇ ਨਾਲੋਂ ਉੱਪਰ ਉਠਣਾ ਅਰੰਭ ਕਰ ਦਿੰਦੇ ਹਾਂ ਬਸ਼ਰਤੇ ਪੁਸਤਕਾਂ ਮਿਆਰੀ, ਗਿਆਨ ਵਿਗਿਆਨ ਅਤੇ ਸਾਹਿਤ ਨਾਲ ਜੁੜੀਆ ਹੋਣ। ਧਾਰਮਕ ਪੁਸਤਕਾਂ ਆਪਣਾ ਵਿਰਸਾ ਜਾਨਣ ਤੱਕ ਸੀਮਤ ਹੋਣ ਤਾਂ ਠੀਕ ਵਰਨਾ ਕੇਵਲ ਇਨ੍ਹਾਂ ਤੱਕ ਸੀਮਤ ਰਹਿ ਅਸੀਂ ਫੇਰ ਸੀਮਤ ਦਾਇਰੇ ਵਿਚ ਕੈਦ ਹੋ ਜਾਂਦੇ ਹਾਂ। ਕੋਹਲੂ ਦੇ ਬਲਦ ਵਾਂਗ ਇੱਕੋ ਜਗ੍ਹਾ ਘੁੰਮਣ ਵਾਂਗ। ਦੁਨਿਆਂ, ਇਸ ਦੀ ਸਭਿਅਤਾ ਦਾ ਦਾਇਰਾ ਬਹੁਤ ਵਿਸ਼ਾਲ ਹੈ। ਜਿਨ੍ਹਾਂ ਇਸ ਵਿਚ ਖੁਭਦੇ ਜਾਉਗੇ ਨਵੇਂ ਤੋਂ ਨਵੇਂ ਦਿਸਹੱਦੇ ਨਸ਼ਰ ਹੁੰਦੇ ਜਾਣਗੇ। ਜਿਸ ਦਿਨ ਲੋਕ ਧਰਮ ਸਥਾਨਾਂ ਦੀ ਥਾਂ ਪੁਸਤਕਾਲਯਾਂ ਵੱਲ ਵਹੀਰਾਂ ਘੱਤ ਲੈਣਗੇ ਯਕੀਨਨ ਦੁਨਿਆਂ ਦਾ ਨਕਸ਼ਾ ਬਦਲ ਜਾਏਗਾ। ਦੁਨਿਆਂ ਹੋਰ ਸੁਹਣੀ ਜਾਪਣ ਲੱਗੇਗੀ। ਨਫਰਤਾਂ ਧੁੰਦਲੀਆਂ ਪੈਂਦੀਆਂ ਜਾਣਗੀਆਂ ਅਤੇ ਇਨਸਾਨੀਅਤ ਦਾ ਚਾਨਣ ਸੰਕੀਰਣਤਾ ਦਾ ਖਾਤਮਾ ਕਰਦਾ ਜਾਏਗਾ। ਫੇਰ ਦੇਰ ਕਾਹਦੀ। ਆਉ ਅੱਖਰਾਂ ਨਾਲ ਗਲਵੱਕੜੀ ਪਾਈਏ।


ਕਿਰਤ ਜੋਗੀ ਦੀ ਖਾਲੀ ਬਗਲੀ

ਸਨਮਾਨਯੋਗ ਡਾ.ਗੁਰਬਖ਼ਸ ਸਿੰਘ ਭੰਡਾਲ ਹੁਰਾਂ ਦੇ ਜਾਦੂਮਈ ਸ਼ਬਦਾ ਨਾਲ ਸਜੀ ਇੱਕ ਕਾਵਿਮਈ ਰਚਨਾ ਤਾਂ ਹੋ ਸਕਦੀ ਹੈ ਪਰ ਯਥਾਰਥ ਤੋਂ ਅੱਖਾਂ ਚੁਰਾ ਕੇ  ਇੱਕ ਖੁਸ਼ਬੂ ਦਾ ਛਿੱਟਾ ਦੇ ਲੰਘ ਜਾਂਦੀ ਹੈ। ਯਥਾਰਥ ਨਿਰਸੰਦੇਹ ਹਕੀਕਤ ਵਿਚ ਖਰ੍ਹਵਾ ਹੁੰਦਾ ਹੈ ਇਸ ਲਈ ਅਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਵਾਂਗ ਤਲਖ ਸੱਚਾਈਆਂ ਨਾਲ ਰੂਬਰੂ ਹੋਣ ਤੋਂ ਸੰਕੋਚ ਕਰ ਜਾਂਦਾ ਹੈ। ਡਾਕਟਰ ਸਾਹਿਬ ਦੀਆਂ ਰਚਨਾਵਾਂ ਜਿੰਦਗੀ ਦੀਆਂ ਖੂਬਸੂਰਤ ਧੜਕਨਾਂ ਨਾਲ ਲਬਰੇਜ਼ ਹੁੰਦੀਆਂ ਹਨ, ਸੰਵੇਦਨਾਵਾਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ ਪਰ ਜਿੰਦਗੀ ਦੀਆਂ ਹਕੀਕੀ ਦੁਸ਼ਵਾਰੀਆਂ ਨਾਲ ਤਾਲਮੇਲ ਕੀਤੇ ਬਿਨਾ ਅੱਜ ਅਸੀਂ ਸੁਫਨੇ ਤਾਂ ਲੈ ਸਕਦੇ ਹਾਂ ਕਿਸੇ ਸਮੱਸਿਆ ਦਾ ਹਲ ਨਹੀਂ ਲੱਭ ਸਕਦੇ। ਇਸ ਲੇਖ ਵਿਚ ਉਨ੍ਹਾਂ ਕਿਸਾਨ ਦੀ ਮੰਦਹਾਲੀ ਦਾ ਜੋ ਕਾਵਿਮਈ ਜਿਕਰ ਕੀਤਾ ਹੈ ਅਸਲ ਵਿਚ ਉਹ ਬੀਤੇ ਜਮਾਨੇ ਦੀ ਤਸਵੀਰ ਪੇਸ਼ ਕਰਦਾ ਹੈ। ਅੱਜ ਦਾ ਕਿਸਾਨ ਬਲਦਾਂ ਤੋਂ ਟਰੈਕਟਰਾਂ ਤੱਕ ਅਪੜ ਗਿਆ ਹੈ, ਸਾਈਕਲਾਂ ਤੋਂ ਮੋਟਰਸਾਈਕਲਾਂ ਅਤੇ ਬਹੁਤੇ ਤਾਂ ਕਾਰਾਂ ਤੱਕ ਅਪੜ ਗਏ ਹਨ। ਕੱਚੇ ਘਰਾਂ ਦੀ ਥਾਂ ਕੋਠੀਆਂ ਵੀ ਹਨ। ਜੇਕਰ ਐਨ ਆਰ ਆਈਜ਼ ਨੇ ਕੋਠੀਆਂ ਬਣਾ ਲਈਆਂ ਤਾਂ ਸਮਰੱਥ ਕਿਸਾਨਾਂ ਵੀ ਪਿੱਛੇ ਨਹੀਂ ਰਹੇ। ਜੇਕਰ ਥੋੜੀਆਂ ਜਮੀਨਾਂ ਵਾਲਿਆਂ ਦਾ ਜਿਕਰ ਕਰੀਏ ਤਾਂ ਮੇਰੀ ਜਾਣਕਾਰੀ ਵਿੱਚ ਇਹੋ ਜਿਹੇ ਕਿਸਾਨ ਹਨ ਜੋ ਜਮੀਨ ਠੇਕੇ 'ਤੇ ਦੇ ਸਾਈਡ ਬਿਜ਼ਨਿਸ ਨਾਲ ਵੱਡੀਆਂ ਜਮੀਨਾਂ ਵਾਲਿਆਂ ਦਾ ਮੁਕਾਬਲਾ ਕਰ ਰਹੇ ਹਨ। ਕੀ ਭਾਰਤ ਵਿੱਚ ਕਿਸੇ ਕਿਸਾਨ ਦੇ ਸਾਈਡ ਬਿਜਨਸ ਕਰਨ 'ਤੇ ਪਾਬੰਦੀ ਹੈ। ਨੌਕਰੀਆਂ ਦੀ ਗੱਲ ਕਰਦੇ ਹਾਂ। ਮੈਂ ਪਰਤੱਖ ਦੇਖਿਆ ਹੈ ਕਿ ਪੰਜਾਬ ਵਿਚ ਛੋਟੀ ਇੰਡਸਟਰੀ ਵਿਚ ਜਿਆਦਾਤਰ ਯੂ ਪੀ ਬਿਹਾਰ ਦੇ ਨੌਜਵਾਨ ਆ ਨੌਕਰੀਆਂ ਕਰ ਰਹੇ ਹਨ ਜੋ 7/8 ਹਜਾਰ ਤੋਂ 12/15 ਹਜਾਰ ਤੱਕ ਤਨਖਾਹਾਂ ਲੈ ਰਹੇ ਹਨ। ਪਰ ਮਿੱਤਰਾਂ ਦੇ ਤਾਂ ਐਨੇ ਦੇ ਬੂਟ ਹੀ ਆਉਂਦੇ ਹਨ। ਵੱਡੀਆਂ ਤਨਖਾਹਾਂ ਲਈ ਅੱਜ ਦੀ ਮੰਗ ਅਨੁਸਾਰ ਪੜ੍ਹਾਈ ਚਾਹੀਦੀ ਹੈ। ਦਿੱਲੀ ਦੇ ਆਸਪਾਸ ਦੇ ਨੌਜਵਾਨਾਂ ਨੇ ਕੰਪਿਊਟਰ ਟੈਕਨੋਲੌਜੀ ਦੇ ਹਾਈ ਫਾਈ ਕੋਰਸ ਕਰ ਸ਼ਾਨਦਾਰ ਨੌਕਰੀਆਂ ਵੀ ਹਾਸਲ ਕੀਤੀਆਂ ਹਨ। ਹੁਣ ਬੀ ਏ/ ਐਮ ਏ ਕਰ ਵਧੀਆ ਨੌਕਰੀਆਂ ਦਾ ਜਮਾਨਾ ਲਦ ਗਿਆ। ਮੈਂ ਬਿਜਨਸ ਵਿੱਚ ਯੂ ਪੀ ਬਿਹਾਰ ਤੋਂ ਆਏ ਬੰਦਿਆਂ ਨੂੰ 50/60 ਹਜਾਰ ਮਹੀਨੇ ਤੱਕ ਕਮਾਉਂਦੇ ਦੇਖਿਆ ਹੈ। ਸਾਡੇ ਨੌਜਵਾਨ ਵਿਦੇਸ਼ ਵਿਚ ਕੁਝ ਵੀ ਕਰ ਲੈਣਗੇ ਪਰ ਆਪਣੇ ਮੁਲਕ ਵਿਚ ਛੋਟੇ ਕੰਮਾਂ ਤੋਂ ਸ਼ਰਮ ਆਉਂਦੀ ਹੈ। ਰਹੀ ਖੁਦਕਸ਼ੀਆਂ ਦੀ ਗੱਲ ਤਾਂ ਜਨਾਬ ਇਸ ਲਈ ਸਮਾਜਕ ਕੁਰੀਤੀਆਂ ਨਾਲ ਆਡਾ ਲਾਉਣਾ ਪੈਣਾ ਹੈ ਜਿਸ ਨਾਲ ਚਾਦਰ ਦੇਖ ਪੈਰ ਪਸਾਰਨ ਦਾ ਵੱਲ ਸਿੱਖਿਆ ਜਾ ਸਕੇ। ਸਰਕਾਰ ਕੋਈ ਵੀ ਆ ਜਾਵੇ ਕਿਸੇ ਗਿੱਦੜਸਿੰਗੀ ਨਾਲ ਸਭ ਕੁਝ ਮੁਫਤ ਨਹੀ ਕਰ ਸਕਦੀ ਨਾ ਹਮੇਸ਼ਾ ਕਰਜੇ ਲਏ ਮਾਫ ਕਰ ਸਕਦੀ ਹੈ। ਨੌਜਵਾਨਾਂ ਨੂੰ ਫੁਕਰੇ ਦਮਗਜੇ ਮਾਰਨ ਨਾਲੋਂ ਕਿੱਤਾਮੁਖੀ ਰਾਹ ਅਪਨਾਉਣ ਵੱਲ ਪ੍ਰੇਰਨ ਦੀ ਲੋੜ ਹੈ। ਇਨ੍ਹਾਂ ਨੂੰ 'ਬਾਗੀ ਜਾਂ ਬਾਦਸ਼ਾਹ' ਵਾਲੇ ਭੁਲੇਖਿਆਂ ਵਿੱਚੋਂ ਕੱਢ ਅੱਜ ਦੇ ਸਮੇਂ ਅਨੁਸਾਰ ਢਾਲਣ ਦੀ ਲੋੜ ਹੈ। ਇਹ ਗੱਲ ਨਹੀਂ ਹੈ ਕਿ ਡਾਕਟਰ ਸਾਹਿਬ ਇਸ ਤੱਥ ਤੋਂ ਜਾਣੂ ਨਾ ਹੋਣ ਕਿ ਕਿਸਾਨ ਆਂਦੋਲਨ ਨੂੰ ਜਿਸ ਅਫਰਾ ਤਫਰੀ ਅਤੇ ਅਰਾਜਕਤਾ ਦੀ ਕਾਕਟੇਲ ਬਣਾ ਦਿੱਤਾ ਗਿਆ, ਕੁਝ ਵੀ ਸਾਰਥਕ ਹਾਸਲ ਕਰਨਾ ਅਸੰਭਵ ਬਣ ਗਿਆ ਸੀ। ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਤਸਵੀਰ ਦਾ ਦੂਜਾ ਪਾਸਾ ਵੀ ਬਿਆਨਣ। ਭਾਵੇਂ ਪਾਣੀ ਦੇ ਵਹਾਅ ਦੇ ਉਲਟ ਤਰਨਾ ਮੁਸ਼ਕਲ ਹੁੰਦਾ ਹੈ ਪਰ ਡਾਕਟਰ ਸਾਹਿਬ ਦੀ ਜਾਦੂਮਈ ਸਮਰੱਥ ਲੇਖਣੀ ਲਈ ਉਹ ਵੀ ਅਸੰਭਵ ਨਹੀਂ।                            

  - ਹਰਜੀਤ ਦਿਉਲ, ਬਰੈਂਪਟਨ

 

ਸਰਵਸ਼ਕਤੀਮਾਨ ਲਈ ਅਰਦਾਸ!

ਮਹਾਮਹਿਮ ਸਰਵਸ਼ਕਤੀਮਾਨ ਦੇ ਆਫਿਸ-ਕਮ-ਰਿਹਾਇਸ਼ ਬਾਹਰ ਰੋਸ ਵਿਖਾਵਾ ਕਰ ਰਹੀ ਬੇਅੰਤ ਭੀੜ ਜਮਾ ਹੈ। ਆਖਰ ਦਰਵਾਜਾ ਖੁਲਿਆ ਅਤੇ ਇੱਕ ਰੋਬਦਾਰ ਸ਼ਖਸੀਅਤ ਦੇ ਦਰਸ਼ਣ ਹੋਏ। ਭੀੜ ਸ਼ਾਂਤ ਹੋ ਗਈ ਤਾਂ ਉਸ ਸ਼ਖਸੀਅਤ ਕਿਹਾ "ਮੈਂ ਮਹਾਮਹਿਮ ਦਾ ਉ ਐਸ ਡੀ (ਆਫੀਸਰ ਆਨ ਸਪੈਸ਼ਲ ਡਿਊਟੀ) ਹਾਂ। ਆਪਣੀ ਸਮੱਸਿਆ ਮੈਂਨੂੰ ਨੋਟ ਕਰਾਉ। ਯਕਦਮ ਭੀੜ 'ਚ ਹਲਚਲ ਹੋਈ ਅਤੇ ਇੱਕ ਮੋਹਤਬਰ ਲੀਡਰ ਨੁਮਾ ਵਿਅਕਤੀ ਅੱਗੇ ਆ ਕਹਿਣ ਲੱਗਾ "ਜਨਾਬ ਇਹ ਸਾਰੇ ਧਰਤੀ ਵਾਸੀ ਮਹਾਮਹਿਮ ਸਰਵਸ਼ਕਤੀਮਾਨ ਦੇ ਬਰਾਂਚ ਆਫਿਸਾਂ ਭਾਵ ਧਰਮ ਸਥਾਨਾਂ ਉੱਪਰ ਦਸਵੰਧ ਅਰਪਣ ਕਰ  ਅਰਦਾਸਾਂ ਕਰ ਕਰ ਥੱਕ ਗਏ ਹਨ ਪਰ ਇਨ੍ਹਾ ਦੀ ਕੋਈ ਸਮੱਸਿਆ ਹਲ ਤਾਂ ਕੀ ਹੋਣੀ ਸੀ ਸਗੋਂ ਵਧਦੀਆਂ ਜਾ ਰਹੀਆਂ ਹਨ। ਅਸੀਂ ਹੁਣ ਮਜਬੂਰ ਹੋ ਮਹਾਮਹਿਮ ਦੇ ਰੂਬਰੂ ਹੋ ਫਰਿਆਦ ਕਰਨ ਆਏ ਹਾਂ। ਇਜਾਜਤ ਦਿੱਤੀ ਜਾਵੇ।" ਅਫਸਰ ਨੇ ਭੀੜ ਵੱਲ ਗੌਰ ਨਾਲ ਦੇਖਿਆ। ਕੁਝ ਨੇ ਤਖਤੀਆਂ ਫੜੀਆਂ ਸਨ। 'ਨੋ ਫਾਰਮਰ ਨੋ ਫੁਡ'। ਹੋਰਾਂ ਨੇ ਬੈਨਰ ਫੜੇ ਸਨ 'ਸਾਡਾ ਧਰਮ ਖਤਰੇ ਵਿੱਚ'। ਇਸੇ ਤਰ੍ਹਾਂ ਦੀਆਂ ਹੋਰ ਸ਼ਿਕਾਇਤਾਂ। ਅਫਸਰ ਬੋਲਿਆ "ਛੋਟੀਆਂ ਮੋਟੀਆਂ ਸ਼ਿਕਾਇਤਾਂ ਲਈ ਹਾਲੇ ਮਹਾਮਹਿਮ ਕੋਲ ਵਕਤ ਨਹੀਂ। ਨੋਟ ਕਰਾ ਜਾਉ ਇਨ੍ਹਾਂ 'ਤੇ ਗੌਰ ਕੀਤਾ ਜਾਵੇਗਾ।" ਅਚਾਨਕ ਭੀੜ ਵਿੱਚੋਂ ਹੋਰ ਲੀਡਰ ਨੁਮਾਂ ਵਿਅਕਤੀ ਸਾਹਮਣੇ ਆਏ ਅਤੇ ਹੱਥ ਜੋੜ ਅਰਜ਼ ਕਰਨ ਲੱਗੇ "ਹਜੂਰੇਆਲਾ ਬਾਕੀ ਮਸਲੇ ਬਾਅਦ ਵਿਚ ਹਲ ਹੋ ਸਕਦੇ ਹਨ ਪਰ ਇਸ ਸਮੇਂ ਸਭ ਤੋਂ ਅਰਜੈਂਟ ਮਸਲਾ ਹੈ ਕਰੋਨਾ ਮਹਾਮਾਰੀ ਦਾ। ਇਸ ਦਾ ਤੁਰੰਤ ਹਲ ਕੀਤਾ ਜਾਵੇ। ਦੁਨਿਆਂ ਇਸ ਤੋਂ ਬਹੁਤ ਪਰੇਸ਼ਾਨ ਹੈ।" ਅਫਸਰ ਥੋੜਾ ਝਿਜਕਿਆ ਫੇਰ ਕਹਿਣ ਲੱਗਾ "ਮੇਰੇ ਪਿਆਰਿਉ ਗੱਲ ਇਵੇਂ ਹੈ ਕਿ ਮਹਾਮਹਿਮ ਸਰਵਸ਼ਕਤੀਮਾਨ ਤਾਂ ਆਪ ਕਰੋਨਾ ਪਾਜੀਟਿਵ ਪਾਏ ਗਏ ਹਨ ਅਤੇ ਇਕਾਂਤਵਾਸ ਕਰ ਰਹੇ ਹਨ। ਆਪ ਸਭ ਜਾਉ ਅਤੇ ਉਨ੍ਹਾਂ ਦੀ ਸੇਹਤ ਲਈ ਅਰਦਾਸ ਕਰੋ।" ਇਹ ਸੁਣ ਭੀੜ ਸਕਤੇ 'ਚ ਆ ਗਈ ਅਤੇ ਫੈਸਲਾ ਹੋਇਆ ਕਿ ਧਰਮ ਸਥਾਨਾਂ ਵਿਚ ਜਾ ਸਰਵਸ਼ਕਤੀਮਾਨ ਦੀ ਸੇਹਤ ਲਈ ਲੜੀਵਾਰ ਹਵਨ/ਪੂਜਾ ਪਾਠ ਅਤੇ ਅਰਦਾਸਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਲਈ 'ਸਰਵਸ਼ਕਤੀਮਾਨ ਹੈਲਥ ਫੰਡ' ਦੀ ਸਥਾਪਨਾ ਕਰ ਸਭ ਇਸ ਪਵਿੱਤਰ ਕਾਰਜ ਵਿਚ ਜੁਟ ਗਏ।

-ਹਰਜੀਤ ਦਿਉਲ, ਬਰੈਂਪਟਨ

 


ਸੱਚ ਸੁਣਾਇਸੀ ਸੱਚ ਕੀ ਬੇਲਾ...!

- ਹਰਜੀਤ ਦਿਉਲ, ਬਰੈਂਪਟਨ

ਦਰਬਾਰ ਵਿੱਚ ਆਉਂਦਿਆਂ ਹੀ ਬੀਰਬਲ ਨੇ ਅਕਬਰ ਨੂੰ ਇੱਕ ਬੜੀ ਦਿਲਚਸਪ ਖਬਰ ਸੁਣਾਈ। ਦੱਸਿਆ ਕਿ ਰਾਜਧਾਨੀ ਵਿਚ ਦੋ ਵਿਲੱਖਣ ਕਾਰੀਗਰ ਆਏ ਹਨ ਜੋ ਐਸਾ ਕਪੜਾ ਬੁਣਦੇ ਹਨ ਜੋ ਬੇਈਮਾਨਾਂ ਨੂੰ ਨਹੀਂ ਦਿਖਦਾ ਪਰ ਈਮਾਨਦਾਰ ਹੀ ਦੇਖ ਸਕਦੇ ਨ। ਅਕਬਰ ਹੈਰਾਨ ਹੋਇਆ ਅਤੇ ਬੀਰਬਲ ਨੂੰ ਹੁਕਮ ਕੀਤਾ ਕਿ ਫੌਰਨ ਤੋਂ ਪੇਸ਼ਤਰ ਐਸਾ ਕਪੜਾ ਤਿਆਰ ਕਰਾਇਆ ਜਾਏ। ਬੀਰਬਲ ਤੁਰੰਤ ਕਾਰੀਗਰਾਂ ਨੁੰ ਲੋੜੀਂਦੀ ਮਾਇਆ ਅਤੇ ਸਥਾਨ ਦਾ ਪ੍ਰਬੰਧ ਕਰ ਉਨ੍ਹਾਂ ਨੂੰ ਕਪੜਾ ਬੁਨਣ ਲਾ ਦਿੱਤਾ। ਸਾਰੇ ਰਾਜ ਵਿੱਚ ਇਹ ਖਬਰ ਫੈਲ ਗਈ ਕਿ ਐਸਾ ਕਪੜਾ ਤਿਆਰ ਹੋ ਰਿਹੈ ਜੋ ਸਿਰਫ ਈਮਾਨਦਾਰਾਂ ਨੂੰ ਹੀ ਦਿਖੇਗਾ ਬੇਈਮਾਨਾਂ ਨੂੰ ਨਹੀਂ। ਅਕਬਰ ਦੀ ਹਿਦਾਇਤ ਅਨੁਸਾਰ ਉਨ੍ਹਾਂ ਦੇ ਕੰਮ ਦਾ ਜਾਇਜਾ ਲੈਣ ਕਾਰਿੰਦੇ ਭੇਜੇ ਜਾਣ ਲੱਗੇ। ਪਹਿਲੇ ਦਿਨ ਜੋ ਦੋ ਕਾਰਿੰਦੇ ਉੱਥੇ ਅਪੜੇ ਉਨ੍ਹਾਂ ਦੇਖਿਆ ਕਿ ਕਾਰੀਗਰ ਬੜੇ ਜੋਰ ਸ਼ੋਰ ਨਾਲ ਕਪੜਾ ਬੁਣਦੇ ਤਾਂ ਦਿਸਦੇ ਹਨ ਪਰ ਕਪੜਾ ਨਹੀਂ। ਉਨ੍ਹਾਂ ਇੱਕ ਦੂਜੇ ਵੱਲ ਦੇਖਿਆ। ਸਮਝ ਗਏ ਅੱਜ ਉਨ੍ਹਾਂ ਦੀ ਨੌਕਰੀ ਗਈ ਕਿਉਂਕਿ ਕਪੜਾ ਉਨ੍ਹਾਂ ਨੂੰ ਦਿਸ ਨਹੀਂ ਰਿਹਾ ਇਸ ਲਈ ਬਾਦਸ਼ਾਹ ਉਨ੍ਹਾਂ ਨੂੰ ਬੇਈਮਾਨ ਸਮਝ ਨੌਕਰੀ ਤੋਂ ਕੱਢ ਦੇਣਾ ਹੈ। ਉਨ੍ਹਾਂ ਇਸ ਮੁਸੀਬਤ ਤੋਂ ਬਚਣ ਲਈ ਬੀਰਬਲ ਕੋਲ ਪਹੁੰਚ ਕਪੜੇ ਦੀ ਬੜੀ ਤਾਰੀਫ ਕੀਤੀ। ਬਾਦਸ਼ਾਹ ਖੁਸ਼ ਹੋਇਆ ਅਤੇ ਇਵੇਂ ਹੀ ਥੋੜੇ ਥੋੜੇ ਸਮੇਂ ਉਪਰੰਤ ਕਾਰਿੰਦੇ ਭੇਜਦਾ ਰਿਹਾ ਅਤੇ ਨਤੀਜਾ ਪਹਿਲਾਂ ਵਾਲਾ ਹੀ ਰਿਹਾ। ਆਖਰ ਕੱਪੜਾ ਤਿਆਰ ਹੋਣ ਤੇ ਬਾਦਸ਼ਾਹ ਬੀਰਬਲ ਨੂੰ ਨਾਲ ਲੈ ਬੜੀ ਉਤਸੁਕਤਾ ਨਾਲ ਉੱਥੇ ਪਹੁੰਚਿਆ ਤਾਂ ਬੜੀ ਉਲਝਣ ਵਿਚ ਫਸ ਗਿਆ ਕਿਉਂਕਿ ਕਪੜਾ ਤਾਂ ਉਸ ਨੂੰ ਵੀ ਦਿਸ ਨਹੀਂ ਰਿਹਾ ਸੀ। ਉਹ ਬੀਰਬਲ ਵੱਲ ਝਾਕਿਆ ਕਿ ਸ਼ਾਇਦ ਬੀਰਬਲ ਕਹਿ ਦੇਵੇ ਕਿ ਕਪੜਾ ਤਾਂ ਦਿਸਦਾ ਨਹੀਂ ਪਿਆ ਪਰ ਬੀਰਬਲ ਕੱਚੀਆਂ ਗੋਲੀਆਂ ਨਹੀਂ ਖੇਡਿਆ ਸੀ ਸੋ ਬੋਲਿਆ ਬਾਦਸ਼ਾਹ ਸਲਾਮਤ ਕਿਆ ਬੇਹਤਰੀਨ ਕਪੜਾ ਹੈ ਵਾਰੇ ਜਾਈਏ ਇਨ੍ਹਾਂ ਕਾਰੀਗਰਾਂ ਦੇ। ਬੀਰਬਲ ਬੇਬਸ ਬਾਦਸ਼ਾਹ ਦੀ ਹਾਲਤ ਦੇਖ ਰਿਹਾ ਸੀ। ਉਸ ਬਾਦਸ਼ਾਹ ਪਾਸੋਂ ਕਾਰੀਗਰਾਂ ਨੂੰ ਇਨਾਮ ਦੁਆ ਵਿਦਾ ਕੀਤਾ ਅਤੇ ਕਪੜੇ ਦਾ ਥਾਨ ਸ਼ਹਿਰ ਵਿਚਕਾਰ ਇੱਕ ਥਾਂ ਰਖਵਾ ਦਿੱਤਾ ਜਿੱਥੇ ਸਾਰੇ ਸ਼ਹਿਰੀ ਉਸ ਨੂੰ ਦੇਖ ਦੇਖ ਤਾਰੀਫਾਂ ਦੇ ਪੁਲ ਬਨ੍ਹਦੇ ਰਹੇ ਪਰ ਉਸ ਦਿਨ ਤੋਂ ਬਾਦਸ਼ਾਹ ਬੜਾ ਬੇਚੈਨ ਰਹਿਣ ਲੱਗਾ। ਆਖਰ ਬੀਰਬਲ ਨੂੰ ਬਾਦਸ਼ਾਹ 'ਤੇ ਤਰਸ ਆਇਆ ਤਾਂ ਉਸ ਬਾਦਸ਼ਾਹ ਨੂੰ ਕਿਹਾ ਕਿ ਜਹਾਂਪਨਾਹ ਆਪ ਕਿਉਂ ਪਰੇਸ਼ਾਨ ਹੋ ਮੈਨੂੰ ਦੱਸੋ ਤਾ ਮੈਂ ਆਪਦੀ ਕੋਈ ਮਦਦ ਕਰਾਂ। ਅਕਬਰ ਫਿਸ ਪਿਆ ਅਤੇ ਬੋਲਿਆ "ਬੀਰਬਲ ਤੂੰ ਮੇਰਾ ਬਹੁਤ ਭਰੋਸੇ ਵਾਲਾ ਵਜੀਰ ਹੈਂ ਅਤੇ ਮੈਂ ਤੇਰੇ ਤੋਂ ਕੁਝ ਲੁਕਾਉਂਦਾ ਨਹੀਂ। ਗੱਲ ਇਵੇਂ ਹੈ ਕਿ ਮੈਂਨੂੰ ਉਹ ਕਪੜਾ ਦਿਸਿਆ ਨਹੀਂ। ਮੇਰੀ ਰਿਆਇਆ ਮੇਰੇ ਬਾਰੇ ਕੀ ਸੋਚੇਗੀ?" ਬੀਰਬਲ ਜੋਰ ਦੀ ਠਹਾਕਾ ਮਾਰ ਹੱਸਿਆ ਅਤੇ ਕਿਹਾ " ਜਹਾਂਪਨਾਹ ਕਪੜਾ ਕਿਸੇ ਨੂੰ ਵੀ ਨਹੀਂ ਦਿਸਿਆ। ਦਰਅਸਲ ਕਪੜਾ ਹੈ ਹੀ ਨਹੀਂ ਸੀ। ਇਹ ਮੇਰੀ ਜੁਗਤ ਸੀ ਤੁਹਾਨੂੰ ਇਸ ਸਮਝਾਉਣ ਲਈ ਕਿ ਸੱਚ ਨਾਲ ਖੜ੍ਹਨਾ ਔਖਾ ਹੀ ਨਹੀਂ ਕਈ ਵੇਰਾਂ ਨਾਮੁਮਕਨ ਵੀ ਹੋ ਜਾਂਦਾ ਹੈ। ਆਪ ਜੈਸਾ ਸੱਚ ਦਾ ਪੈਰੋਕਾਰ ਵੀ ਮਜਬੂਰੀ ਵੱਸ ਲਾਈਲੱਗਾਂ ਦੀ ਕਤਾਰ ਵਿੱਚ ਖੜ੍ਹਨ ਲਈ ਮਜਬੂਰ ਹੋ ਜਾਂਦਾ ਹੈ।" ਬਾਦਸ਼ਾਹ ਹਮੇਸ਼ਾ ਵਾਂਗ ਬੀਰਬਲ ਦੀ ਵਿਦਵੱਤਾ ਦਾ ਕਾਇਲ ਹੋਇਆ।

ਸਬਕ- ਕਈ ਵੇਰਾਂ ਨਾ ਚਾਹੁੰਦਿਆਂ ਵੀ ਚੰਗੇ ਭਲੇ ਵਿਦਵਾਨ ਪਤਵੰਤੇ ਨਾਸਮਝ ਭੀੜ ਦਾ ਹਿੱਸਾ ਬਨਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਸੱਚ ਕਹਿਣ ਤੋਂ ਕਤਰਾਉਂਦੇ ਹਨ।

ਖ਼ਬਰਨਾਮਾ #1125, ਅਪਰੈਲ 16-2021

 


ਸਬਕ -ਹਰਜੀਤ ਦਿਉਲ ਬਰੈਂਪਟਨ

ਮੁਰਖਾਂ ਦਾ ਇੱਕ ਟੋਲਾ ਸਫਰ ਕਰ ਰਿਹੈ। ਗਰਮੀ ਦੀ ਰੁੱਤ ਸਿਖਰ ਦੋਪੈਹਰ। ਇੱਕ ਜਗ੍ਹਾ ਖੂਹ ਅਤੇ ਨਾਲ ਹੀ ਛਾਂਦਾਰ ਰੁਖ ਦੇਖ ਉਹ ਉੱਥੇ ਵਿਸ਼ਰਾਮ ਕਰਨ ਬਹਿ ਗਏ। ਉੱਥੇ ਮੌਜੂਦ ਰੱਸੀ ਬਾਲਟੀ ਦੀ ਮਦਦ ਨਾਲ ਠੰਡਾ ਪਾਣੀ ਕੱਢ ਪੀਤਾ ਅਤੇ ਸੁਸਤਾਉਣ ਲੱਗੇ। ਅਚਾਨਕ ਉਨ੍ਹਾਂ ਵਿੱਚੋਂ ਇੱਕ ਬੋਲਿਆ 'ਉਇ ਖੂਹ ਤਾਂ ਧੁੱਪ ਵਿਚ ਹੈ ਕਿਉਂ ਨਾ ਇਸ ਨੂੰ ਛਾਵੇਂ ਕਰ ਦਈਏ।' ਸਲਾਹ ਸਭ ਨੂੰ ਜਚ ਗਈ 'ਤੇ ਉਹ ਉੱਠ ਖੂਹ ਦੀ ਮੌਣ ਨੂੰ ਛਾਂ ਵੱਲ ਧੱਕਣ ਲੱਗੇ। ਘੰਟੇ ਕੁ ਦੀ ਮੁਸ਼ੱਕਤ ਤੋਂ ਬਾਅਦ ਜਦ ਉਨ੍ਹਾਂ ਦੇਖਿਆ ਕਿ ਖੂਹ ਕੁਝ ਕੁ ਛਾਂ ਦੇ ਨੇੜੇ ਅਪੜ ਗਿਆ ਹੈ ਤਾਂ ਉਨ੍ਹਾਂ ਇੱਕ ਜੋਰਦਾਰ ਜੈਕਾਰਾ ਛੱਡਿਆ ਅਤੇ ਬੜੇ ਜੋਸ਼ ਨਾਲ ਆਪਣੇ ਕੰਮ ਜੁਟ ਗਏ। ਇੱਕ ਦੋ ਰਾਹਗੀਰ ਤਾਂ ਉਨ੍ਹਾਂ ਨੂੰ ਅਵੱਲੇ ਕੰਮ ਲੱਗਿਆ ਦੇਖ ਹਸਦੇ ਹੋਏ ਗੁਜਰ ਗਏ ਪਰ ਇੱਕ ਤੋਂ ਨਾ ਰਿਹਾ ਗਿਆ 'ਤੇ ਕਹਿ ਬੈਠਾ 'ਉਇ ਮੂਰਖੋ ਇਹ ਕੀ ਪਏ ਕਰਦੇ ਹੋ?' ਤਾਂ ਉਨ੍ਹਾਂ ਵਿੱਚੋਂ ਇੱਕ ਬੋਲਿਆ 'ਦਿਖਦਾ ਨਹੀਂ ਅਨ੍ਹਾਂ ਹੈਂ ਖੂਹ ਨੂੰ ਛਾਵੇਂ ਪਏ ਕਰਦੇ ਹਾਂ'। ਰਾਹਗੀਰ ਬੋਲਿਆ 'ਉਇ ਮੂਰਖੋ ਖੂਹ ਨੇ ਤਾਂ ਆਪ ਹੀ ਛਾਵੇਂ ਚਲੇ ਜਾਣਾ ਹੈ'। ਇਸ 'ਤੇ ਉਹ ਇਹ ਕਹਿੰਦੇ ਹੋਏ ਰਾਹਗੀਰ 'ਤੇ ਟੁੱਟ ਪਏ ਕਿ ਖੂਹ ਵੀ ਕਦੀ ਆਪਣੇ ਆਪ ਤੁਰਦੇ ਦੇਖੇ ਹਨ ਤੂੰ ਸਾਡੀ ਮੁਹਿੰਮ ਨੂੰ ਢਾਅ ਲਾਉਂਦਾ ਹੈਂ। ਕੁੱਟ ਖਾ ਰਾਹਗੀਰ ਪਾਸੇ ਹੋ ਬੈਠ ਤਮਾਸ਼ਾ ਦੇਖਣ ਲੱਗਾ। ਕਈ ਹੋਰ ਰਾਹਗੀਰ ਆਏ। ਇੱਕ ਦੋ ਕੁੱਟ ਖਾਦੀ ਪਰ ਬਹੁਤੇ ਤਾੜੀਆਂ ਮਾਰ ਉਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਰਹੇ। ਕੋਈ ਤਿੰਨ ਘੰਟੇ ਬਾਅਦ ਇਸ ਮੁਹਿੰਮ ਦਾ ਅੰਤ ਹੋਇਆ ਜਦ ਖੂਹ ਛਾਵੇਂ ਪਹੁੰਚ ਚੁੱਕਾ ਸੀ। ਜੈਕਾਰੇ ਛੱਡੇ ਗਏ। ਤਾੜੀਆਂ ਵੱਜੀਆਂ। ਮੇਹਨਤਕਸ਼ਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਹ ਮੇਲਾ ਸਮਾਪਤ ਹੋਇਆ। ਸਾਰੇ ਆਪੋ ਆਪਣੇ ਰਾਹ ਤੁਰ ਗਏ ਪਰ ਦੋ ਜਣੇ ਰਹਿ ਗਏ। ਇੱਕ ਸੀ ਕੁੱਟ ਖਾਣ ਵਾਲਾ ਦੂਜਾ ਤਾੜੀਆਂ ਮਾਰ 'ਬੱਲੇ ਬੱਲੇ' ਕਰਨ ਵਾਲਾ। ਤਾੜੀਆਂ ਮਾਰਨ ਵਾਲੇ ਦੂਜੇ ਨੂੰ ਪੁੱਛਿਆ 'ਕਿਉਂ ਬਈ ਕੁੱਟ ਖਾ ਕੁਝ ਸਬਕ ਮਿਲਿਆ?' ਕੁੱਟ ਖਾਣ ਵਾਲਾ ਨਿਮੋਝੂਣਾ ਹੋ ਚੁੱਪ ਰਿਹਾ ਤਾਂ ਤਾੜੀਆਂ ਮਾਰਨ ਵਾਲੇ ਸਮਝਾਇਆ 'ਭਲੇਮਾਨਸਾ ਇੱਕ ਮੂਰਖ ਨੂੰ ਸਮਝਾਇਆ ਜਾ ਸਕਦੈ ਉਨ੍ਹਾਂ ਦੀ ਭੀੜ ਨੂੰ ਨਹੀਂ।' ਕੁੱਟ ਖਾਣ ਵਾਲੇ ਫਿਰ ਕਿਹਾ 'ਭਾਈ ਸਾਹਿਬ ਇਹ ਖੂਹ ਤਾਂ ਕਲ ਦੋਪੈਹਰ ਫੇਰ ਧੁੱਪੇ ਹੋਣੈ।' ਤਾਂ ਦੂਜੇ ਕਿਹਾ 'ਉਇ ਜੁਝਾਰੂਆਂ ਨੂੰ ਨਿਤ ਮੁਹਿੰਮਾਂ' 'ਤੇ ਉਹ ਜ਼ੋਰ ਦੀ ਠਹਾਕਾ ਮਾਰ ਹੱਸਿਆ। ਕੁੱਟ ਖਾਣ ਵਾਲੇ ਨੂੰ ਬਹੁਤ ਹੀ ਅਹਿਮ ਸਬਕ ਮਿਲ ਚੁੱਕਾ ਸੀ।

ਖ਼ਬਰਨਾਮਾ #1124, ਅਪਰੈਲ 09-2021


ਨੌਜਵਾਨੀ ਨਿਘਾਰ ਵੱਲ ਕਿਉਂ?

- ਹਰਜੀਤ ਦਿਉਲ, ਬਰੈਂਪਟਨ

1963 ਦਾ ਸਮਾਂ। ਪਿਤਾ ਰੇਲਵੇ 'ਚ ਸਨ ਤਾਂ ਬਦਲੀ ਹੁੰਦੀ ਰਹਿੰਦੀ ਸੀ। ਗਜਰੌਲਾ (ਯੂ ਪੀ) ਤੋਂ ਰਾਮਪੁਰ ਦਾ ਤਬਾਦਲਾ ਹੋਇਆ। ਗਜਰੌਲਾ ਕਵਾਟਰਾਂ ਵਿਚ ਬਿਜਲੀ ਨਹੀਂ ਸੀ ਪਰ ਰਾਮਪੁਰ ਵਿਚ ਸੀ। ਸਾਨੂੰ ਅਪਾਰ ਖੁਸ਼ੀ ਸੀ ਕਿ ਚਲੋ ਲਾਲਟੈਨ/ਲੈਂਪ ਤੋਂ ਖਹਿੜਾ ਛੁੱਟਿਆ। ਬੜਾ ਚਾਅ ਸੀ ਪਰ ਰਾਮਪੁਰ ਸਟੇਸ਼ਨ 'ਤੇ ਅਪੜਦਿਆਂ ਹੀ ਜੋ ਦੇਖ ਮੇਰੀ ਖੁਸ਼ੀ ਦੀ ਕੋਈ ਸੀਮਾਂ ਨਾ ਰਹੀ ਉਹ ਸੀ ਸਟੇਸ਼ਨ 'ਤੇ ਬੁਕ ਸਟਾਲ ਦਾ ਹੋਣਾ। ਉਨ੍ਹਾਂ ਦਿਨਾਂ 'ਚ ਭਾਰਤ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਬੁਕ ਸਟਾਲਾਂ ਦਾ ਠੇਕਾ ਏ ਐਚ ਵ੍ਹੀਲਰ ਨਾਮੀ ਕੰਪਨੀ ਕੋਲ ਹੁੰਦਾ ਸੀ। ਅਕਸਰ ਸ਼ਾਮ ਨੂੰ ਸਟੇਸ਼ਨ ਚਲਾ ਜਾਂਦਾ 'ਤੇ ਬੁਕਸਟਾਲ ਲਾਗੇ ਮੰਡਰਾਇਆ ਕਰਦਾ। ਸਟਾਲ ਦਾ ਸੰਚਾਲਕ ਇੱਕ ਸ਼ਬੀਰ ਨਾਂਅ ਦਾ ਮੁਸਲਮਾਨ ਸੀ। ਬਿਨਾ ਖਰੀਦੇ ਰਸਾਲਿਆਂ ਦੀ ਫਰੋਲਾ ਫਰਾਲੀ ਉਸ ਨੂੰ ਚੰਗੀ ਨਾ ਲੱਗਦੀ ਅਤੇ ਖਰੀਦਣ ਲਈ ਮਹੀਨੇ 'ਚ ਇੱਕ ਤੋਂ ਵੱਧ ਦਾ ਬਜਟ ਨਾ ਹੁੰਦਾ। ਪਿਆਸਾ ਸਮੁੰਦਰ ਕੰਢੇ ਬੇਬਸ ਖੜਾ ਰਹਿੰਦਾ। ਆਖਰ ਇੱਕ ਤਰਕੀਬ ਸੁੱਝੀ। ਜੇਬ ਖਰਚ ਦੇ ਸਾਰੇ ਪੈਸੇ ਇਕੱਠੇ ਕਰ ਕੇ ਭਾਨ ਕੋਈ ਤਿੰਨ ਕੁ ਰੁਪਏ ਬਣੀ ਜੋ ਮੈਂ ਸ਼ਬੀਰ ਦੇ ਹੱਥ ਜਾ ਧਰੀ। ਉਹ ਸਮਝ ਗਿਆ 'ਤੇ ਸਿਲਸਿਲਾ ਚਲ ਨਿਕਲਿਆ। ਉਹ ਸਾਹਿਤ ਦਾ ਸਵਰਨਯੁਗ ਸੀ। ਹਿੰਦੀ 'ਚ ਸਾਰਿਕਾ, ਧਰਮਯੁਗ, ਸਪਤਾਹਕ ਹਿੰਦੁਸਤਾਨ, ਮਾਇਆ, ਨਈ ਕਹਾਨੀਆਂ, ਹੰਸ ਵਰਗੀਆਂ ਮਿਆਰੀ ਸਾਹਿਤ ਦੀਆਂ ਪਤ੍ਰਿਕਾਵਾਂ ਦੇ ਨਾਲ ਨਾਲ ਹਿੰਦੀ ਦੇ ਉੱਚਕੋਟੀ ਦੇ ਲੇਖਕਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਤਿੰਨ ਕੁ ਰੁਪਏ ਦੀ ਭਾਨ ਬਦਲੇੇ 'ਚ ਹਜਮ ਕਰ ਜਾਣੀਆਂ। ਬਾਅਦ ਵਿੱਚ ਪੰਜਾਬ ਆਉਂਦੇ ਜਾਂਦੇ ਪੰਜਾਬੀ ਦੀਆਂ ਸਿਰਮੌਰ ਪਤ੍ਰਿਕਾਵਾਂ ਆਰਸੀ, ਨਾਗਮਣੀ 'ਤੇ ਪ੍ਰੀਤਲੜੀ ਨਾਲ ਵਕਫੀਅਤ ਹੋਈ ਤਾਂ ਊੜੇ ਐੜੇ ਤੱਕ ਸੀਮਤ ਮੈਂ ਪੰਜਾਬੀ ਸਿੱਖਣ ਵੱਲ ਉਲਰਿਆ। ਚੰਗਾ ਸਾਹਿਤ ਮੈਨੂੰ ਕਿਸੇ ਹੋਰ ਹੀ ਦੁਨਿਆਂ ਵਿੱਚ ਲੈ ਜਾਂਦਾ। ਇੱਕ ਦੋਸਤ ਰਾਹੀਂ ਰੂਸੀ ਸਾਹਿਤ ਦੇ ਪੰਜਾਬੀ ਅਨੁਵਾਦ ਪੜ੍ਹਨ ਨੂੰ ਮਿਲੇ ਅਤੇ ਇਸੇ ਦੌਰਾਨ ਰਾਹੁਲਸਾਂਕ੍ਰਿਤਆਇਨ ਅਤੇ ਰਸੂਲ ਹਮਜਾਤੋਵ ਦੀਆਂ ਰਚਨਾਵਾਂ ਪੜ੍ਹੀਆਂ। ਇਸ ਉਪਰੰਤ ਚੰਗੇ ਸਾਹਿਤ ਦਾ ਸੂਰਜ ਢਲਣ ਲੱਗਾ। ਦੇਖਦਿਆਂ ਦੇਖਦਿਆਂ ਉਪਰੋਕਤ ਨਾਮੀ ਪਤ੍ਰਿਕਾਵਾਂ ਬੰਦ ਹੁੰਦੀਆਂ ਗਈਆਂ। ਲੋਕਾਂ ਦੀ ਪੜ੍ਹਨ 'ਚ ਰੁਚੀ ਘਟਣ ਲੱਗੀ। ਇਸ ਦੀ ਥਾਂ ਇਲੈਕਟ੍ਰੌਨਿਕ ਮੀਡਿਆ ਲੈਂਦਾ ਗਿਆ। ਵਿਵੇਕਸ਼ੀਲ ਅਧਿਆਤਮਵਾਦ ਫੁਕਰੇ ਪਦਾਰਥਵਾਦ ਅਤੇ ਝੂਠੀ ਹਊਮੈ ਵਿਚ ਤਬਦੀਲ ਹੁੰਦਾ ਗਿਆ। ਗੁਰੂਆਂ ਦਾ ਸਭੈ ਸਾਂਝੀਵਾਲਤਾ ਦਾ ਸੰਦੇਸ਼ ਸੁੰਗੜਦਾ ਹੋਇਆ ਸੰਕੀਰਨ ਸੋਚ ਵਿਚ ਢਲਣ ਲੱਗਾ। ਭਾਵੇਂ ਵਿਗਿਆਨਕ ਕਾਢਾਂ ਅਤੇ ਭੌਤਕ ਸਹੂਲਤਾਂ ਮਨੁੱਖ ਦੀ ਜਿੰਦਗੀ ਵਿਚ ਚਮਤਕਾਰਕ ਬਦਲਾਉ ਲਿਆਂਦਾ ਪਰ ਮੈਂਨੂੰ ਜਾਪਿਆ ਜਿਵੇਂ ਦੁਨਿਆ ਚੰਨ ਦੀ ਸੀਤਲ ਚਾਨਣੀ ਵਿੱਚੋਂ ਸੂਰਜ ਦੀ ਤਪਿਸ਼ ਵੱਲ ਵਧ ਰਹੀ ਹੋਵੇ। ਇਨਸਾਨੀਅਤ ਧਾਰਮਕ ਕੱਟੜਤਾ ਹੱਥੋਂ ਹਾਰਦੀ ਨਜਰ ਆਈ। ਕਿਰਦਾਰਾਂ ਦਾ ਨਿਘਾਰ ਗੰਧਲੀ ਸਿਆਸਤ ਦਾ ਕਾਰਣ ਬਣਦਾ ਰਿਹਾ। ਅੱਜ ਦੀ ਨੌਜਵਾਨੀ ਵਿੱਚ ਵਿਵੇਕਸ਼ੀਲਤਾ ਅਤੇ ਸੰਤੁਲਤ ਸੋਚ ਦੀ ਘਾਟ ਅਤੇ  ਫੁਕਰਾ ਉਲਾਰਪਨ ਜਿਆਦਾ ਨਜਰੀਂ ਪੈਂਦਾ ਹੈ। ਕਿਸਾਨ ਆਦੋਲਨ ਹੋਵੇ ਭਾਵੇਂ ਕੋਈ ਹੋਰ ਸਮੱਸਿਆ ਨੌਜਵਾਨਾਂ ਦਾ ਵਤੀਰਾ ਸਭਿਅਕ ਹਦਾਂ ਪਾਰ ਕਰ ਮਾਰਖੋਰਾ ਬਣਦਾ ਜਾ ਰਿਹਾ ਪ੍ਰਤੀਤ ਹੁੰਦਾ ਹੈ। ਇਸ ਬਿਰਤੀ ਨੂੰ ਸਿਆਸਤਦਾਨ ਆਪਣੇ ਸੌੜੇ ਹਿਤਾਂ ਲਈ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਨਤੀਜਾ ਚਿੰਤਾਜਨਕ ਜਾਪ ਰਿਹੈ। ਕਾਸ਼ ਧਰਮ ਸਥਾਨਾਂ ਨੂੰ ਪੁਸਤਕਾਲਯਾਂ ਵਿਚ ਬਦਲ ਨੌਜਵਾਨੀ ਨੂੰ 'ਮਾਨਸ ਕੀ ਜਾਤ ਏਕ' ਹੋਣ ਵੱਲ ਪ੍ਰੇਰਿਆ ਜਾ ਸਕੇ ਪਰ ਨਿਕਟ ਭਵਿਸ਼ ਵਿੱਚ ਇਹੋ ਜਿਹੀ ਤਬਦੀਲੀ ਦੀ ਆਸ ਨਿਰਰਥਕ ਹੀ ਜਾਪ ਰਹੀ ਹੈ।

-ਖ਼ਬਰਨਾਮਾ #1123, ਅਪਰੈਲ 02-2021

 


ਦੇਸੀ ਥਿੰਕ ਟੈਂਕ

ਸੱਥ ਵਿਚ ਭਰਪੂਰ ਹਾਜਰੀ ਹੋਣ ਦੇ ਬਾਵਜੂਦ ਮਹਿਫਲ ਠੰਡੀ ਜਿਹੀ ਜਾਪ ਰਹੀ ਸੀ। ਕੁਝ ਕੁ ਸੱਜਣ ਤਾਸ਼ ਵਿਚ ਰੁੱਝੇ ਹੋਣ ਦਾ ਬਹਾਨਾ ਜਿਹਾ ਕਰ ਰਹੇ ਜਾਪ ਰਹੇ ਹਨ। ਬਚਨੇ ਅਮਲੀ ਨੇ ਆ ਸਭ ਨੂੰ ਜਿਵੇਂ ਝੰਜੋੜ ਕੇ ਜਗਾਇਆ। "ਕਿਉਂ ਵਈ ਸਭ ਨੇ ਚੁੱਪ ਕਿਉਂ ਸਾਧੀ ਆ? ਕੀ ਬਣ ਰਿਹੈ ਫੇਰ ਕਿਸਾਨ ਮੋਰਚੇ ਦਾ?" ਕਿਸੇ ਨੂੰ ਕੋਈ ਢੁਕਵਾਂ ਜਵਾਬ ਨਾ ਦਿੰਦੇ ਦੇਖ ਬਾਬਾ ਰਤਨਾ ਬੋਲਿਆ "ਉ ਭਰਾਵਾ ਬਥੇਰਾ ਮੋਦੀ ਦਾ ਸਿਆਪਾ ਕਰ ਲਿਆ। ਬਣਦਾ ਕੁਝ ਦੀਹਦਾ ਨਹੀਂ। ਆਗੂ ਲੱਗੇ ਵੇ ਆ ਦੇਖੋ ਕੀ ਬਣਦਾ"। ਬਚਨਾ ਅੱਜ ਜਿਵੇਂ ਤਿਆਰੀ ਕਰਕੇ ਆਇਆ ਸੀ, ਬੋਲਿਆ "ਕਿਉਂ ਮੋਦੀ ਦੀ ਧੌਣ 'ਤੇ ਗੋਡਾ ਦੇ ਲਿਆ, ਦਿੱਲੀ ਕੰਬਾ ਛੱਡੀ, ਟਰੈਕਟਾਂ ਨੂੰ ਬੁਲਡੋਜਰ ਬਣਾ ਬੈਰੀਕੇਡ ਤੋੜ ਛੱਡੇ, ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਝੁਲਾ ਲਿਆ, ਹੁਣ ਹੋਰ ਕੀ ਰਹਿਂਦਾ ਕਰਨ ਨੂੰ"। ਬਚਨਾ ਸਿੱਧੀਆਂ ਮਾਰਦਾ ਸੀ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ। ਇਸ ਲਈ ਕੋਈ ਉਸ ਨਾਲ ਉਲਝਦਾ ਨਹੀਂ ਸੀ। ਪਿੱਛੇ ਜਿਹੇ ਅਮਲੀ ਸ਼ਹਿਰ ਕਿਸੇ ਸਕੀਰੀ ਵਿੱਚ ਕੁਝ ਦਿਨ ਰਿਹਾ ਹੋਣ ਕਾਰਣ ਪਿੰਡ ਵਾਸੀਆਂ ਤੋਂ ਵੱਖਰਾ ਨਜ਼ਰੀਆ ਲੈ ਆਇਆ ਸੀ। ਅੱਗੋਂ ਜਦ ਕੋਈ ਨਾ ਬੋਲਿਆ ਉਹ ਫੇਰ ਉਧੜਿਆ " ਰੇਲ ਦੀਆਂ ਲੀਹਾਂ 'ਤੇ ਲਿਟ ਲਏ, ਮੋਬਾਇਲਾਂ ਦੇ ਟਾਵਰ ਢਾ ਲਏ, ਪੰਜਾਬ 'ਚ ਫਿਲਮਾਂ ਦੀ ਸ਼ੂਟਿੰਗ ਰੋਕ 'ਤੀ, ਦਿੱਲੀ ਬਾਡਰ 'ਤੇ ਵਾਹਵਾ ਰੌਣਕਾਂ ਲਾ ਲਈਆਂ ਮੋਦੀ ਨੂੰ ਬਥੇਰਾ ਭੰਡ ਲਿਆ ਪਰ ਖੋਤੀ ਤਾ ਬੋਹੜ ਹੇਠਾਂ ਹੀ ਖੜੀ ਆ ਵਈ?"। ਅਮਰੂ ਕਹਿੰਦਾ "ਲਗਦੈ ਸਿਆਣੀ ਲੀਡਰਸ਼ਿਪ ਦੀ ਘਾਟ ਐ ਨਹੀਂ ਤਾਂ ਹੱਲਾ ਤਕੜਾ ਹੀ ਬੋਲਿਆ ਸੀ। ਸਰਕਾਰ ਨੂੰ ਡਰਾਉਣ ਦੀ ਤਾਂ ਕੋਈ ਕਸਰ ਨੀਂ ਛੱਡੀ"। ਬਚਨਾ ਬੋਲਿਆ "ਇੰਝ ਸਰਕਾਰਾਂ ਡਰਨ ਲੱਗੀਆਂ ਤਾਂ ਚਲਾ ਲਿਆ ਦੇਸ਼। ਕਲ ਨੂੰ  ਹੋਰ ਕਨੂੰਨ ਰੱਦ ਕਰਾਉਣ ਦਾ ਦਬਾਅ ਬਣ ਜਾਣਾ। ਸਿਆਣਪ ਤਾਂ ਇਹੀ ਸੀ ਵਈ ਕਨੂੰਨਾਂ 'ਚ ਮਨਚਾਹੀ ਤਬਦੀਲੀ ਦੀ ਮੰਗ ਰੱਖ ਅੱਗੇ ਵਧਿਆ ਜਾਂਦਾ ਤਾਂ ਕੁਝ ਬਨਣ ਦੇ ਚਾਂਸ ਸਨ।" ਬਾਬੇ ਰਤਨੇ ਨੇ ਆਪਣਾ ਤਜਰਬਾ ਸਾਂਝਾ ਕੀਤਾ "ਅਸਲੀ ਗੱਲ ਆਹ ਆ ਵਈ ਕਿ ਕਿਸੇ ਸਮਝੌਤੇ ਲਈ ਸਹਿਮਤੀ ਦਾ ਹੱਕ ਵੀ ਲੀਡਰਾਂ ਨੂੰ ਨਹੀਂ ਰਿਹਾ। ਮੋਰਚੇ ਦੀ ਵਾਗਡੋਰ ਤੱਤਿਆਂ ਹੱਥ ਆ ਗਈ 'ਤੇ ਹੁਣ ਤਾਂ ਇਸ ਮੋਰਚੇ ਵਿੱਚ ਭਾਂਤ ਭਾਂਤ ਦੇ ਅਨਸਰ ਘੁਸਪੈਠ ਕਰ ਗਏ ਆ। ਲੁਕਵੇਂ ਏਜੇਂਡੇ ਵਾਲੀਆਂ ਧਿਰਾਂ ਜਿਨ੍ਹਾਂ ਬਦਾਮਾਂ ਦੀਆਂ ਬੋਰੀਆਂ, ਵੰਨ ਸੁਵੰਨੇ ਲੰਗਰ ਅਤੇ ਮਣਾਮੂੰਹੀਂ ਪੈਸਾ ਰੋੜ੍ਹਿਆ ਉਹ ਹੁਣ ਫੈਸਲਾ ਕਿਵੇਂ ਹੋਣ ਦੇਣਗੇ।"

ਬਚਨੇ ਫੇਰ ਸੱਥ ਨੁੰ ਹਲੂਣਿਆ "ਭਰਾਵੋ ਗੁਟਕਾ ਸਾਹਿਬ ਦੀ ਸੌਂਹ ਖਾ ਦੱਸੋ ਕਿਸ ਕਿਸ ਨੇ ਖੇਤੀ ਕਨੂੰਨ ਪੜ੍ਹੇ ਆ ਜਾਂ ਸਮਝੇ ਆ?" ਸਭ ਪਾਸੇ ਚੁੱਪ ਪਸਰ ਗਈ। ਅਮਰੂ ਕਿਹਾ " ਭਰਾਵਾ ਸੱਚੀ ਗੱਲ ਇਹ ਹੈ ਪਈ ਸਭ ਨੂੰ ਇਹੀ ਪਤੈ ਕਿ ਅਡਾਨੀ ਅੰਬਾਨੀ ਸਾਡੀਆਂ ਜਮੀਨਾਂ ਖੋਹ ਲੈਣੀਆਂ ਅਤੇ ਸਾਨੂੰ ਮਾਲਕ ਤੋਂ ਮਜਦੂਰ ਬਣਾ ਛੱਡਣੈ।" ਬਚਨਾ ਹੱਸ ਕੇ ਬੋਲਿਆ 'ਰਹੇ ਨਾ ਖੂਹ ਦੇ ਡੱਡੂ ਹੀ। ਪਹਿਲਾਂ ਕਨੂੰਨ ਪੜ੍ਹੋ ਸਮਝੋ। ਫੇਰ ਉਸ ਤੇ ਕੁਝ ਵਿਚਾਰ ਕਰੋ।' ਜੱਗਾ ਜੋ ਕਿਸਾਨ ਮੋਰਚੇ ਦਾ ਅਨ੍ਹਾਂ ਹਿਮਾਇਤੀ ਸੀ ਬਚਨੇ ਨੂੰ ਪੈ ਨਿਕਲਿਆ "ਬਸ ਕਰ ਉਇ ਮੋਦੀ ਦੇ ਚਮਚੇ ਤੂੰ ਬਹੁਤਾ ਸਿਆਣਾ ਨਾ ਬਣ। ਕਿਤੇ ਬੀ ਜੇ ਪੀ ਦਾ ਬੁਲਾਰਾ ਤਾਂ ਨੀਂ ਬਣ ਗਿਆ?" ਅਮਰੂ ਹੱਸ ਕੇ ਕਹਿੰਦਾ "ਦਸਤਖਤ ਕਰਨੇ ਆਉਂਦੇ ਨੀਂ ਬੁਲਾਰਾ ਬਣੂ ਇਹ।" ਬਚਨਾ ਸਮਝ ਗਿਆ ਹਵਾ ਉਸ ਦੇ ਉਲਟ ਵਗਣ ਵਾਲੀ ਹੈ ਸੋ ਬੋਲਿਆ " ਵੱਡੇ ਆਦਮੀ ਦਸਤਖਤ ਨਹੀਂ ਘੁੱਗੀ ਮਾਰਿਆ ਕਰਦੇ ਆ, ਤੇ ਉਹ ਆਪਾਂ ਨੂੰ ਵਾਧੂ ਆਉਂਦੀ। ਮੈਂ ਚੱਲਿਆ ਖੇਤਾਂ ਵੱਲ ਗੇੜਾ ਦੇਣ ਪਤਾ ਨਹੀਂ ਜਦ ਅਡਾਨੀ ਅੰਬਾਨੀ ਸਾਂਭ ਲਏ ਵੜਨ ਦੇਣ ਕਿ ਨਾਂ।" ਅਮਲੀ ਗਾਉਂਦਾ ਹੋਇਆ ਤੁਰ ਗਿਆ "ੳ ਜੱਟ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉੱਤੇ ਡਾਂਗ ਰੱਖਦਾ"।

ਖ਼ਬਰਨਾਮਾ #1122, ਮਾਰਚ 26-2021

 


ਦੇਰ ਆਇਦ ਦਰੁਸਤ ਆਇਦ

ਸੰਪਾਦਕ ਜੀ,

ਆਖਰ ਪੰਜਾਬੀ ਪੋਸਟ ਸੰਪਾਦਕੀ (5 ਮਾਰਚ) ਨੇ ਵੀ ਮੰਨ ਲਿਆ ਕਿ ਕਂਨੈਡਾ ਵਿੱਚ ਮਨੋਦਿਸ਼ਾਵਾਂ ਤਿੜਕ ਰਹੀਆਂ ਹਨ। ਭਾਵ ਭਾਰਤ ਪੱਖੀ ਹੁਣ ਭਾਰਤ ਵਿਰੋਧੀਆਂ ਦੇ ਬਰਾਬਰ ਆਪਣੀ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੋ ਖੜ੍ਹਨ ਲੱਗ ਪਏ ਹਨ। ਇਹ ਕਿਉਂ ਹੋ ਰਿਹਾ ਹੈ ਆਉ ਇਸ 'ਤੇ ਗੌਰ ਕਰੀਏ। ਇਹ ਦੇਸ਼ ਸਭ ਨੂੰ ਆਪਣੀ ਆਵਾਜ ਬੁਲੰਦ ਕਰਨ ਦੀ ਆਜਾਦੀ ਦਿੰਦਾ ਹੈ। ਬੜੀ ਚੰਗੀ ਗੱਲ ਹੈ। ਭਾਰਤ ਦੀ ਸਪੋਰਟ, ਭਾਰਤ ਵਿਰੋਧ ਅਤੇ ਕਿਸਾਨ ਅੰਦੋਲਨ ਸਪੋਰਟ ਤਿੰਨ ਵੱਖ ਨਜਰੀਏ ਹਨ ਪਰ ਜਦ ਕਿਸਾਨੀ ਸਪੋਰਟ ਵਿੱਚ ਭਾਰਤ ਵਿਰੋਧ ਦਾ ਝਲਕਾਰਾ ਪੈਣ ਲੱਗ ਪਵੇ ਤਾਂ ਮਾਮਲਾ ਸੰਜੀਦਾ ਹੋ ਜਾਂਦਾ ਹੈ। ਭਾਰਤ ਵਿੱਚ ਕਿਸਾਨੀ ਸਪੋਰਟ ਵਿਚ ਜੋ ਹੋ ਰਿਹਾ ਹੈ ਉਹ ਨਿਰੋਲ ਕਿਸਾਨੀ ਸਮੱਸਿਆ ਨਾ ਰਹਿ ਕੇ ਉਸ ਦਾ ਉਦੇਸ਼ ਸਿਰਫ ਸਰਕਾਰ (ਜਾਂ ਕਹਿ ਲਉ ਮੋਦੀ) ਦੀ ਪਿੱਠ ਲੁਆਉਣਾ ਹੋ ਗਿਆ ਹੈ। ਭਾਰਤ ਦੀ ਚੜ੍ਹਤ ਨਾਲ ਦੁਖੀ ਹੋਣ ਵਾਲਿਆਂ ਨੇ ਆਪਣੀਆਂ ਹਰਕਤਾਂ ਰਾਹੀਂ ਭਾਰਤ ਦੀ ਚੜ੍ਹਤ ਨਾਲ ਖੁਸ਼ ਹੋਣ ਵਾਲਿਆ ਨੂੰ ਹਲੂਣਿਆ ਹੈ। ਇੱਥੋਂ ਮੁੱਢ ਬੱਝਦਾ ਹੈ ਤਿੜਕਦੀਆਂ ਮਨੋਦਿਸ਼ਾਵਾਂ ਦਾ। ਜੇਕਰ ਭਾਰਤ ਵਿਰੋਧੀਆਂ ਨੂੰ ਭਾਰਤ ਖਿਲਾਫ ਜਹਿਰ ਉਗਲਣ ਦੀ ਖੁੱਲ੍ਹ ਇਹ ਦੇਸ਼ ਦਿੰਦਾ ਹੈ ਤਾਂ ਯਕੀਨਨ ਭਾਰਤ ਪੱਖੀਆਂ ਨੂੰ ਵੀ ਇਹ ਖੁਲ੍ਹ ਮਿਲਣੀ ਚਾਹੀਦੀ ਹੈ। ਬਰੈਂਪਟਨ 'ਚ ਹੋਏ ਤਿਰੰਗਾ ਰੈਲੀ ਉੱਪਰ ਹਮਲੇ ਨੇ ਸਾਬਤ ਕੀਤਾ ਹੈ ਕਿ ਵਿਦੇਸ਼ਾਂ ਵਿੱਚੋਂ ਭਾਰਤ ਵਿਰੋਧੀਆਂ ਦੀ ਕਿਸਾਨ ਅੰਦੋਲਨ ਨੂੰ ਹਿਮਾਇਤ ਆਪਣੇ ਸੌੜੇ ਹਿਤਾਂ ਖਾਤਰ ਹੀ ਮਿਲ ਰਹੀ ਹੈ। ਪੰਜਾਬੀ ਮੀਡਿਆ ਇਸ ਭੰਬਲਭੂਸੇ ਵਿੱਚ ਖਚਰਾ ਰੋਲ ਨਿਭਾ ਰਿਹਾ ਹੈ। ਵੋਟਾਂ ਖਾਤਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਦੋਗਲੀ ਨੀਤੀ ਕੋਈ ਦੇਸ਼ ਬਹੁਤਾ ਚਿਰ ਨਹੀਂ ਨਿਭਾ ਸਕੇਗਾ ਇਹ ਤੱਥ ਸਮਝ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਇਹ ਤਿੜਕਨ ਹਿੰਦੂ ਸਿੱਖ ਪਾੜੇ ਨੂੰ ਹੋਰ ਵਧਾਵੇ ਹਰ ਦੇਸ਼ ਵਿੱਚ ਬੈਠੇ ਐਨ ਆਰ ਆਈਜ਼ ਨੂੰ ਭਾਰਤ ਦਾ ਫਿਕਰ ਉੱਥੋਂ ਦੇ ਨਾਗਰਿਕਾਂ ਲਈ ਛੱਡ ਬਹੁਤਾ ਫਿਕਰ ਆਪਣੇ ਮੌਜੂਦਾ ਸ਼ਰਣਦਾਤਾ ਦੇਸ਼ ਦਾ ਕਰਨਾ ਚਾਹੀਦਾ ਹੈ। ਜਾਂ ਫਿਰ ਕਹਿ ਲਉ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਨੂੰ ਬਹੁਤਾ ਦੀਵਾਨਾ ਨਹੀਂ ਹੋਣਾ ਚਾਹੀਦਾ।

ਹਰਜੀਤ ਦਿਉਲ, ਬਰੈਂਪਟਨ

ਖ਼ਬਰਨਾਮਾ #1120, ਮਾਰਚ 11-2021

 


ਬੁਰਾ ਜੋ ਦੇਖਨ ਮੈਂ ਚਲਾ...!

ਇਹ ਸੰਸਾਰ ਇੱਕ ਮੇਲੇ ਵਾਂਗ ਹੈ ਜਿਸ ਵਿੱਚ ਮਨੁੱਖ ਦਾਖਲ ਹੁੰਦਾ ਹੈ। ਬੜਾ ਕੁਝ ਦੇਖਦਾ ਹੈ ਬੜਾ ਕੁਝ ਦਿਖਾਉਂਦਾ ਹੈ। ਆਪਣੇ ਹਿੱਸੇ ਆਇਆ ਰੋਲ ਨਿਭਾਅ ਤੁਰਦਾ ਬਣਦਾ ਹੈ। ਆਖਰੀ ਪੜਾਅ 'ਤੇ ਪਹੁੰਚ ਇੱਕ ਵਾਰ ਆਪਣੇ ਧੁਰ ਅੰਦਰ ਤੱਕ ਝਾਤੀ ਤਾਂ ਹਰ ਕੋਈ ਮਾਰਦਾ ਹੋਵੇਗਾ ਐਸਾ ਮੇਰਾ ਮੰਨਣਾ ਹੈ। ਕ੍ਰਿਸ਼ਚਨ ਲੋਕ ਇਕੱਲੇ ਚਰਚ ਜਾ ਕਨਫੈਸ਼ਨ ਕਰਦੇ ਹਨ ਅਤੇ ਈਮਾਨਦਾਰੀ ਨਾਲ ਆਪਣੇ ਤੋਂ ਹੋਏ ਗੁਨਾਹਾਂ ਦਾ ਪਛਤਾਵਾ ਕਰਦੇ ਹਨ। ਇਹ ਰੀਤ ਮੈਂਨੂੰ ਬੜੀ ਚੰਗੀ ਲੱਗੀ। ਇੱਕ ਵਾਰ ਸਿਰਫ ਇੱਕ ਵਾਰ ਤਾਂ ਇਨਸਾਨ ਨੂੰ ਸੱਚ ਦੇ ਸਨਮੁਖ ਖੜਨ ਦਾ ਜੇਰਾ ਕਰਨਾ ਹੀ ਚਾਹੀਦਾ। ਅੱਜ ਸਾਡੇ ਆਲੇ ਦੁਆਲੇ ਬੜੀ ਅਫਰਾ ਤਫਰੀ, ਬੇਚੈਨੀ ਬੇਭਰੋਸਗੀ ਦਾ ਅਲਮ ਨਜ਼ਰੀਂ ਪੈਂਦਾ ਹੈ। ਇਹ ਸਭ ਕਿਵੇਂ ਸਿਰਜਿਆ ਗਿਆ? ਇਸ ਸਭ ਲਈ ਕੌਣ ਦੋਸ਼ੀ ਹੈ? ਕਾਰਣ ਲੱਭਣ ਦਾ ਯਤਨ ਕਰਦਾ ਹਾਂ ਤਾਂ ਸਭ ਤੋਂ ਪਹਿਲਾਂ 'ਸੂਈ' ਆਪਣੇ ਵੱਲ ਹੀ ਸੰਕੇਤ ਕਰਦੀ ਦਿਖਦੀ ਹੈ। ਕਦੇ ਦੇਸ਼ ਨੂੰ ਭੰਡਿਆ ਇਸ ਦੇ ਸਿਸਟਮ ਨੂੰ ਭੰਡਿਆ, ਸਿਸਟਮ ਚਲਾਉਣ ਵਾਲਿਆਂ ਨੂੰ ਭੰਡਿਆ ਅਤੇ ਕਦੇ ਉਨ੍ਹਾਂ ਲੋਕਾਂ ਨੂੰ ਭੰਡਿਆ ਜਿਨ੍ਹਾਂ ਨਾਲ ਵਾਹ ਪੈਂਦਾ ਰਿਹਾ। ਇੱਕ ਧਰਮ ਨੇ ਦੂਜੇ ਨੂੰ ਭੰਡਿਆ। ਧਰਮੀਆਂ ਨਾਸਤਕਾਂ ਨੂੰ ਭੰਡਿਆ ਅਤੇ ਨਾਸਤਕਾਂ ਧਰਮ ਨੂੰ। ਪਾਰਟੀਆਂ ਬਦਲਦੀਆਂ ਰਹੀਆਂ। ਸਰਕਾਰਾਂ ਬਦਲਦੀਆਂ ਰਹੀਆਂ। ਆਗੂ ਬਦਲਦੇ ਰਹੇ। ਧਾਰਮਕ ਅਦਾਰੇ ਅਰਦਾਸਾਂ ਕਰ ਕਰ ਆਪਣੀ ਟਿੱਲ ਲਾਉਂਦੇ ਰਹੇ ਪਰ ਸਾਡਾ ਕਿਰਦਾਰ ਨਾ ਬਦਲ ਸਕੇ। ਖੋਤੀ ਲਗਾਤਾਰ ਬੋਹੜ ਹੇਠਾਂ ਹੀ ਨਜਰੀਂ ਆਈ। ਆਖਰੀ ਪਲ ਤੱਕ ਕਦੇ ਆਪਣੇ ਅੰਦਰ ਈਮਾਨਦਾਰੀ ਨਾਲ ਝਾਤੀ ਮਾਰਨ ਦੀ ਖੇਚਲ ਨਹੀਂ ਕੀਤੀ। ਅਤੇ ਜਦ ਕਰੋਗੇ ਤਾਂ ਪਾਉਗੇ ਦੋਸ਼ੀ ਤਾਂ ਮੇਰੇ ਅੰਦਰ ਹੀ ਲੁਕਿਆ ਬੈਠਾ। ਮਿਰਗ ਕਸਤੂਰੀ ਬਾਹਰ ਲੱਭਦਾ ਭਟਕਦਾ ਰਿਹਾ 'ਤੇ ਇਹ ਉਸ ਦੇ ਸਿਰ ਅੰਦਰ ਹੀ ਲੁਕੀ ਸੀ। ਕਾਸ਼ ਉਸ ਨੂੰ ਪਤਾ ਹੁੰਦਾ ਤਾਂ ਉਹ ਨਾ ਭਟਕਦਾ। ਕਿਹਾ ਜਾਂਦਾ ਕੀ ਕਰੀਏ ਸਿਸਟਮ ਹੀ ਭ੍ਰਿਸ਼ਟ ਹੈ। ਸਿਰਫ ਇਕੇਰਾਂ ਆਣੀ ਜਮੀਰ ਦੇ ਰੂਬਰੂ ਹੋ ਪੁੱਛ ਵੇਖੋ ਇਹ ਸਿਸਟਮ ਕਿੱਥੋਂ ਆਇਆ? ਕੀ ਅਸੀਂ ਆਪ ਇਸਦਾ ਹਿੱਸਾ ਨਹੀਂ ਹਾਂ? (ਆਰ ਵੀ ਨੌਟ ਪਾਰਟ ਆਫ ਇੱਟ?) ਜਿਸ ਇਮਾਰਤ 'ਚ ਸੌ ਨੁਕਸ ਕੱਢਦੇ ਹੋ ਉਸ 'ਚ ਲੱਗੀਆਂ ਸਾਰੀਆਂ ਇੱਟਾਂ ਤਾਂ ਸਾਡੇ ਆਪਣਿਆਂ ਦੀਆਂ ਹੀ ਹਨ 'ਤੇ ਉਨ੍ਹਾਂ ਵਿੱਚੋਂ ਇਕ ਹਾਂ ਅਸੀਂ ਆਪ। ਪਰ ਨਹੀਂ ਇਹ ਸਾਡੇ ਤੋਂ ਨਹੀਂ ਹੋਣਾ। ਆਪਣੇ ਵੱਲ ਉਂਗਲ ਚੁੱਕਣੀ ਦੁਨਿਆਂ ਦਾ ਸਭ ਤੋਂ ਕਠਿਨ ਕੰਮ ਹੈ ਅਤੇ ਦੂਜਿਆਂ ਨੂੰ ਭੰਡਣਾ ਸਭ ਤੋਂ ਮਜੇਦਾਰ ਕੰਮ। ਕਿਸੇ ਸੰਤ ਲਿਖਿਆ ਕਿ 'ਬੁਰਾ ਜੋ ਦੇਖਨ ਮੈਂ ਚਲਾ, ਬੁਰਾ ਨਾ ਮਿਲਿਆ ਕੋਇ, ਜਬ ਘਰ ਦੇਖਾ ਆਪਨਾ ਮੁਝਸਾ ਬੁਰਾ ਨਾ ਕੋਇ।' ਪਰ ਉਸ ਸੰਤ ਨੂੰ ਸ਼ਾਇਦ ਹੀ ਇਲਮ ਹੋਵੇਗਾ ਕਿ ਜਮਾਨਾ ਛੇਤੀ ਹੀ ਉਸ ਦੀਆਂ ਸਤਰਾਂ ਬਦਲ ਕੇ ਇਂਝ ਲਿਖ ਦੇਵੇਗਾ " ਚੰਗਾ ਜੋ ਦੇਖਨ ਮੈਂ ਚਲਾ, ਚੰਗਾ ਨਾ ਮਿਲਿਆ ਕੋਇ, ਜਬ ਘਰ ਦੇਖਾ ਆਪਨਾ ਮੁਝਸਾ ਚੰਗਾ ਨਾ ਕੋਇ।" ਆਪਣੇ ਆਪ ਨੂੰ ਦੁੱਧ ਧੋਤਾ ਸਮਝ ਹੋਰਾਂ 'ਤੇ ਚਿੱਕੜ ਉਛਾਲਨਾ ਹੀ ਸਾਡੀ ਫਤਰਤ ਬਣ ਗਈ।  ਕਾਸ਼ ਅਸੀਂ ਇਸ ਸੱਚਾਈ ਨੂੰ ਸਵੀਕਾਰ ਕਰ ਆਪਣਾ ਕਿਰਦਾਰ ਬਦਲ ਸਕੀਏ 'ਤੇ ਸਮਾਜ ਲਈ ਕੁਝ ਸਾਰਥਕ ਕਰਨ ਯੋਗ ਬਣੀਏ।

ਹਰਜੀਤ ਦਿਉਲ, ਬਰੈਂਪਟਨ

-ਖ਼ਬਰਨਾਮਾ #1119, ਮਾਰਚ 05-2021

 


ਦਾਸਤਾਨੇ-ਬੇਚੈਨ ਸਿੰਘ

ਇੱਕ ਮਿੱਤਰ ਹੈ ਚੈਨ ਸਿੰਘ ਨਾਂਅ ਦਾ। ਮੈਂ ਉਸ ਨੂੰ ਬੇਚੈਨ ਸਿੰਘ ਕਹਿਨਾਂ ਪਰ ਮਿੱਤਰਤਾ ਦਾ ਲਿਹਾਜ ਕਰਦਿਆਂ ਮੂੰਹ 'ਤੇ ਨਹੀਂ। ਬੇਚੈਨ ਰਹਿਣਾ ਉਸ ਦੀ ਪੱਕ ਗਈ ਆਦਤ ਹੈ। ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਉਹ ਬੇਹੱਦ ਬੇਚੈਨ ਹੋਇਆ। ਮੈਂ ਸਮਝਾਇਆ ਪਈ ਮਿੱਤਰਾ ਜੇ ਅਸੀਂ ਇਨ੍ਹਾਂ ਘਟਨਾਵਾਂ 'ਤੇ ਵਿਆਕੁਲ ਹੋਣਾ ਛੱਡ ਦਈਏ ਯਕੀਨ ਕਰ ਇਹ ਘਟਨਾਵਾਂ ਆਪ ਮੁਹਾਰੇ ਰੁਕ ਜਾਣਗੀਆਂ। ਪਰ ਗੱਲ ਉਸ ਦੇ ਪੱਲੇ ਨਹੀਂ ਪਈ। ਇੱਕ ਹੋਰ ਬੇਅਦਬੀ ਹੋ ਗਈ ਉਹ ਹੋਰ ਤੜਫਿਆ। ਮੈਂ ਫੇਰ ਸਮਝਾਇਆ ਪਈ ਸੋਹਣੇ ਮਿੱਤਰ ਜੀ ਬੇਅਦਬੀ ਕਿਸੇ ਗ੍ਰੰਥ ਦੇ ਵਰਕੇ ਪਾੜਨ ਨਾਲ ਨਹੀਂ ਉਸ ਵਿੱਚ ਦਰਜ ਸਿਖਿਆਵਾਂ ਦਾ ਘਾਣ ਕਰਨ ਨਾਲ ਹੁੰਦੀ ਹੈ ਜੋ ਨਿੱਤ ਦਿਨ ਅਸੀਂ ਕਰਦੇ ਰਹਿਂਦੇ ਹਾਂ। ਪਰ ਉਸ ਦੇ ਖਾਨੇ ਇਹ ਗੱਲ ਨਾ ਪੈਣੀ ਸੀ 'ਤੇ ਨਾ ਪਈ। ਭਾਰਤ 'ਚ ਚੋਣਾਂ ਹੋਈਆਂ। ਬੀ ਜੇ ਪੀ ਜਿੱਤ ਹਾਸਲ ਕੀਤੀ। ਬੇਚੈਨ ਸਿੰਘ ਬੜਾ ਬੇਚੈਨ ਹੋਇਆ। ਪੁੱਛਣ 'ਤੇ ਕਹਿਣ ਲੱਗਾ 'ਇਹ ਹਿੰਦੁਤਵੀ ਪਾਰਟੀ ਹੈ ਧਰਮ ਨਿਰਪੱਖਤਾ ਲਈ ਖਤਰਾ ਹੈ'। ਮੈਂ ਫੇਰ ਸਮਝਾਇਆ ਪਈ ਜੇ ਖਾਲਸੇ ਦੇ ਬੋਲਬਾਲੇ ਨਾਲ ਧਰਮ ਨਿਰਪੱਖਤਾ ਨੂੰ ਕੋਈ ਢਾਅ ਨਹੀਂ ਲੱਗਦੀ ਤਾਂ ਇਸ ਨਾਲ ਵੀ ਕੋਈ ਆਫਤ ਨਹੀਂ ਆਉਣੀ। ਪਰ ਉਸ ਦੀ ਖੋਪੜੀ ਤਾਂ ਵਨ ਵੇਅ ਟਰੈਫਿਕ ਹੈ ਮੰਨਣਾ ਉਸ ਦੇ ਸੁਭਾਅ 'ਚ ਨਹੀਂ। ਮੋਦੀ ਕਸ਼ਮੀਰ 'ਚ ਧਾਰਾ 370 ਹਟਾ 'ਤੀ। ਚੈਨ ਸਿੰਘ ਦਾ ਚੈਨ ਗੁਆਚ ਗਿਆ। ਉਸ ਨੂੰ ਦੱਸਿਆ ਪਈ ਇਸ ਨਾਲ ਸਿਰਫ ਉਸ ਖਿੱਤੇ ਵਿੱਚ ਪਾਕਿਸਤਾਨੀ ਦਖ਼ਲ ਨੂੰ ਲਗਾਮ ਲੱਗਣੀ ਹੈ ਜੋ ਭਾਰਤ ਦੇ ਹਿਤ ਵਿਚ ਹੈ। ਪਰ ਜੇ ਉਸ ਨੂੰ ਚੈਨ ਆ ਜਾਂਦੀ ਤਾਂ ਮੈਂ ਉਸ ਦਾ ਨਾਂਅ ਬੇਚੈਨ ਸਿੰਘ ਕਿਉਂ ਰੱਖਦਾ। ਇਸ ਤੋਂ ਬਾਅਦ ਨਾਗਰਿਕਤਾ ਕਾਨੂੰਨ ਆਇਆ, ਤਿੰਨ ਤਲਾਕ ਬਿਲ ਆਇਆ ਸਮਝਾਉਣ ਦੇ ਬਾਵਜੂਦ ਉਸ ਦੀ ਬੇਚੈਨੀ ਵਧਦੀ ਗਈ। ਕਾਫੀ ਸਮਾਂ ਉਸ ਨਾਲ ਸੰਪਰਕ ਨਾ ਹੋ ਸਕਿਆ। ਇਸੇ ਦੌਰਾਨ ਕਿਸਾਨੀ ਬਿਲ ਆ ਗਏ। ਮੇਰਾ ਮੱਥਾ ਠਣਕਿਆ। ਗੱਲ ਉਹੀ ਹੋਈ ਜਿਸ ਦਾ ਡਰ ਸੀ। ਉਸ ਦੀ ਘਰਵਾਲੀ ਦਾ ਫੋਨ ਆਇਆ। ਕਹਿਂਦੀ ਭਾਅ ਜੀ ਇਨ੍ਹਾਂ ਨੂੰ ਆ ਕੇ ਸਮਝਾਉ। ਜਦ ਤੋਂ ਕਿਸਾਨ ਅੰਦੋਲਨ ਚੱਲਿਆ ਇਹ ਰੋਟੀ ਪਾਣੀ ਛੱਡੀ ਬੈਠੇ ਆ। ਮੈਂ ਗਿਆ। ਵਾਹ ਲੱਗਦੀ ਕੋਸ਼ਸ਼ ਕੀਤੀ ਕਿ ਉਸ ਦੇ ਪੱਲੇ ਪੈ ਜਾਏ ਕਿ ਇਹ ਨਿਰੋਲ ਕਿਸਾਨੀ ਮਸਲਾ ਨਾ ਹੋ ਕੇ ਕੁਝ ਹੋਰ ਹੀ ਬਣ ਗਿਆ ਹੈ। ਕਿਸਾਨ ਮਸਲਾ ਹੀ ਹੁੰਦਾ ਤਾਂ ਕਦੋਂ ਦਾ ਨਿਬੜ ਜਾਣਾ ਸੀ। ਪਰ ਉਸ ਦਾ ਕਹਿਣਾ ਸੀ ਕਿ ਮੁਰਗੇ ਦੀ ਇੱਕੋ ਟੰਗ ਹੈ ਦੂਜੀ ਹੈ ਹੀ ਨਹੀਂ। ਲਾਚਾਰ ਹੋ ਉਸ ਦੀ ਪਤਨੀ ਨੂੰ ਪਰਦੇ ਨਾਲ ਕਹਿ ਆਇਆ ਕਿ ਉਸ ਨੂੰ ਕਿਸੇ ਮਨੋਵਿਗਿਆਨਕ ਨੂੰ ਦਿਖਾਏ। ਇਹ ਮਾਨਸਕ ਰੋਗ ਹੈ ਜਿਸ ਨਾਲ ਚੰਗਾ ਭਲਾ ਚੈਨ ਸਿੰਘ ਵੀ ਬੇਚੈਨ ਸਿੰਘ ਬਣ ਜਾਂਦਾ ਹੈ।

ਰੱਬ (ਤਕੀਆ ਕਲਾਮ ਹੈ ਮੰਨਦਾ ਨਹੀਂ) ਭਲੀ ਕਰੇ।

ਹਰਜੀਤ ਦਿਉਲ, ਬਰੈਂਪਟਨ

ਖ਼ਬਰਨਾਮਾ #1117, ਫਰਵਰੀ 19-2021

 


ਘਰਦਿਆਂ ਨੇ ਸਰਕਾਰ ਦਾ ਪਿੱਠੂ ਕਹਿ ਮੇਰਾ ਹੁੱਕਾ ਪਾਣੀ ਬੰਦ ਕਰ ਦੇਣਾ ਹੈ

ਫੁਲਦੇ ਫੁਲਦੇ ਕਿਸਾਨ ਘੋਲ ਦਾ ਭੁਕਾਨਾਂ ਇੱਕ ਵਾਰ ਤਾਂ 26 ਜਨਵਰੀ ਨੂੰ ਬੁਰੀ ਤਰਾਂ ਫਟ ਗਿਆ ਅਤੇ ਹੁਣ ਉਸ ਨੂੰ ਪੰਚਰ ਲਾ ਮੁੜ ਫੁਲਾਉਣ ਦੀਆਂ ਕੋਸ਼ਸ਼ਾਂ ਹੋ ਰਹੀਆਂ ਹਨ। ਪਹਿਲਾਂ ਤਾਂ ਇਸ ਘੋਲ ਵਿੱਚ ਆਏ ਖੋਟ ਨੂੰ ਮੰਨਣ ਤੋਂ ਹੀ ਇਨਕਾਰ ਕੀਤਾ ਗਿਆ ਜਦਕਿ ਸੂਝਵਾਨਾਂ ਦੀ ਛੇਵੀਂ ਇੰਦਰੀ ਇਸ ਨੂੰ ਸਪਸ਼ਟ ਦੇਖ ਰਹੀ ਸੀ। ਹਰ ਕੋਈ ਇਸ ਘੋਲ ਦੀ ਹਮਾਇਤ ਦੇ ਨਾਂਅ ਇਸ ਵਿੱਚ ਵਾਧੂ ਫੂਕ ਭਰਨ ਲਈ ਸਿਰਤੋੜ ਯਤਨ ਕਰਦਾ ਨਜਰ ਆਇਆ। ਇੱਥੋਂ ਤੱਕ ਕਿ ਕਹਿੰਦੇ ਕਹਾਉਂਦੇ ਲੇਖਕ, ਕਲਾਕਾਰ, ਬੁੱਧੀਜੀਵੀ ਵਰਗ ਦੇ ਲੋਕ ਜਿਨ੍ਹਾਂ ਦਾ ਫਰਜ ਬਣਦਾ ਸੀ ਕਿ ਉਹ ਸੰਤੁਲਿਤ ਅਤੇ ਵਿਵੇਕਸ਼ੀਲ ਪਹੁੰਚ ਅਪਨਾ ਕੇ ਨਿਰਪੱਖ ਨਜ਼ਰੀਏ ਤੋਂ ਹਾਲਾਤ ਦਾ ਜ਼ਾਇਜਾ ਲੈਣਗੇ ਉਹ ਆਪਣੀ ਬੱਲੇ ਬੱਲੇ ਕਰਾਉਣ ਲਈ ਇੱਜੜਬਿਰਤੀ ਦਾ ਸ਼ਿਕਾਰ ਬਣ ਸੰਘਰਸ਼ ਦੇ ਗੁਬਾਰੇ ਨੂੰ ਵਾਧੂ ਫੁਲਾਉਂਦੇ ਨਜਰ ਆਏ। ਹਰ ਕੋਈ ਵੱਧ ਤੋਂ ਵੱਧ ਕਿਸਾਨ ਹਿਤੈਸ਼ੀ ਬਣ ਵਾਹ ਵਾਹ ਖੱਟਦਾ ਨਜਰ ਆਇਆ। ਇਸ ਸੰਘਰਸ਼ ਵਿੱਚ ਪੰਜਾਬੀਆਂ ਹੱਦੋਂ ਵੱਧ ਅਸਭਿਅਕ ਅਤੇ ਮੰਦੀ ਭਾਸ਼ਾ ਵਰਤ ਬਹਾਦਰੀ ਦੇ ਦਮਗਜੇ ਮਾਰਨ 'ਚ ਕੋਈ ਕਸਰ ਨਹੀਂ ਛੱਡੀ। ਇਹ ਕਿਸਾਨ ਆਂਦੋਲਨ ਨਾ ਹੋ ਕੇ ਦਿੱਲੀ-ਪੰਜਾਬ ਮੁਕਾਬਲਾ ਵਧੇਰੇ ਬਣਦਾ ਗਿਆ। ਕਿਸੇ ਨਹੀਂ ਸੋਚਿਆ ਕਿ ਇਹ ਆਪਹੁਦਰੀਆਂ ਸਰਕਾਰ ਦੇ ਹੱਕ ਵਿੱਚ ਵੀ ਜਾ ਸਕਦੀਆਂ ਹਨ। ਤੇ ਇਹੋ ਹੋਇਆ। ਸਰਕਾਰ ਫੈਸਲਾ ਲੈਣ ਵਿੱਚ ਦੇਰੀ ਇਸੇ ਲਈ ਕਰ ਰਹੀ ਸੀ ਕਿ ਇਸ ਆਂਦੋਲਨ ਵਿੱਚ ਕੁੱਦੇ ਭਾਂਤ ਭਾਂਤ ਦੇ ਸਰਕਾਰ ਵਿਰੋਧੀ ਅਨਸਰ ਨੰਗੇ ਹੋ ਜਾਣ ਤਾਂ ਸਰਕਾਰ ਦਾ ਕੰਮ ਆਸਾਨ ਹੋ ਜਾਵੇ। ਪਤੰਗ ਉਡਾਉਣ ਦੇ ਮਾਹਰ ਜਾਣਦੇ ਹੋਣਗੇ ਕਿ ਦੂਜੀ ਪਤੰਗ ਨੂੰ ਕੱਟਣਾ ਹੋਵੇ ਤਾਂ ਪਹਿਲਾਂ ਧਾਗੇ ਨੂੰ ਕਾਫੀ ਢਿੱਲ ਦਈਦੀ ਹੈ ਫੇਰ ਅਚਾਨਕ ਖਿਚ ਕੇ ਮੁਕਾਬਲੇਬਾਜ ਨੂੰ ਧਾਰਾਸ਼ਾਈ ਕਰੀਦਾ ਹੈ। ਪੰਜਾਬ ਦਾ 84 ਦੁਖਾਂਤ ਹੋਵੇ ਜਾਂ ਇਹ ਸੰਘਰਸ਼ ਸਰਕਾਰ ਢਿੱਲ ਦੇ ਕੇ ਵਿਰੋਧੀ ਨੂੰ ਵਧੇਰੇ ਆਪਹੁਦਰੀਆਂ ਕਰਨ ਦਾ ਮੌਕਾ ਦਿੰਦੀ ਗਈ ਅਤੇ ਨਾਸਮਝ ਇਸ ਨੂੰ ਸਰਕਾਰ ਦੀ ਕਮਜੋਰੀ ਸਮਝ ਸਾਰੀਆਂ ਹੱਦਾਂ ਟੱਪਦੇ ਗਏ। ਅਖੌਤੀ ਬੁੱਧੀਜੀਵੀਆਂ ਅਤੇ ਪੰਜਾਬੀ ਮੀਡਿਆ ਦੀ ਹੱਲਾਸ਼ੇਰੀ ਨਾਲ ਮਹੌਲ ਗਰਮ ਹੁੰਦਾ ਗਿਆ ਜਿਸ ਨਾਲ ਅਰਾਜਕ ਤੱਤ ਅਤੇ ਸ਼ਰਾਰਤੀ ਅਨਸਰ ਭੇਸ ਬਦਲ ਇਸ 'ਚ ਸ਼ਾਮਲ ਹੁੰਦੇ ਗਏ। ਨਤੀਜਾ ਸਾਮ੍ਹਣੇ ਹੈ। ਹੁਣ ਪਹਿਲ ਦਾ ਅਧਾਰ ਕਿਸਾਨ ਮੁੱਦੇ ਨਾ ਹੋ ਕੇ ਲੋਕਾਂ 'ਤੇ ਪਏ ਕੇਸਾਂ ਦਾ ਨਬੇੜਾ ਹੋਵੇਗਾ। ਗੱਡੀ ਲੀਹ ਤੋਂ ਲੱਥ ਤਿੰਨ ਮਹੀਨੇ ਪਿਛਾਂਹ ਖਿਸਕ ਗਈ ਜਾਪਦੀ ਹੈ।

ਮਿੱਤਰ ਬੱਲ ਹੁਰਾਂ ਦਾ ਫੋਨ ਆਇਆ। ਕਹਿੰਦੇ 'ਕਿਸਾਨਾਂ ਲਈ ਕੁਝ ਤਾਂ ਹੋਣਾ ਚਾਹੀਦੈ ਦੇਖੋ ਜਦ ਕਿਸਾਨਾਂ ਆਲੂ ਬੀਜੇ ਤਾਂ ਕੋਈ ਖਰੀਦਾਰ ਨਹੀਂ 'ਤੇ ਕਈਆਂ ਨੂੰ ਸਾਰਾ ਆਲੂ ਗਾਰਬੇਜ ਕਰਨਾ ਪੈ ਗਿਆ'। ਮੈਂ ਕਿਹਾ ਪਈ ਬੱਲ ਸਾਹਬ ਇਸੇ ਦਾ ਇਲਾਜ ਤਾਂ ਸਰਕਾਰ ਕਰਨ ਦਾ ਯਤਨ ਕਰ ਰਹੀ ਕਿ ਜੇਕਰ ਅਡਾਨੀ ਅੰਬਾਨੀ ਕਈ ਹਜਾਰ ਏਕੜ 'ਚ ਆਲੂ ਬਿਜਵਾ ਲੈਣਗੇ ਤਾਂ ਆਲੂ ਤਿਆਰ ਹੋਣ ਤੋਂ ਪਹਿਲਾਂ ਚਿਪਸ ਦਾ ਕਾਰਖਾਨਾ ਵੀ ਲਾ ਲੈਣਗੇ 'ਤੇ ਜੋ ਆਲੂ ਦੋ ਰੁਪਏ ਕਿਲੋ ਨਹੀਂ ਸੀ ਬਿਕ ਰਿਹਾ ਉੋਹ ਚਿਪਸ ਬਣਾ ਵੀਹ ਰੁਪਏ ਦਾ ਸੌ ਗਰਾਮ ਵੇਚ ਲੈਣਗੇ। ਕਿਸਾਨ ਨੂੰ ਤਾਂ ਆਪਣੀ ਜਮੀਨ ਦਾ ਮਿਥਿਆ ਪੈਸਾ ਮਿਲ ਹੀ ਜਾਣਾ ਹੈ। ਨਾ ਬਈ ਨਾ। ਬਲ ਸਾਹਿਬ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਗਲਤੀ ਹੋ ਗਈ। ਘਰਦਿਆਂ ਨੇ ਸਰਕਾਰ ਦਾ ਪਿੱਠੂ ਕਹਿ ਮੇਰਾ ਹੁੱਕਾ ਪਾਣੀ ਬੰਦ ਕਰ ਦੇਣਾ ਹੈ। ਪਹਿਲਾਂ ਭੁਗਤ ਚੁੱਕਿਆ ਹਾਂ। ਮੈਂ ਤਾਂ ਇਸ ਅੰਨਦੋਲਨ ਦੇ ਹੱਕ ਵਿੱਚ ਕੁਝ ਲਿਖਣ ਦਾ ਯਤਨ ਕਰ ਰਿਹਾ ਹਾਂ। ਕਿਸਾਨ ਏਕਤਾ ਜਿੰਦਾਬਾਦ।

ਹਰਜੀਤ ਦਿਓਲ, ਬਰੈਂਪਟਨ

ਖ਼ਬਰਨਾਮਾ #1115, ਫਰਵਰੀ 05-2021

 


ਅਨੋਖੀ ਸਾਂਝਭਿਆਲ

- ਹਰਜੀਤ ਦਿਉਲ, ਬਰੈਂਪਟਨ

ਅਕਸਰ ਕੁਦਰਤ ਦੇ ਰਹੱਸਮਈ ਅਤੇ ਅਨੋਖੇ ਵਰਤਾਰਿਆਂ ਦਾ ਜਿਕਰ ਸੰਕੇਤਕ ਰੂਪ ਵਿੱਚ ਧਰਮ ਗ੍ਰੰਥਾਂ ਵਿੱਚ ਵੀ ਮਿਲਦਾ ਹੈ ਜਿਸ ਨੂੰ ਸਮਝਣ ਲਈ ਮਨੁੱਖ ਹਮੇਸ਼ਾ ਹੀ ਤਤਪਰ ਰਿਹਾ ਹੈ। ਤੇਜੀ ਨਾਲ ਹੋਏ ਵਿਗਿਆਨਕ ਵਿਕਾਸ ਸਦਕਾ ਅਸੀਂ ਕੁਦਰਤ ਦੇ ਇਸ ਰਹੱਸਲਈ ਸੰਸਾਰ ਅੰਦਰ ਝਾਤੀ ਮਾਰ ਬਹੁਤ ਕੁਝ ਸਮਝਣ ਵਿੱਚ ਸਫਲ ਹੋਏ ਹਾਂ। ਧਰਤੀ ਉੱਪਰ ਪਲਰਿਆ ਜੀਵਨ ਇੱਕ ਐਸੇ ਈਕੋ ਸਿਸਟਮ ਵਿੱਚ ਬੱਝਾ ਹੈ ਜਿਸ ਦਾ ਅਧਿਅਨ ਕਰ ਵਿਗਿਆਨੀ ਲਗਾਤਾਰ ਗਿਆਨ ਦੀ ਦੁਨਿਆ 'ਚ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ। ਸਾਡੇ ਆਲੇ ਦੁਆਲੇ ਅਤੀ ਸੂਖਮ ਜੀਵਾਂ ਦਾ ਬੜਾ ਅਨੋਖਾ ਅਤੇ ਦਿਲਚਸਪ ਵਿਉਪਾਰ ਚਲਦਾ ਰਹਿਂਦਾ ਹੈ ਇਹ ਸਭ ਅਣਗੌਲਿਆ ਹੀ ਰਹਿ ਜਾਂਦਾ ਹੈ ਜਦ ਤੱਕ ਸਿਰੜੀ ਵਿਗਿਆਨੀ ਆਪਣੀ ਡੂੰਘੀ ਘੋਖ ਪੜਤਾਲ ਨਾਲ ਇਸ ਦਾ ਖੁਲਾਸਾ ਸਾਡੇ ਸਾਮ੍ਹਣੇ ਨਹੀਂ ਕਰਦੇ। ਇਨ੍ਹਾਂ ਅਣਗਿਣਤ ਵਰਤਾਰਿਆਂ ਵਿੱਚੋਂ ਇੱਕ ਹੈ ਕੀੜੀਆਂ ਅਤੇ ਬਿਰਛ ਬੂਟਿਆਂ ਦੀ ਅਨੋਖੀ ਸਾਂਝ ਭਿਆਲੀ। ਸ਼ਾਇਦ ਹੀ ਅਸੀਂ ਕਦੇ ਨੀਝ ਲਾ ਕੇ ਕੀੜੀਆਂ ਦੀ ਅਸਚਰਜਨਕ ਜੀਵਨ ਪ੍ਰਣਾਲੀ ਵੱਲ ਦੇਖਿਆ ਹੋਵੇ ਪਰ ਇਨ੍ਹਾਂ ਦਾ ਕਾਰ ਵਿਹਾਰ ਮਨੁੱਖਾਂ ਨਾਲੋਂ ਘੱਟ ਸਮਾਜਕ ਨਹੀਂ। ਧਰਤੀ ਉੱਪਰ ਤਕਰੀਬਨ 12000 ਪ੍ਰਜਾਤੀ ਦੀਆਂ ਕੀੜੀਆਂ ਪਾਈਆਂ ਗਈਆਂ ਹਨ। ਇੱਕ ਕੀੜੀ ਆਪਣੇ ਵਜਨ ਨਾਲੋਂ 20 ਗੁਣਾ ਵਜਨ ਚੁੱਕ ਸਕਦੀ ਹੈ ਜਿਵੇਂ ਕਿ ਇੱਕ 200 ਪੌਂਡ ਵਜਨ ਵਾਲਾ ਮਨੁੱਖ ਇੱਕ ਛੋਟੀ ਕਾਰ ਸਿੱਰ ਉੱਪਰ ਚੁੱਕ ਲਵੇ। ਕੀੜੀਆਂ ਦਾ ਸਮਾਜ ਸਖ਼ਤ ਅਨੁਸਾਸ਼ਨ ਅਤੇ ਵਿਵਸਥਾ ਅਧੀਨ ਕੰਮ ਕਰਦਾ ਹੈ। ਸ਼ਕਤੀਸ਼ਾਲੀ ਕੈਮਰਿਆਂ ਰਾਹੀਂ ਕੀਤੀਆਂ ਖੋਜਾਂ ਦੱਸਦੀਆਂ ਹਨ ਕਿ ਬਿਰਛ ਬੂਟਿਆਂ 'ਤੇ ਬਸੇਰਾ ਕਰਨ ਵਾਲੀਆਂ ਕੀੜੀਆਂ ਦਾ ਆਪਣੇ ਸ਼ਰਣਦਾਤਾ ਬਿਰਖਾਂ ਨਾਲ ਬੜਾ ਅਦਭੁਤ ਨਾਤਾ ਹੁੰਦਾ ਹੈ।

ਕੋਸਟਾ ਰੀਕਾ ਵਿਖੇ ਇੱਕ ਤਰਾਂ੍ਹ ਦੀਆਂ ਕੀੜੀਆਂ ਆਪਣੀ ਰਿਹਾਇਸ਼ ਬਣੇ ਬਿਰਖ ਤੇ ਚੜ੍ਹਦੀ ਕਿਸੇ ਵੀ ਤਰ੍ਹਾਂ ਦੀ ਵੇਲ ਨੂੰ ਕੁਤਰ ਦਿੰਦੀਆਂ ਹਨ ਤਾਂ ਜੋ ਇਹ ਵੇਲ ਉਸ ਨੂੰ ਢਕ ਉਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਅਫਰੀਕਾ 'ਚ ਇੱਕ ਪ੍ਰਜਾਤੀ ਦੀਆਂ ਕੀੜੀਆਂ ਆਪਣੇ ਰਿਹਾਇਸ਼ੀ ਦਰੱਖਤ ਦੇ ਪੱਤਿਆਂ ਉੱਤੇ ਦਿੱਤੇ ਤਿਤਲੀ ਦੇ ਆਂਡਿਆਂ ਨੂੰ ਖਤਮ ਕਰ ਦਿੰਦੀਆਂ ਹਨ ਕਿਉਂਕਿ ਇਨ੍ਹਾਂ ਆਂਡਿਆਂ ਵਿੱਚੋਂ ਨਿਕਲੇ ਲਾਰਵਾ ਪੱਤਿਆਂ ਨੂੰ ਚਟਮ ਕਰ ਜਾਂਦੇ ਹਨ। ਇਸੇ ਤਰਜ਼ 'ਤੇ ਇਹ ਹੋਰ ਪੱਤੇ ਖਾਣ ਵਾਲੇ ਕੀਟਾਂ ਦਾ ਵੀ ਸਫਾਇਆ ਕਰਦੀਆਂ ਰਹਿਂਦਿਆਂ ਹਨ। ਹੋਰ ਤਾ ਹੋਰ ਕੁਝ ਪ੍ਰਜਾਤੀਆਂ ਆਪਣੇ ਆਸ਼ਿਆਨੇ ਦੇ ਕੱਦ ਕਾਠ ਦੀ ਸਲਾਮਤੀ ਲਈ ਉਸ ਦੇ ਫੁੱਲਾਂ ਨੂੰ ਨਾਕਾਰਾ ਕਰ ਦਿੰਦੀਆਂ ਹਨ ਤਾਂ ਜੋ ਉਨ੍ਹਾਂ ਦੀ ਪ੍ਰਜਨਨ ਸ਼ਕਤੀ ਦਾ ਇਸਤੇਮਾਲ ਬਿਰਛ ਦੇ ਆਕਾਰ ਨੂੰ ਵਧਾਉਣ ਲਈ ਹੋ ਸਕੇ ਪਰ ਦੂਜੀ ਪ੍ਰਜਾਤੀ ਦੀਆਂ ਕੀੜੀਆਂ ਆਪਣੇ ਭਾਈਵਾਲ ਪੇੜ ਦੇ ਫੁੱਲਾਂ ਦੀ ਰਾਖੀ ਕਰ ਉਸ ਦੀ ਵੰਸ਼ ਬੇਲ ਵਧਾਉਣ 'ਚ ਸਹਾਈ ਹੁੰਦੀਆਂ ਹਨ।

ਦਰੱਖਤ ਵੀ ਕੀੜੀਆਂ ਦੀ ਇਹ ਸੇਵਾ ਮੁਫਤ ਨਹੀਂ ਲੈਂਦੇ ਬਲਕਿ ਬਦਲੇ ਵਿੱਚ ਉਨ੍ਹਾਂ ਨੂੰ ਸੁਆਦਿਸ਼ਟ ਭੋਜਨ ਉਪਲਬਧ ਕਰਾਉਂਦੇ ਹਨ। ਕੁਝ ਬਿਰਛਾਂ ਦੀਆਂ ਟਹਿਣੀਆਂ 'ਤੇ ਗਾਜਰ ਵਰਗੇ ਛੋਟੇ ਛੋਟੇੇ ਮੂੰਗਰੇ ਜਿਹੇ ਲੱਗਦੇ ਹਨ ਜੋ ਕੀੜੀਆਂ ਸ਼ੌਕ ਨਾਲ ਖਾਦੀਆਂ ਹਨ। ਕੁਝ ਦਰੱਖਤ ਗਾੜ੍ਹੇ ਤਰਲ ਪਦਾਰਥ ਦੀਆਂ ਬੂੰਦਾਂ ਛੱਡਦੇ ਹਨ ਜੋ ਇਨ੍ਹਾਂ ਜੀਵਾਂ ਦਾ ਭੋਜਨ ਬਣਦਾ ਹੈ। ਇਹ ਹੈ ਇੱਕ ਛੋਟਾ ਜਿਹਾ ਵੇਰਵਾ ਜੋ ਸਾਨੂੰ ਕੁਦਰਤੀ ਜੀਵਾਂ ਦੀ ਸਾਂਝਭਿਆਲੀ ਦਾ ਅਦਭੁਤ ਨਜਾਰਾ ਪੇਸ਼ ਕਰ ਇਸ ਦੀ ਵਿਸ਼ਾਲਤਾ ਦੇ ਦਰਸ਼ਣ ਕਰਾਉਂਦਾ ਹੈ।

-ਖ਼ਬਰਨਾਮਾ #1111, ਜਨਵਰੀ 08-2021

 


ਜਮੀਰ ਦੀ ਆਵਾਜ਼ ...!

- ਹਰਜੀਤ ਦਿਉਲ, ਬਰੈਂਪਟਨ

ਸਾਡੀ ਜਮੀਰ ਸਾਡਾ ਅਣਮੋਲ ਖ਼ਜਾਨਾ ਹੈ ਪਰ ਜੇਕਰ ਇਹ ਜਾਗਦੀ ਹੋਵੇ। ਇਸ ਨੂੰ ਆਤਮਾ ਵੀ ਕਿਹਾ ਜਾਂਦਾ ਹੈ। ਇਹ ਸੌਂ ਵੀ ਜਾਂਦੀ ਹੈ ਜਿਵੇਂ ਬਿਜਲੀ ਦੇ ਬਲਬ 'ਤੇ ਗਰਦ ਪੈਂਦੇ ਜਾਣ ਨਾਲ ਇਸ ਦੀ ਰੋਸ਼ਨੀ ਘਟਦੀ ਜਾਂਦੀ ਹੈ ਇਵੇਂ ਹੀ ਸੰਸਾਰਕ ਪਦਾਰਥਵਾਦ, ਜਮਾਤੀ ਪੱਖਪਾਤ ਜਾਂ ਧਾਰਮਕ ਕੱਟੜਤਾ ਦੀ ਧੂੜ ਨਾਲ ਸਾਡੀ ਜਮੀਰ ਵੀ ਧੁੰਦਲੀ ਪੈਂਦੀ ਜਾਂਦੀ ਹੈ। ਬਹੁਤੀ ਮੋਟੀ ਧੂੜ ਨਾਲ ਢਕ ਗਈ ਜਮੀਰ ਦਾ ਸਾਫ ਹੋਣਾ ਮੁਸ਼ਕਲ ਹੁੰਦਾ ਹੈ ਪਰ ਕਈ ਵੇਰਾਂ ਈਮਾਨਦਾਰੀ ਨਾਲ ਆਪਾ ਫਰੋਲਦਿਆਂ ਇਹ ਅਚਾਨਕ ਜਾਗ ਜਾਂਦੀ ਹੈ ਜਿਸ ਲਈ ਕਈ ਵਾਰੀ ਭਾਰੀ ਮੁੱਲ ਵੀ ਤਾਰਨਾ ਪੈਂਦਾ ਹੈ। ਫਰਾਂਸ ਵਿੱਚ ਜਨਮੇ ਮਸ਼ਹੂਰ ਆਰਟਿਸਟ ਵਿੰਸੈਟ ਵਾਨ ਗਾਗ ਦੀ ਜੀਵਨੀ 'ਤੇ ਅਧਾਰਤ ਇਰਵਿਂਗ ਸਟੋਨ ਦੁਆਰਾ ਲਿਖਿਤ ਨਾਵਲ 'ਲਸਟ ਫਾਰ ਲਾਈਫ' ਪੜ੍ਹਦਿਆਂ ਗਿਆਤ ਹੋਇਆ ਕਿ ਅਚਾਨਕ ਆਪਣੀ ਜਮੀਰ ਦੇ ਜਾਗ ਜਾਣ ਕਰਕੇ ਦੁਨਿਆਦਾਰੀ ਤੋਂ ਅਣਜਾਣ ਇਸ ਕਲਾਕਾਰ ਨੇ ਆਪਣੀ ਜਿੰਦਗੀ ਡ੍ਹਾਢੀਆਂ ਮੁਸੀਬਤਾਂ ਵਿੱਚ ਫਸਾ ਲਈ ਅਤੇ ਜਿੰਦਗੀ ਦੇ ਭਿਆਨਕ ਅੰਤ ਦਾ ਸ਼ਿਕਾਰ ਹੋਇਆ। ਫਰਾਂਸ ਵਿਖੇ 1853 ਵਿਚ ਜੰਮਿਆ ਵਿੰਸੈਟ ਵਾਨ ਗਾਗ ਬਚਪਨ  ਤੋਂ ਹੀ ਗੰਭੀਰ ਅਤੇ ਅੰਤਰਮੁਖੀ ਸ਼ਖਸੀਅਤ ਦਾ ਮਾਲਕ ਸੀ। ਮੁਢਲੀ ਪੜ੍ਹਾਈ ਉਪਰੰਤ ਉਸ ਕੁਝ ਚਿਰ ਆਰਟ ਡੀਲਰ ਦਾ ਕੰਮ ਵੀ ਕੀਤਾ। ਬਾਅਦ ਵਿੱਚ ਉਸ ਦੇ ਧਾਰਮਕ ਪ੍ਰਵਿਰਤੀ ਦੇ ਮਾਪਿਆਂ ਨੇ ਉਸ ਨੂੰ ਕ੍ਰਿਸ਼ਚੀਅਨ ਧਰਮ ਦੇ ਮਿਸ਼ਨਰੀ ਵੱਜੋਂ ਟਰੇਨਿੰਗ ਦਿਲਾ ਇੱਕ ਕੈਥੋਲਿਕ ਚਰਚ ਵਿੱਚ ਧਰਮ ਪ੍ਰਚਾਰਕ ਦੀ ਸੇਵਾ ਨਿਭਾਉਣ ਦੇ ਔਹਦੇ 'ਤੇ ਨਿਯੁਕਤ ਕਰਵਾ ਦਿੱਤਾ। ਇਹ ਚਰਚ ਬੈਲਜੀਅਮ  ਦੇ ਕਿਸੇ ਇਲਾਕੇ ਵਿੱਚ ਕੋਲਾ ਖਦਾਨਾਂ ਵਿੱਚ ਕੰਮ ਕਰਦੇ ਮਜਦੂਰਾਂ ਦੀ ਸੰਘਣੀ ਵੱਸੋਂ ਵਿਚਕਾਰ ਸਥਿਤ ਸੀ।

ਉਹ ਹਰ ਐਤਵਾਰ ਇਕੱਠੇ ਹੋਏ ਮਜਦੂਰਾਂ ਨੂੰ ਬਾਈਬਲ ਦੇ ਉਪਦੇਸ਼ ਦਿੰਦਾ ਅਤੇ ਉਨ੍ਹਾਂ ਅੰਦਰ ਧਾਰਮਕ ਬਿਰਤੀ ਬਣਾਈ ਰੱਖਣ ਦਾ ਯਤਨ ਕਰਦਾ। ਇਨ੍ਹਾਂ ਮਜਦੂਰਾਂ ਦੀ ਹਾਲਤ ਬਹੁਤ ਤਰਸਯੋਗ ਸੀ ਕਿਓਂਕਿ ਦਿਨਭਰ ਸਖ਼ਤ ਮੇਹਨਤ ਕਰ ਉਹ ਮਸਾਂ ਦੋ ਜੂਨ ਦੀ ਰੋਟੀ ਦਾ ਹੀ ਜੁਗਾੜ ਕਰ ਪਾਉਂਦੇ। ਅੱਤ ਦੀ ਗਰੀਬੀ ਭੋਗਦੇ ਝੁੱਗੀ ਝੋਂਪੜੀਆਂ 'ਚ ਰਹਿਂਦੇ ਇਨ੍ਹਾਂ ਕਿਰਤੀਆਂ ਨੂੰ ਦਵਾਈਆਂ ਭੋਜਨ ਅਤੇ ਸਾਫ ਪਾਣੀ ਦੀ ਹਮੇਸ਼ਾ ਕਮੀਂ ਰਹਿੰਦੀ। ਬੀਮਾਰ ਹੋਣ ਦੀ ਹਾਲਤ ਵਿੱਚ ਦਿਹਾੜੀ ਭੰਨ ਹੋ ਜਾਣ ਕਰਕੇ ਰੋਟੀ ਦੇ ਲਾਲੇ ਪੈ ਜਾਂਦੇ। ਇਸ ਸਭ ਨੂੰ ਦੇਖ ਸੰਵੇਦਨਸ਼ੀਲ ਵਿਂਸੈਟ ਗਾਗ ਦੁਖੀ ਹੁੰਦਾ ਪਰ ਉਹ ਥੋੜੀ ਬਹੁਤ ਮਦਦ ਤੋਂ ਬਿਨਾ ਹੋਰ ਕੁਝ ਕਰ ਵੀ ਨਹੀਂ ਸਕਦਾ ਸੀ। ਇੱਕ ਦਿਨ ਜਦ ਉਹ ਮਜਦੂਰਾਂ ਦੀਆਂ ਝੁੱਗੀਆਂ ਦਾ ਦੌਰਾ ਕਰ ਰਿਹਾ ਸੀ ਤਾ ਉਸ ਇੱਕ ਝੁੱਗੀ ਅੰਦਰ ਇੱਕ ਬੀਮਾਰ ਪਏ ਬੱਚੇ ਨੂੰ ਦੇਖਿਆ ਜਿਸ ਦੀ ਮਾਂ ਉਸ ਦੀ ਤੀਮਾਰਦਾਰੀ ਲਈ ਕੰਮ 'ਤੇ ਵੀ ਨਹੀਂ ਜਾ ਸਕੀ ਸੀ। ਵਾਨ ਗਾਗ ਉਸ ਔਰਤ ਨੂੰ ਜੇਬ 'ਚ ਪਏ ਕੁਝ ਸਿੱਕੇ ਮਦਦ ਵੱਜੋਂ ਦੇ ਦੁਖੀ ਮਨ ਨਾਲ ਆਪਣੀ ਰਿਹਾਇਸ਼ 'ਚ ਪਹੁੰਚ ਗਿਆ। ਉਹ ਲਗਾਤਾਰ ਉਸ ਸੰਕਟ ਵਿੱਚ ਘਿਰੇ ਪਰੀਵਾਰ ਬਾਰੇ ਹੀ ਸੋਚ ਰਿਹਾ ਸੀ। ਉਸ ਦਾ ਢਿੱਡ ਭਰਿਆ ਸੀ ਹੋਰ ਚੰਗਾ ਭੋਜਨ ਉਪਲਬਧ ਸੀ। ਸਜੇ ਹੋਏ ਕਮਰੇ ਵਿੱਚ ਸਾਫ ਸੁਥਰਾ ਆਰਾਮਦਾਇਕ ਬਿਸਤਰ ਸੀ। ਪਹਿਨਣ ਲਈ ਅਲਮਾਰੀ ਵਿਚ ਕਾਫੀ ਕਪੜੇ ਸਨ। ਹੋਰ ਖਰਚਿਆਂ ਲਈ ਉਸ ਨੂੰ ਯਥਾਯੋਗ ਪੈਸੇ ਮਿਲਦੇ ਸਨ। ਅਚਾਨਕ ਉਸ ਦੀ ਜਮੀਰ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜਿਆ। ਉਸ ਨੂੰ ਲੱਗਾ ਓਹ ਹੱਦ ਦਰਜੇ ਦਾ ਕਾਇਰ ਝੂਠਾ ਅਤੇ ਮੱਕਾਰ ਹੈ। ਓਹ ਅਤਿ ਦੀ ਗਰੀਬੀ ਅਤੇ ਕਸ਼ਟਾਂ ਦਾ ਜੀਵਨ ਜੀ ਰਹੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਉਸ ਈਸ਼ਵਰ 'ਚ ਆਸਥਾ ਰੱਖਣ ਲਈ ਕਹਿਂਦਾ ਹੈ ਜੋ ਸਦੀਆਂ ਤੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ। ਉਸ ਮਹਿਸੂਸ ਕੀਤਾ ਕਿ ਓਹ ਇੱਕ ਬੇਕਾਰ ਧਰਮ ਅਤੇ ਝੂਠੇ ਈਸ਼ਵਰ ਦਾ ਵਿਚੋਲੀਆਂ ਮਾਤਰ ਹੈ। ਮਜ਼ਦੂਰਾਂ ਨੂੰ ਤਾਂ ਉਸ ਨਾਲ ਨਫਰਤ ਕਰਨੀ ਚਾਹੀਦੀ ਹੈ ਜੋ ਉਸ ਦੀ ਇੱਜਤ ਕਰਦੇ ਹਨ। ਉਹ ਤਾਂ ਮਜਦੂਰਾਂ ਨੂੰ ਸਰਾਸਰ ਧੋਖਾ ਦੇ ਰਿਹਾ ਹੈ। ਨਹੀਂ ਮੈਂ ਇਹ ਬੇਈਮਾਨੀ ਨਹੀਂ ਕਰ ਸਕਦਾ।

ਉਹ ਉੱਠਿਆ, ਬਾਈਬਲ ਨੂੰ ਅਲਮਾਰੀ ਵਿੱਚ ਰੱਖਿਆ ਅਤੇ ਆਰਾਮਦਾਇਕ ਕਮਰਾ ਛੱਡ ਖਾਲੀ ਜੇਬ ਮਜਦੂਰਾਂ ਦੀਆਂ ਝੁੱਗੀਆਂ ਵਿਚ ਜਾ ਰਹਿਣ ਲੱਗਾ। ਲੋਕਾਂ ਨੂੰ ਉਸ ਦਾ ਇਹ ਵਤੀਰਾ ਅਜੀਬ ਲੱਗਿਆ ਪਰ ਉਹ ਉਨ੍ਹਾਂ ਨਾਲ ਹੀ ਕੋਇਲਾ ਖਦਾਨ ਵਿੱਚ ਮਜਦੂਰੀ ਕਰ ਗੁਜਾਰਾ ਕਰਨ ਲੱਗਾ। ਅੱਤ ਦੀ ਗਰੀਬੀ ਅਤੇ ਪਰੇਸ਼ਾਨੀ ਝੱਲਦਿਆਂ ਓਹ ਕੁਦਰਤ ਦੀ ਖੁਬਸੂਰਤੀ ਵੱਲ ਆਕਰਸ਼ਤ ਹੋ ਪੇਂਟਿੰਗ ਬਨਾਉਣੀਆਂ ਅਰੰਭ ਕਰ ਦਿੱਤੀਆਂ। ਉਸ ਦਾ ਛੋਟਾ ਭਰਾ ਥਿਓ ਉਸ ਦੀ ਮਾਇਕ ਮਦਦ ਕਰਦਾ ਰਹਿਂਦਾ ਸੀ ਕਿਉਂਕਿ ਉਹ ਉਸ ਦੀ ਤਰਸਯੋਗ ਮਾਨਸਿਕ ਪੀੜਾ ਸਮਝਦਾ ਸੀ। ਵਾਨ ਗਾਗ ਕਿਸੇ ਹੋਰ ਹੀ  ਮਿੱਟੀ ਦਾ ਬਣਿਆ ਸੀ ਜਿਸ ਨੂੰ ਦੁਨਿਆਦਾਰੀ ਕਦੇ ਰਾਸ ਨਹੀਂ ਆਈ। ਉਹ ਰੰਗ ਬਰੁਸ਼ ਅਤੇ ਈਜ਼ਲ ਬੋਰਡ ਲੈ ਖੇਤਾਂ ਜੰਗਲਾਂ ਵਿੱਚ ਘੁੰਮਦਾ ਪੇਂਟਿੰਗਸ ਬਣਾਉਂਦਾ ਰਿਹਾ ਪਰ ਉਨ੍ਹਾਂ ਦਾ ਕੋਈ ਮੁੱਲ ਨਾ ਪਿਆ। ਆਖੀਰ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਉਸ ਜੁਲਾਈ 1890 ਨੂੰ ਆਪਣੇ ਸਿਰ ਵਿੱਚ ਗੋਲੀ ਮਾਰ ਆਤਮਹੱਤਿਆ ਕਰ ਲਈ। ਇਹ ਇੱਕ ਬੇਹੱਦ ਸੰਵੇਦਨ ਸ਼ੀਲ ਕਲਾਕਾਰ ਦਾ ਦੁਖਦ ਅੰਤ ਸੀ ਜਿਸ ਦੀਆਂ ਪੇਂਟਿੰਗਸ ਉਸ ਦੀ ਮੌਤ ਬਾਅਦ ਹਜਾਰਾਂ ਲੱਖਾਂ ਡਾਲਰਾਂ 'ਚ ਵਿਕੀਆਂ। ਕਾਸ਼ ਉਸ ਦੀਆਂ ਤਸਵੀਰਾਂ ਦਾ ਮੁੱਲ ਉਸ ਦੇ ਜੀਂਦੇ ਜੀਅ ਪੈ ਜਾਂਦਾ ਪਰ ਸ਼ਾਇਦ ਉਸ ਦੀ ਤਕਦੀਰ 'ਚ ਅਚਾਨਕ ਜਾਗ ਗਈ ਜਮੀਰ ਦਾ ਬਹੁਤ ਵੱਡਾ ਮੁੱਲ ਤਾਰਨਾ ਹੀ ਲਿਖਿਆ ਸੀ।

-ਖ਼ਬਰਨਾਮਾ #1109, ਦਸੰਬਰ 24-2020

 


ਮਸਲਾ ਸਨਮਾਨ ਮੋੜਨ ਦਾ (ਵਿਅੰਗ)

ਸਵੇਰ ਤੋਂ ਲੱਭ ਲੱਭ ਹਲਕਾਨ ਹੋਣ ਡਿਹੈਂ ਪਰ ਕੁਝ ਵੀ ਲੱਭਿਆ ਨਹੀਂ। ਓਧਰੋਂ ਘਰਵਾਲੀ ਤਾਹਨੇ ਦੇ ਦੇ ਨੇ ਨੱਕੀਂ ਦਮ ਕਰ ਰੱਖਿਐ। ਅਖੇ ਲੋਕੀਂ ਮੈਂਨੂੰ ਤਰ੍ਹਾਂ ਤਰ੍ਹਾਂ ਦੇ ਖਿਤਾਬ ਦਈਂ ਜਾਂਦੇ। ਕੋਈ ਬੀ ਜੇ ਪੀ ਦਾ ਬੁਲਾਰਾ ਦੱਸ ਰਿਹੈ ਕੋਈ ਮੋਦੀ ਭਗਤ ਅਤੇ ਕੋਈ ਕਿਸਾਨ ਵਿਰੋਧੀ। ਕਰਾਂ ਤਾਂ ਕੀ ਕਰਾਂ।  ਬਥੇਰਾ ਸਮਝਾਇਅ ਪਈ ਇਹ ਤਾਂ ਫਰੀਡਮ ਆਫ ਸਪੀਚ ਹੈ ਮੈਂਨੂੰ ਆਪਣੀ ਰਾਇ ਕਹਿਣ ਦਾ ਅਧਿਕਾਰ ਹੈ ਜਾਂ ਨਹੀਂ। ਦਲੀਲ ਨਾਲ ਗੱਲ ਕਹਿਣ ਦੀ ਕੋਸ਼ਸ਼ ਕਰਦਾ ਹਾਂ। ਕਿਸੇ ਨੂੰ ਚੰਗਾ ਮੰਦਾ ਨਹੀਂ ਬੋਲਦਾ। ਹੋਮ ਮਨਿਸਟਰੀ ਦਾ ਸਖ਼ਤ ਆਦੇਸ਼ ਹੈ ਕਿ ਜੇ ਕੋਈ ਸਨਮਾਨ ਮੈਂਨੂੰ ਮਿਲਿਆ ਹੈ ਤਾਂ ਤੁਰੰਤ ਮੋੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਰੁਤਬਾ ਹਾਸਲ ਕਰਾਂ ਨਹੀਂ ਘਰ 'ਚ ਮੇਰਾ ਹੁੱਕਾ ਪਾਣੀ ਬੰਦ। ਲਾਹੌਲ ਵਿਲਾ ਕੂਵਤ। ਬੁਰਾ ਫਸਿਆ। ਸਨਮਾਨ ਓਹ ਵੀ ਮੈਂਨੂੰ। ਮੈਂ ਸਮਝਾਇਆ ਪਈ ਭਾਗਵਾਨੇ ਮੈਨੂੰ ਜਿੰਦਗੀ ਵਿੱਚ ਕੋਈ ਸਨਮਾਨ ਵਨਮਾਨ ਨਹੀਂ ਮਿਲਿਆ ਅਲਬੱਤਾ ਲਾਹਨਤਾਂ ਬੇਸ਼ੁਮਾਰ ਮਿਲਿਆਂ ਹਨ ਉਹ ਕਿਸੇ ਲੈਣੀਆਂ ਨਹੀਂ। ਹੁਣ ਲੱਭ ਤਾਂ ਰਿਹੈਂ ਕਿ ਸ਼ਾਇਦ ਕੋਈ ਭੁੱਲਿਆ ਵਿਸਰਿਆ ਸਨਮਾਨ ਮਿਲ ਹੀ ਜਾਵੇ ਪਰ ਐਨੀ ਕਿਸਮਤ ਕਿੱਥੇ। ਲੋਕੀਂ ਧੜਾ ਧੜ ਸਨਮਾਨ ਮੋੜੀਂ ਜਾ ਰਹੇ ਹਨ। ਕਿੰਨੇ ਖੁਸ਼ਕਿਸਮਤ ਹਨ। ਦੋਵਾਂ ਹੱਥਾਂ 'ਚ ਲੱਡੂ। ਜਦੋਂ ਕਿਤੇ ਸਨਮਾਨ ਮਿਲਿਆ ਹੋਊ ਓਦੋਂ ਮਸ਼ਹੂਰੀ 'ਤੇ ਹੁਣ ਮੋੜਨ ਵੇਲੇ ਦੋਹਰੀ ਮਸ਼ਹੂਰੀ ਕਿਓਂਕਿ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਕਿ ਜਨਾਬ ਨੂੰ ਸਨਮਾਨ ਮਿਲਿਆ ਸੀ। ਘਰਵਾਲੀ ਨੂੰ ਕਿਹਾ ਪਈ ਕਹੇਂ ਤਾਂ ਦਿੱਲੀ ਜਾ ਧਰਨੇ 'ਚ ਹਾਜਰੀ ਲੁਆ ਆਵਾਂ ਜਿਵੇਂ ਕਿ ਸਾਰੇ ਗਾਇਕ ਕਲਾਕਾਰ ਅਤੇ ਹੋਰ ਬਥੇਰੇ ਲੋਕ ਕਰਦੇ ਪਏ ਨੇ ਤਾਂ ਉਹ ਖਿਝ ਕੇ ਬੋਲੀ " ਨਾ ਗਾਉਣਾ ਆਉਂਦਾ ਨਾ ਬੋਲਣਾ ਓਥੇ ਜਾ ਕੀ ਕੱਦੂ 'ਚ ਤੀਰ ਮਾਰ ਆਓਗੇ। ਓਥੇ ਧਾਨੂੰ ਮਿੱਟੀ ਦੇ ਮਾਧੋ ਨੂੰ ਕਿਸ ਪੁੱਛਣਾ। ਬੈਠੇ ਰਹੋ ਚੁੱਪ ਕਰਕੇ ਹੋਰ ਪੰਜ ਸੱਤ ਹਜਾਰ ਡਾਲਰ ਰੋੜ੍ਹ ਆਓਗੇ। ਹਜਾਰ ਵਾਰੀ ਕਿਹੈ ਪਈ ਜਿੱਧਰ ਦੀ ਹਵਾ ਵਗ ਰਹੀ ਹੋਵੇ ਓਧਰ ਦਾ ਰੁਖ ਕਰ ਲਿਆ ਕਰੋ ਜਿਵੇਂ ਕਿ ਸਾਰੇ ਪਏ ਕਰਦੇ ਨੇ। ਪਰ ਨਹੀਂ ਬਹੁਤੇ ਸੱਤਵਾਦੀ ਹਰੀਸ਼ਚੰਦਰ ਬਨਣ ਦੀ ਕਰਦੇ ਹੋ ਹੁਣ ਭੁਗਤੋ ਕਿਸੇ ਮੂੰਹ ਨਹੀਂ ਲਾਉਣਾ।" ਬੜਾ ਹਤਾਸ਼ ਹੋਇਆ ਅਤੇ ਆਖਰ ਸ਼ਾਮ ਨੂੰ ਜਿਵੇਂ ਕਿ ਹਮੇਸ਼ਾ ਹੁੰਦਾ ਹੈ ਸੋਮਰਸ ਦਾ ਸਹਾਰਾ ਲੈ ਗਮ ਗਲਤ ਕਰਨ ਦਾ ਉਪਰਾਲਾ ਕਰਨ ਲੱਗਾ। ਇੱਕ ਗਜ਼ਲ ਸੁਰਤ 'ਚ ਤੈਰਨ ਲੱਗੀ "ਨਾ ਕਿਸੀ ਕੀ ਆਂਖ ਕਾ ਨੂਰ ਹੂੰ ਨਾ ਕਿਸੀ ਕੇ ਦਿਲ ਕਾ ਕਰਾਰ ਹੂੰ" ਅੱਗੇ ਕਿਓਂਕਿ ਆਉਂਦਾ ਨਹੀਂ ਸੋ ਜੋੜ ਲਿਆ " ਜੋ ਵਕਤ ਕੇ ਹਾਥੋਂ ਉਜੜ ਗਯਾ ਵੋ ਗੁੰਚਾਏ ਬਹਾਰ ਹੂੰ" ਵਗੈਰਹ ਵਗੈਰਹ ਵਗੈਰਹ!

- ਹਰਜੀਤ ਦਿਓਲ, ਬਰੈਂਪਟਨ

 


ਮਨੁੱਖੀ ਖੁਰਾ ਤਲਾਸ਼ਦਿਆਂ

- ਹਰਜੀਤ ਦਿਓਲ, ਬਰੈਂਪਟਨ

ਜਨਮ ਲੈਂਣ ਉਪਰੰਤ ਹੋਸ਼ ਸੰਭਾਲਦਿਆਂ ਹੀ ਇਨਸਾਨੀ ਦਿਮਾਗ ਦਾ ਅਣਗਿਣਤ ਜਿਗਿਆਸਾਵਾਂ ਨਾਲ ਟਾਕਰਾ ਹੋਣਾ ਸੁਭਾਵਕ ਹੀ ਹੈ ਕਿਓਂਕਿ ਇਹੀ ਵਰਤਾਰਾ ਸਾਨੂੰ ਜਾਨਵਰਾਂ ਦੀ ਦੁਨਿਆਂ ਤੋਂ ਨਿਖੇੜਦਾ ਹੈ। ਵਨਸਪਤੀ ਅਤੇ ਜੀਵਜੰਤੂ ਵੀ ਇਸ ਧਰਤੀ ਉੱਪਰ ਪਲਰੇ ਜੀਵਨ ਦਾ ਇੱਕ ਹਿੱਸਾ ਹਨ ਪਰ ਕੁਦਰਤ ਨੇ ਮਨੁੱਖੀ ਦਿਮਾਗ ਨੂੰ ਬੁੱਧੀਮਾਨੀ ਦਾ ਇੱਕ ਨਿਵੇਕਲਾ ਤੋਹਫਾ ਬਖ਼ਸ਼ਿਆ ਹੈ ਜਿਸ ਰਾਹੀਂ ਉਸ ਨੇ ਗਿਆਨ ਵਿਗਿਆਨ ਦੀਆਂ ਅਨੰਤ ਹੱਦਾਂ ਪਾਰ ਕਰਦੇ ਹੋਏ ਆਪਣੀ ਜੀਵਨ ਸ਼ੈਲੀ 'ਚ ਅਸਚਰਜਨਕ ਤਬਦੀਲੀਆਂ ਲਿਆਂਦੀਆਂ। 'ਕਿੱਥੋਂ ਆਇਆ ਇਹ ਜਗਤ ਪਸਾਰਾ' ਵਰਗੀ ਗੁੰਝਲਦਾਰ ਬੁਝਾਰਤ ਨੇ ਇਸ ਦੇ ਦਿਮਾਗ ਨੂੰ ਹਲੂਣਿਆ ਤਾਂ ਇਸ ਪ੍ਰਜਾਤੀ ਨੇ ਇਸਦਾ ਉੱਤਰ ਤਲਾਸ਼ਣ ਲਈ ਕਮਰ ਕਸ ਲਈ। ਅੱਜ ਤੱਕ ਦੇ ਵਿਗਿਆਨਕ ਵਿਕਾਸ ਨੇ ਸਿੱਧ ਕੀਤਾ ਹੈ ਕਿ ਮਨੁੱਖੀ ਸਮਰੱਥਾ ਦਾ ਕੋਈ ਅੰਤ ਨਹੀਂ। ਤਸਵੀਰ ਦਾ ਇੱਕ ਦੂਜਾ ਪਾਸਾ ਵੀ ਹੈ ਤੇ ਓਹ ਹੈ ਮਨੁੱਖ ਦਾ ਰੱਬੀ ਉਲਝਣਾ ਵਿੱਚ ਫਸਣਾ ਜਿਸ ਨੇ ਵੱਖ ਵੱਖ ਧਰਮਾਂ ਨੂੰ ਜਨਮ ਦੇ ਕੇ ਮਨੁੱਖਤਾ ਨੂੰ ਕਾਲਪਨਕ ਗੈਬੀ ਸ਼ਕਤੀਆਂ ਦੇ ਭਰਮ ਜਾਲ ਵਿੱਚ ਫਸਾਈ ਰੱਖਿਆ। ਇਹ ਵਰਤਾਰਾ ਕਿਸੇ ਨਾ ਕਿਸੇ ਰੂਪ 'ਚ ਅੱਜ ਵੀ ਦੇਖਿਆ ਜਾ ਸਕਦਾ ਹੈ। ਖੈਰ ਆਪਾਂ ਗੱਲ ਕਰਨੀ ਹੈ ਆਪਣੀ ਹੋਂਦ ਦੇ ਮੁੱਢ ਤਲਾਸ਼ਣ ਦੀ ਜਿਸ ਖੇਤਰ ਵਿੱਚ ਸਿਰੜੀ ਵਿਗਿਆਨਕਾਂ ਸ਼ਲਾਘਾਯੋਗ ਕੰਮ ਕਰਕੇ ਸਾਡੀਆਂ ਬੇਅੰਤ ਜਿਗਿਆਸਾਵਾਂ ਦਾ ਸਮਾਧਾਨ ਹੀ ਨਹੀਂ ਕੀਤਾ ਸਗੋਂ ਸਾਨੂੰ ਰੱਬ ਅਤੇ ਧਰਮਾਂ ਦੇ ਮਕੜਜਾਲ ਵਿੱਚੋਂ ਬਾਹਰ ਨਿਕਲਣ ਦਾ ਰਾਹ ਵੀ ਦਿਖਾਇਆ।

ਲੰਮੇ ਸਮੇਂ ਤੋਂ ਵਿਗਿਆਨਕ ਇਸ ਧਰਤੀ 'ਤੇ ਪੱਲਰੇ ਜੀਵਨ ਦਾ ਇਤਿਹਾਸ ਜਾਨਣ ਲਈ ਜੀ ਜਾਨ ਨਾਲ ਜੁਟੇ ਹਨ ਅਤੇ ਇਸ ਖੇਤਰ ਵਿੱਚ ਵਿਗਿਆਨਕ ਚਾਰਲਸ ਡਾਰਵਿਨ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸਮਰਪਿਤ ਕਰ ਹੈਰਾਨੀ ਜਨਕ ਤੱਥ 'ਜੀਵ ਵਿਕਾਸ ਦਾ ਸਿੱਧਾਂਤ' (ਥਿਊਰੀ ਆਫ ਇਵੋਲਿਊਸ਼ਨ) ਪੇਸ਼ ਕੀਤਾ ਜਿਸ ਤੋਂ ਸੇਧ ਲੈ ਪੁਰਾਤੱਤ ਵਿਗਿਆਨੀ ਲਗਾਤਾਰ ਨਵੀਂਆਂ ਜਾਣਕਾਰੀਆਂ ਨਸ਼ਰ ਕਰ ਰਹੇ ਹਨ। ਕੁਝ ਸਮਾਂ ਹੋਇਆ ਜਦ ਇਸੇ ਖੋਜ ਕੜੀ ਵਿੱਚ ਹੋਰ ਵਾਧਾ ਕਰਦਿਆਂ ਪੁਰਾਤੱਤ ਵਿਗਿਆਨੀਆਂ ਦੱਖਣੀ ਅਫਰੀਕਾ ਵਿੱਚ ਇੱਕ ਐਸੀ ਫਾਸਿਲ (ਜਮੀਦੋਜ਼  ਸੁਰੱਖਿਅਤ ਰਹਿ ਗਏ ਜੀਵਾਸ਼ੇਸ਼) ਸਾਈਟ ਲੱਭਣ ਵਿੱਚ ਕਾਮਯਾਬੀ ਹਾਸਲ ਕੀਤੀ ਜਿੱਥੇ ਉਨ੍ਹਾਂ ਨੂੰ ਦੋ ਮਿਲਿਅਨ ਸਾਲ ਪੁਰਾਣੀ ਆਦਮ ਮਨੁੱਖੀ ਖੋਪੜੀ ਹਾਸਲ ਹੋਈ। ਜੀਵ ਵਿਕਾਸ ਦੀਆਂ ਲੜੀਆਂ ਵਿੱਚ ਬਨ ਮਾਨਸ (ਗੋਰਿੱਲਾ) ਨੂੰ ਸਾਡਾ ਆਦਿ ਪੂਰਵਜ ਹੋਣ ਦਾ ਰੁਤਬਾ ਹਾਸਲ ਹੋਇਆ ਹੈ।

ਸਾਢੇ ਚਾਰ ਕੁ ਬਿਲਿਅਨ ਸਾਲ ਪਹਿਲਾਂ ਜਨਮੀ ਇਸ ਧਰਤੀ ਉੱਤੇ ਲਗਭਗ ਚਾਰ ਕੁ ਬਿਲਿਅਨ ਸਾਲ ਪਹਿਲਾਂ ਸਿੰਗਲ ਸੈਲ ਬੈਕਟੀਰਿਆ ਦੇ ਰੂਪ ਵਿੱਚ ਜੀਵਨ ਅਰੰਭ ਹੋਇਆ ਜੋ ਕਈ ਮਿਲਿਅਨ ਸਾਲਾਂ ਦਾ ਪੰਧ ਮੁਕਾਉਂਦਾ ਹੋਇਆ ਭਾਂਤ ਭਾਂਤ ਦੇ ਜੀਵ ਅਤੇ ਵਨਸਪਤੀਆਂ ਦਾ ਰੂਪ ਧਾਰਦਾ ਗਿਆ। ਇਹ ਰੂਪ ਬਦਲਨਾ ਕੀ ਹੋਇਆ? ਇਸ ਪਿੱਛੇ ਡਾਰਵਿਨ ਨੇ ਜੋ ਸਿੱਧਾਂਤ ਪੇਸ਼ ਕੀਤੇ ਹਨ ਅਗਲੇਰੇ ਵਿਗਿਆਨੀਆਂ ਉਸ ਤੇ ਸਹਿਮਤੀ ਦੀ ਮੁਹਰ ਲਾਈ ਹੈ।

ਪਹਿਲੇ ਸਿੱਧਾਂਤ ਅਨੁਸਾਰ ' ਨਾ ਹੀ ਸਭ ਤੋਂ ਤਾਕਤਵਰ ਅਤੇ ਨਾ ਹੀ ਸਭ ਤੋਂ ਬੁੱਧੀਮਾਨ ਜੀਵ ਆਪਣੀ ਹੋਂਦ ਕਾਇਮ ਰੱਖਣ ਵਿੱਚ ਸਫਲ ਹੁੰਦੇ ਹਨ ਬਲਕਿ ਵਾਤਾਵਰਣ ਦੀ ਤਬਦੀਲੀ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੇ ਯੋਗ ਜੀਵ ਹੀ ਆਪਣੀ ਹੋਂਦ ਬਚਾ ਪਾਉਂਦੇ ਹਨ।' ਧਰਤੀ ਨੇ ਕਈ ਹਿਮਯੁਗ ਹੰਢਾਏ ਅਨੇਕਾਂ ਜਵਾਲਾਮੁਖੀਆਂ ਦੀ ਤਪਿਸ਼ ਝੇਲੀ, ਭੁਚਾਲਾਂ ਅਤੇ ਸੁਨਾਮੀਆਂ ਦਾ ਟਾਕਰਾ ਕਰਦੇ ਹੋਏ ਇਹ ਲਗਾਤਾਰ ਆਪਣੀ ਧੁਰੀ 'ਤੇ ਘੁੰਮਦੀ ਰਹੀ ਅਤੇ ਇਸ ਉੱਪਰ ਪਨਪ ਰਹੇ ਜੀਵ ਜੰਤੂ ਵੀ ਇਨ੍ਹਾਂ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਦੇ ਰਹੇ ਅਥਵਾ ਕਾਲ ਦੇ ਗਰਭ 'ਚ ਸਮਾ ਗਏ। ਆਪਣੀ ਹੋਂਦ ਬਚਾਉਣ ਦੀ ਪਰੀਖਿਆ ਪਾਸ ਕਰਨ ਉਪਰੰਤ ਦੂਜਾ ਸਿੱਧਾਂਤ ਲਾਗੂ ਹੁੰਦਾ ਹੈ 'ਸਰਵਾਈਵਲ ਆਫ ਫਿਟੈਸਟ'। ਕੁਦਰਤੀ ਆਫਤਾਂ ਨਾਲ ਨਜਿੱਠਣ ਉਪਰੰਤ ਇਨ੍ਹਾਂ ਦਾ ਆਪਸੀ ਮੁਕਾਬਲੇ ਦਾ ਘੋਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਮਨੁੱਖ ਦੇ ਵਿਕਸਤ ਹੋ ਰਹੇ ਦਿਮਾਗ ਨੇ ਉਸ ਦਾ ਸਾਥ ਦਿੱਤਾ ਅਤੇ ਓਹ ਧਰਤੀ 'ਤੇ ਵਿਚਰ ਰਹੇ ਸਾਰੇ ਜੀਵਾਂ ਦਾ ਸਰਤਾਜ ਬਣ ਬੈਠਾ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਸ਼ਿਕਾਰ ਅਤੇ ਵਨਸਪਤੀਆਂ ਦਾ ਸੇਵਨ ਕਰਨ ਵਾਲੀ ਜੀਵ ਲੜੀ ਦੀ ਇਹ ਪ੍ਰਜਾਤੀ (ਹੰਟਰ ਗੈਦਰਰ) 130000 ਤੋਂ 10000 ਸਾਲ ਪਹਿਲਾਂ ਤੱਕ ਅਫਰੀਕਾ ਤੋਂ ਪਰਵਾਸ ਕਰ ਸਾਰੀ ਧਰਤੀ 'ਤੇ ਫੈਲਦੀ ਗਈ। ਪੁਰਾਤੱਤ ਮਾਹਰ ਇਸ ਵਿਕਸਤ ਹੋ ਰਹੀ ਪ੍ਰਜਾਤੀ ਨੂੰ ਹੋਮੋ ਸੇਪੀਅਨ ਕਹਿਂਦੇ ਹਨ ਜੋ ਮਨੁੱਖ ਦੇ ਨੇੜਲੇ ਪੂਰਵਜ ਬਣ ਜਾਂਦੇ ਹਨ। ਅੰਤਮ ਹਿਮ ਯੁਗ ਸਮਾਪਤ ਹੋਣ ਕੰਢੇ ਇਸ ਪ੍ਰਜਾਤੀ ਨੇ ਧਰਤੀ ਉੱਪਰ ਆਪਣਾ ਅਮਰਾ ਫੈਲਾ ਕਾਇਮ ਕਰਨਾ ਅਰੰਭ ਕਰ ਲਿਆ।

ਇਹ ਲੋਕ ਪੱਥਰਾਂ ਦਾ ਇਸਤੇਮਾਲ ਆਪਣੇ ਔਜਾਰਾਂ ਅਤੇ ਹਥਿਆਰਾਂ ਲਈ ਕਰਨ ਲੱਗੇ ਸਨ ਅਤੇ ਖੋਜਾਂ ਦੱਸਦੀਆਂ ਹਨ ਕਿ ਇਹ ਚੱਟਾਨਾਂ ਉੱਪਰ ਚਿੱਤਰਕਾਰੀ ਦਾ ਸ਼ੌਕ ਵੀ ਰੱਖਦੇ ਸਨ। ਇਨ੍ਹਾਂ ਦੀਆਂ ਗੁਫਾਂਵਾਂ ਵਿੱਚ ਕੀਤੀਆਂ ਚਿੱਤਰਕਾਰੀਆਂ ਨਾਲ ਉਸ ਸਮੇਂ ਦੇ ਜਾਨਵਰ ਅਤੇ ਉਨ੍ਹਾਂ ਦੀਆਂ ਸ਼ਿਕਾਰ ਵਿਧੀਆਂ ਦਾ ਪਤਾ ਲੱਗਦਾ ਹੈ। ਛੇਤੀ ਹੀ ਆਪਣੇ ਵਿਕਸਤ ਹੋ ਰਹੇ ਦਿਮਾਗ ਸਦਕਾ ਧਰਤੀ ਦੇ ਇਨ੍ਹਾਂ ਆਦਿਵਾਸੀਆਂ ਖੇਤੀ ਕਰਨਾ ਵੀ ਸਿੱਖ ਲਿਆ ਅਤੇ ਘੁਮੰਤੂ ਜੀਵਨ ਛੱਡ ਇੱਕ ਜਗਾਹ ਸਮੂਹ ਬਣਾ ਰਹਿਣ ਲੱਗੇ। ਇਹ ਹੁਣ ਗੁਫਾਵਾਂ ਦੀ ਥਾਂ ਪੱਥਰਾਂ ਦੇ ਘਰ ਬਣਾਉਣ ਲੱਗੇ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਪਾਲਤੂ ਬਣਾਉਣਾ ਵੀ ਅਰੰਭ ਹੋ ਗਿਆ।

ਅੱਗ ਅਤੇ ਪਹੀਏ ਦੀ ਖੋਜ ਹੋਣ ਬਾਅਦ ਧਰਤੀ ਦਾ ਇਹ ਬੁੱਧੀਮਾਨ ਪ੍ਰਾਣੀ ਤੇਜੀ ਨਾਲ ਤਰੱਕੀ ਦੀਆਂ ਪੌੜੀਆ ਚੜ੍ਹਦਾ ਹੋਇਆ ਕੁਝ ਕੁ ਹਜਾਰ ਸਾਲਾਂ ਵਿੱਚ ਸਾਡੇ ਨਾਲ ਆ ਰਲਿਆ। ਕਿਸੇ ਜੱਥੇਦਾਰ ਦੇ ਇਹ ਕਹਿਣ ਤੇ ਕਿ ਅਸੀਂ ਲਵ ਕੁਸ਼ ਦੇ ਵੰਸ਼ਜ ਹਾਂ ਤਾਂ ਇਸ ਦਾ ਬੜਾ ਬੁਰਾ ਮਨਾਇਆ ਗਿਆ ਸੀ ਪਰ ਪੰਜਾਹ ਕੁ ਹਜਾਰ ਸਾਲ ਹੋਰ ਪਿਛਾਂਹ ਵੱਲ ਝਾਤੀ ਮਾਰਦਿਆਂ ਬਨ ਮਾਨਸ ਨੂੰ ਸਾਡਾ ਪੂਰਵਜ ਮੰਨਣ ਵਿੱਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

- ਖ਼ਬਰਨਾਮਾ #1107, ਦਸੰਬਰ 11-2020


ਸਰਾਪੀਆਂ ਰੂਹਾਂ

ਭਾਰਤ ਦਾ ਸਾਰਿਆਂ ਨਾਲੋਂ ਖੁਸ਼ਹਾਲ ਸੂਬਾ ਪੰਜਾਬ। ਬਹੁਤਾ ਸਮਾਂ ਪੰਜਾਬੋਂ ਬਾਹਰ ਰਹਿਣ ਕਰਕੇ ਜਦ ਵੀ ਪੰਜਾਬ ਆਉਣ ਦਾ ਸਬਬ ਬਣਦਾ ਸਰਹੱਦ ਟੱਪਦਿਆਂ ਹੀ ਸਭ ਕੁਝ ਜਿਵੇਂ ਆਪਣਾ ਆਪਣਾ ਲੱਗਣ ਲਗਦਾ। ਹਵਾਂਵਾਂ 'ਚ ਪੰਜਾਬੀਅਤ ਦੀ ਮਹਿਕ ਆਉਣ ਲੱਗਦੀ। ਪੰਜਾਬੀ ਹੋਣ 'ਤੇ ਮਾਣ ਜਿਹਾ ਹੁੰਦਾ। ਇਹ ਇੱਕ ਅਜਿਹਾ ਸਭਿਆਚਾਰਕ ਨਿੱਘ ਹੁੰਦਾ ਜਿਸ 'ਚ ਹਿੰਦੂ ਸਿੱਖ ਬਾਮ੍ਹਣ ਬਾਣੀਆਂ ਜਿਹੇ ਲਫਜ਼ਾਂ ਲਈ ਕੋਈ ਥਾਂ ਨਾ ਹੁੰਦੀ। ਪਰ ਇਹ ਤਾਂ ਪਦਾਰਥਵਾਦੀ ਅਨ੍ਹੀਂ ਦੌੜ ਤੋਂ ਪਹਿਲਾਂ ਦੀਆਂ ਗੱਲਾਂ ਨੇ ਜਦ ਆਪੋਧਾਪ ਦੀ ਹਨੇਰੀ ਨੇ ਪੰਜਾਬੀ ਫਿਤਰਤ ਨੂੰ ਗ੍ਰਹਿਣ ਨਹੀਂ ਸੀ ਲਾਇਆ। ਫੇਰ ਪਤਾ ਨਹੀਂ ਕੀ ਹੋਇਆ ਕਿ ਹੌਲੀ ਹੌਲੀ ਹਵਾਂਵਾਂ 'ਚ ਕੋਈ ਅਦਿੱਖ ਜਿਹਾ ਤਣਾਓ ਘੁਲਣ ਲੱਗਾ। ਧਰਮਾਂ ਨੂੰ ਭਲਾ ਕੀ ਅਤੇ ਕਿਸ ਤੋਂ ਖਤਰਾ ਹੋ ਸਕਦਾ ਸੀ ਪਰ ਸੁਣਿਆ ਤਾਂ ਇਹੀ ਜਾ ਰਿਹਾ ਸੀ। ਤਿਓਹਾਰ ਵੰਡੇ ਗਏ। ਦੀਵਾਲੀ ਬੰਦੀ ਛੋੜ ਦਿਵਸ ਬਣ ਗਈ। ਬੋਲੀ ਧਰਮ ਦੀ ਰਖੈਲ ਬਣ ਗਈ। ਕਿੱਥੋਂ ਆ ਗਏ ਇਹ ਨਫਰਤ ਦੇ ਸੌਦਾਗਰ? ਕੌਣ ਸਨ ਇਹ ਵੰਡੀਆਂ ਪਵਾਉਣ ਵਾਲੇ? ਇਹ ਬੇਚੈਨ ਆਤਮਾਵਾਂ ਦਾ ਹੜ੍ਹ ਕਿਸ ਪਾਸਿਓਂ ਚੜ੍ਹ ਆਇਆ। ਅਖੇ ਹਕੂਮਤਾਂ ਸਾਡੇ ਨਾਲ ਧੱਕਾ ਪਈਆਂ ਕਰਦੀਆਂ ਹਨ। ਸਾਨੂੰ ਜਰਾਇਮਪੇਸ਼ਾ ਕਿਹਾ ਗਿਐ। ਹਿੰਸਾ ਨੂੰ ਹੱਲਾ ਸ਼ੇਰੀ ਮਿਲਣ ਲੱਗੀ। ਨਹਿਰੂ 'ਤੇ ਦੋਸ਼ ਲੱਗਣ ਲੱਗੇ। ਇੰਦਰਾ ਨੂੰ ਭੰਡਿਆ ਜਾਣ ਲੱਗਾ। ਅੰਤਰਰਾਸ਼ਟਰੀ ਪੱਧਰ 'ਤੇ ਇੱਕ ਸੂਝਵਾਨ ਸਿੱਖ ਦੀ ਛਵੀ ਬਨਾਉਣ ਵਾਲੇ ਮਨਮੋਹਨ ਸਿੰਘ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਮੋਦੀ ਹੁਰਾਂ ਦੀ ਤਾਂ ਗੱਲ ਹੀ ਛੱਡੋ। ਸਿੱਖ ਮੁਖ ਮੰਤਰੀ ਹੋਣ ਜਾਂ ਭਾਰਤ ਦੀ ਸਰਕਾਰ ਵਿੱਚ ਉੱਚ ਔਹਦਿਆਂ 'ਤੇ ਬੈਠੇ ਸਿੱਖ ਸਭ ਹਕੂਮਤ ਦੇ ਚਮਚੇ ਬਣ ਗਏ। ਕਾਲੀ ਦੀਵਾਲੀ, ਕਾਲਾ ਆਜਾਦੀ ਦਿਵਸ ਅਤੇ ਕਾਲੇ ਕਾਨੂੰਨ। ਸਭ ਪਾਸੇ ਇਨ੍ਹਾਂ ਨੂੰ ਕਾਲਾ ਹੀ ਕਾਲਾ ਨਜਰ ਆਉਣ ਲੱਗਾ। ਅਰਾਜਕਤਾ ਹਾਏ ਤੌਬਾ ਅਤੇ ਮਰਜਾਂਗੇ ਮਾਰ ਦਿਆਂਗੇ ਦਾ ਮਾਹੌਲ ਸਿਰਜਿਆ ਜਾਣ ਲੱਗਾ। ਨਗਰਕੀਰਤਨ 'ਚ ਲਿਖਿਆ ਦਿਸਣ ਲੱਗਾ 'ਆਓ ਜਿਨ੍ਹਾਂ ਨੱਚਣਾ ਖੰਡੇ ਦੀ ਧਾਰ 'ਤੇ'। ਹੁਣ ਰੈਫਰੈਂਡਮ 2020 ਦਾ ਮੁੱਦਾ ਬਣ ਰਿਹੈ 'ਤਿਰੰਗੇ ਨਾਲ ਕਿ ਖੰਡੇ ਨਾਲ'। ਕੌਮ ਨੂੰ ਕਿਸ ਪਾਸੇ ਲੈ ਜਾਣਗੀਆਂ ਇਹ ਸਰਾਪੀਆਂ ਰੂਹਾਂ। ਕੀ ਕਦੀ ਇਨ੍ਹਾਂ ਤੋਂ ਨਿਜਾਤ ਮਿਲ ਸਕੇਗੀ ਸੋਹਣੇ ਪੰਜਾਬ ਨੂੰ? ਕੀ ਮੁੜ ਪਹਿਲਾਂ ਵਾਲਾ ਪੰਜਾਬ ਦੇਖ ਸਕਾਂਗੇ ਅਸੀਂ? ਅਣਗਿਣਤ ਸਵਾਲ ਹਨ ਜਿਨ੍ਹਾਂ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ। ਰੱਬ ਮੇਹਰ ਕਰੇ।

ਹਰਜੀਤ ਦਿਓਲ, ਬਰੈਂਪਟਨ  

 


ਬੇਲਗਾਮ 'ਧਰਮ ਯੁੱਧ ਮੋਰਚੇ' ਦਾ ਹਸ਼ਰ ਅਸਾਂ ਦੇਖ ਚੁੱਕੇ ਹਾਂ

ਉਂਝ ਤਾਂ ਪੰਜਾਬ ਵਿੱਚ ਲਗਭਗ ਹਰ ਸਮੇਂ ਕੋਈ ਨਾ ਕੋਈ ਮੁੱਦਾ ਭਖਿਆ ਹੀ ਰਹਿੰਦਾ ਹੈ ਚਾਹੇ ਓਹ ਬੇਅਦਬੀ ਨਾਲ ਸੰਬੰਧਤ ਹੋਵੇ ਜਾਂ ਕੇਂਦਰ ਸਰਕਾਰ ਦੁਆਰਾ ਬਣਾਏ ਕਿਸੇ ਕਾਨੂੰਨ ਬਾਰੇ ਹੋਵੇ। ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਪਹਿਲੇ ਤਿੰਨ ਬਿਲਾਂ ਦਾ ਵੀ ਵਿਰੋਧ ਹੋਇਆ ਸੀ ਪਰ ਇਸ ਬਾਰ ਖੇਤੀ ਬਿਲਾਂ ਦਾ ਰੇੜਕਾ ਕੁਝ ਜਿਆਦਾ ਹੀ ਤੂਲ ਫੜ ਗਿਆ ਹੈ। ਇਸ ਬਿਲ ਬਾਰੇ ਕੁਝ ਮਾਹਿਰਾਂ ਦੇ ਵਿਚਾਰ ਵੱਖੋ ਵੱਖ ਹਨ ਪਰ ਇਸ ਬਿਲ ਦੇ ਵਿਰੋਧ ਦੀ ਹਨੇਰੀ ਦੇ ਝੁੱਲਣ ਨਾਲ ਬਿਲ ਹਿਮਾਇਤੀਆਂ ਦਾ ਚੁੱਪੀ ਸਾਧ ਲੈਣਾ ਹੀ ਉਚਿਤ ਜਾਪਦਾ ਹੈ ਕਿਓਂਕਿ ਪੰਜਾਬੀਆਂ ਵਿਸ਼ੇਸ਼ਕਰ ਬਹੁਤੇ ਸਿੱਖਾਂ ਦੀ ਫਿਤਰਤ ਸਹਿਮਤੀ ਨਾ ਰੱਖਣ ਵਾਲਿਆਂ ਨਾਲ ਅੜਬ ਤਰੀਕੇ ਪੇਸ਼ ਆਉਣ ਵਾਲੀ ਹੁੰਦੀ ਹੈ ਫੇਰ ਕਿਓਂ ਕੋਈ ਭਰਿੰਡਾਂ ਦੇ ਖੱਖਰ 'ਚ ਹੱਥ ਦੇਣਾ ਚਾਹੇਗਾ। ਕੁਝਕੁ ਤੱਤੀ ਤਸੀਰ ਵਾਲਿਆਂ ਤਾਂ ਸਭਿਅਕ ਹੱਦਾਂ ਪਾਰ ਕਰ ਹਾਸੋਹੀਣੇ ਜੁਮਲੇ ਵਰਤਣੇ ਅਰੰਭ ਕਰ ਦਿੱਤੇ ਹਨ। ਮਸਲਨ 'ਅਸੀਂ ਤਾਂ ਡਾਇਰ ਨੂੰ ਉਨ੍ਹਾਂ ਦੇ ਦੇਸ਼ ਜਾ ਫੁੰਡਿਆ ਸੀ ਮੋਦੀ ਤੂੰ ਕੀ ਚੀਜ਼ ਹੈਂ।' ਜਾਂ ਫੇਰ 'ਜੱਟ ਤਾਂ ਵੱਟ ਪਿੱਛੇ ਭਰਾ ਦਾ ਕਤਲ ਤੱਕ ਕਰ ਦਿੰਦੇ ਹਨ ਤੇ ਮੋਦੀ ਤੂੰ ਜੱਟਾਂ ਨਾਲ ਪੰਗਾ ਲਿਆ'। ਹੋਰ ਵੀ ਬੜੀਆਂ ਵੱਡੀਆਂ ਵੱਡੀਆਂ ਫੜ੍ਹਾਂ ਸੁਨਣ ਨੂੰ ਮਿਲਹੀਆਂ ਹਨ। ਇਹੋ ਕੁਝ ਪੰਜਾਬ ਦੇ ਕਾਲੇ ਦੌਰ 'ਚ ਪ੍ਰਧਾਨ ਮੰਤਰੀ ਇੰਦਰਾ ਬਾਰੇ ਸੁਨਣ 'ਚ ਆਇਆ ਕਰਦਾ ਸੀ। ਪਰ ਜੱਟ ਬਾਰੇ ਇਹ ਵੀ ਸੁਣਿਆ ਜਾਂਦਾ ਕਿ ਓਹ ਭੇਲੀ ਦੇ ਦਿੰਦਾ ਹੈ ਪਰ ਗੰਨਾ ਨਹੀਂ ਪੁੱਟਣ ਦਿੰਦਾ। ਮਤਲਬ ਥੋੜੇ ਫਾਇਦੇ ਲਈ ਬਹੁਤਾ ਨੁਕਸਾਨ ਕਰਵਾ ਬੈਠਦਾ ਹੈ। ਖੈਰ ਇਸ ਬਿਲ ਬਾਰੇ ਹਾਲੇ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਜਦ ਤੱਕ ਇਹ ਲਾਗੂ ਕਰਕੇ ਪਰਖਿਆ ਨਹੀਂ ਜਾਂਦਾ। ਮਿੱਤਰ ਗੁਰਦਿਆਲ ਬੱਲ ਦੁਆਰਾ ਭੇਜੀ ਖੇਤੀ ਮਾਹਰ ਡਾ. ਸੁਖਪਾਲ ਸਿੰਘ ਹੁਰਾਂ ਦੀ ਰੇਡੀਓ ਇੰਕਲਾਬ 'ਤੇ ਇੱਕ ਇੰਟਰਵਿਊ ਸੁਨਣ ਦਾ ਅਵਸਰ ਮਿਲਿਆ ਹੈ। ਉਂਝ ਡਾਕਟਰ ਸਾਹਿਬ ਇਸ ਸੰਘਰਸ਼ ਦੇ ਹੱਕ 'ਚ ਭੁਗਤੇ ਹਨ ਪਰ ਇਸ ਗੱਲ ਦਾ ਇਸ਼ਾਰਾ ਵੀ ਮਿਲਦਾ ਹੈ ਕਿ ਭਾਵੇਂ ਇਹ ਬਿਲ ਵਾਪਸ ਲੈ ਲਏ ਜਾਣ ਜਾਂ ਇਨ੍ਹਾਂ 'ਚ  ਕੋਈ ਹੋਰ ਰੱਦੋਬਦਲ ਕੀਤੀ ਜਾਵੇ ਕਿਸਾਨੀ ਨੂੰ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ। ਉਨ੍ਹਾਂ ਨੇ ਕੁਝ ਹੋਰ ਸੁਝਾਵ ਵੀ ਦਿੱਤੇ ਹਨ ਜਿਨ੍ਹਾਂ ਨਾਲ ਕਿਸਾਨੀ ਕੁਝਕੁ ਹੱਦ ਤੱਕ ਲਾਹੇਵੰਦ ਹੋ ਸਕਦੀ ਹੈ। ਹੁਣ ਸੰਘਰਸ਼ ਦੀ ਗੱਲ ਕਰਦੇ ਹਾਂ ਜੋ ਸਾਰੇ ਭਾਰਤ ਦੇ ਕਿਸਾਨ ਸੰਘਰਸ਼ ਨਾਲੋਂ ਪੰਜਾਬ ਦਾ ਮੋਦੀ ਜਾਂ ਬੀਜੇਪੀ ਵਿਰੋਧੀ ਵੱਧ ਜਾਪਦਾ ਹੈ। ਇਸ ਸੰਘਰਸ਼ ਦਾ ਲਾਹਾ ਲੈ ਆਪਣੀਆਂ ਰੋਟੀਆਂ ਸੇਕਣ ਦੇ ਵੀ ਉਦਾਹਰਣ ਮਿਲ ਰਹੇ ਹਨ। ਸਿਆਸਤਦਾਨ ਤਾਂ ਥਾਲੀ ਦੇ ਬੈਂਗਨ ਵਾਂਗ ਭੀੜ ਦੇ ਪਿੱਛੇ ਹੋ ਤੁਰਦੇ ਹਨ ਕਿਓਂ ਜੋ ਭੀੜ ਉਨ੍ਹਾਂ ਦੀਆਂ ਵੋਟਾਂ ਹਨ। ਵੱਖਵਾਦੀਆਂ ਵੀ ਇਸ ਸੰਘਰਸ਼ ਵਿੱਚ ਸੇਂਧ ਲਾਉਣ ਦੀ ਕੋਸ਼ਸ਼ ਕੀਤੀ ਹੈ। ਟੀ ਵੀ 'ਤੇ ਨਿਹੰਗਾਂ ਦੇ ਜੱਥੇ ਵੀ ਮੌਕੇ 'ਤੇ ਅਪੜਦੇ ਦੇਖੇ ਗਏ ਹਨ ਜੋ ਗੱਲ ਕਿਸੇ ਤਣ ਪੱਤਣ ਲਗਣ 'ਚ ਵੱਡੀ ਅੜਚਨ ਪਾ ਸਕਦੇ ਹਨ। ਬੇਲਗਾਮ 'ਧਰਮ ਯੁੱਧ ਮੋਰਚੇ' ਦਾ ਹਸ਼ਰ ਅਸਾਂ ਦੇਖ ਹੀ ਲਿਆ ਹੈ ਇਸ ਲਈ ਸੰਵਿਧਾਨਕ ਤਰੀਕੇ ਨਾਲ ਗੱਲਬਾਤ ਰਾਹੀਂ ਸਮੱਸਿਆਵਾਂ ਹਲ ਕਰਨ 'ਚ ਹੀ ਸਭ ਦੀ ਭਲਾਈ ਹੈ। ਪਤਾ ਤਾਂ ਇਹ ਵੀ ਲੱਗਾ ਹੈ ਕਿ ਇਸ ਕਾਨੂੰਨ ਦਾ ਇਸਤੇਮਾਲ ਬਿਹਾਰ ਵਿੱਚ ਕਰਕੇ ਦੇਖਿਆ ਸੀ ਪਰ ਕੁਝ ਬਹੁਤਾ ਕਾਮਯਾਬ ਨਹੀਂ ਹੋਇਆ ਸੋ ਆਂਦੋਲਨਾਂ ਰਾਹੀਂ ਸਟੇਟ ਨੂੰ ਹਜਾਰਾਂ ਕਰੋੜਾਂ ਦਾ ਘਾਟਾ ਪਵਾਏ ਬਿਨਾ ਇਸ ਨੂੰ ਰੱਦ ਕਰ ਦਿੱਤਾ ਗਿਆ। ਹਰ ਦੇਸ਼ ਵਿੱਚ ਸਮੱਸਿਆਵਾਂ ਪੈਦਾ ਵੀ ਹੁੰਦੀਆਂ ਹਨ 'ਤੇ ਹਲ ਵੀ ਕੱਢੇ ਜਾਂਦੇ ਹਨ ਪਰ ਡਰ ਸਿਰਫ ਇਸ ਗੱਲ ਦਾ ਹੈ ਕਿ ਪੰਜਾਬ ਦਾ ਇਹ ਸੰਘਰਸ਼ ਕਿਤੇ ਹਿੰਸਕ ਮੋੜ ਲੈਕੇ ਪਹਿਲਾਂ ਵਾਂਗ ਫਾਇਦੇ ਦੀ ਜਗ੍ਹਾ ਨੁਕਸਾਨ ਵੱਧ ਕਰਾ ਜਾਵੇ। ਜਾਬਤੇ ਵਿੱਚ ਰਹਿਣ ਦੀ ਸਖ਼ਤ ਜਰੂਰਤ ਹੈ। ੇਲਗਾਮ 'ਧਰਮ ਯੁੱਧ ਮੋਰਚੇ' ਦਾ ਹਸ਼ਰ ਅਸਾਂ ਦੇਖ ਚੁੱਕੇ ਹਾਂ

ਹਰਜੀਤ ਦਿਓਲ , ਬਰੈਂਪਟਨ

ਜਰੂਰੀ ਚੇਤਾਵਨੀ :- ਭਾਵੇਂ ਆਸਾਰ ਚੰਗੇ ਨਹੀਂ ਜਾਪ ਰਹੇ ਪਰ ਫਿਰ ਵੀ ਅਸੀਂ ਕਿਸਾਨ ਸੰਘਰਸ਼ ਦੇ ਸਫਲ ਹੋਣ ਦੀ ਕਾਮਨਾ ਕਰਦੇ ਹੋਏ ਇਹ ਸਲਾਹ ਦੇਣ ਦੀ ਗੁਸਤਾਖੀ ਕਰਾਂਗੇ ਕਿ ਵਿਦਵਾਨ ਐਨ ਆਰ ਆਈ ਇਸ ਸੰਘਰਸ਼ ਤੋਂ ਲਾਂਭੇ ਹੀ ਰਹਿਣ ਤਾਂ ਚੰਗਾ ਹੈ ਕਿਓਂਕਿ 'ਆਪ' ਪਾਰਟੀ ਦੀ ਬਹੁਤੀ ਹਿਮਾਇਤ ਕਰਕੇ ਇਨ੍ਹਾਂ ਉਸ ਦਾ ਬੇੜਾ ਡੋਬਿਆ ਸੀ। ਧੰਨਵਾਦ।

ਖ਼ਬਰਨਾਮਾ #1106, ਦਸੰਬਰ 04-2020

 

ਬਾਬਾ ਤੇਰੇ ਸਿੱਖਾਂ ਨੇ...!

ਸੰਪਾਦਕ ਜੀ,

ਕੁਦਰਤ ਨੇ ਇਸ ਖੂਬਸੂਰਤ ਸੰਸਾਰ ਨੂੰ ਬੜੀਆਂ ਨਿਆਮਤਾਂ ਬਖ਼ਸ਼ੀਆ ਹਨ ਪਰ ਨਾਲ ਹੀ ਧਾਰਮਕ ਵਖਰੇਵਿਆਂ ਦਾ ਅਸਾਧ ਰੋਗ ਵੀ ਲਾ ਦਿੱਤਾ। ਦੇਖਦੇ ਦੇਖਦੇ ਧਾਰਮਕ ਕੱਟੜਤਾ ਦੇ ਕੋਹੜ ਨੇ ਵਿਲੱਖਣ ਕੁਦਰਤ ਦੀ ਚਮਕ ਨੂੰ ਕਾਲੇ ਬੱਦਲਾਂ ਵਾਂਗ ਢਕ ਇਨਸਾਨੀਅਤ ਤੋਂ ਦੂਰ ਲੈ ਜਾਣਾ ਅਰੰਭ ਕਰ ਦਿੱਤਾ। ਇਹ ਰੋਗ ਕਿਸੇ ਇੱਕ ਧਰਮ ਨੂੰ ਨਹੀਂ ਸਗੋਂ ਸਾਰੇ ਧਰਮਾਂ ਨੂੰ ਹੀ ਲਗਭਗ ਇੱਕੋ ਜਿਹਾ ਚੰਬੜਿਆ ਹੈ ਪਰ ਅਫਸੋਸ ਕਿ ਹਰ ਧਰਮ ਦੇ ਪੈਰੋਕਾਰ ਆਪੋ ਆਪਣੇ ਧਰਮ ਦੀਆਂ ਉਣਤਾਈਆਂ ਵੱਲੋਂ ਅੱਖਾਂ ਮੀਟ ਦੂਜੇ ਧਰਮਾਂ ਦੀਆਂ ਧੱਜੀਆਂ ਉਡਾਉਣ 'ਚ ਅਪਾਰ ਅਨੰਦ ਦਾ ਅਨੁਭਵ ਕਰਦੇ ਹਨ ਪਰ ਇਸ ਨਾਚੀਜ਼ ਨੂੰ ਪਤਾ ਨਹੀਂ ਕਿਓਂ ਆਪਣੀ ਹੀ ਪੀੜ੍ਹੀ ਹੇਠ ਸੋਟਾ ਫੇਰਨਾ ਹੀ ਰਾਸ ਆਉਂਦਾ ਹੈ ਭਾਂਵੇ ਇਸ ਲਈ ਬਹੁਤਿਆਂ ਦੀ ਨਾਰਾਜ਼ਗੀ ਸਹੇੜ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਦੇ ਕਦਾਈਂ ਕਿਸੇ ਹਮਖਿਆਲ ਦੇ ਨਜਰੀਂ ਆਉਣ 'ਤੇ ਇੱਕ ਆਸ ਦੀ ਕਿਰਨ ਦਾ ਲਿਸ਼ਕਾਰਾ ਵੀ ਪੈ ਜਾਂਦਾ ਹੈ ਜਿਵੇਂ ਕਿ ਫੇਸ ਬੁੱਕ 'ਤੇ ਕਿਸੇ ਮਿੱਤਰ ਦੀ ਪੋਸਟ ਤੋਂ ਲਈਆਂ ਗਈਆਂ ਇਨ੍ਹਾਂ ਪੰਕਤੀਆਂ ਪੜ੍ਹਨ ਨਾਲ ਮਹਿਸੂਸ ਕੀਤਾ। ਇੱਸ 'ਚ 'ਮਿਟੀ ਧੁੰਦ ਜਗ ਚਾਨਣ ਹੋਇਆ' ਦਾ ਸੁਨੇਹਾ ਦੇਣ ਵਾਲੇ ਰਹਿਬਰ ਦੇ ਵਾਰਿਸਾਂ ਦਾ ਅੱਜ ਦਾ ਜੋ ਹਾਲ ਬਿਆਨਿਆਂ ਹੈ ਆਪ ਸਭ ਨਾਲ ਸਾਂਝਾ ਕਰਦੇ ਹਾਂ-

ਬਾਬਾ ਤੇਰੇ ਸਿੱਖਾਂ ਨੇ,

ਤੇਰੀਆਂ ਸਿਖਿਆਵਾਂ ਵੱਲ ਪਿੱਠ ਭੁਆਈ ਹੈ।

ਤੂੰ ਚਾਨਣ ਵੰਡਦਾ ਤੁਰ ਗਿਆ,

ੲੈਥੇ ਹਨੇਰੀ ਬਦਲੀ ਛਾਈ ਹੈ।

ਵਿਦਵਾਨਾਂ ਤੇਰੀ ਮਹਿਮਾਂ ਗਾ,

ਆਪਣੀ ਹੀ ਭੱਲ ਬਣਾਈ ਹੈ।

ਤੂੰ ਤੇਰਾ ਤੇਰਾ ਕਹਿਂਦਾ ਸੈਂ,

ਇਨ੍ਹਾਂ ਮੇਰਾ ਮੇਰਾ ਦੀ ਰੱਟ ਲਾਈ ਹੈ।

ਤੂੰ ਭਾਈ ਲਾਲੋ ਦੀ ਬਾਂਹ ਫੜੀ,

ਮਲਿਗ ਭਾਗੋ ਦੀ ਅੱਜ ਚੜ੍ਹਾਈ ਹੈ।

ਪਖੰਡਾਂ ਦੀ ਤੂੰ ਜੜ ਪੁੱਟੀ,

ਵਿਖਾਵਿਆਂ ਦੀ ਫਸਲ ਉੱਗ ਆਈ ਹੈ।

ਤੇਰਾ ਨਾਂਅ ਵਰਤ ਦੋ ਦੇਸ਼ਾਂ ਨੇ,

ਸ਼ਤਰੰਜ ਦੀ ਬਾਜੀ ਲਾਈ ਹੈ।

ਤੀਰਥਾਂ ਨੂੰ ਤੂੰ ਭੰਡਿਆ ਸੀ,

ਤੀਰਥ ਦੀ ਅੱਜ ਕਮਾਈ ਹੈ।

ਤੂੰ ਤਾਂ ਕਿਰਤ ਦਾ ਸੰਦੇਸ਼ ਦਿੱਤਾ,

ਅੱਜ ਵੇਹਲੜਾਂ ਦੀ ਬਣ ਆਈ ਹੈ।

ਤੇਰੇ ਨਾਂਅ ਦੀ ਫੱਟੀ ਲਾ,

ਹੱਟੀ ਸਭਨਾਂ ਅੱਜ ਚਲਾਈ ਹੈ।

ਬਾਬੇ ਤੇਰੇ ਵਾਰਸਾਂ ਨੇ,

ਇੰਝ ਢਾਅ ਇਨਸਾਨੀਅਤ ਨੂੰ ਲਾਈ ਹੈ।

- ਹਰਜੀਤ ਦਿਓਲ, ਬਰੈਂਪਟਨ।


 

ਸਭ ਕੁਛ ਕਹੀਐ ਪਰ ਕੁਛ ਨਾ ਸੁਣਿਐ

ਜਨਾਬ 'ਕੁਛ ਕਹੀਐ ਕੁਛ ਸੁਣਿਐ' ਦੀ ਥਾਂ ਅੱਜਕਲ 'ਸਬਕੁਛ ਕਹੀਐ ਪਰ ਕੁਛ ਨਾ ਸੁਣਿਐ' ਦਾ ਬੋਲਬਾਲਾ ਹੈ। ਠਰ੍ਹੰਮੇ ਨਾਲ ਵਿਚਾਰ ਵਟਾਂਦਰੇ ਦਾ ਜਮਾਨਾ ਲਦ ਗਿਆ ਜਾਪਦਾ ਹੈ। ਕਿਸਾਨ ਆਂਦੋਲਨਾਂ ਵਿੱਚ ਲੋਕ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਬਸ ਭੇੜ ਚਾਲ ਦੀ ਤਰ੍ਹਾਂ ਕਿਓਂਕਿ ਭੀੜ ਵਿੱਚੋਂ ਕਿਸੇ ਨੂੰ ਵੀ ਇਸ ਬਿਲ ਦੀਆਂ ਮਦਾਂ ਬਾਰੇ ਸਹੀ ਜਾਣਕਾਰੀ ਨਹੀਂ ਹੈ। ਯਕੀਨ ਨਹੀਂ ਤਾਂ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ। ਜਾਪਦਾ ਹੈ ਭਾਰਤ ਦੇ ਬਾਕੀ 25/26 ਸੂਬਿਆਂ ਦੇ ਕਿਸਾਨਾਂ ਨੂੰ ਤਾਂ ਅਕਲ ਹੈ ਹੀ ਨਹੀਂ। ਜੇਕਰ ਤੁਸੀਂ ਕਹਿਣ ਦੀ ਕੋਸ਼ਸ਼ ਕਰਦੇ ਹੋ ਕਿ ਇਤਰਾਜ਼ ਯੋਗ ਨੁਕਤਿਆਂ ਬਾਰੇ ਚਾਨਣਾ ਪਾਓ ਤਾਂ ਜੋ ਉਨ੍ਹਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਤਾਂ ਤੁਰੰਤ ਤੁਹਾਨੂੰ ਮੋਦੀ, ਭਾਜਪਾ/ ਆਰ ਐਸ ਐਸ ਦਾ ਏਜੇਂਟ ਗਰਦਾਨਣ ਵਿੱਚ ਦੇਰ ਨਹੀਂ ਕੀਤੀ ਜਾਵੇਗੀ। ਭੀੜਾਂ ਨੂੰ ਕਹਿ ਦਿਓ "ਤੁਹਾਡਾ ਕੰਨ ਤਾਂ ਕਾਂ ਲੈ ਗਿਆ" 'ਤੇ ਲੋਕੀਂ ਕਾਂ ਮਗਰ ਨੱਠ ਲੈਣਗੇ। ਸਿਆਣੀ ਲੀਡਰਸ਼ਿਪ ਦੀ ਘਾਟ ਕਾਰਨ ਹਰ ਐਰਾ ਗੈਰਾ ਵੱਡਾ ਕਿਸਾਨ ਹਿਤੈਸ਼ੀ ਬਨਣ ਦਾ ਢੋਂਗ ਕਰ ਰਿਹੈ। ਹੁਣ ਸੁਣਿਐ ਪਈ ਸੈਂਟਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕ ਦਿੱਤੀਆਂ ਹਨ ਤਾਂ ਇਸ ਨਾਲ ਹੋਣ ਬਾਰੇ ਨੁਕਸਾਨ ਲਈ ਵੀ ਸੈਂਟਰ ਨੂੰ ਦੋਸ਼ੀ ਠਹਿਰਾਇਆ ਜਾ ਰਿਹੈ। ਗੱਡੀਆਂ ਆਪ ਰੋਕੀਆਂ ਜਾ ਰਹੀਆ ਹਨ 'ਤੇ ਇਸ ਦਾ ਤੋੜਾ ਵੀ ਕੇਂਦਰ ਦੀ ਹਕੂਮਤ ਸਿਰ ਝੜ ਰਿਹੈ। ਇਸ ਅਫਰਾ ਤਫਰੀ ਦੇ ਮਾਹੌਲ ਕਾਰਨ ਪੰਜਾਬ ਦੀ ਇੰਡਸਟਰੀ ਅਤੇ ਵਿਓਪਾਰ ਚੌਪਟ ਹੋ ਸਕਦੇ ਹਨ ਇਹ ਸੋਚਣ ਦੀ ਵਿਹਲ ਕਿਸ ਨੂੰ ਹੈ। ਪੰਜਾਬ ਦੇ ਕਾਲੇ ਦੌਰ ਵਿੱਚ ਇਹੀ ਕੁਛ ਹੋਇਆ। ਆਪਣੇ ਪੈਰੀਂ ਆਪ ਕੁਹਾੜੀ ਮਾਰੀ ਗਈ 'ਤੇ ਦੋਸ਼ ਦੂਜਿਆਂ ਸਿਰ ਮੜ੍ਹਿਆ ਗਿਆ। ਹੁਣ ਫੇਰ ਬਲਦੀ 'ਤੇ ਤੇਲ ਪਾਉਣ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਕ ਅਖਬਾਰ ਵਿੱਚ ਇੱਕ ਬੀਬੀ ਬੜੀ ਗਰਮਜੋਸ਼ੀ ਨਾਲ ਕਿਸਾਨ ਆਂਦੋਲਨ ਨੂੰ ਹੱਲਾਸ਼ੇਰੀ ਦਿੰਦਿਆਂ ਕਵਿਤਾ ਲਿਖਦੀ ਹੈ ਜਿਸ ਦੀਆਂ ਬਾਰ ਬਾਰ ਦੁਹਰਾਈਆਂ ਸੱਤਰਾਂ ਹਨ 'ਤੂੰ ਦਿੱਲੀਏ ਟੋਪੀਵਾਲਿਆਂ ਦੀ 'ਤੇ ਪੰਜਾਬ ਹੈ ਪੱਗਾਂ ਵਾਲਿਆਂ ਦਾ'। ਟੋਪੀ ਅਤੇ ਪੱਗ ਦੇ ਮਸਲੇ ਨੇ ਪੰਜਾਬ ਨੂੰ ਪਹਿਲਾਂ ਕੀ ਘੱਟ ਖੁਆਰ ਕੀਤਾ ਹੈ। ਸੱਚ ਕਹਿਣ 'ਤੇ ਅਣਐਲਾਨੀ ਪਾਬੰਦੀ ਦਾ ਖਾਮਿਆਜ਼ਾ ਬੇਕਸੂਰਾਂ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪਿਆ। ਅਫਸੋਸ ਹੁੰਦਾ ਹੈ ਇਹ ਜਾਣ ਕੇ ਕਿ ਕਿੰਨੀ ਛੇਤੀ ਅਸੀਂ ਜੋਸ਼ ਵਿੱਚ ਹੋਸ਼ ਗੁਆ ਬੈਠਦੇ ਹਾਂ। ਕਿਸਾਨ ਸਮੱਸਿਆ ਦਾ ਮੁੱਦਾ ਸਾਰੇ ਭਾਰਤ ਦਾ ਹੈ ਨਾ ਕਿ ਸਿਰਫ ਪੰਜਾਬ ਜਾਂ ਸਿੱਖਾਂ ਦਾ। ਕੀ ਇਸ ਨੂੰ ਸਿੱਖ ਮੁੱਦਾ ਬਣਾ ਅਸੀਂ ਜਾਣੇ/ਅਣਜਾਣੇ ਵੱਖਵਾਦ ਅਤੇ ਹਿੰਸਾ ਦੇ ਰਾਹ ਤਾਂ ਨਹੀਂ ਤੁਰ ਪਏ ਹਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਸਿਆਸੀ ਧਿਰਾਂ ਦਾ ਮਕਸਦ ਸਿਰਫ ਕਿਸਾਨ ਹਿਤੈਸ਼ੀ ਬਣ ਸੱਤਾ ਧਾਰੀ ਧਿਰ ਨੂੰ ਠਿੱਬੀ ਲਾ ਸੱਤਾ ਹਥਿਆਉਣਾ ਹੁੰਦਾ ਹੈ। ਸੁਣਿਐ ਪਈ ਕੇਰਲਾ ਸਰਕਾਰ ਨੇ ਕਿਸਾਨੀ ਜਿਨਸਾਂ ਦੀ ਬਿਕਰੀ ਸਬੰਧੀ ਕੁਝ ਮਦਾਂ 'ਚ ਸੋਧ ਕਰ ਨਵਾਂ ਕਾਨੂੰਨ ਬਣਾਇਆ ਹੈ। ਪੰਜਾਬ 'ਚ ਵੀ ਇਸ ਸੰਬੰਧੀ ਸੋਧਾਂ ਕਰਨ ਦਾ ਰਾਹ ਖੁੱਲਾ ਹੈ ਪਰ ਕੜ੍ਹੀ ਦੇ ਉਬਾਲ ਵਾਂਗੂੰ ਦੂਰਅੰਦੇਸ਼ੀ ਦਾ ਤਿਆਗ ਕਰ ਜਲਦਬਾਜੀ 'ਚ ਕੀਤੇ ਗਏ ਫੈਸਲਿਆਂ ਦਾ ਨਤੀਜਾ ਮਾੜਾ ਵੀ ਹੋ ਸਕਦਾ ਹੈ। ਅਰਾਜਕਤਾ ਨੂੰ ਹਵਾ ਦੇਣਾ ਕਿਸੇ ਪੱਖੋਂ ਵੀ ਠੀਕ ਨਹੀਂ ਇਸ ਪਾਸੇ ਠਰ੍ਹੰਮੇਂ ਨਾਲ ਸੋਚਣ ਦੀ ਲੋੜ ਹੈ ਧੰਨਵਾਦ।

ਹਰਜੀਤ ਦਿਓਲ, ਬਰੈਂਪਟਨ

 


ਵਿਅੰਗ - ਆਓ ਵਿਰੋਧ ਕਰੀਏ!

ਜੇਕਰ ਧਾਡੇ ਕੋਲ ਕੋਈ ਸਾਰਥਕ ਕੰਮ ਨਹੀਂ, ਕਿਸੇ ਮਿਸ਼ਨ ਦਾ ਕੋਈ ਉਸਾਰੂ ਟੀਚਾ ਨਹੀਂ, ਕੋਈ ਉਪਲਬਧੀ ਹਾਸਲ ਕਰਨ ਦੀ ਯੋਗਤਾ ਨਹੀਂ ਕੋਈ ਪ੍ਰਤਿਭਾ ਨਹੀਂ, ਕੋਈ ਡਿਗਰੀ ਨਹੀਂ ਕੋਈ ਡਿਪਲੋਮਾ ਨਹੀਂ ਪਰ ਕੁਝ ਕਰ ਗੁਜਰਨ ਦਾ ਜ਼ਜਬਾ ਠਾਠਾਂ ਮਾਰ ਰਿਹੈ। ਤੁਸੀਂ ਸਮਝ ਨਹੀਂ ਰਹੇ ਕਿ ਕੀ ਕੀਤਾ ਜਾਏ ਕਿ ਧਾਡੀ ਬੱਲੇ ਬੱਲੇ ਹੋ ਜਾਵੇ, ਧਾਨੂੰ ਸਾਰਾ ਮਹੱਲਾ ਸਾਰਾ ਸ਼ਹਿਰ ਜਾਣ ਜਾਵੇ, ਮਾਇਆ ਮਹਾਠਗਿਨੀ ਨਾਲ ਵੀ ਯਾਰੀ ਪੈ ਜਾਵੇ ਤਾਂ ਧਾਡੇ ਲਈ ਅਸਾਂ ਕੋਲ ਮੁਫਤ ਦਾ ਇੱਕ ਬੜਾ ਲਾਹੇਵੰਦ ਮਸ਼ਵਰਾ ਮੌਜੂਦ ਹੈ। ਤੁਸੀਂ ਸਾਡੇ ਸਮਾਜ ਖਾਸਕਰ ਪੰਜਾਬੀ ਭਾਈਚਾਰੇ ਲਈ ਬੜੇ ਉਪਯੋਗੀ ਸਿੱਧ ਹੋ ਸਕਦੇ ਹੋ। ਪੁੱਛੋ ਕਿਵੇਂ? ਦਸਦਾ ਹਾਂ। ਆਸਪਾਸ ਨਿਗਾਹ ਮਾਰੋ ਬੜੇ ਲੋਕ ਇਹੀ ਕਰ ਰਹੇ ਹਨ 'ਤੇ ਉਨ੍ਹਾਂ ਦੀਆਂ ਪੌਂ ਬਰਾਂ ਹੋਈਆਂ ਪਈਆਂ ਹਨ। ਕਈਆਂ ਨੂੰ ਰਾਜਨੀਤੀ ਰਾਸ ਆ ਗਈ ਤਾਂ ਓਹ ਵੱਡੀਆਂ ਕੁਰਸੀਆਂ ਮੱਲੀਂ ਬੈਠੇ ਹਨ। ਸੰਤਰੀ ਤੋਂ ਮੰਤਰੀ ਬਣ ਗਏ। ਮੰਤਰੀ ਤੋਂ ਪ੍ਰਧਾਨ ਮੰਤਰੀ ਤੱਕ ਬਨਣ ਦੀਆਂ ਮਿਸਾਲਾਂ ਮੌਜੂਦ ਹਨ। ਹੋਰ ਕਈ ਕਲਮ ਘਸੀਟਣ ਵਾਲੇ ਵੱਡੇ ਲੇਖਕਾਂ 'ਚ ਸ਼ਾਮਲ ਹੋ ਗਏ। ਮਸ਼ਹੂਰ ਪੱਤਰਕਾਰ ਬਣ ਗਏ। ਸਮਾਜ ਸੇਵੀ ਬਣ ਗਏ ਸਮਾਜ ਸੁਧਾਰਕ ਬਣ ਗਏ। ਧਰਮ ਦੀ ਰੱਖਿਆ ਦੇ ਨਾਂਅ 'ਤੇ ਧਰਮ ਦੇ ਵੱਡੇ ਝੰਡਾਬਰਦਾਰ ਬਣ ਗਏ। ਧਰਮ ਗੁਰੂ ਬਣ ਗਏ ਜੱਥੇਦਾਰ ਬਣ ਗਏ। ਸੱਚ ਜਾਣਿਓ ਵੱਡੀਆਂ ਵੱਡੀਆਂ ਹਸਤੀਆਂ ਇਹੋ ਰਾਹ ਅਪਨਾ ਕਿੱਥੇ ਤੋਂ ਕਿੱਥੇ ਪਹੁੰਚ ਗਈਆਂ 'ਤੇ ਤੁਸਾਂ ਹਾਲੇ ਸੋਚਦੇ ਹੀ ਪਏ ਹੋ। ਹੁਣ ਕਾਹਲੇ ਨਾ ਪਓ ਦਸਦਾ ਹਾਂ। ਜਨਾਬ ਮੇਹਰਬਾਨ ਇਹ ਨੁਸਖਾ ਹੈ ਵਿਰੋਧ ਕਰਨ ਦਾ। ਅਖੇ ਕਾਹਦਾ ਵਿਰੋਧ ਕਰੀਏ? ਦੇਖੋ ਜਲਦਬਾਜ਼ੀ ਨਾ ਕਰੋ ਗੱਲ ਨੂੰ ਸਮਝਣ ਦਾ ਯਤਨ ਕਰੋ। ਵਿਰੋਧ ਕਰਨ ਲਈ ਬੜੇ ਮਸਲੇ ਹਨ ਜਿਨ੍ਹਾਂ ਦੇ ਭੰਡਾਰ ਭਰੇ ਪਏ ਹਨ ਬਸ ਦੇਖਣ ਵਾਲੀ ਅੱਖ ਚਾਹੀਦੀ ਹੈ। ਗਲਤ ਗੱਲ ਦਾ ਤਾਂ ਹਰ ਕੋਈ ਵਿਰੋਧ ਕਰਦਾ ਹੈ ਤੁਸੀਂ ਸਹੀ ਗੱਲ ਦਾ ਵੀ ਵਿਰੋਧ ਕਰੋ। ਕੀ ਕਿਹੈ? ਸਹੀ ਗੱਲ ਦਾ ਵਿਰੋਧ ਕਿਵੇਂ ਕਰੀਏ? ਕੀ ਭੋਲੀਆਂ ਗੱਲਾਂ ਪਏ ਕਰਦੇ ਓ। ਸਾਡੇ ਪੰਜਾਬੀ ਭਾਈਚਾਰੇ ਵਿੱਚ ਤਾਂ ਗੁੱਡੀ ਹੀ ਉਸ ਦੀ ਚੜ੍ਹਦੀ ਹੈ ਜੋ ਸਹੀ ਗੱਲ ਨੂੰ ਗਲਤ ਦਾ ਲੇਬਲ ਲਾ ਉਸਦਾ ਵਿਰੋਧ ਕਰਨ ਦੀ ਯੋਗਤਾ ਰਖਦਾ ਹੋਵੇ। ਅੱਜਕਲ ਸੱਤਾਧਾਰੀ ਹਕੂਮਤ ਦਾ ਵਿਰੋਧ ਬੜਾ ਲਾਹੇਵੰਦ ਸਾਬਤ ਹੋ ਰਿਹੈ। ਸਰਕਾਰ ਕੋਈ ਵੀ ਕਾਨੂੰਨ ਪਾਸ ਕਰੇ ਤੁਸਾਂ ਡਟ ਕੇ ਵਿਰੋਧ ਕਰੋ। ਮਿਸਾਲ ਦੇ ਤੌਰ 'ਤੇ ਭਾਰਤ 'ਚ ਨਾਗਰਿਕਤਾ ਬਿਲ ਪਾਸ ਹੋਇਆ, ਵਿਰੋਧੀਆਂ ਮੌਕਾ ਸਾਂਭ ਲਿਆ ਅਤੇ ਇਸ ਤੋਂ ਪਹਿਲਾਂ ਕਿ ਲੋਕੀਂ ਇਸ ਬਿਲ ਦੇ ਨਫੇ ਨੁਕਸਾਨ ਸਮਝਣ ਉਨ੍ਹਾਂ ਵਿਰੋਧ ਕਰ ਆਪਣੀ ਲੀਡਰੀ ਚਮਕਾ ਲਈ। ਹੁਣ ਕਿਸਾਨਾਂ ਦੀ ਬੇਹਤਰੀ ਲਈ ਕੋਈ ਬਿਲ ਪੇਸ਼ ਕੀਤਾ ਗਿਐ ਤਾਂ ਵਿਰੋਧੀਆਂ ਇਹ ਮੌਕਾ ਵੀ ਖੁੰਝਣ ਨਹੀਂ ਦਿੱਤਾ। ਸਰਦਾਰਾ ਸਿੰਘ ਜੌਹਲ ਅਰਥਸ਼ਾਸ਼ਸਤਰੀ ਹੁਰਾਂ ਦੱਸਣਾ ਚਾਹਿਆ ਕਿ ਇਸ ਬਿਲ ਵਿੱਚ ਕਿਸਾਨ ਵਿਰੋਧੀ ਕੁਝ ਵੀ ਨਹੀਂ ਪਰ ਨੱਕਾਰ ਖਾਨੇ ਵਿੱਚ ਤੂਤੀ ਦੀ ਅਵਾਜ਼ ਕੌਣ ਸੁਣਦਾ ਹੈ। ਕਿਸਾਨ ਤਾਂ ਉਂਝ ਵੀ ਸੋਚਣ ਸਮਝਣ ਜਿਹੀ ਖੇਚਲ ਤੋਂ ਪਰਹੇਜ਼ ਕਰਦੇ ਹਨ। ਤਿੰਨ ਤਲਾਕ ਬਿਲ ਮੁਸਲਮ ਔਰਤਾਂ ਅਤੇ ਸਭਿਅਕ ਸਮਾਜ ਦੇ ਹਿਤ 'ਚ ਹੈ ਪਰ ਅਸਾਂ ਆਪਣਾ ਵਿਰੋਧ ਦਰਜ ਕਰਾਉਣਾ ਹੀ ਹੈ। ਬਸ 'ਲਲਾ ਲਲਾ' ਕਰ ਵਿਰੋਧ ਦਾ ਝੱਖੜ ਝੁਲਾ ਦਿਓ। ਥੋੜੀ ਜਿਹੀ ਹਿੰਮਤ ਜੁਟਾ ਸਕੋ ਤਾਂ ਭਰੀ ਸਭਾ ਵਿੱਚ ਕਿਸੇ ਵੱਡੇ ਮੰਤਰੀ ਦੇ ਜੁੱਤੀ ਦੇ ਮਾਰੋ। ਦੇਖੋ ਅਪੋਜੀਸ਼ਨ ਪਾਰਟੀਆਂ ਨੂੰ ਸਰਕਾਰ ਵਿਰੋਧੀਆਂ ਦੀ ਬੜੀ ਸ਼ਿੱਦਤ ਨਾਲ ਤਲਾਸ਼ ਰਹਿਂਦੀ ਹੈ। ਬਸ ਇੱਥੋਂ ਹੀ ਐਂਟਰੀ ਮਾਰੋ। ਸੱਤਾਧਾਰੀਆਂ ਤਾਂ ਧਾਨੂੰ ਨੇੜੇ ਨੀ ਢੁੱਕਣ ਦੇਣਾ ਕਿਓਂਕਿ ਉਨ੍ਹਾਂ ਪਹਿਲਾਂ ਸੀਨੀਅਰ ਵਿਰੋਧੀਆਂ ਦਾ ਕਰਜਾ ਲਾਹੁਣਾ ਹੈ ਪਰ ਅਪੋਜੀਸ਼ਨ ਵਾਲਿਆਂ ਧਾਨੂੰ ਫੁੱਲਾਂ ਦਾ ਹਾਰ ਪਾ ਗਲ ਨਾਲ ਲਾਉਣਾ ਹੈ। ਯਾਦ ਰੱਖਿਓ ਇੱਕ ਵਾਰ ਗੱਡੀ ਲੀਹੇ ਪਈ ਰੁਕਣੀ ਨਹੀਂ ਜੇ। ਕੀ ਕਿਹੈ ਪਰਦੇਸ ਵਿੱਚ ਹੋ ਤਾਂ ਜਨਾਬ ਇਸ ਦਾ ਵੀ ਨੁਸਖਾ ਹੈ ਅਸਾਂ ਪਾਸ। ਇੱਧਰ ਪਹਿਲਾਂ ਕਾਂਗਰਸ ਵਿਰੋਧ ਬੜਾ ਕਾਰਗਰ ਸੀ ਹੁਣ ਬੀ ਜੇ ਪੀ ਵਿਰੋਧ ਸੁਪਰਹਿਟ ਹੈ। ਭਾਰਤ ਵਿਰੋਧ ਦਾ ਫੱਟਾ ਲਾ ਬੈਠ ਜਾਓ। ਵਿਦੇਸ਼ੀਂ ਇਸ ਵਿਰੋਧ ਦੀ ਬੜੀ ਮੰਗ ਹੈ। ਭਾਰਤ ਸਰਕਾਰ ਚੰਗਾ ਮਾੜਾ ਜੋ ਵੀ ਬਿਲ/ਆਰਡੀਨੈਂਸ ਪਾਸ ਕਰੇ ਬਸ ਵਿਰੋਧ ਦਾ ਝੰਡਾ ਗੱਡ ਦਿਓ। ਓਥੇ ਘੱਟਗਿਣਤੀਆਂ ਨਾਲ ਧੱਕੇ ਦਾ ਵਿਰੋਧ ਕਰੋ। ਭਾਰਤ ਵਿੱਚ ਘੱਟਗਿਣਤੀਆਂ ਨਾਲ ਹੁੰਦੇ ਤਸ਼ੱਦਦ ਦੀ ਐਸੀ ਤਸਵੀਰ ਪੇਸ਼ ਕਰੋ ਕਿ ਓਥੇ ਜਾਣ ਵਾਲਿਆਂ ਦੀਆਂ ਬਨ੍ਹੀਆਂ ਅਟੈਚੀਆਂ ਖੁਲ੍ਹ ਜਾਣ। ਵੱਖਵਾਦੀਆਂ ਨਾਲ ਗੰਢਤੁੱਪ ਕਰੋ। ਕੀ ਕਿਹੈ ਝੂਠ ਬੋਲਣ ਲਈ ਜਮੀਰ ਨਹੀਂ ਜੇ ਮੰਨਦੀ। ਬਸ ਸਰ ਗਿਆ ਤੁਹਾਡਾ ਤਾਂ। ਜਮੀਰ ਦੀ ਸੁਨਣੀ ਹੈ ਤਾਂ ਬਸ ਫਟੀਚਰ ਬਣੇ ਘੁੰਮਦੇ ਰਹੋ। ਕਿਸੇ ਟਕੇ ਸੇਰ ਨਹੀਂ ਜੇ ਪੁੱਛਣਾ। ਜੇਬ ਖਾਲੀ ਹੋ ਗਈ ਤਾਂ ਘਰਦਿਆਂ ਵੀ ਬਾਹਰ ਦਾ ਰਸਤਾ ਦਿਖਾਉਣਾ ਹੈ। ਮੇਰੀ ਮੰਨ ਲਓ ਪੱਕੇ ਵਿਰੋਧੀ ਬਣ ਜਾਓ। ਹੋ ਸਕੇ ਤਾਂ ਨਾਂਅ ਨਾਲ ਸਰਨੇਮ ਵਾਂਗੂੰ 'ਵਿਰੋਧੀ' ਤਖੱਲਸ ਚੇਪ ਲਓ। ਜਿਵੇਂ ਫਲਾਣਾ ਸਿੰਘ 'ਵਰੋਧੀ'। ਮੈਂ ਕਿਹੈ ਛਾ ਜਾਓਗੇ ਭਾਈਚਾਰੇ ਵਿੱਚ। ਲੋਕੀਂ ਵਿਰੋਧੀ ਜੀ ਨੂੰ ਭਾਲਦੇ ਫਿਰਨਗੇ। ਜਦ ਅਸਮਾਨੀਂ ਚੜ੍ਹੇ ਫਿਰੋਗੇ ਤਾਂ ਮੇਰੇ ਵਰਗੇ ਨਸੀਹਤ ਦੇਣ ਵਾਲੇ ਫਟੀਚਰ ਨੂੰ ਯਾਦ ਕਰੋਗੇ। ਕੀ ਕਿਹੈ ਐਨੀਂ ਬੇਸ਼ਕੀਮਤੀ ਸਲਾਹ ਦੇਣ ਵਾਲਾ ਆਪ ਕਿਓਂ ਫਟੀਚਰ ਰਹਿ ਗਿਆ? ਦਸਦਾ ਹਾਂ। ਤੁਸਾਂ ਆਪਣੇ ਬੰਦੇ ਹੋ ਅੱਗੇ ਗੱਲ ਨਾ ਕਰਨਾ। ਮੈਂ ਦਰਅਸਲ ਵਿਰੋਧ ਕਰਨ ਦਾ ਅਰੰਭ (ਸ਼ਿਰੀ ਗਣੇਸ਼) ਹੀ ਗਲਤ ਕਰ ਬੈਠਾ। ਆਪਣੀ ਘਰਵਾਲੀ ਦਾ ਵਿਰੋਧ ਕੀਤਾ ਤਾਂ ਮੇਹਰਬਾਨ ਨਤੀਜਾ ਧਾਡੇ ਸਾਹਮਣੇ ਹੈ। ਬਸ ਆਪ ਇਹ ਗਲਤੀ ਭੁੱਲ ਕੇ ਵੀ ਨਾ ਕਰਨਾ ਬਾਕੀ ਰੱਬ ਰਾਖਾ!

ਹਰਜੀਤ ਦਿਉਲ, ਬਰੈਂਪਟਨ।


     

ਇੱਜੜ ਬਿਰਤੀ!

- ਹਰਜੀਤ ਦਿਓਲ, ਬਰੈਂਪਟਨ

ਸੈਰ ਕਰਦਿਆਂ ਇੱਕ ਮਕਾਨ ਅੱਗੇ ਲਿਖਿਆ ਦੇਖਿਆ 'ਲਾਰਡ ਇਜ਼ ਅਵਰ ਸ਼ੇਫਰਡ'। ਯਕੀਨਨ ਇਹ ਕਿਸੇ ਸਮਰਪਤ ਕ੍ਰਿਸ਼ਚੀਅਨ ਦਾ ਘਰ ਹੋਵੇਗਾ। ਇਸ ਦਾ ਭਾਵ ਹੈ ਕਿ ਪਰਮਾਤਮਾ ਸਾਡਾ ਆਜੜੀ 'ਤੇ ਅਸੀਂ ਉਸ ਦਾ ਇੱਜੜ ਹਾਂ। ਬਹੁਤੀ ਧਾਰਮਕ ਬਿਰਤੀ ਵਾਲੇ ਲਗਭਗ ਸਾਰੇ ਧਰਮਾਂ ਦੇ ਲੋਗ ਇਵੇਂ ਹੀ ਸੋਚਦੇ ਹਨ। ਬਹੁਤੇ ਧਾਰਮਕ ਗ੍ਰੰਥਾਂ ਵਿੱਚ ਆਪਣੇ ਆਪ ਨੂੰ ਪਰਮਾਤਮਾ ਦਾ ਨੌਕਰ/ਸੇਵਕ ਆਦਿ ਕਹਿ ਉਸ ਸਰਵਸ਼ਕਤੀ ਸ਼ਾਲੀ ਈਸ਼ਵਰ ਦੀ ਉਸਤਤ ਕੀਤੀ ਮਿਲਦੀ ਹੈ। ਤਾਂ ਹੀ ਕਾਰਲਮਾਰਕਸ ਨੇ ਧਰਮਾਂ ਨੂੰ ਦੁਖੀ ਜੀਵਾਂ ਦੀ ਕੁਰਲਾਹਟ ਦੱਸਿਆ ਹੈ। ਸਮਝਿਆ ਜਾਂਦਾ ਹੈ ਕਿ ਰੱਬ ਅੱਗੇ ਆਪਣੇ ਆਪ ਨੂੰ ਬੇਬਸ ਅਤੇ ਲਾਚਾਰ ਪੇਸ਼ ਕਰਕੇ ਰੋਣ ਧੋਣ ਨਾਲ ਉਹ ਅਤਿਅੰਤ ਪ੍ਰਸੰਨ ਹੁੰਦਾ ਹੋਵੇਗਾ ਅਤੇ ਸਾਡੇ 'ਤੇ ਤਰਸ ਕਰ ਸਾਡੀਆਂ ਕੁਝਕੁ ਮੁਰਾਦਾਂ ਪੂਰੀਆਂ ਕਰ ਦੇਵੇਗਾ। ਘੋਖ ਕੀਤਿਆਂ ਜਾਣਿਆ ਜਾ ਸਕਦਾ ਹੈ ਕਿ ਇਹ ਨਿਰਾਪੁਰਾ ਵਹਿਮ ਹੀ ਹੈ ਪਰ ਫਿਰ ਵੀ ਬਹੁਗਿਣਤੀ ਇਸੇ ਇੱਜੜ ਬਿਰਤੀ (ਦ ਹਰਡ ਇਂਸਟਿੰਕਟ) ਦਾ ਸ਼ਿਕਾਰ ਬਣੇ ਰਹਿਂਦੇ ਹਨ। ਪ੍ਰਸਿੱਧ ਮਨੋਵਿਸ਼ਲੇਸ਼ਕ ਫਰਾਇਡ ਇਸ ਬਿਰਤੀ ਦੀ ਤਫਸੀਲ 'ਚ ਜਾਂਦਿਆਂ ਫਰਮਾਇਆ ਹੈ ਕਿ ਇਹ ਬਿਰਤੀ ਇਨਸਾਨ ਦੀ ਵਿਵੇਕਸ਼ੀਲ ਸੋਚ ਨੂੰ ਖੋਰਾ ਲਾਉਂਦਿਆਂ ਉਸ ਨੂੰ ਕੁਰਾਹੇ ਪਈ ਭੀੜ ਦਾ ਹਿੱਸਾ ਬਨਣ ਲਈ ਪ੍ਰੇਰਦੀ ਹੈ। ਭੀੜ ਮਨੋਵਿਗਿਆਨ (ਮੌਬ ਸਾਈਕਾਲੌਜੀ) ਦੇ ਵਿਸ਼ਲੇਸ਼ਣ ਨਤੀਜੇ ਵੀ ਇਸ ਪਾਸੇ ਹੀ ਸੰਕੇਤ ਕਰਦੇ ਜਾਪਦੇ ਹਨ। ਕਿਸੇ ਗਿਰੋਹ (ਗਰੁੱਪ) ਦਾ ਹਿੱਸਾ ਬਣਦਿਆਂ ਅਚਨਚੇਤ ਹੀ ਮਨੁੱਖ ਆਪਣੀ ਸੋਚ ਉਸ ਗਰੁੱਪ ਦੀ ਸੋਚ ਨਾਲ ਜੋੜ ਲੈਂਦਾ ਹੈ ਅਤੇ ਇਨ੍ਹਾਂ ਸੰਗਠਤ ਗਿਰੋਹਾਂ ਦੀਆ ਕਾਰਵਾਈਆ ਹਮੇਸ਼ਾਂ ਸਮਾਜ ਵਿੱਚ ਅਰਾਜਕਤਾ ਫੈਲਾਉਣ ਦਾ ਸਬਬ ਬਣ ਜਾਂਦੀਆਂ ਹਨ। ਜੇਕਰ ਥੋੜੇ ਲੋਕ ਇਸ ਇੱਜੜ ਬਿਰਤੀ ਤੋਂ ਖਹਿੜਾ ਛੁੜਾ ਆਜਾਦ ਸੋਚ ਦਾ ਪੱਲਾ ਫੜ ਲੈਂਦੇ ਹਨ ਤਾਂ ਅਕਸਰ ਓਹ ਬਹੁਗਿਣਤੀ ਦੀਆਂ ਅੱਖਾਂ 'ਚ ਰੜਕਣ ਲੱਗਦੇ ਹਨ। ਭਾਰਤ ਵਿੱਚ ਇਸ ਬਿਰਤੀ ਨਾਲ ਹੋਏ ਨੁਕਸਾਨ ਦੀਆਂ ਕਈ ਮਿਸਾਲਾਂ ਹਨ। ਪਹਿਲਾਂ ਤਾਂ 47 ਦੀ ਵੰਡ ਵੇਲੇ ਸੰਪਰਦਾਇਕ ਕੱਟੜਤਾ ਨੇ ਇੱਜੜ ਬਿਰਤੀ ਨੂੰ ਹਵਾ ਦੇ ਕੇ ਬੇਅੰਤ ਖੂਨ ਖਰਾਬਾ ਕਰਵਾਇਆ। ਪੰਜਾਬ ਦਾ ਕਾਲਾ ਦੌਰ ਸੰਪਰਦਾਇਕ ਵੰਡਪਾਊ ਤਾਕਤਾਂ ਦਾ ਨਤੀਜਾ ਬਣ ਕੇ ਸਾਮ੍ਹਣੇ ਆਇਆ ਜਿਸ ਦਾ ਅੰਤ 84 ਕਤਲੇਆਮ ਦੇ ਰੂਪ ਵਿੱਚ ਹੋਇਆ। ਭਾਰਤ ਵਿੱਚ ਵਾਪਰੇ ਕਈ ਹਿੰਦੂਮੁਸਲਮ ਦੰਗੇ ਇਸ ਬਿਰਤੀ ਦਾ ਹੀ ਪ੍ਰਕਟਾਵਾ ਸਨ। ਅੱਜਕਲ ਵੀ ਬਹੁਤੇ ਰੋਸ ਵਿਖਾਵਿਆਂ/ ਅੰਦੋਲਨਾਂ ਦੌਰਾਨ ਤੱਥਾਂ ਨੂੰ ਸਮਝਣ ਦੀ ਥਾਂ ਸੰਪਰਦਾਇਕ ਸਦਭਾਵਨਾ ਨੂੰ ਖੋਰਾ ਲਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਲਈ ਇਸ ਮਾਰੂ ਮਨੋਬਿਰਤੀ ਤੋਂ ਸੁਚੇਤ ਰਹਿ ਕੇ ਆਜਾਦ ਸੋਚ ਦਾ ਧਾਰਨੀ ਬਨਣਾ ਚਾਹੀਦਾ ਹੈ। ਇਸੇ 'ਚ ਸਮਾਜ ਦੀ ਭਲਾਈ ਹੈ। ਇਨਸਾਨੀਅਤ ਦਾ ਇਹੀ ਤਕਾਜਾ ਹੈ।

-ਖ਼ਬਰਨਾਮਾ #1100, ਅਕਤੂਬਰ 23-2020

 


ਅਜਮੇਰ ਸਿੰਘ, ਪ੍ਰਭਸ਼ਰਨ ਭਰਾ ਤੇ ਮਸਲਾ ਸਿੱਖ ਹੋਮਲੈਂਡ ਦਾ

-ਹਰਜੀਤ ਦਿਓਲ, ਬਰੈਂਪਟਨ

ਫੋਨ: 905-676-9242

ਅੱਜ ਤੋਂ ਕੋਈ 15 ਕੁ ਸਾਲ ਪਹਿਲਾਂ ਫਰੀਦਾਬਾਦ ਰਹਿੰਦਿਆਂ ਜਦ ਅਸੀਂ ਕੈਨੇਡਾ ਦੀ ਇਮੀਗਰੇਸ਼ਨ ਲਈ ਅਪਲਾਈ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਪਤੀ-ਪਤਨੀ ਦਾ ਮੈਰਿਜ ਸਰਟੀਫਿਕੇਟ ਦਸਤਾਵੇਜ਼ਾਂ 'ਚ ਲੱਗਣਾ ਹੈ, ਇਸ ਲਈ ਬਣਵਾ ਲਿਆ ਜਾਵੇ। ਪੰਜਾਬ ਵਿਖੇ ਹੋਏ ਸਾਡੇ ਵਿਆਹ ਨੂੰ ਕੋਈ 25 ਕੁ ਸਾਲ ਹੋ ਚੁਕੇ ਸਨ ਤੇ ਜਾਹਰ ਹੈ, ਉਦੋਂ ਇਸ ਸਰਟੀਫਿਕੇਟ ਦੀ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ ਸੀ। ਮੈਂ ਆਪਣੇ ਸਾਲਾ ਸਾਹਿਬ ਨੂੰ ਸੰਪਰਕ ਕਰਕੇ ਜਾਣਨਾ ਚਾਹਿਆ ਕਿ ਇਹ ਦਸਤਾਵੇਜ਼ ਚਾਹੀਦਾ ਹੈ, ਇਸ ਦੀ ਪ੍ਰਾਪਤੀ ਦਾ ਰਾਹ ਦੱਸਿਆ ਜਾਵੇ। ਉਨ੍ਹਾਂ ਕਚਹਿਰੀ ਜਾ ਕੇ ਇਸ ਬਾਰੇ ਦਰਿਆਫਤ ਕੀਤਾ ਅਤੇ ਦੱਸਿਆ, "ਆ ਜਾਓ, ਇਹ ਕੰਮ ਹੋ ਜਾਵੇਗਾ।" ਖਰਚਾ ਕੋਈ ਛੇ-ਸੱਤ ਹਜ਼ਾਰ ਦਾ ਦੱਸਿਆ ਗਿਆ।

ਕੈਨੇਡਾ ਲਈ ਇਹ ਕੌੜਾ ਘੁੱਟ ਤਾਂ ਭਰਨਾ ਹੀ ਪੈਣਾ ਸੀ। ਮੈਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਉਣ ਲੱਗਾ। ਅਚਾਨਕ ਮੈਂ ਸੋਚਿਆ, ਪਈ ਇੱਥੇ ਫਰੀਦਾਬਾਦ ਦੀ ਕਚਹਿਰੀ ਵੀ ਕਿਉਂ ਨਾ ਪਤਾ ਕਰ ਲਿਆ ਜਾਵੇ! ਜੇ ਪੰਜ-ਸੱਤ ਸੌ ਵੱਧ ਖਰਚ ਕੇ ਇੱਥੇ ਹੀ ਕੰਮ ਹੋ ਜਾਵੇ ਤਾਂ ਪੰਜਾਬ ਆਉਣ-ਜਾਣ ਦਾ ਝੰਜਟ ਮੁੱਕ ਜਾਵੇਗਾ। ਅਗਲੇ ਦਿਨ ਮੈਂ ਕਚਹਿਰੀ ਗਿਆ ਅਤੇ ਇਸ ਦਸਤਾਵੇਜ਼ ਨੂੰ ਹਾਸਲ ਕਰਨ ਦਾ ਰਾਹ ਪੁੱਛ ਆਇਆ। ਸੱਚ ਜਾਣਿਓ, ਉਸ ਤੋਂ ਅਗਲੇ ਦਿਨ ਅਸੀਂ ਪਤੀ-ਪਤਨੀ ਜਰੂਰੀ ਕਾਗਜ਼ਾਤ ਲੈ ਕੇ ਕਚਹਿਰੀ ਚਲੇ ਗਏ ਅਤੇ ਚਾਰ ਘੰਟੇ ਵਿਚ ਸਿਰਫ 750 ਰੁਪਏ ਖਰਚ ਕੇ ਸਰਟੀਫਿਕੇਟ ਲੈ ਕੇ ਘਰ ਆ ਗਏ।

ਫਰੀਦਾਬਾਦ ਸਥਿਤ ਰੈਫਰਿਜਰੇਟਰ ਫੈਕਟਰੀ ਤੋਂ ਵਾਲੰਟੀਅਰ ਰਿਟਾਇਰਮੈਂਟ ਲੈ ਅਸੀਂ ਕੈਨੇਡਾ ਆ ਗਏ। ਕੁਝ ਸਮੇਂ ਬਾਅਦ ਅਸੀਂ ਫਰੀਦਾਬਾਦ ਆਪਣਾ ਮਕਾਨ ਵੇਚ ਪੰਜਾਬ ਮਾਛੀਵਾੜਾ ਵਿਖੇ ਮਕਾਨ ਖਰੀਦ ਲਿਆ, ਕਿਉਂਕਿ ਕਰੀਬ ਸਾਰੀਆਂ ਰਿਸ਼ਤੇਦਾਰੀਆਂ ਇੱਧਰ ਹੀ ਸਨ। ਮਕਾਨ ਦੀ ਖਰੀਦੋ ਫਰੋਖਤ ਅਤੇ ਹੋਰ ਕਈ ਕੰਮਾਂ ਦੌਰਾਨ ਕੁਝ ਹੋਰ ਕੌੜੇ ਤਜ਼ਰਬੇ ਹੋਏ, ਜਿਨ੍ਹਾਂ ਕਰਕੇ ਮੈਂ ਜਾਣਿਆ ਕਿ ਪੰਜਾਬ 'ਚ ਸਿੱਖੀ ਸਰੂਪ ਵਿਚ ਅਹੁਦਿਆਂ 'ਤੇ ਬੈਠਾ ਅਮਲਾ ਫੈਲਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਾਹਰਲੀਆਂ ਸਟੇਟਾਂ ਦੇ ਗੈਰ-ਸਿੱਖਾਂ ਤੋਂ ਕਿਸੇ ਪਾਸੋਂ ਵੀ ਘੱਟ ਨਹੀਂ, ਮਾਸਾ ਵੱਧ ਹੀ ਹੈ। ਇੱਕ ਦਿਨ ਕਿਸੇ ਕੰਮ ਲਈ ਬਿਜਲੀ ਦੇ ਦਫਤਰ ਗਿਆ ਤਾਂ ਮੈਨੂੰ ਅਗਲੇ ਦਿਨ ਆਉਣ ਲਈ ਕਿਹਾ ਗਿਆ, ਕਿਉਂਕਿ ਦਫਤਰ ਵਿਖੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਅਸੀਂ ਕਦੋਂ ਸਮਝਾਂਗੇ ਕਿ ਇਸੇ ਲਈ ਅਸੀਂ "ਵਰਕ ਇਜ਼ ਵਰਸ਼ਿਪ" ਨੂੰ ਤਰਜੀਹ ਦੇਣ ਵਾਲੇ ਪੱਛਮੀ ਦੇਸ਼ਾਂ ਵੱਲ ਕੂਚ ਕਰਨ ਲਈ ਮਜਬੂਰ ਹਾਂ। ਸਿਰਫ ਬਾਹਰੀ ਦਿੱਖ ਨਹੀਂ, ਸਗੋਂ ਬੇਦਾਗ ਚਰਿੱਤਰ ਹੀ 'ਖਾਲਸਾ' ਅਖਵਾਉਣ ਦਾ ਹੱਕ ਦਿੰਦਾ ਹੈ। ਇਸ ਨੂੰ ਸਮਝਣਾ ਜਰੂਰੀ ਹੈ।

'ਪੰਜਾਬ ਟਾਈਮਜ਼' ਦੇ ਸਫਿਆਂ 'ਤੇ ਸਿੱਖ ਹੋਮਲੈਂਡ ਦੀ ਪ੍ਰਾਪਤੀ ਲਈ ਵਿਦਵਾਨਾਂ ਦੀ ਜੱਦੋਜਹਿਦ ਅਤੇ ਇਸ 'ਤੇ ਉਠ ਰਹੇ ਸ਼ੰਕੇ ਦਿਲਚਸਪ ਮੋੜ ਲੈ ਰਹੇ ਹਨ। 'ਸਿੱਖ ਵਿਰਸਾ' ਦੇ ਸੰਪਾਦਕ ਸ਼ ਹਰਚਰਨ ਸਿੰਘ ਪਰਹਾਰ ਨੇ ਜਿਸ ਬੇਬਾਕੀ ਨਾਲ ਕੁਰਾਹੇ ਪਏ ਬੇਲਗਾਮ ਸੰਘਰਸ਼ ਦਾ ਸੱਚ ਬਿਆਨਿਆ ਹੈ, ਸ਼ਲਾਘਾਯੋਗ ਹੈ। ਵਿਦਵਾਨ ਪ੍ਰਭਸ਼ਰਨ ਭਰਾ ਲਿਖਦੇ ਹਨ ਕਿ ਪੰਜਾਬ 'ਚ ਸੰਘਰਸ਼ ਦੌਰਾਨ ਜੁਝਾਰੂ ਸਿੰਘ ਗੁਰਬਾਣੀ ਦਾ ਆਸਰਾ ਲੈ ਆਤਮਕ ਸਫਰ ਦੀ ਸੁਰਜੀਤੀ ਦੇ ਰਾਹ ਪਏ ਸਨ। ਵਾਹ! ਗੁਰਬਾਣੀ ਦੀ ਇਹ ਕਿਹੋ ਜਿਹੀ ਪ੍ਰੇਰਣਾ ਸੀ, ਜੋ ਲੁੱਟਾਂ ਖੋਹਾਂ ਅਤੇ ਮਾਸੂਮਾਂ ਦੀਆਂ ਬੇਕਿਰਕ ਹੱਤਿਆਵਾਂ ਦਾ ਕਾਰਨ ਬਣਦੀ ਸੀ। ਡੀ ਆਈ ਜੀ ਅਟਵਾਲ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੀਆਂ ਕੰਪਲੈਕਸ ਦੇ ਅੰਦਰ ਹੀ ਹਤਿਆਵਾਂ, ਕੀ ਪੁਲਿਸ ਨੂੰ ਕੰਪਲੈਕਸ ਦੇ ਅੰਦਰ ਆਉਣ ਦਾ ਖੁਲ੍ਹਾ ਚੈਲੰਜ ਦੇਣ ਦੇ ਤੁਲ ਨਹੀਂ ਸਨ? 1989 ਦੀਆਂ ਚੋਣਾਂ ਵਿਚ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਸਾਥੀ ਭਾਰੀ ਬਹੁਗਿਣਤੀ ਨਾਲ ਚੋਣਾਂ ਜਿੱਤ ਗਏ, ਪਰ ਉਸ ਤੋਂ ਪਿਛੋਂ ਪੰਜਾਬ ਦੀ ਧਰਤੀ 'ਤੇ ਫੈਡਰੇਸ਼ਨ ਦੇ ਵਖ ਵਖ ਧੜਿਆਂ ਅਤੇ ਖਾੜਕੂਆਂ ਨੇ ਆਮ ਲੋਕਾਂ ਨੂੰ ਜਿਸ ਤਰ੍ਹਾਂ ਦਿਨੇ ਤਾਰੇ ਵਿਖਾਏ, ਕੀ ਉਹ ਦਿਨ ਅਜਮੇਰ ਸਿੰਘ ਜਾਂ ਪ੍ਰਭਸ਼ਰਨ ਭਰਾਵਾਂ ਨੂੰ ਭੁਲ ਗਏ ਹਨ।

ਅਕਸਰ ਕਿਹਾ ਜਾਂਦੈ ਕਿ ਬਾਕੀ ਗੁਰਦੁਆਰਿਆਂ 'ਤੇ ਹਮਲੇ ਕਿਉਂ ਹੋਏ? ਸੱਚ ਇਹ ਹੈ ਕਿ ਹੋਰ ਗੁਰਦੁਆਰਿਆਂ ਵਿਚ ਵੀ ਖਾੜਕੂਆਂ ਨੇ ਡੇਰੇ ਲਾਏ ਸਨ, ਜਿੱਥੋਂ ਇਹ ਫਰਾਰ ਹੋ ਯੂ. ਪੀ. ਜਾ ਵੜੇ ਸਨ। ਇੱਕ ਸੱਜਣ ਨੇ ਦੱਸਿਆ ਕਿ ਅਜਿਹਾ ਹੀ ਇੱਕ ਖਾੜਕੂ ਟੋਲਾ ਯੂ. ਪੀ. ਵਿਚ ਇੱਕ ਫਾਰਮ 'ਤੇ ਪਹੁੰਚਿਆ, ਏ. ਕੇ. ਸੰਤਾਲੀ ਦੀ ਨੋਕ 'ਤੇ ਖਾਧਾ ਪੀਤਾ, ਰਾਤ ਕੱਟੀ ਅਤੇ ਸਵੇਰੇ ਹਨੇਰੇ ਹੀ ਘਰਦਿਆਂ ਨੂੰ ਉਨ੍ਹਾਂ ਵਲੋਂ ਦੱਸੀ ਜਗ੍ਹਾ ਛੱਡ ਆਉਣਾ ਪਿਆ। ਪਰ ਫਿਰ ਕੁਝ ਦਿਨ ਪਿਛੋਂ ਹੀ ਉਹ ਉਸੇ ਡੇਰੇ 'ਤੇ ਵਾਪਸ ਆ ਗਏ ਤੇ ਪੱਕੇ ਬੰਕਰ ਬਣਾ ਕੇ ਡਟ ਗਏ ਸਨ। ਅਜਮੇਰ ਸਿੰਘ ਤੇ ਪ੍ਰਭਸ਼ਰਨ ਭਰਾਵਾਂ ਨੇ ਰੁਦਰਪੁਰ ਅਤੇ ਪੀਲੀਭੀਤ ਖੇਤਰ ਦੇ ਉਨ੍ਹਾਂ ਡੇਰਿਆਂ ਦੀ ਖਬਰ ਵੀ ਕਦੇ ਜਾ ਕੇ ਲਈ ਹੈ ਕਿ ਲੋਕਾਂ ਨੇ 'ਸਿੱਕਾਸ਼ਾਹੀ' ਦੇ ਉਸ ਦੌਰ ਵਿਚ ਦਿਨ ਕਿੱਦਾਂ ਕੱਟੇ ਸਨ। ਇਸ ਲਹਿਰ ਦੇ ਕਿਸ ਆਗੂ ਵਲੋਂ ਅਜਿਹੇ ਘਿਨਾਉਣੇ ਕੰਮਾਂ ਦੀ ਨਿਖੇਧੀ ਕੀਤੀ ਗਈ? ਜੇ ਮਸਲੇ ਤੱਕ ਸੰਤੁਲਿਤ ਪਹੁੰਚ ਅਪਨਾਉਣ ਵਾਲਿਆਂ ਨੂੰ ਆਰ. ਐਸ਼ ਐਸ਼ ਜਾਂ ਭਾਰਤੀ ਹਕੁਮਤ ਦੇ ਏਜੰਟ ਕਿਹਾ ਜਾ ਸਕਦੈ ਤਾਂ ਭਾਰਤ ਨੂੰ ਤੋੜਨ ਦਾ ਸ਼ੜਯੰਤਰ ਰਚਣ ਵਾਲਿਆਂ ਨੂੰ ਭਾਰਤ ਦੇ ਦੁਸ਼ਮਣਾਂ ਦਾ ਏਜੰਟ ਕਿਉਂ ਨਹੀਂ ਕਿਹਾ ਜਾ ਸਕਦਾ? ਪਾਕਿਸਤਾਨ ਰਾਹੀਂ ਅਤਿਵਾਦ ਨੂੰ ਹਮਾਇਤ ਜੱਗ ਜਾਹਰ ਹੈ, ਭਾਵੇਂ ਇਸ ਦੇ ਭਿਅੰਕਰ ਨਤੀਜੇ ਉਹ ਖੁਦ ਵੀ ਭੁਗਤ ਰਿਹਾ ਹੈ।

ਅੰਤ ਵਿਚ ਪ੍ਰਭਸ਼ਰਨ ਭਰਾਵਾਂ ਤੇ ਅਜਮੇਰ ਸਿੰਘ ਵਰਗੇ ਸਿੱਖ ਚਿੰਤਕਾਂ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਨੌਜਵਾਨਾਂ ਨੂੰ ਵੱਖਵਾਦ ਦੇ ਰਾਹ ਤੋਰ ਕੇ ਆਪਣੀ ਅਮੁੱਲੀ ਵਿਦਵਤਾ ਜਾਇਆ ਨਾ ਕਰਨ, ਜਿਵੇਂ ਕਿ ਅਜਮੇਰ ਸਿੰਘ ਆਪਣੀਆਂ ਕੈਸਟਾਂ ਅੰਦਰ ਪਿਛਲੇ 10-12 ਵਰ੍ਹਿਆਂ ਤੋਂ ਕਰਦਾ ਆ ਰਿਹਾ ਹੈ। ਚਾਹੀਦਾ ਇਹ ਹੈ ਕਿ ਇਹ ਲੋਕ ਉਨ੍ਹਾਂ ਵਿਚ ਉੱਚ ਕਿਰਦਾਰ ਬਹਾਲੀ ਦਾ ਉਪਰਾਲਾ ਕਰ ਆਪਣੀ ਵਿਦਵਤਾ ਸਾਰਥਕ ਕਰਨ, ਜਿਸ ਤਰ੍ਹਾਂ ਕਿ ਅਜਮੇਰ ਸਿੰਘ ਇਸ ਪਾਸੇ ਤੁਰਨ ਦਾ ਜਤਨ ਕਰ ਹੀ ਰਿਹਾ ਹੈ। ਪ੍ਰਭਸ਼ਰਨ ਭਰਾ ਉਸ ਨੂੰ ਦੁਬਾਰਾ ਪੁਠੇ ਰਾਹੇ ਨਾ ਮੋੜਨ।

ਸੱਚ ਤਾਂ ਇਹ ਹੈ ਕਿ ਦੁਨੀਆਂ ਦਾ ਹਰ ਕੋਨਾ ਉਨ੍ਹਾਂ ਲਈ 'ਹੋਮਲੈਂਡ' ਹੈ, ਜਿੱਥੇ ਆਪਣੀ ਪ੍ਰਤਿਭਾ ਅਤੇ ਮਿਸਾਲੀ ਚਰਿੱਤਰ (ਖਾਲਸ) ਨਾਲ ਸਿੱਖੀ ਦੀ ਸ਼ਾਨ ਬਹਾਲ ਕੀਤੀ ਜਾ ਸਕਦੀ ਹੈ। ਖਾਲਸੇ ਦੇ ਬੋਲਬਾਲੇ ਨੂੰ ਅਮਲੀ ਜਾਮਾ ਪਹਿਨਾਉਣ ਦਾ ਇਸ ਤੋਂ ਵਧੀਆ ਕੋਈ ਉਪਾਅ ਨਹੀਂ।

ਖ਼ਬਰਨਾਮਾ #1088, ਜੁਲਾਈ 31-2020

 


ਚਰਚਾ ਸ਼੍ਰੋਮਣੀ ਕਮੇਟੀ, ਸਿੱਖ ਬੁੱਧੀਜੀਵੀ ਅਤੇ ਵਿਤਕਰੇ ਦੀ ਰੱਟ

ਕਿਸੇ ਵਿਦਵਾਨ ਨੇ ਫੁਰਮਾਇਆ ਸੀ ਕਿ ਲੋਕ ਉਸ 'ਤੇ ਹੱਸਦੇ ਹਨ ਕਿ ਉਹ ਸਭ ਤੋਂ ਵੱਖਰਾ ਕਿਉਂ ਸੋਚਦਾ ਹੈ, ਪਰ ਉਹ ਸਭ 'ਤੇ ਹੱਸਦਾ ਹੈ ਕਿ ਸਭ ਇੱਕੋ ਤਰ੍ਹਾਂ ਹੀ ਕਿਉਂ ਸੋਚਦੇ ਹਨ? ਇਨਸਾਨੀ ਦਿਮਾਗ ਦੀ ਇਹੀ ਵਿਲੱਖਣ ਫਿਤਰਤ ਹੈ, ਜੋ ਉਸ ਨੂੰ ਜਾਨਵਰ ਨਾਲੋਂ ਵੱਖ ਕਰਦੀ ਹੈ। ਮਸਲਨ ਇੱਕ ਪਾਸੇ ਧਾਰਮਿਕ ਜਨੂੰਨੀ ਹਨ, ਜੋ ਇੰਨ ਬਿੰਨ ਪੂਰਵਜਾਂ ਦੀਆਂ ਉਲੀਕੀਆਂ ਸ਼ਬਦੀ ਪਗਡੰਡੀਆਂ ਨੂੰ ਲਕੀਰ ਦੇ ਫਕੀਰ ਬਣ ਕੇ ਅਪਨਾਉਂਦੇ ਹਨ, ਜਦੋਂ ਕਿ ਦੂਜੇ ਉਸ ਨੂੰ ਅੱਜ ਦੇ ਸੰਦਰਭ ਵਿਚ ਸਿਰਜਣਾਤਮਕ ਰੂਪ ਵਿਚ ਢਾਲਦੇ ਹਨ। ਵਿਗਿਆਨੀ ਭਾਈਚਾਰਾ ਦੂਜੇ ਕਿਸਮ ਦੇ ਇਨਸਾਨਾਂ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਸਦਕਾ ਦੁਨੀਆਂ ਦਾ ਮੁਹਾਂਦਰਾ ਬਦਲਿਆ ਹੈ।

ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੀ ਰਾਜਨੀਤੀ ਦੇ ਸੰਦਰਭ ਵਿਚ 9 ਮਾਰਚ 2020 ਨੂੰ ਹੋਈ ਇੱਕ ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਇੱਕ ਛੋਟੀ ਜਿਹੀ ਤਕਰੀਰ ਸੁਣਨ ਨੂੰ ਮਿਲੀ, ਜਿਸ ਵਿਚ ਸ਼ ਸਿੱਧੂ ਅੱਜ ਤੋਂ ਸੌ, ਡੇਢ ਸੌ ਸਾਲ ਪਹਿਲਾਂ ਭਾਰਤੀ ਸਿਆਸਤ 'ਚ ਹੋਈਆਂ ਸਭ ਸਰਗਰਮੀਆਂ ਨੂੰ 'ਫਰਾਡ' ਦੱਸਦੇ ਹਨ। ਉਹ ਤਾਂ ਉਸ ਸਮੇਂ ਬਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਐਕਟ ਨੂੰ ਵੀ ਫਰਾਡ ਦੱਸਦੇ ਹਨ, ਜਦੋਂ ਕਿ ਚੋਣਾਂ ਹੀ ਇੱਕਮਾਤਰ ਲੋਕਤੰਤਰੀ ਪ੍ਰਣਾਲੀ ਹੈ। ਉਨ੍ਹਾਂ ਅਨੁਸਾਰ ਸਾਰਾ ਭਾਰਤੀ ਲੋਕਤੰਤਰ ਫਰਾਡ ਹੈ, ਜੋ ਘੱਟਗਿਣਤੀਆਂ ਦੇ ਘਾਣ ਲਈ ਬਣਿਆ ਹੈ। ਉਨ੍ਹਾਂ ਮੁਤਾਬਕ ਕਾਂਗਰਸ ਤੇ ਭਾਜਪਾ ਇੱਕੋ ਤਰ੍ਹਾਂ ਦੇ ਫਰਾਡ ਹਨ। ਕੁਲ ਮਿਲਾ ਕੇ ਜੇ ਸਭ ਕੁਝ ਫਰਾਡ ਹੈ ਤਾਂ ਸਹੀ ਕੀ ਹੈ? ਇਸ ਦਾ ਜੁਆਬ ਤਾਂ ਉਹ ਹੀ ਜਾਣਦੇ ਹੋਣਗੇ, ਪਰ ਕੀ ਪਤਾ ਹਕੂਮਤ ਵੱਲੋਂ ਸਿੱਖਾਂ ਨਾਲ ਵਧੀਕੀਆਂ ਦਾ ਰਾਗ ਅਲਾਪ ਕੇ ਉਹ ਵੱਖਵਾਦ ਦਾ ਰਾਹ ਪੱਧਰਾ ਕਰਨਾ ਲੋਚਦੇ ਹੋਣ! ਉਨ੍ਹਾਂ ਦੀ ਤਕਰੀਰ ਤੋਂ ਤਾਂ ਇਹੀ ਜਾਪਦਾ ਹੈ।

ਜਸਪਾਲ ਸਿੰਘ ਸਿੱਧੂ ਜਿਹਿਆਂ ਦੇ ਉਠਾਏ ਕੁਝ ਕੁ ਨੁਕਤਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨੇ ਚਾਹਾਂਗਾ। ਬਹੁਤੀ ਡੂੰਘਾਈ 'ਚ ਨਾ ਜਾ ਕੇ ਕੁਝ ਕੁ ਬੁਨਿਆਦੀ ਸਵਾਲਾਂ ਦੇ ਜਵਾਬ ਆਪ ਮੁਹਾਰੇ ਹੀ ਮਿਲ ਜਾਂਦੇ ਹਨ। ਜੱਗ ਜਾਹਰ ਹੈ ਕਿ ਅਜ਼ਾਦੀ ਪਿਛੋਂ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਪਿਛੋਂ ਦੇਸ਼ ਤਰੱਕੀ ਦੇ ਰਾਹ ਪਿਆ। ਪੰਡਿਤ ਨਹਿਰੂ ਉੱਤਰ ਪ੍ਰਦੇਸ਼ ਜਾਂ ਕਹੀਏ ਹਿੰਦੂ ਹਾਰਟਲੈਂਡ (ਬਿਹਾਰ ਸਮੇਤ) ਤੋਂ ਸਨ, ਜਿੱਥੋਂ 50 ਸਾਲਾਂ ਤੋਂ ਰੋਜੀ ਰੋਟੀ ਦੀ ਭਾਲ 'ਚ ਅੱਜ ਤੱਕ ਪੰਜਾਬ 'ਚ ਭੱਈਆਂ ਦੀ ਆਮਦ ਬਰਕਰਾਰ ਹੈ, ਜਿਨ੍ਹਾਂ ਨੇ ਪੰਜਾਬ ਦੀ ਹਰੀ ਕ੍ਰਾਂਤੀ ਵਿਚ ਦਲਿਤਾਂ ਵਾਂਗ ਨਿੱਠ ਕੇ ਮਿਹਨਤ ਕਰ ਕੇ ਯੋਗਦਾਨ ਪਾਇਆ।

ਪਰ ਪੰਜਾਬ ਅੰਦਰ ਉਨ੍ਹਾਂ ਦੀ ਔਕਾਤ ਘਸਿਆਰਿਆਂ ਤੋਂ ਵੱਧ ਨਹੀਂ ਹੈ। ਕੀ ਸ਼ ਸਿੱਧੂ ਦੱਸਣਗੇ ਕਿ ਨਵੀ ਦਿੱਲੀ 'ਚ ਯੂ. ਐਨ. ਆਈ. ਦੇ ਸੇਵਾ ਕਾਲ ਦੌਰਾਨ ਜਿਸ ਨੂੰ ਉਹ ਸਜ਼ਾ ਦੱਸਦੇ ਹਨ, ਉਨ੍ਹਾਂ ਨੂੰ ਕਦੀ ਕਿਸੇ ਨੇ ਘਸਿਆਰੇ ਹੋਣ ਦਾ ਅਹਿਸਾਸ ਦਿਤਾ ਸੀ? ਪੰਜਾਬ ਤੋਂ ਬਾਹਰ ਦਿੱਲੀ, ਕਾਨ੍ਹਪੁਰ, ਕਲਕੱਤਾ, ਮੁੰਬਈ ਜਾਂ ਤਰਾਈ 'ਚ ਵੱਸੇ ਹੋਏ ਸਿੱਖ ਭਾਈਚਾਰੇ ਦੇ ਲੋਕ ਪੰਜਾਬ ਵਿਚ ਆ ਕੇ ਮੁਸ਼ੱਕਤ ਕਰਕੇ ਘਸਿਆਰਿਆਂ ਵਾਂਗ ਗੁਜ਼ਰ ਬਸਰ ਕਰਨ ਵਾਲੇ ਯੂ. ਪੀ. ਜਾਂ ਬਿਹਾਰ ਦੇ ਭੱਈਆਂ ਵਾਂਗ ਕਿਧਰੇ ਵੀ ਕੀ ਉਨ੍ਹਾਂ ਨੂੰ ਘਸਿਆਰੇ ਬਣੇ ਨਜ਼ਰ ਆਉਂਦੇ ਹਨ? ਕੀ ਹਿੰਦੂ ਹਾਰਟਲੈਂਡ ਪੰਜਾਬ, ਤਾਮਿਲਨਾਡੂ ਜਾਂ ਬੰਗਾਲ 'ਤੇ ਅੱਜ ਉਸ ਤਰ੍ਹਾਂ ਰਾਜ ਕਰ ਰਹੀ ਹੈ, ਜਿਸ ਤਰ੍ਹਾਂ 1947 ਤੋਂ ਪਹਿਲਾਂ ਭਾਰਤ ਉਤੇ ਗਰੇਟ ਬ੍ਰਿਟੇਨ ਦੀ ਹਾਰਟਲੈਂਡ ਰਾਜ ਕਰਦੀ ਸੀ?

ਪਿੱਛੇ ਜਿਹੇ ਇੱਕ ਸੰਸਥਾ ਦੇ ਸਰਵੇਖਣ ਅਨੁਸਾਰ ਪੰਜਾਬ ਹਾਲੇ ਤੱਕ ਹੋਰਨਾਂ ਬਹੁਤੀਆਂ ਸਟੇਟਾਂ ਨਾਲੋਂ ਖੁਸ਼ਹਾਲ ਹੈ। ਇੱਕ ਹੋਰ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਨਹਿਰੂ ਨੇ ਸਿੱਖਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ। ਵਾਅਦਾ ਸੀ, ਘੱਟਗਿਣਤੀ ਸਿੱਖਾਂ ਨੂੰ ਹੋਰ ਬਹੁਗਿਣਤੀਆਂ ਦੇ ਬਰਾਬਰ ਹੱਕ ਮਿਲਣ ਦਾ, ਜੋ ਤੱਥਾਂ ਦੀ ਇਮਾਨਦਾਰ ਘੋਖ ਪਿਛੋਂ ਬਿਲਕੁਲ ਪੂਰਾ ਕੀਤਾ ਗਿਆ ਹੈ। ਇਸ ਦਾ ਸਬੂਤ ਹੈ, ਅਜ਼ਾਦ ਭਾਰਤ 'ਚ ਹਰ ਖੇਤਰ ਵਿਚ ਸਿੱਖਾਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਰਾਜਨੀਤੀ ਅਤੇ ਫੌਜ ਵਿਚ ਉਚੇ ਅਹੁਦਿਆਂ ਸਮੇਤ ਜੀਵਨ ਦੇ ਹਰ ਖੇਤਰ 'ਚ ਸਿੱਖਾਂ ਦੀ ਝੰਡੀ ਰਹੀ ਹੈ। ਜੇ ਕਿਸੇ ਕੋਲ ਵਕਤ ਹੋਵੇ ਤਾਂ ਉੱਤਰ ਪ੍ਰਦੇਸ਼ ਦਾ ਤਰਾਈ ਇਲਾਕਾ ਜਾ ਕੇ ਦੇਖਿਆ ਜਾ ਸਕਦਾ ਹੈ, ਜਿੱਥੇ ਪੰਜਾਬੋਂ ਆ ਸਿੱਖਾਂ ਨੇ ਕਿਸਾਨੀ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਸ ਇਲਾਕੇ ਵਿਚ ਰਹਿੰਦੇ ਖੁਸ਼ਹਾਲ ਪੰਜਾਬੀਆਂ ਨੂੰ ਉਥੋਂ ਦੇ ਪ੍ਰਸ਼ਾਸਨ ਨਾਲ ਕਦੇ ਵੀ ਕੋਈ ਸ਼ਿਕਾਇਤ ਨਹੀਂ ਹੋਈ। 1984 ਦੀ ਫਿਰਕਾਪ੍ਰਸਤ ਹਨੇਰੀ ਪਿਛੋਂ ਵੀ ਨਹੀਂ।

ਇਹ ਭਰਮ ਵੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਹਿੰਦੂਤਵ ਸਿੱਖੀ ਲਈ ਖਤਰਾ ਹੈ। 'ਪੰਜਾਬ ਟਾਈਮਜ਼' ਦੇ 28 ਮਾਰਚ ਦੇ ਅੰਕ ਵਿਚ ਛਪਿਆ ਵਿਦਵਾਨ ਪ੍ਰੋ. ਬਲਕਾਰ ਸਿੰਘ ਦਾ ਲੇਖ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਮੁੱਖ ਚੁਣੌਤੀਆਂ' ਬਾਦਲੀਲ ਸਿੱਧ ਕਰਦਾ ਹੈ ਕਿ ਅਯੋਗ ਅਤੇ ਮੌਕਾਪ੍ਰਸਤ ਲੀਡਰਸ਼ਿਪ ਕਾਰਨ ਸਿੱਖੀ ਨੂੰ ਬਾਹਰੋਂ ਨਹੀਂ, ਅੰਦਰੋਂ ਬਹੁਤੀ ਢਾਅ ਲੱਗ ਰਹੀ ਹੈ। ਅਕਲ ਨਾਲੋਂ ਸ਼ਕਲ ਨੂੰ ਅਤੇ ਕੰਮ ਨਾਲੋਂ ਚਾਪਲੂਸੀ ਨੂੰ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ।

ਇਸੇ ਅੰਕ 'ਚ ਛਪਿਆ ਡਾ. ਗੁਰਨਾਮ ਕੌਰ ਦਾ ਲੇਖ ਬੜੀ ਸ਼ਿੱਦਤ ਨਾਲ ਬਿਆਨ ਕਰਦਾ ਹੈ ਕਿ ਕਿਵੇਂ ਬੇਮਤਲਬ ਦੀਆਂ ਮਰਿਆਦਾਵਾਂ ਦੀ ਰਾਖੀ ਦੇ ਨਾਂ 'ਤੇ ਸਤਿਕਾਰ ਕਮੇਟੀਆਂ ਮਾਰਫਤ ਕੱਟੜਤਾ ਸਿੱਖੀ ਦਾ ਗਲਾ ਘੁੱਟ ਰਹੀ ਹੈ। ਇਸੇ ਅੰਕ ਵਿਚ ਦਵਿੰਦਰ ਸਿੰਘ ਘੁੰਮਣ ਵੀ ਨਫਰਤ ਦੀ ਰਾਜਨੀਤੀ ਦਾ ਠੀਕਰਾ ਸਿਰਫ ਇੱਕ ਧਿਰ ਦੇ ਸਿਰ ਭੰਨਦੇ ਹਨ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਉਨ੍ਹਾਂ ਨੂੰ ਵੀ ਗਵਾਰਾ ਨਹੀਂ।

ਬੇਨਤੀ ਇਹੀ ਹੈ ਕਿ ਹਾਲੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਅਤੇ ਸਿੱਖੀ ਦੀ ਦੁਹਾਈ ਪਾ ਕੇ ਇਹ ਲੋਕ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਸੈਟ ਹਨ, ਸਿਰਫ ਪੰਜਾਬ ਦੀ ਨੌਜਵਾਨੀ ਨੂੰ ਹੀ ਗੁੰਮਰਾਹ ਕਰ ਰਹੇ ਹਨ; ਇਸ ਨੂੰ ਸਮਝਣ ਦੀ ਲੋੜ ਹੈ। ਪੰਜਾਬੋਂ ਬਾਹਰ ਸਾਰੇ ਭਾਰਤ 'ਚ ਅਮਨ ਨਾਲ ਵਸਦੀ ਸਿੱਖਾਂ ਦੀ ਵੱਡੀ ਆਬਾਦੀ ਦੀ ਸਲਾਮਤੀ ਦਾ ਧਿਆਨ ਰੱਖਦਿਆਂ ਹੋਰ 1947 ਜਾਂ 1984 ਦਾ ਦੁਹਰਾਓ ਰੋਕਣ ਲਈ ਇਸ ਵੰਡ ਪਾਊ ਸਿਆਸਤ ਤੋਂ ਪਰਹੇਜ਼ ਕਰ ਕੇ ਅਮਨ ਵੱਲ ਜਾਂਦੇ ਰਾਹ 'ਤੇ ਚੱਲਣ ਵਿਚ ਹੀ ਸਭ ਦੀ ਭਲਾਈ ਹੈ।

-ਹਰਜੀਤ ਦਿਓਲ, ਬਰੈਂਪਟਨ

ਫੋਨ: 905-676-9242

 


DrqI dI Koj  - hrjIq idEl, brYNptn

          iewk vIrfn gRih. dUr dUr qwk jIvn df koeI icnH nhIN. AuWpr pIly ijhy rMg df afsmfn, Qwly kflI pY geI jmIn. nf hvf nf pfxI aqy nf koeI drwKq, AujfV ivwc mOq ijhf swnftf psiraf ipaf hY. afkfsL `c koeI Dwbf ijhf njr af irhf hY, jo hOlI hOlI vwzf afkfr lYNdf jf irhf hY. kuJ GMitaF bfad ieh Dwbf koeI pulfVI Xfn dI sLkl aKiqafr kr lYNdf hY, qy kuJ hor GMitaF bfad ieh vwzy afkfr df golf byafvfjL jmIn `qy af itkdf hY. kuJ ku imMtF bfad ies dy iewk pfisEN koeI pOVI ijhI pRgt huMdI hY, qy dyKdy dyKdy iewk iewk krky do jIv pOVI rfhIN jmIn `qy AuWqr afAuNdy hn. ienHF koeI vfqfvrx rwiKak posLfkF pfeIaF hoeIaF hn, qy ieh kdy ies DrqI `qy rfj krdy mnuwK jfpdy hn.

iesqrI aqy pursL hn sLfied. pursL ies gRih `qy pihlF vI gyVf lf cuwikaf hY, pr iesqrI pihlI vfr afeI hY. ijs gRih qoN ieh afey hn, pursL AuWQoN df vwzf ivigank hY qy ies vIrfn pey gRih bfry kfPI kuJ jfxdf hY. ascrj nfl BrI afpxI sfQx nUM Eh dwsdf hY ' ies gRih df nFa DrqI huMdf sI. ijvyN ik sfzy puriKaF dwisaf Eh iewQoN hI afpxI nsl bcf ky sfzy mOjUdf gRih qy puwjy sn. DrqI dy aMq bfry asIN AunHF qoN hI jfixaf. aOh dyK! iksy vwzI iblizMg df ZFcf ikvyN phfV ijhf jfpdf hY. bhuq qrwkI kr gey sn iewQoN dy bfisLMdy qy aMq sfrI Kyz ienHF afp hI ivgfV leI, qy jy smF rihMdy Eh iewQoN nf inkldy, sfzf qF vjUd hI nhIN sI hoxf. stIPn hfiknjL! hF iehI nFa sI Ausdf. Aus dI qsvIr qF qUM dyKI hoxI aY sfzy imAuijam ivwc. kudrq vwloN lfcfr pr pRiqBf df DnI. Aus dI hI BivsLvfxI qy aml krky sfzy purKy iewQoN inklx bfry soc sky.' iesqrI AujfV pey idRsLF nUM hYrfnI nfl dyK rhI sI. KMzr kdy Guwg vsdy gRih dI gvfhI Br rhy sn. pr afKr hoieaf kI? ikvyN hoeI iBank brbfdI? Aus dI soc Aus nUM prysLfn kr rhI sI, pr Aus df sfQI sB Byq jfxdf sI, ikENik Auh iewQy pihlF vI af cuwikaf sI qy KojF rfhIN bhuq sfry svflF dy jvfb dy skdf sI. Aus ny sfQx nUM dwisaf 'ieQoN dy vfsIaF ny ivigafn `c bhuq qrwkI kr leI sI. ienHf ny rihx leI aflIsLfn aqy sB shUlqF nfl lYs afisLafny bxf ley sn. sPr leI bhuq qyj gqI nfl cwlx vfly Xfn, nfl hI hYrfnI jnk sMcfr ivvsQf. bVIaf suK suivDfvF hfsl kr leIaF sn ies qyj idmfg mnuwK ny, pr bhuqf icr ienHF nUM mfx nhIN sikaf. brbfdI qoN nhIN bc sikaf ivcfrf.'

brbfdI bfry jfnx leI bhuq Auqsk sI Aus dI sfQx, so pursL ny Kulfsf kIqf 'ienHf bdnsIbF ny prmfxU bMb vI iqafr kr ley sn jo kuJ smyN ivwc hI ies KUbsUrq DrqI nUM KMzrF ivwc qbdIl krn dI smrwQf rwKdy sn. afps ivwc lVfeIaF krdy ieh afpxI hAumYN nUM kfbU nf rwK sky qy nqIjf qUM dyK hI rhI hYN.' iesqrI ny puwiCaf 'aYny ivksq idmfg afpxI brbfdI bfry jfgrUk ikEN nf hoey?' pursL ny dwisaf 'jfgrUk sn Bfgvfny, pr iewk hor lfielfj bImfrI df isLkfr sn ieh lok, qy Auh sI rwb qy Ausdf BfeIvfl Drm. kihMdy sI peI rwb iewk hY pr Aus dy jotIdfr Drm vwKry vwKry hn. DrmF dI afps `c KihbfjI ienHF nUM lY bYTI. Drm ipwCy iewk dujy dI jfn lYxf ienHF dI Kwby hwQ dI Kyz sI. isafxy rfjnIqkF ny ivnfsLkfrI prmfxU bMb vrqxoN qF guryj kIqf pr mnuwK dI mfVI iksmq nUM ieh bMb DrmI jnUnIaF hwQ af gey. iPr Eh hoieaf ijs bfry soc ky isr sLrm nfl Juk jFdf hY. rwb ijs df koeI vjUd hI nhIN sI srvnfsL df kfrx bixaf, qy afpxy afpxy Drm dI rwiKaf krdy ieh sohxI DrqI nUM KMzr bxf gey.'

vfpsI sPr vyly iesqrI ny afpxy sfQI nUM ikhf 'gnImq hY sfzy gRih nUM hfly rwb aqy Drm dI lfg nhIN lwgI'. pursL ny zUMGf sfh lY ikhf 'rwb kry nf hI lwgy' qy Auh joLr dI hws ipaf.

hux qwk KLbrnfmf dI vYWb sfeIt nUM pfTk vyK cuwky hn

Click Here